ਭਾਜਪਾ ਦੇ ਆਪਣੇ ਹੀ ਸੰਗੀ-ਸਾਥੀ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹਨ!

10/22/2019 1:14:38 AM

ਜਿਥੇ 21 ਅਕਤੂਬਰ ਨੂੰ ਮਹਾਰਾਸ਼ਟਰ ਤੇ ਹਰਿਆਣਾ ’ਚ ਵੋਟਿੰਗ ਸੰਪੰਨ ਹੋਣ ਤੋਂ ਬਾਅਦ ਚੋਣਾਂ ’ਚ ਜਿੱਤ-ਹਾਰ ਦੇ ਅੰਦਾਜ਼ਿਆਂ ਅਤੇ ਐਗਜ਼ਿਟ ਪੋਲ ਦਾ ਸਿਲਸਿਲਾ ਸ਼ੁਰੂ ਹੋ ਗਿਆ, ਉਥੇ ਹੀ ਭਾਜਪਾ ਦੇ ਦੋ ਨੇਤਾਵਾਂ ਅਤੇ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਵਲੋਂ ਅਜਿਹੇ ਬਿਆਨ ਆਏ ਹਨ, ਜਿਨ੍ਹਾਂ ਨਾਲ ਭਾਜਪਾ ਨੇਤਾਵਾਂ ਦਾ ਅਸਹਿਜ ਹੋਣਾ ਸੁਭਾਵਿਕ ਹੈ।

ਅਸੰਧ ਤੋਂ ਭਾਜਪਾ ਉਮੀਦਵਾਰ ਬਖਸ਼ੀਸ਼ ਸਿੰਘ ਵਿਰਕ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ’ਚ ਉਨ੍ਹਾਂ ਨੇ ਪਾਰਟੀ ਵਲੋਂ ਈ. ਵੀ. ਐੱਮਜ਼ ਨਾਲ ਛੇੜਖਾਨੀ ਦੀ ਗੱਲ ਮੰਨੀ ਹੈ ਅਤੇ ਪੰਜਾਬੀ ’ਚ ਕਹਿ ਰਹੇ ਹਨ ਕਿ :

‘‘ਪੰਜ ਸਕਿੰਟ ਦੀ ਗਲਤੀ ਜਿਹੜੀ ਹੈ ਨਾ, ਉਹ ਪੰਜ ਸਾਲ ਭੁਗਤਣੀ ਪਵੇਗੀ। ਜਿਸ ਬੰਦੇ ਨੇ ਜਿਥੇ ਵੋਟ ਪਾਉਣੀ ਹੈ, ਸਾਨੂੰ ਉਹ ਵੀ ਪਤਾ ਲੱਗ ਜਾਣਾ ਹੈ ਕਿ ਕਿਹੜੇ ਬੰਦੇ ਨੇ ਕਿੱਥੇ ਵੋਟ ਪਾਈ ਹੈ। ਇਹ ਵੀ ਗਲਤਫਹਿਮੀ ਨਹੀਂ ਹੋਣੀ ਚਾਹੀਦੀ। ਅਸੀਂ ਜਾਣ ਕੇ ਦੱਸਦੇ ਨਹੀਂ। ਜੇ ਕੋਈ ਪੁੱਛੇਗਾ, ਅਸੀਂ ਦੱਸ ਵੀ ਦੇਵਾਂਗੇ ਕਿੱਥੇ ਵੋਟ ਪਾਈ ਹੈ ਤੂੰ ਕਿਉਂਕਿ ਮੋਦੀ ਜੀ ਦੀਆਂ ਨਜ਼ਰਾਂ ਬੜੀਆਂ ਤੇਜ਼ ਨੇ, ਮਨੋਹਰ ਲਾਲ ਜੀ ਦੀਆਂ ਨਜ਼ਰਾਂ ਬੜੀਆਂ ਤੇਜ਼ ਨੇ। ਵੋਟ ਜਿਥੇ ਮਰਜ਼ੀ ਪਾ ਲਈਓ, ਨਿਕਲਣੀ ਫੁੱਲ ’ਤੇ ਹੀ ਹੈ। ਬਟਨ ਜਿਹੜਾ ਮਰਜ਼ੀ ਦਬਾ ਲਈਓ, ਨਿਕਲਣਾ ਫੁੱਲ ’ਤੇ ਹੀ ਹੈ। ਮਸ਼ੀਨ ’ਚ ਪੁਰਜ਼ਾ ਫਿੱਟ ਕੀਤਾ ਹੈ।’’

