ਹਿਮਾਚਲ ’ਚ ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਸੈਕਸ ਜੁਰਮਾਂ ਦੀ ਹਨੇਰੀ

09/07/2020 2:48:18 AM

ਕਿਸੇ ਸਮੇਂ ਦੇਵਭੂਮੀ ਹਿਮਾਚਲ ’ਚ ਮੁਕੰਮਲ ਸੁੱਖ-ਸ਼ਾਂਤੀ ਦਾ ਸਾਮਰਾਜ ਸੀ ਅਤੇ ਨਸ਼ੇ ਤੇ ਜੁਰਮਾਂ ਤੋਂ ਦੂਰ ਹਿਮਾਚਲ ਵਾਸੀ ਬੜੇ ਸੁੱਖ-ਚੈਨ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਪਰ ਹੁਣ ਬਦਲਦੇ ਜ਼ਮਾਨੇ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ’ਚ ਵੀ ਇਹ ਸਭ ਬੁਰਾਈਆਂ ਆਉਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਪੂਰਾ ਦੇਸ਼ ਕੁਰਲਾ ਰਿਹਾ ਹੈ।

ਅੱਜ ਇਥੇ ਵੀ ਨਸ਼ਾਖੋਰੀ ਅਤੇ ਔਰਤਾਂ ਵਿਰੁੱਧ ਜੁਰਮ ਦੂਸਰੇ ਸੂਬਿਆਂ ਵਾਂਗ ਹੀ ਤੇਜ਼ੀ ਨਾਲ ਵਧ ਰਹੇ ਹਨ ਅਤੇ ਇਨ੍ਹਾਂ ’ਚ ਕਾਂਗੜਾ, ਸ਼ਿਮਲਾ ਅਤੇ ਮੰਡੀ ਚੋਟੀ ’ਤੇ ਹਨ।

ਸੂਬੇ ’ਚ 2018 ’ਚ ਔਰਤਾਂ ਦੇ ਵਿਰੁੱਧ ਅਪਰਾਧਾਂ ਦੇ 1617 ਕੇਸ ਦਰਜ ਕੀਤੇ ਗਏ, ਜੋ 2019 ’ਚ ਵਧ ਕੇ 1638 ਹੋ ਗਏ ਅਤੇ ਇਸ ਸਾਲ ਹੁਣ ਤੱਕ ਔਰਤਾਂ ਵਿਰੁੱਧ ਜੁਰਮਾਂ ਦੇ 886 ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ।

ਇਨ੍ਹਾਂ ’ਚ ਜਬਰ-ਜ਼ਨਾਹ ਦੇ 180 ਤੋਂ ਵੱਧ, ਅਗਵਾ ਦੇ 139, ਛੇੜਛਾੜ ਦੇ 295, ਔਰਤਾਂ ਵਿਰੁੱਧ ਜ਼ੁਲਮਪੁਣੇ ਦੇ 143, ਚੇਨ ਸਨੈਚਿੰਗ ਦੇ 58 ਅਤੇ ਹੱਤਿਆ ਦੇ 15 ਕੇਸ ਸ਼ਾਮਲ ਹਨ। ਹੋਰਨਾਂ ਧਾਰਾਵਾਂ ਅਧੀਨ ਵੀ ਕੁਝ ਕੇਸ ਦਰਜ ਹੋਏ ਹਨ।

ਅਨੇਕ ਮਾਮਲਿਆਂ ਵਿਚ ਜਬਰ-ਜ਼ਨਾਹੀਆਂ ’ਚ ਦੂਸਰੇ ਲੋਕਾਂ ਦੇ ਇਲਾਵਾ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਵੀ ਸ਼ਾਮਲ ਪਾਏ ਜਾ ਰਹੇ ਹਨ :

* 25 ਅਪ੍ਰੈਲ ਨੂੰ ਸ਼ਿਮਲਾ ਦੇ ਵਿਕਾਸ ਨਗਰ ’ਚ ਅਤੇ 26 ਅਪ੍ਰੈਲ ਨੂੰ ਪਚਛਾਦ ’ਚ 2 ਪਿਓਆਂ ਨੇ ਆਪਣੀਆਂ 8-8 ਸਾਲ ਦੀਆਂ ਧੀਆਂ ਨਾਲ ਜਬਰ-ਜ਼ਨਾਹ ਕੀਤਾ।

* 4 ਮਈ ਨੂੰ ਕਰਸੋਗ ’ਚ ਇਕ ਔਰਤ ਨੇ ਆਪਣੇ ਦੂਸਰੇ ਪਤੀ ’ਤੇ ਉਸਦੀ 13 ਸਾਲ ਦੀ ਧੀ ਦੇ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ।

* 23 ਮਈ ਨੂੰ ਹਮੀਰਪੁਰ ’ਚ ਇਕ ਪਿਤਾ ਦੇ ਵਿਰੁੱਧ 12 ਸਾਲਾਂ ਦੀ ਧੀ ਨਾਲ ਜਬਰ-ਜ਼ਨਾਹ ਦਾ ਮਾਮਲਾ ਦਰਜ ਹੋਇਆ।

