ਗਾਂਧੀ ਜੀ ਦਾ ਅਹਿੰਸਾ ਦਾ ਸਿਧਾਂਤ ਕਿਉਂ ਤਿਆਗ ਰਹੇ ਹਾਂ ਅਸੀਂ

10/02/2023 3:06:48 AM

ਹਾਲ ਹੀ ’ਚ ਨਵੀਂ ਦਿੱਲੀ ’ਚ ਸੰਪੰਨ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਆਏ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਰਾਜਘਾਟ ਵਿਖੇ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦਾ ਇਕੋ-ਇਕ ਕਾਰਨ ਇਹ ਨਹੀਂ ਸੀ ਕਿ ਇਹ ਭਾਰਤ ਸਰਕਾਰ ਵੱਲੋਂ ਆਯੋਜਿਤ ਸਮਾਗਮ ਸੀ, ਇਸ ਦਾ ਕਾਰਨ ਇਹ ਵੀ ਸੀ ਕਿ ਵਿਸ਼ਵ ਦੇ ਸਾਰੇ ਨੇਤਾਵਾਂ ਦੇ ਦਿਲ ’ਚ ਮਹਾਤਮਾ ਗਾਂਧੀ ਪ੍ਰਤੀ ਸਨਮਾਨ ਦੀ ਇਕ ਭਾਵਨਾ ਹੈ।

ਇਸ ਦਾ ਮੁੱਖ ਕਾਰਨ ਉਨ੍ਹਾਂ ਦਾ ਅਹਿੰਸਾ ਦਰਸ਼ਨ ਹੈ ਜਿਸ ਨੇ ਦੇਸ਼ ਨੂੰ ਵਿਸ਼ਵ ਭਾਈਚਾਰੇ ’ਚ ਸਨਮਾਨ ਦਾ ਪਾਤਰ ਬਣਾਇਆ ਪਰ ਹੁਣ ਭਾਰਤ ’ਚ ਨਾ ਹੀ ਗਾਂਧੀ ਜੀ ਅਤੇ ਉਨ੍ਹਾਂ ਦੇ ਅਹਿੰਸਾ ਦੇ ਸਿਧਾਂਤ ਨੂੰ ਸਮਝਣ ਅਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾ ਹੀ ਉਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸ਼ਾਇਦ ਅਜਿਹਾ ਇਸ ਲਈ ਵੀ ਹੈ ਕਿਉਂਕਿ ਅਹਿੰਸਾ ਦੀ ਤੁਲਨਾ ’ਚ ਹਿੰਸਾ ਕਰਨਾ ਵੱਧ ਸੌਖਾ ਹੁੰਦਾ ਹੈ ਅਤੇ ਹਿੰਸਾ ਕਰਦੇ ਹੋਏ ਵਿਅਕਤੀ ਇਸ ਲਈ ਦੂਜੇ ਨੂੰ ਦੋਸ਼ੀ ਠਹਿਰਾ ਸਕਦਾ ਹੈ ਕਿ ਫਲਾਣੇ ਵਿਅਕਤੀ ਦੇ ਉਕਸਾਉਣ ’ਤੇ ਮੈਂ ਅਜਿਹਾ ਕੀਤਾ।

ਇਸ ਲਈ ਸਪੱਸ਼ਟ ਹੈ ਕਿ ਅਹਿੰਸਾ ਦਾ ਸਿਧਾਂਤ ਸਿਆਸੀ ਪੱਖੋਂ ਅਪਣਾਉਣ ਲਈ ਬੇਹੱਦ ਔਖੀ ਤਕਨੀਕ ਹੈ ਅਤੇ ਸਮਾਜ ’ਚ ਇਸ ਨੂੰ ਅਪਣਾਉਣ ਲਈ ਹਿੰਮਤ ਚਾਹੀਦੀ ਹੈ।

ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ’ਤੇ ਆਧਾਰਿਤ 3 ਮੁੱਖ ਅੰਦੋਲਨ ਸਨ। ਅੰਗ੍ਰੇਜ਼ਾਂ ’ਚ ਗਾਂਧੀ ਜੀ ਦੇ ਪ੍ਰਸ਼ੰਸਕ ਅਤੇ ਉਨ੍ਹਾਂ ਨਾਲ ਨਫਰਤ ਕਰਨ ਵਾਲੇ ਦੋਵਾਂ ਹੀ ਤਰ੍ਹਾਂ ਦੇ ਲੋਕ ਸਨ ਕਿਉਂਕਿ ਗਾਂਧੀ ਜੀ ਕਾਰਨ ਹੀ ਅੰਗ੍ਰੇਜ਼ ਭਾਰਤ ਛੱਡ ਕੇ ਗਏ। ਅੰਗ੍ਰੇਜ਼ਾਂ ਦੇ ਇੰਨੇ ਵੱਡੇ ਸਾਮਰਾਜ ਤੋਂ ਮੁਕਤ ਹੋਣ ਵਾਲਾ ਭਾਰਤ ਪਹਿਲਾ ਦੇਸ਼ ਸੀ।