ਦੂਜਾ ਬਿਆਨ ਭਾਜਪਾ ਦੀ ਗੱਠਜੋੜ ਸਹਿਯੋਗੀ ‘ਸ਼ਿਵ ਸੈਨਾ’ ਦੇ ਸੀਨੀਅਰ ਆਗੂ ਸੰਜੇ ਰਾਊਤ ਵਲੋਂ ਆਇਆ ਹੈ। ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ’ਚ ਅਜਿਹਾ ਕੋਈ ਪਹਿਲਵਾਨ ਬਚਿਆ ਹੀ ਨਹੀਂ ਹੈ, ਜੋ ਭਾਜਪਾ ਅਤੇ ਸ਼ਿਵ ਸੈਨਾ ਦੇ ਗੱਠਜੋੜ ਨੂੰ ਚੁਣੌਤੀ ਦੇ ਸਕੇ।

ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਸੰਜੇ ਰਾਊਤ ਨੇ ਲਿਖਿਆ ਹੈ, ‘‘ਜਦ ਦੇਵੇਂਦਰ ਫੜਨਵੀਸ ਸਮਝਦੇ ਸਨ ਕਿ ਵਿਰੋਧੀ ਧਿਰ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ ਚੁਣੌਤੀ ਦੇਣ ਦੀ ਦੌੜ ’ਚ ਨਹੀਂ ਰਹੀ ਹੈ ਤਾਂ ਫਿਰ ਮਹਾਰਾਸ਼ਟਰ ਦੀਆਂ ਚੋਣਾਂ ’ਚ ਭਾਜਪਾ ਆਗੂਆਂ ਨੇ ਇੰਨੀ ਵੱਡੀ ਗਿਣਤੀ ’ਚ ਰੈਲੀਆਂ ਕਿਉਂ ਕੀਤੀਆਂ? ਮਹਾਰਾਸ਼ਟਰ ’ਚ ਥਾਂ-ਥਾਂ (ਪ੍ਰਧਾਨ ਮੰਤਰੀ) ਮੋਦੀ ਵਲੋਂ 10, (ਕੇਂਦਰੀ ਗ੍ਰਹਿ ਮੰਤਰੀ) ਅਮਿਤ ਸ਼ਾਹ ਵਲੋਂ 30 ਅਤੇ ਖੁਦ ਦੇਵੇਂਦਰ ਫੜਨਵੀਸ ਵਲੋਂ 100 ਰੈਲੀਆਂ ਕਰਨ ਦਾ ਮਕਸਦ ਕੀ ਸੀ?’’

‘‘ਇਹੋ ਸਵਾਲ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਵੀ ਉਠਾ ਰਹੇ ਹਨ। ਅਸਲੀਅਤ ਇਹ ਹੈ ਕਿ ਚੋਣ ਚੁਣੌਤੀਆਂ ਕਾਰਣ ਹੀ ਭਾਜਪਾ ਆਗੂ ਇੰਨੀ ਵੱਡੀ ਗਿਣਤੀ ’ਚ ਰੈਲੀਆਂ ਕਰਨ ਲਈ ਮਜਬੂਰ ਹੋਏ।’’

