ਵੱਖ-ਵੱਖ ਅਪਰਾਧਾਂ ’ਚ ਔਰਤਾਂ ਦਾ ਸ਼ਾਮਲ ਹੋਣਾ ਸਮਾਜ ਲਈ ਵੱਡੀ ਚੁਣੌਤੀ

06/04/2023 4:09:02 AM

ਆਮ ਤੌਰ ’ਤੇ ਵੱਖ-ਵੱਖ ਅਪਰਾਧਾਂ ’ਚ ਵਧੇਰੇ ਮਰਦਾਂ ਨੂੰ ਹੀ ਸ਼ਾਮਲ ਪਾਇਆ ਜਾਂਦਾ ਰਿਹਾ ਹੈ ਪਰ ਹੁਣ ਅਪਰਾਧੀ ਗਿਰੋਹਾਂ ਨੇ ਔਰਤਾਂ ਨੂੰ ਆਪਣੇ ਨਾਜਾਇਜ਼ ਧੰਦਿਆਂ ’ਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਹ ਖੁਦ ਕਾਬੂ ਨਾ ਆ ਸਕਣ ਅਤੇ ਉਨ੍ਹਾਂ ਦਾ ਧੰਦਾ ਚੱਲਦਾ ਰਹੇ। ਇਨ੍ਹਾਂ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੋਂ ਇਲਾਵਾ ਸਨੈਚਿੰਗ, ਠੱਗੀ-ਠੋਰੀ ਆਦਿ ਹੋਰ ਅਪਰਾਧ ਵੀ ਸ਼ਾਮਲ ਹਨ।

ਇਸ ਦੀਆਂ ਸਿਰਫ 15 ਦਿਨ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 17 ਮਈ ਨੂੰ ਦਿੱਲੀ ਸਥਿਤ ਏਮਜ਼ ਹਸਪਤਾਲ ’ਚ ਖੁਦ ਨੂੰ ਡਾਕਟਰ ਦੱਸ ਕੇ ਤੇਜ਼ੀ ਨਾਲ ਇਲਾਜ ਕਰਵਾਉਣ ਦਾ ਝਾਂਸਾ ਦੇ ਕੇ ਇਕ ਪੀੜਤ ਕੋਲੋਂ 96,000 ਰੁਪਏ ਦੀ ਠੱਗੀ ਕਰਨ ਵਾਲੀ ਮੁਟਿਆਰ ਨੂੰ ਏਮਜ਼ ਪੁਲਸ ਚੌਕੀ ਦੀ ਟੀਮ ਨੇ ਗ੍ਰਿਫਤਾਰ ਕੀਤਾ।

* 30 ਮਈ ਨੂੰ ਲੁਧਿਆਣਾ (ਪੰਜਾਬ) ’ਚ ਸੀਵਰੇਜ ਦੇ ਢੱਕਣ ਚੋਰੀ ਕਰਨ ਵਾਲੀਅਾਂ ਔਰਤਾਂ ਦੇ ਗਿਰੋਹ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ’ਚ 4 ਔਰਤਾਂ ਲੋਹੇ ਦਾ ਭਾਰੀ ਸੀਵਰੇਜ ਦਾ ਢੱਕਣ ਚੁੱਕ ਕੇ ਕੁਝ ਦੂਰ ਖੜ੍ਹੇ ਆਟੋ ਤੱਕ ਲਿਜਾਂਦੀਆਂ ਦਿਖਾਈ ਦੇ ਰਹੀਆਂ ਹਨ।

* 31 ਮਈ ਨੂੰ ਮਾਹਿਲਪੁਰ (ਪੰਜਾਬ) ’ਚ ਪੁਲਸ ਨੇ ਇਕ ਐਕਟਿਵਾ ਸਵਾਰ ਔਰਤ ਨੂੰ 103 ਨਸ਼ੀਲੀਆਂ ਗੋਲੀਆਂ ਅਤੇ ਨਸ਼ੇ ਦੇ 30 ਟੀਕਿਆਂ ਨਾਲ ਗ੍ਰਿਫਤਾਰ ਕੀਤਾ।

* 1 ਜੂਨ ਨੂੰ ਰਾਏਪੁਰ (ਛੱਤੀਸਗੜ੍ਹ) ’ਚ ਸਕੂਟਰ ਸਵਾਰ 2 ਲੜਕੀਆਂ ਇਕ ਲੜਕੇ ਦਾ ਮੋਬਾਈਲ ਝਪਟਾ ਮਾਰ ਕੇ ਖੋਹ ਕੇ ਫਰਾਰ ਹੋ ਗਈਆਂ।

