ਵਿਸ਼ਵ ਦਾ ਘਟਨਾਕ੍ਰਮ ਦੇ ਰਿਹਾ ਚੰਗੇ ਬਦਲਾਵਾਂ ਦੇ ਸੰਕੇਤ

Thursday, Oct 27, 2022 - 03:27 AM (IST)

ਵਿਸ਼ਵ ਦਾ ਘਟਨਾਕ੍ਰਮ ਦੇ ਰਿਹਾ ਚੰਗੇ ਬਦਲਾਵਾਂ ਦੇ ਸੰਕੇਤ

ਕੋਰੋਨਾ ਮਹਾਮਾਰੀ ਨੇ ਸਾਰੀ ਦੁਨੀਆ ਨੂੰ 2 ਸਾਲ ਤੋਂ ਵੱਧ ਸਮੇਂ ਤੱਕ ਭਾਰੀ ਮੁਸੀਬਤ ’ਚ ਪਾਈ ਰੱਖਿਆ ਅਤੇ ਹੁਣ ਇਸ ਤੋਂ ਕੁਝ ਰਾਹਤ ਮਿਲਣ ਦੇ ਬਾਅਦ ਜਨ-ਜੀਵਨ ਆਮ ਵਰਗਾ ਹੋਣ ਲੱਗਾ ਹੈ ਅਤੇ ਦੀਵਾਲੀ ਦੇ ਨੇੜੇ-ਤੇੜੇ ਦੇਸ਼-ਵਿਦੇਸ਼ ’ਚ ਕਈ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲੇ। ਜਿਥੇ ਮਹੂਰਤ ਟ੍ਰੇਡਿੰਗ ਦੇ ਦੌਰਾਨ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇਖਣ ਨੂੰ ਮਿਲੀ, ਉਥੇ  ਹੀ ਜਿਊਲਰੀ ਮਾਰਕੀਟ ’ਚ ਵੀ ਚਮਕ ਆ ਗਈ। ਇਕ ਅੰਦਾਜ਼ੇ ਦੇ ਅਨੁਸਾਰ ਇਸ ਸਾਲ ਧਨਤੇਰਸ ’ਤੇ ਲਗਭਗ 45,000 ਕਰੋੜ ਰੁਪਏ ਤੋਂ ਵੱਧ ਦਾ ਪ੍ਰਚੂਨ ਕਾਰੋਬਾਰ ਹੋਇਆ।

23 ਅਕਤੂਬਰ ਨੂੰ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਮੈਲਬੋਰਨ ਕ੍ਰਿਕਟ ਗ੍ਰਾਊਂਡ ’ਤੇ ਭਾਰਤ ਅਤੇ ਪਾਕਿਸਤਾਨ ਦੌਰਾਨ ਟੀ-20 ਵਰਲਡ ਕੱਪ ਮੈਚ ਦਾ ਮਹਾ ਮੁਕਾਬਲਾ ਹੋਇਆ, ਜਿਸ ’ਚ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਕੇ ਦੇਸ਼ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ। 
24 ਅਕਤੂਬਰ ਦੀਵਾਲੀ ਦੇ ਦਿਨ ਹੀ ਬ੍ਰਿਟੇਨ ’ਚ ਭਾਰਤੀ ਮੂਲ ਦੇ 42 ਸਾਲਾ ਰਿਸ਼ੀ ਸੁਨਕ ਨੇ 57ਵੇਂ ਪ੍ਰਧਾਨ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ, ਜਿਸ ਨਾਲ ਭਾਰਤ ਅਤੇ ਵਿਸ਼ਵ ਭਰ ਦੇ ਹਿੰਦੂ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਦੌੜ ਗਈ। 
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸੁਰੱਖਿਆ ਪ੍ਰੀਸ਼ਦ ’ਚ ਵੀਟੋ ਦੇ ਅਧਿਕਾਰ ਵਾਲੇ 5 ਦੇਸ਼ਾਂ ’ਚੋਂ ਇਕ ਬ੍ਰਿਟੇਨ ਦੀ ਅਗਵਾਈ ਹਿੰਦੂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਕੀਤੀ ਜਾਵੇਗੀ। 