ਸੰਜੇ ਰਾਊਤ ਨੇ ‘ਸ਼ਿਵ ਸੈਨਾ’ ਦੀਆਂ ਇੱਛਾਵਾਂ ਵੀ ਜ਼ਾਹਿਰ ਕਰਦਿਆਂ ਲਿਖਿਆ ਕਿ ‘‘ਆਦਿੱਤਿਆ ਠਾਕਰੇ ਸਿਰਫ ਵਿਧਾਨ ਸਭਾ ’ਚ ਬੈਠਣ ਲਈ ਹੀ ਚੋਣਾਂ ਨਹੀਂ ਲੜ ਰਹੇ। ਨਵੀਂ ਪੀੜ੍ਹੀ ਚਾਹੁੰਦੀ ਹੈ ਕਿ ਉਹ ਸੂਬੇ ਦੀ ਅਗਵਾਈ ਕਰਨ।’’

ਇਸੇ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਸੁਬਰਾਮਣੀਅਮ ਸਵਾਮੀ ਨੇ ਜੀ. ਐੱਸ. ਟੀ. ਲਾਗੂ ਕਰਨ ਦੇ ਫੈਸਲੇ ਨੂੰ ਪਾਗਲਪਣ ਦੱਸਿਆ ਹੈ।

ਭਾਰਤ ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨੂੰ ਭਾਰਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਦਿਆਂ ਇਸ ਨੂੰ 1 ਜੁਲਾਈ 2017 ਨੂੰ ਲਾਗੂ ਕਰਦੇ ਸਮੇਂ ਦਾਅਵਾ ਕੀਤਾ ਸੀ ਕਿ ਇਹ ਮੌਜੂਦਾ ਟੈਕਸ ਢਾਂਚੇ ਨੂੰ ਸਰਲ ਬਣਾਉਣ ਤੇ ਦੇਸ਼ ਨੂੰ ਇਕ ਏਕੀਕ੍ਰਿਤ ਬਾਜ਼ਾਰ ’ਚ ਬਦਲਣ ਵਿਚ ਮੀਲ ਦਾ ਪੱਥਰ ਸਿੱਧ ਹੋਵੇਗਾ ਪਰ ਇਸ ਨਾਲ ਦੇਸ਼ ਦੇ ਵਪਾਰ ਅਤੇ ਉਦਯੋਗ ਜਗਤ ਲਈ ਕਈ ਸਮੱਸਿਆਵਾਂ ਪੈਦਾ ਹੋ ਗਈਆਂ, ਜਿਨ੍ਹਾਂ ’ਚੋਂ ਕਈ ਅਜੇ ਤਕ ਦੂਰ ਨਹੀਂ ਹੋਈਆਂ ਹਨ ਅਤੇ ਵੱਡੀ ਗਿਣਤੀ ’ਚ ਛੋਟੇ ਕਾਰੋਬਾਰ ਬੰਦ ਹੋ ਗਏ ਹਨ।

ਸੁਬਰਾਮਣੀਅਮ ਸਵਾਮੀ ਨੇ ਕਿਹਾ ਹੈ ਕਿ ‘‘ਜੀ. ਐੱਸ. ਟੀ. ਲਾਗੂ ਹੋਣ ਨਾਲ ਕੁਝ ਹੋਣ ਵਾਲਾ ਨਹੀਂ ਹੈ, ਇਸ ਲਈ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਦੇਸ਼ ’ਚ ਆਰਥਿਕ ਮੰਦੀ ਚੱਲ ਰਹੀ ਹੈ, ਜਿਸ ਤੋਂ ਉੱਭਰਨ ਲਈ ਸਰਕਾਰ ਨੂੰ ਮਜ਼ਬੂਤ ਆਰਥਿਕ ਫੈਸਲੇ ਲੈਣੇ ਪੈਣਗੇ। ਬੈਂਕਾਂ ’ਚ ਐੱਫ. ਡੀ. ’ਤੇ ਵਿਆਜ ਦਰ ਵਧਾਉਣੀ ਪਵੇਗੀ ਤਾਂ ਕਿ ਲੋਕ ਬੈਂਕਾਂ ’ਚ ਪੈਸਾ ਜਮ੍ਹਾ ਕਰਵਾਉਣ ਲਈ ਅੱਗੇ ਆਉਣ ਅਤੇ ਲੋਕਾਂ ਨੂੰ ਦੇਣ ਵਾਲੇ ਕਰਜ਼ੇ ’ਤੇ ਵਿਆਜ ਦਰ ਘਟਾਉਣੀ ਚਾਹੀਦੀ ਹੈ। ਸਪਲਾਈ ਦੀ ਬਜਾਏ ਮੰਗ ਵਧਾਉਣ ਲਈ ਕਦਮ ਚੁੱਕਣੇ ਪੈਣਗੇ।’’