* 1 ਜੂਨ ਨੂੰ ਮੰਡੀ ਵਿਚ ਇਕ ਨੌਜਵਾਨ ਨੇ ਆਪਣੀ 12 ਸਾਲਾ ਚਚੇਰੀ ਭੈਣ ਨਾਲ ਮੂੰਹ ਕਾਲਾ ਕਰ ਲਿਆ।

* 16 ਜੂਨ ਨੂੰ ਕਾਂਗੜਾ ਦੇ ਜਵਾਲੀ ’ਚ ਆਪਣੀ ਮਾਸੀ ਦੇ ਘਰ ’ਚ ਰਹਿ ਰਹੀ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਨੌਜਵਾਨ ਫੜੇ ਗਏ।

* 18 ਜੂਨ ਨੂੰ ਬਡਸਰ ’ਚ ਇਕ ਨੌਜਵਾਨ ’ਤੇ ਆਪਣੀ 15 ਸਾਲਾ ਸਕੀ ਨਾਬਾਲਗ ਭੈਣ ਨੂੰ ਗਰਭਵਤੀ ਕਰ ਦੇਣ ਦਾ ਦੋਸ਼ ਲੱਗਾ।

* 25 ਜੂਨ ਨੂੰ ਚੌਪਾਲ ’ਚ 9 ਸਾਲਾ ਬੱਚੀ ਦੇ ਨਾਲ ਉਸਦੇ ਦਾਦੇ ਨੇ ਜਬਰ-ਜ਼ਨਾਹ ਕਰ ਕੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ।

* 26 ਜੂਨ ਨੂੰ ਨਾਹਨ ਨਾਲ ਜੁੜੇ ਇਕ ਮਾਮਲੇ ’ਚ ਮਤਰੇਏ ਭਰਾ ’ਤੇ 13 ਸਾਲਾ ਭੈਣ ਨੂੰ ਗਰਭਵਤੀ ਕਰਨ ਦਾ ਦੋਸ਼ ਲੱਗਾ।

* 30 ਜੂਨ ਨੂੰ ਰੇਣੂਕਾਜੀ ’ਚ ਇਕ ਮਾਸੂਮ ਦੀ ਇੱਜ਼ਤ ਉਸਦੇ ਜੀਜੇ ਨੇ ਲੁੱਟੀ।

* 01 ਜੁਲਾਈ ਨੂੰ ਜ਼ਿਲਾ ਸਿਰਮੌਰ ਦੇ ਸੰਗਡਾਹ ’ਚ 26 ਸਾਲਾ ਵਿਅਕਤੀ ਨੇ ਆਪਣੀ 75 ਸਾਲਾ ਸੱਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 2 ਜੁਲਾਈ ਨੂੰ ਸ਼ਾਹਪੁਰ ’ਚ 16 ਸਾਲ ਦੀ ਅੱਲ੍ਹੜ ਦੇ ਨਾਲ ਉਸਦੇ ਪਿਤਾ ਨੇ ਜਬਰ-ਜ਼ਨਾਹ ਕੀਤਾ, ਉਸ ਸਮੇਂ ਧੀ ਦੀ ਮਾਂ ਘਰ ’ਚੋਂ ਬਾਹਰ ਗਈ ਹੋਈ ਸੀ।

* 16 ਜੁਲਾਈ ਨੂੰ ਬਲਹ ’ਚ ਚਾਚੇ ਨੇ 2 ਸਾਲਾ ਭਤੀਜੀ ’ਤੇ ਅੱਤਿਆਚਾਰ ਕੀਤਾ।

* 06 ਅਗਸਤ ਨੂੰ ਪੁਲਸ ਨੇ ਕਾਂਗੜਾ ਜ਼ਿਲੇ ’ਚ ਇਕ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

* 18 ਅਗਸਤ ਨੂੰ ਮੰਡੀ ਦੇ ਦਰੰਗ ’ਚ ਛੁੱਟੀ ’ਤੇ ਆਏ ਫੌਜ ਦੇ 2 ਜਵਾਨਾਂ ਨੇ ਇਕ ਔਰਤ ਨਾਲ ਜਬਰ-ਜ਼ਨਾਹ ਕਰ ਦਿੱਤਾ।

* 19 ਅਗਸਤ ਨੂੰ ਕਾਂਗੜਾ ’ਚ ਇਕ ਔਰਤ ਨੇ ਉਸ ਦੇ ਨਾਲ 7 ਨੌਜਵਾਨਾਂ ਵਲੋਂ ਜਬਰ-ਜ਼ਨਾਹ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ।

* 29 ਅਗਸਤ ਨੂੰ ਥਾਣਾ ਇੰਦੌਰਾ ਦੇ ਇਕ ਪਿੰਡ ’ਚ ਇਕ ਵਿਅਕਤੀ ਨੇ ਘਰ ’ਚ ਦਾਖਲ ਹੋ ਕੇ ਉਥੇ ਮੌਜੂਦ ਮੁਟਿਆਰ ਨਾਲ ਜਬਰ-ਜ਼ਨਾਹ ਕੀਤਾ।