26 ਅਕਤੂਬਰ ਨੂੰ ਮਲਿਕਾਰਜੁਨ ਖੜਗੇ ਨੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਕਮਾਨ ਸੰਭਾਲ ਲਈ। ਕਾਂਗਰਸ ਨੂੰ 24 ਸਾਲ ਬਾਅਦ ਗੈਰ-ਗਾਂਧੀ ਪ੍ਰਧਾਨ ਮਿਲਿਆ ਹੈ। ਸੋਨੀਆ ਗਾਂਧੀ ਨੇ ਇਸ ਮੌਕੇ ’ਤੇ ਕਿਹਾ, ‘‘ਮੈਂ ਪੂਰੀ ਸਮਰੱਥਾ ਨਾਲ ਫਰਜ਼ ਨਿਭਾਇਆ। ਅੱਜ ਮੈਂ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੀ। ਮੇਰੇ ਮੋਢੇ ਤੋਂ ਇਕ ਭਾਰ ਉਤਰ ਗਿਆ ਹੈ। ਮੈਨੂੰ ਬੜੀ ਰਾਹਤ ਮਹਿਸੂਸ ਹੋ ਰਹੀ ਹੈ। ਹੁਣ ਜ਼ਿੰਮੇਵਾਰੀ ਮਲਿਕਾਰਜੁਨ ਖੜਗੇ ’ਤੇ ਹੈ।’’
22 ਅਤੇ 23 ਅਕਤੂਬਰ ਦੀ ਦਰਮਿਆਨੀ ਰਾਤ ਨੂੰ 12.07 ਵਜੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਸਭ ਤੋਂ ਭਾਰੀ ਰਾਕੇਟ ਐੱਲ. ਵੀ. ਐੱਮ 3-ਐੱਮ-2/ਵਨ ਵੈੱਬ ਇੰਡੀਆ-1 ਦੀ ਲਾਂਚਿੰਗ ਕਰ ਕੇ ਵਣਜਕ ਉਪਗ੍ਰਹਿਆਂ ਨੂੰ ਲਾਂਚ ਕਰਨ ਲਈ ਵਿਸ਼ਵ ਪੱਧਰੀ ਬਾਜ਼ਾਰ ’ਚ ਆਪਣੀ ਥਾਂ ਪੱਕੀ ਕਰ ਲਈ। ਇਸ ਮਿਸ਼ਨ ’ਚ 5796 ਕਿਲੋ ਵਜ਼ਨ ਦੇ 36 ਉਪਗ੍ਰਹਿਆਂ ਨਾਲ ਪੁਲਾੜ ’ਚ ਜਾਣ ਵਾਲਾ ਇਹ ਪਹਿਲਾ ਭਾਰਤੀ ਰਾਕੇਟ ਬਣ ਗਿਆ ਹੈ। 