‘‘ਕੇਂਦਰ ਸਰਕਾਰ ਨੂੰ ਸੇਠਾਂ ਨੂੰ ਰਿਆਇਤਾਂ ਦੇਣ ਤੋਂ ਇਲਾਵਾ ਆਮ ਆਦਮੀ ਨੂੰ ਵੀ ਰਾਹਤ ਦੇਣ ਅਤੇ ਉਸ ਦੇ ਹੱਥ ’ਚ ਜ਼ਿਆਦਾ ਪੈਸਾ ਪਹੁੰਚਾਉਣ ਲਈ ਕੰਮ ਕਰਨਾ ਚਾਹੀਦਾ ਹੈ। ਮੈਂ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਨਾਲ ਸਬੰਧਤ ਇਕ ਕਿਤਾਬ ‘ਵੁਈ ਸੈੱਡ’ (We Said) ਲਿਖੀ ਹੈ, ਜੋ ਮੈਂ ਪ੍ਰਧਾਨ ਮੰਤਰੀ ਨੂੰ ਵੀ ਭੇਜੀ ਹੈ।’’

ਜਿਥੇ ਵਿਰੋਧੀ ਪਾਰਟੀਆਂ ਦੇ ਨੇਤਾ ਤਾਂ ਪਹਿਲਾਂ ਹੀ ਭਾਜਪਾ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਖਾਨੀ ਕਰਨ ਦਾ ਦੋਸ਼ ਲਾ ਰਹੇ ਸਨ, ਉਥੇ ਹੀ ਹੁਣ ਖੁਦ ਭਾਜਪਾ ਦਾ ਉਮੀਦਵਾਰ ਇਸ ਦੀ ਪੁਸ਼ਟੀ ਕਰ ਰਿਹਾ ਹੈ, ਜਦਕਿ ਸੰਜੇ ਰਾਊਤ ਨੇ ਭਾਜਪਾ ਵਲੋਂ ਵਿਰੋਧੀਆਂ ਨੂੰ ਪ੍ਰਭਾਵਹੀਣ ਕਰਨ ਦੇ ਦਾਅਵੇ ਨੂੰ ਝੁਠਲਾਇਆ ਹੈ ਅਤੇ ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਮੈਂਬਰ ਡਾ. ਸੁਬਰਾਮਣੀਅਮ ਸਵਾਮੀ ਨੇ ਸਰਕਾਰ ਦੇ ਆਰਥਿਕ ਸੁਧਾਰਾਂ ’ਤੇ ਸਵਾਲੀਆ ਨਿਸ਼ਾਨ ਲਾਇਆ ਹੈ।

ਭਾਜਪਾ ਲੀਡਰਸ਼ਿਪ ਨੂੰ ਚਿੰਤਨ ਕਰਨ ਦੀ ਲੋੜ ਹੈ ਕਿ ਉਸ ਦੇ ਆਪਣੇ ਹੀ ਬੰਦੇ ਅਜਿਹੀਆਂ ਗੱਲਾਂ ਕਿਉਂ ਕਹਿ ਰਹੇ ਹਨ।

–ਵਿਜੇ ਕੁਮਾਰ\\\


Bharat Thapa

Content Editor

Related News