ਬਿਨਾਂ ਨਕਸ਼ੇ ਤੋਂ ਬਣੀਆਂ ਦੁਕਾਨਾਂ ਖ਼ਿਲਾਫ਼ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਚੱਲਿਆ ਪੀਲਾ ਪੰਜਾ
Saturday, Sep 17, 2022 - 01:44 PM (IST)
ਬਠਿੰਡਾ (ਵਰਮਾ) : ਕਾਰਪੋਰੇਸ਼ਨ ਦੇ ਮਾਸਟਰ ਟਾਊਨ ਪਲਾਨਰ (ਐੱਮ. ਟੀ. ਪੀ.) ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਕਾਰਵਾਈ ਕਰਨ ਲਈ ਆਈ ਟੀਮ ਨੇ ਸਭ ਤੋਂ ਪਹਿਲਾਂ ਬਰਨਾਲਾ ਰੋਡ ’ਤੇ ਸਥਿਤ ਪ੍ਰਜਾਪਤ ਕਾਲੋਨੀ ਨੇੜੇ ਬਣੀਆਂ ਚਾਰ ਵਪਾਰਕ ਦੁਕਾਨਾਂ ’ਤੇ ਕਾਰਵਾਈ ਕੀਤੀ।
ਨਿਗਮ ਟੀਮ ਨੇ ਜੇ. ਸੀ. ਬੀ. ਦੀ ਮਦਦ ਨਾਲ ਚਾਰ ਦੁਕਾਨਾਂ ਦੇ ਸ਼ਟਰ ਤੋਂ ਇਲਾਵਾ ਕੰਧਾਂ ਵੀ ਤੋੜ ਦਿੱਤੀਆਂ। ਐੱਮ. ਟੀ. ਪੀ. ਅਨੁਸਾਰ ਉਪਰੋਕਤ ਚਾਰ ਦੁਕਾਨਾਂ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਸਨ ਨਾ ਤਾਂ ਉਸ ਦਾ ਨਕਸ਼ਾ ਪਾਸ ਹੋਇਆ ਅਤੇ ਨਾ ਹੀ ਉਸ ਨੇ ਨਕਸ਼ਾ ਪਾਸ ਕਰਵਾਉਣ ਲਈ ਨਿਗਮ ਕੋਲ ਕੋਈ ਫਾਈਲ ਲਗਾਈ। ਇਸ ਮਗਰੋਂ ਨਿਗਮ ਦੀ ਟੀਮ ਨੇ ਸਿਵੀਆਂ ਰੋਡ ’ਤੇ ਸਥਿਤ ਦੋ ਵੱਡੇ ਵਪਾਰਕ ਗੋਦਾਮਾਂ ’ਤੇ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਅਬੋਹਰ ਸਰਕਾਰੀ ਹਸਪਤਾਲ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਅੱਗੇ ਲੱਗਿਆ ਸ਼ਿਕਾਇਤਾਂ ਦਾ ਢੇਰ
ਨਿਗਮ ਅਨੁਸਾਰ ਉਪਰੋਕਤ ਦੋਵੇਂ ਗੋਦਾਮਾਂ ਦੇ ਨਕਸ਼ੇ ਨੇੜੇ ਨਹੀਂ ਸਨ ਅਤੇ ਉਨ੍ਹਾਂ ਨੇ ਨਿਯਮਾਂ ਅਨੁਸਾਰ ਪਾਰਕਿੰਗ ਦੀ ਥਾਂ ਵੀ ਨਹੀਂ ਛੱਡੀ। ਇਸ ਮਗਰੋਂ ਟੀਮ ਨੇ ਨਰੂਆਣਾ ਰੋਡ ’ਤੇ ਬਣ ਰਹੀ ਨਵੀਂ ਕਾਲੋਨੀ ’ਤੇ ਕਾਰਵਾਈ ਕੀਤੀ। ਕਾਲੋਨਾਈਜ਼ਰ ਨੇ ਨਾ ਤਾਂ ਆਪਣੀ ਕਾਲੋਨੀ ਦਾ ਕੋਈ ਨਕਸ਼ਾ ਪਾਸ ਕਰਵਾਇਆ ਸੀ ਅਤੇ ਨਾ ਹੀ ਸੀ. ਐੱਲ. ਯੂ. ਨਿਗਮ ਨੂੰ ਦਿੱਤਾ ਸੀ। ਇਸ ਕਾਰਨ ਨਿਗਮ ਨੇ ਕਾਲੋਨਾਈਜ਼ਰ ਵੱਲੋਂ ਬਣਾਈ ਚਾਰ ਦੀਵਾਰੀ ਨੂੰ ਤੋੜ ਦਿੱਤਾ। ਇਸ ਮੌਕੇ ਸੁਪਰਡੈਂਟ ਪ੍ਰਦੀਪ ਸਿੰਘ, ਏ. ਟੀ. ਪੀ. ਦਮਨਪ੍ਰੀਤ ਸਿੰਘ, ਦਵਿੰਦਰਪਾਲ ਸ਼ਰਮਾ, ਬਿਲਡਿੰਗ ਇੰਸਪੈਕਟਰ ਅਨੂ ਬਾਲਾ, ਪਰਮਿੰਦਰ ਸਿੰਘ ਮੱਲੀ, ਰਮਨਦੀਪ ਸਿੰਘ ਅਤੇ ਕਿਰਨਦੀਪ ਸਿੰਘ ਹਾਜ਼ਰ ਸਨ।