22 ਅਕਤੂਬਰ ਨੂੰ ਚੀਨ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੀ 20ਵੀਂ ਕਾਂਗਰਸ ’ਚ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਸਾਰੇ ਨੇਤਾਵਾਂ ’ਤੇ ਨੱਥ ਕੱਸ ਦਿੱਤੀ। ਜਿਨਪਿੰਗ ਨੇ ਸਾਬਕਾ ਰਾਸ਼ਟਰਪਤੀ ‘ਹੂ ਜਿਨਤਾਓ’ ਨੂੰ ਜਬਰੀ ਮੀਟਿੰਗ ਹਾਲ ’ਚੋਂ ਬਾਹਰ ਕੱਢ ਕੇ ਆਪਣੀ ਤਾਨਾਸ਼ਾਹੀ ਪ੍ਰਵਿਰਤੀ ਦਾ ਸਬੂਤ ਦਿੱਤਾ ਅਤੇ ਸੀ. ਪੀ. ਸੀ. ਦੀ ਹਾਈ ਲੈਵਲ ਮੀਟਿੰਗ ’ਚ ਪਾਰਟੀ ਸੰਵਿਧਾਨ ’ਚ ਉਸ ਸੋਧ ਨੂੰ ਵੀ ਮਨਜ਼ੂਰੀ ਦਿਵਾ ਦਿੱਤੀ ਜਿਸ ਦੇ ਰਾਹੀਂ ਉਨ੍ਹਾਂ ਦੇ ਜ਼ਿੰਦਗੀ ਭਰ ਰਾਸ਼ਟਰਪਤੀ ਰਹਿਣ ਦਾ ਰਸਤਾ ਸਾਫ ਹੋ ਗਿਆ। 
(ਇਹ ਇਸ ਲਿਹਾਜ਼ ਤੋਂ ਚੰਗਾ ਹੈ ਕਿ ਵਿਸ਼ਵ ਦਾ ਉਦਯੋਗ ਜਗਤ ਹੁਣ ਸ਼ੀ ਜਿਨਪਿੰਗ ਦੇ ਪੂਰਨ ਤਾਨਾਸ਼ਾਹੀ ਵਾਲੇ ਦੇਸ਼ ’ਚ ਆਪਣੀਆਂ ਨਿਰਮਾਣ ਇਕਾਈਆਂ ਸਥਾਪਤ ਕਰਨ ਦੀ ਬਜਾਏ ਭਾਰਤ ’ਚ ਆਉਣ ਦੇ ਬਾਰੇ ’ਚ ਸੋਚਣ ਲੱਗਾ ਹੈ।)
27 ਅਕਤੂਬਰ ਨੂੰ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਈਗੂ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਅਤੇ ਰਾਜਨਾਥ ਸਿੰਘ ਨੇ ਰੂਸੀ ਰੱਖਿਆ ਮੰਤਰੀ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਯੂਕ੍ਰੇਨ ਦੇ ਨਾਲ ਆਪਣਾ ਝਗੜਾ ਸੁਲਝਾਉਣ ਦੀ ਸਲਾਹ ਦਿੱਤੀ।

ਵਰਣਨਯੋਗ ਹੈ ਕਿ ਰੂਸ ਅਤੇ ਯੂਕ੍ਰੇਨ ਦੇ ਦਰਮਿਆਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਜਿੱਥੇ ਪੁਤਿਨ ਨੇ ਸਿਰਫ 3 ਦਿਨਾਂ ’ਚ ਯੂਕ੍ਰੇਨ ’ਤੇ ਕਬਜ਼ਾ ਕਰ ਲੈਣ ਦੀ ਸੋਚ ਰੱਖੀ ਸੀ, ਉਥੇ  ਹੀ 8 ਮਹੀਨੇ ਬਾਅਦ ਵੀ ਉਹ ਆਪਣੇ ਟੀਚੇ ਤੋਂ ਦੂਰ ਹਨ ਅਤੇ ਯੂਕ੍ਰੇਨ ਦੇ ਡਰਟੀ ਬੰਬ ਦੀ ਸੰਭਾਵਿਤ ਵਰਤੋਂ ਨੂੰ ਲੈ ਕੇ ਰੂਸ ਘਬਰਾਇਆ ਹੋਇਆ ਹੈ। 
ਜਿਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਯੂਕ੍ਰੇਨ ਦੀ ਸਹਾਇਤਾ ਕਰ ਰਹੇ ਹਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਪੂਰੀ ਹਿੰਮਤ ਨਾਲ ਰੂਸ ਨੂੰ ਚੁਣੌਤੀ ਦੇ ਰਹੇ ਹਨ, ਉਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਪੁਤਿਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ। 