* 30 ਅਗਸਤ ਨੂੰ ਬਿਲਾਸਪੁਰ ਦੇ ਕੋਟ ਥਾਣੇ ਦੇ ਪਿੰਡ ’ਚ ਇਕ ਵਿਅਕਤੀ ਨੇ ਆਪਣੀ ਨਾਬਾਲਗ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।

* 01 ਸਤੰਬਰ ਨੂੰ ਪਾਲਮਪੁਰ ਦੇ ਇਕ ਪਿੰਡ ’ਚ ਇਕ ਨੌਜਵਾਨ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਮੁਟਿਆਰ ਨਾਲ ਜਬਰ-ਜ਼ਨਾਹ ਕਰ ਦਿੱਤਾ।

* 02 ਸਤੰਬਰ ਨੂੰ ਪਾਲਮਪੁਰ ’ਚ ਇਕ ਮੁਟਿਆਰ ਨਾਲ ਜਬਰ-ਜ਼ਨਾਹ ਕੀਤਾ ਗਿਆ।

* 02 ਸਤੰਬਰ ਨੂੰ ਠਿਓਗ ’ਚ ਇਕ ਵਿਅਕਤੀ ਨੂੰ ਆਪਣੀ 9 ਸਾਲਾ ਮਾਂ-ਵਿਹੂਣੀ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਪੁਲਸ ਮਹਾਨਿਰਦੇਸ਼ਕ ਸੰਜੇ ਕੁੰਡੂ ਅਨੁਸਾਰ ਸੂਬਾ ਸਰਕਾਰ ਨੇ ਅਜਿਹੇ ਜੁਰਮਾਂ ਨੂੰ ਰੋਕਣ ਲਈ ਰਣਨੀਤੀ ਤਿਆਰ ਕੀਤੀ ਹੈ, ਜਿਸ ਅਧੀਨ ਸੂਬੇ ’ਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ‘ਨਿਰਭਯਾ ਯੋਜਨਾ’ ਦੇ ਅਧੀਨ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕਰਨ ਦੀ ਤਜਵੀਜ਼ ਹੈ।

ਉਨ੍ਹਾਂ ਨੇ ਸਾਰੇ ਪੁਲਸ ਥਾਣਿਆਂ ’ਚ ਸੈਕਸ ਜੁਰਮਾਂ ਦੀ ਜਾਣਕਾਰੀ ਅਤੇ ਉਨ੍ਹਾਂ ’ਤੇ ਨਿਗਰਾਨੀ ਰੱਖਣ ਲਈ ਵੱਖਰਾ ਰਜਿਸਟਰ ਤਿਆਰ ਕਰਨ ਦੇ ਹੁਕਮ ਦਿੱਤੇ ਹਨ।

ਵਰਣਨਯੋਗ ਹੈ ਕਿ ਪੁਲਸ ਵਿਭਾਗ ਨੇ ਬੀਤੇ ਕੁਝ ਸਾਲਾਂ ਦੇ ਅਪਰਾਧਿਕ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਾਇਆ ਹੈ ਕਿ ਬੇਸ਼ੱਕ ਅਜਿਹੇ ਸਾਰੇ ਮਾਮਲਿਆਂ ’ਚ ਐੱਫ. ਆਈ. ਆਰ. ਤਾਂ ਦਰਜ ਹੁੰਦੀ ਹੈ ਅਤੇ ਜਾਂਚ ਪੂਰੀ ਹੋਣ ਉਪਰੰਤ ਮੁਲਜ਼ਮਾਂ ਵਿਰੁੱਧ ਅਦਾਲਤਾਂ ’ਚ ਚਲਾਨ ਪੇਸ਼ ਕੀਤੇ ਜਾਂਦੇ ਹਨ ਪਰ ਸਾਰੇ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲਦੀ।

ਅਜਿਹੇ ’ਚ ਵਿਭਾਗ ਵਲੋਂ ਮਹਿਲਾ ਜ਼ੁਲਮਾਂ ਦੀ ਗਿਣਤੀ ਨੂੰ ਦੇਖਦੇ ਹੋਏ ਸੈਕਸ ਅਪਰਾਧੀਆਂ ਨੂੰ ਨੱਥ ਪਾਉਣ ਲਈ ਜਿੰਨੀ ਜਲਦੀ ਮੁਹਿੰਮ ਤੇਜ਼ ਕੀਤੀ ਜਾਵੇਗੀ ਅਤੇ ਜਲਦੀ ਤੋਂ ਜਲਦੀ ਦੋਸ਼ ਨਿਰਧਾਰਿਤ ਕਰ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਸੂਬੇ ’ਚ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਓਨਾ ਹੀ ਚੰਗਾ ਹੋਵੇਗਾ।

-ਵਿਜੇ ਕੁਮਾਰ


Bharat Thapa

Content Editor

Related News