1960 ਤਕ ਅਫਰੀਕਾ ਅਤੇ ਏਸ਼ੀਆ ਦੇ ਹੋਰ ਦੇਸ਼ ਵੀ ਉਨ੍ਹਾਂ ਦੀ ਗੁਲਾਮੀ ਤੋਂ ਮੁਕਤ ਹੋ ਚੁੱਕੇ ਸਨ। ਵਿਸ਼ਵ ਤੋਂ ਅੰਗ੍ਰੇਜ਼ੀ ਰਾਜ ਦੀ ਬੁਨਿਆਦ ਹਿਲਾਉਣ ਦੇ ਸੂਤਰਧਾਰ ਹੋਣ ਦੇ ਬਾਵਜੂਦ ਭਾਰਤ ਦੀ ਆਜ਼ਾਦੀ ਦੇ 22 ਸਾਲਾਂ ਤੋਂ ਬਾਅਦ ਹੀ 1969 ’ਚ ਗਾਂਧੀ ਜੀ ਦੀ ਜਨਮ ਸ਼ਤਾਬਦੀ ’ਤੇ ਉਨ੍ਹਾਂ ਦੀ ਪਹਿਲੀ ਮੂਰਤੀ ਲੰਡਨ ’ਚ ਸਥਾਪਿਤ ਕੀਤੀ ਗਈ।

ਗਾਂਧੀ ਦੇ ਪ੍ਰਸ਼ੰਸਕਾਂ ’ਚ ਵੱਡੇ-ਵੱਡੇ ਅਤੇ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਸ਼ਾਮਲ ਹਨ ਜਿਨ੍ਹਾਂ ’ਚ ਮਹਾਨ ਵਿਗਿਆਨੀ ਅਲਬਰਟ ਆਇੰਸਟਾਈਨ, ਸਵੀਡਿਸ਼ ਅਰਥਸ਼ਾਸਤਰੀ ਗੁਨਾਰ ਮਿਰਡਲ, ਮਨੋਵਿਸ਼ਲੇਸ਼ਕ ਐਰਿਕ ਐੱਚ. ਏਰਿਕਸਨ ਆਦਿ ਸ਼ਾਮਲ ਹਨ।

ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਚੈਕੋਸਲੋਵਾਕੀਆ, ਪੋਲੈਂਡ ਆਦਿ ਦੇਸ਼ਾਂ ਨੇ ਗਾਂਧੀ ਜੀ ਤੋਂ ਪ੍ਰੇਰਣਾ ਲੈਂਦੇ ਹੋਏ ਅਹਿੰਸਕ ਉਪਾਵਾਂ ਨਾਲ ਹੀ ਰੂਸ ਦੀ ਗੁਲਾਮੀ ਤੋਂ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ। ਮਾਰਟਿਨ ਲੁਥਰ ਕਿੰਗ ਨੇ ਵੀ ਗਾਂਧੀ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਦੇ ਹੋਏ ਅਮਰੀਕਾ ’ਚ ਕਾਲਿਆਂ ਨੂੰ ਬਰਾਬਰੀ ਦਾ ਹੱਕ ਦਿਵਾਇਆ ਪਰ ਅਜਿਹਾ ਕੀ ਹੈ ਕਿ ਹੁਣ ਭਾਰਤ ਆਪਣੇ ਹੀ ਰਾਸ਼ਟਰਪਿਤਾ ਦੇ ਸਿਧਾਂਤਾਂ ਨੂੰ ਛੱਡਦਾ ਜਾ ਰਿਹਾ ਹੈ।

ਅਹਿੰਸਾ ਨੇ ਸਾਡੀ ਸੱਭਿਅਤਾ ਅਤੇ ਧਰਮ ’ਚ ਗੌਤਮ, ਮਹਾਵੀਰ ਅਤੇ ਅਸ਼ੋਕ ਦੇ ਸਮੇਂ ਤੋਂ ਹੀ ਡੂੰਘੀ ਪਕੜ ਬਣਾਈ ਹੋਈ ਹੈ ਅਤੇ ਹੁਣ ਸਾਡਾ ਸਮਾਜ ਕਿਉਂ ਅਹਿੰਸਕ ਹੁੰਦਾ ਜਾ ਰਿਹਾ ਹੈ। 2 ਅਕਤੂਬਰ ਦੇ ਦਿਨ ਇਹ ਵਿਚਾਰਣਯੋਗ ਹੈ ਕਿ ਕੀ ਅਸੀਂ ਮਨ, ਵਚਨ ਅਤੇ ਕਰਮ ਤੋਂ ਅਹਿੰਸਕ ਬਣਨਾ ਚਾਹੁੰਦੇ ਹਾਂ?


Mukesh

Content Editor

Related News