* 1 ਜੂਨ ਨੂੰ ਹੀ ਉੱਤਰ-ਪੂਰਬੀ ਦਿੱਲੀ ਦੇ ਕਰਾਵਲ ਨਗਰ ਇਲਾਕੇ ’ਚ ਰਾਤ ਸਮੇਂ ਝਪਟਮਾਰੀ ਕਰਨ ਵਾਲੀਆਂ ਔਰਤਾਂ ਦੇ ਇਕ ਗਿਰੋਹ ਨੇ ਇਕ ਮਹਿਲਾ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੀੜਤ ਮਹਿਲਾ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਦੋਸ਼ੀ ਔਰਤਾਂ ਨੂੰ ਫੜ ਕੇ ਉਨ੍ਹਾਂ ਦੀ ਖੂਬ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਹਵਾਲੇ ਕਰ ਦਿੱਤਾ।

* 1 ਜੂਨ ਨੂੰ ਹੀ ਬਠਿੰਡਾ (ਪੰਜਾਬ) ਦੇ ਥਾਣਾ ਦਿਆਲਪੁਰਾ ਦੀ ਪੁਲਸ ਨੇ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਮਾਂ-ਧੀ ਅਤੇ ਨੰਬਰਦਾਰ ਵਿਰੁੱਧ ਕੇਸ ਦਰਜ ਕੀਤਾ।

* ਅਤੇ ਹੁਣ 2 ਜੂਨ ਨੂੰ ਨਵੀਂ ਦਿੱਲੀ ਸਥਿਤ ਰੋਹਿਣੀ ਜੇਲ ’ਚ ਬੰਦ ਆਪਣੇ ਬੇਟੇ ਨੂੰ ਮੋਬਾਈਲ ਫੋਨ ਦਾ ਸਿਮ ਦੇਣ ਦੀ ਕੋਸ਼ਿਸ਼ ਕਰ ਰਹੀ ਇਕ ਔਰਤ ਨੂੰ ਜੇਲ ਕਰਮਚਾਰੀਆਂ ਨੇ ਗ੍ਰਿਫਤਾਰ ਕਰਨ ਤੋਂ ਇਲਾਵਾ ਉਸ ਕੋਲੋਂ ਸਿਮ ਵੀ ਜ਼ਬਤ ਕਰ ਲਈ।

ਵਰਨਣਯੋਗ ਹੈ ਕਿ ਇਨ੍ਹੀਂ ਦਿਨੀਂ ਦੇਸ਼ ’ਚ ਕਾਫੀ ਗਿਣਤੀ ’ਚ ਲੁਟੇਰੀਆਂ ਔਰਤਾਂ ਸਰਗਰਮ ਹਨ, ਜੋ ਇੰਨੀਆਂ ਬੇਖੌਫ ਹੋ ਚੁੱਕੀਆਂ ਹਨ ਅਤੇ ਇੱਥੋਂ ਤੱਕ ਕਹਿ ਦਿੰਦੀਆਂ ਹਨ ਕਿ ਜਿਸ ਨੂੰ ਚਾਹੋ ਸ਼ਿਕਾਇਤ ਕਰ ਦਿਓ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਉਲਟਾ ਸ਼ਿਕਾਇਤ ਕਰਨ ਵਾਲਿਆਂ ’ਤੇ ਹੀ ਕਾਰਵਾਈ ਹੋ ਜਾਵੇਗੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੁਟੇਰੀਆਂ ਔਰਤਾਂ ਦੀ ਗੰਢਤੁੱਪ ਪੁਲਸ ਨਾਲ ਵੀ ਹੈ, ਜੋ ਸ਼ਰੇਆਮ ਇਹ ਧੰਦਾ ਕਰ ਕੇ ਲੋਕਾਂ ਨੂੰ ਲੁੱਟ ਰਹੀਆਂ ਹਨ।

ਕਿਉਂਕਿ ਔਰਤਾਂ ਦਾ ਅਪਰਾਧਾਂ ’ਚ ਸ਼ਾਮਲ ਹੋਣਾ ਮੁੱਖ ਤੌਰ ’ਤੇ ਆਰਥਿਕ ਮਜਬੂਰੀਆਂ ਦਾ ਨਤੀਜਾ ਹੈ, ਜੋ ਸਮਾਜ ਲਈ ਇਕ ਵੱਡੀ ਚੁਣੌਤੀ ਹੈ। ਇਸ ਲਈ ਸਰਕਾਰ ਨੂੰ ਲੋੜਵੰਦ ਔਰਤਾਂ ਲਈ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਹਾਲਾਤ ਹੱਥੋਂ ਮਜਬੂਰ ਔਰਤਾਂ ਪੈਸੇ ਦੀ ਤੰਗੀ ਦੂਰ ਕਰਨ ਲਈ ਨਾਜਾਇਜ਼ ਸਰਗਰਮੀਆਂ ਨਾਲ ਜੁੜਨ ਲਈ ਮਜਬੂਰ ਨਾ ਹੋਣ।

- ਵਿਜੇ ਕੁਮਾਰ


Anmol Tagra

Content Editor

Related News