ਜੇਕਰ ਜੇਲੇਂਸਕੀ ਜੰਗ ’ਚ ਨਾ ਹਾਰੇ ਅਤੇ ਰੂਸ ਦੇ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਦੇ ਨਾਲ ਜੰਗ ਖਤਮ ਹੋ ਗਈ ਤਾਂ ਇਸ ਖੇਤਰ ’ਚ ਸ਼ਾਂਤੀ ਸਥਾਪਤ ਹੋਣ ਦਾ ਰਸਤਾ ਖੁੱਲ੍ਹ ਜਾਵੇਗਾ ਅਤੇ ਤਾਈਵਾਨ ਤੇ ਦੱਖਣੀ ਚੀਨ ਅਤੇ ਹਿੰਦ ਮਹਾਸਾਗਰ ’ਤੇ ਕਬਜ਼ਾ ਕਰਨ ਦੇ ਚਾਹਵਾਨ ਜਿਨਪਿੰਗ ਨੂੰ ਵੀ ਸਮਝ ’ਚ ਆ ਜਾਵੇਗਾ ਕਿ ਹਿੰਸਾ ਅਤੇ ਤਾਨਾਸ਼ਾਹੀ ਨਾਲ ਕੋਈ ਸਮੱਸਿਆ ਨਹੀਂ ਸੁਲਝਦੀ। ਇਹ ਇਸੇ ਤੱਥ ਤੋਂ ਸਪੱਸ਼ਟ ਹੈ ਕਿ ਪੁਤਿਨ ਵੱਲੋਂ ਯੂਕ੍ਰੇਨ ’ਚ ਐਕਸ਼ਨ ਦਾ ਉਨ੍ਹਾਂ ਦੇ ਆਪਣੇ ਹੀ ਦੇਸ਼ ’ਚ ਵਿਰੋਧ ਸ਼ੁਰੂ ਹੋ ਚੁੱਕਾ ਹੈ। 
ਇਥੇ ਵਰਣਨਯੋਗ ਹੈ ਕਿ ਇਸ ਸਮੇਂ ਜਦਕਿ ਅਮਰੀਕਾ, ਯੂਰਪ ਅਤੇ ਵਿਸ਼ਵ ਦੇ ਹੋਰ ਦੇਸ਼ਾਂ ’ਚ ਰੂਸ-ਯੂਕ੍ਰੇਨ ਜੰਗ ਦੇ ਕਾਰਨ ਕਣਕ, ਪਾਮ ਆਇਲ ਅਤੇ ਕੱਚੇ ਤੇਲ ਦੀ ਸਪਲਾਈ ’ਚ ਰੁਕਾਵਟ ਪੈਣ ਨਾਲ ਮਹਿੰਗਾਈ, ਬੇਰੋਜ਼ਗਾਰੀ ਅਤੇ ਈਂਧਨ ਸੰਕਟ ਆਦਿ ਸਮੱਸਿਆਵਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਕਿਸੇ ਤਰ੍ਹਾਂ ਰੂਸ-ਯੂਕ੍ਰੇਨ ਜੰਗ ਟਲ ਜਾਵੇ ਤਾਂ ਸਾਰੀ ਦੁਨੀਆ ਨੂੰ ਆਰਥਿਕ ਸੰਕਟ ਤੋਂ ਕੁਝ ਰਾਹਤ ਮਿਲ ਸਕਦੀ ਹੈ। 

ਕੁਲ ਮਿਲਾ ਕੇ ਇਸ ਸਮੇਂ ਭਾਰਤ ਅਤੇ ਵਿਸ਼ਵ ’ਚ ਕੁਝ ਇਸ ਕਿਸਮ ਦਾ ਘਟਨਾਕ੍ਰਮ ਬਣਿਆ ਹੋਇਆ ਹੈ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ’ਚ ਹਾਲਾਤ ਹੋਰ ਬਿਹਤਰ ਹੋਣਗੇ ਅਤੇ ਵਿਸ਼ਵ ਨੂੰ ਦਰਪੇਸ਼ ਕਈ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ।     

-ਵਿਜੇ ਕੁਮਾਰ


author

Mukesh

Content Editor

Related News