ਕਾਂਗਰਸ ਅਤੇ ਭਾਜਪਾ ਦੇ ਅੰਦਰ ਝਗੜੇ ਹੀ ਝਗੜੇ ਆਖਿਰ ਕਦੋਂ ਰੁਕੇਗਾ ਇਹ ਸਿਲਸਿਲਾ
Thursday, Jun 24, 2021 - 03:15 AM (IST)

ਦੇਸ਼ ਦੀਆਂ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਅਤੇ ਭਾਜਪਾ ’ਚ ਟੁੱਟ-ਭੱਜ ਅਤੇ ਬਗਾਵਤ ਲਗਾਤਾਰ ਜਾਰੀ ਹੈ। ਪੰਜਾਬ ’ਚ ਨਵਜੋਤ ਸਿੰਘ ਸਿੱਧੂ, ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪ੍ਰਗਟ ਸਿੰਘ ਆਦਿ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ।
ਇਨ੍ਹਾਂ ਦਾ ਕਲੇਸ਼ ਦੂਰ ਕਰਨ ਲਈ ਮੱਲਿਕਾਰਜੁਨ ਖੜਗੇ, ਜੇ.ਪੀ. ਅਗਰਵਾਲ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ’ਤੇ ਆਧਾਰਿਤ ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ 100 ਤੋਂ ਵੱਧ ਨੇਤਾਵਾਂ ਨਾਲ ਗੱਲ ਕਰਨ ਦੇ ਬਾਵਜੂਦ ਅਜੇ ਤੱਕ ਮਸਲਾ ਸੁਲਝਾਉਣ ’ਚ ਅਸਫਲ ਰਹੀ ਹੈ।
22 ਜੂਨ ਨੂੰ ਦਿੱਲੀ ’ਚ ਬੇਨਤੀਜਾ ਖਤਮ ਹੋਈ ਤਿੰਨ ਮੈਂਬਰੀ ਟੀਮ ਦੇ ਨਾਲ ਬੈਠਕ ’ਚ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਹੀ ਫਸਾਦ ਦੀ ਜੜ੍ਹ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਧੂ ਨੂੰ ਕੋਈ ਵੀ ਅਹੁਦਾ ਨਹੀਂ ਦਿੱਤਾ ਜਾ ਸਕਦਾ।
ਪੰਜਾਬ ਦੇ ਵਾਂਗ ਹੀ ਰਾਜਸਥਾਨ ’ਚ ਵੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦਰਮਿਆਨ ਵਿਵਾਦ ਰੁਕ ਨਹੀਂ ਰਿਹਾ ਅਤੇ ਪਾਇਲਟ ਦੇ ਸਮਰਥਕ ਵਿਧਾਇਕ ਅਤੇ ਬਸਪਾ ਨਾਲੋਂ ਬੀਤੇ ਸਾਲ ਕਾਂਗਰਸ ’ਚ ਸ਼ਾਮਲ ਹੋਏ ਵਿਧਾਇਕ ਮੰਤਰੀ ਮੰਡਲ ’ਚ ਥਾਂ ਹਾਸਲ ਕਰਨ ਲਈ ਗਹਿਲੋਤ ’ਤੇ ਦਬਾਅ ਪਾ ਰਹੇ ਹਨ।
ਇਸ ਮਾਮਲੇ ’ਚ ਗਹਿਲੋਤ ਸਮਰਥਕ 13 ਆਜ਼ਾਦ ਅਤੇ ਬਸਪਾ ਤੋਂ ਆਏ 6 ਵਿਧਾਇਕਾਂ ਨੇ ਪਾਇਲਟ ਧੜੇ ਦੇ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ, ਜਿਨ੍ਹਾਂ ’ਚੋਂ 12 ਵਿਧਾਇਕਾਂ ਨੇ ਪਾਇਲਟ ਧੜੇ ’ਤੇ ਦਬਾਅ ਬਣਾਉਣ ਦੀ ਰਣਨੀਤੀ ਬਣਾਈ ਹੈ।
ਬਿਹਾਰ ਕਾਂਗਰਸ ’ਚ ਵੀ ਘਮਾਸਾਨ ਜ਼ੋਰਾਂ ’ਤੇ ਹੈ ਅਤੇ ਪਾਰਟੀ ਦਾ ਕਲੇਸ਼ ਦਿੱਲੀ ਦਰਬਾਰ ਤੱਕ ਜਾ ਪੁੱਜਾ ਹੈ। ਪਾਰਟੀ ਦੇ ਇਕ ਧੜੇ ਦਾ ਮੰਨਣਾ ਹੈ ਕਿ ਚੋਣਾਂ ’ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੇ ਲਈ ਸੂਬਾ ਪ੍ਰਧਾਨ ਡਾ. ਮਦਨ ਮੋਹਨ ਝਾਅ ਜ਼ਿੰਮੇਵਾਰ ਹਨ।
ਭਾਜਪਾ ਨੂੰ ਵੀ ਅੰਦਰੂਨੀ ਕਲੇਸ਼ ਅਤੇ 3 ਗਠਜੋੜ ਭਾਈਵਾਲਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲ ਰੱਖੀ ਹੈ। ਇਸ ਸਬੰਧ ’ਚ ਉਨ੍ਹਾਂ ਨੇ ਨਾ ਸਿਰਫ ਉੱਤਰਾਖੰਡ ’ਚ ਮੁੱਖ ਮੰਤਰੀ ਨੂੰ ਬਦਲਿਆ ਹੈ, ਸਗੋਂ ਉੱਤਰ ਪ੍ਰਦੇਸ਼ ’ਚ ਚੱਲ ਰਹੀ ਚੁੱਕ-ਥਲ ’ਤੇ ਕਾਬੂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਸਾਬਕਾ ਆਈ.ਪੀ.ਐੱਸ. ਅਫਸਰ ਏ.ਕੇ. ਸ਼ਰਮਾ ਨੂੰ ਸੂਬੇ ਦਾ ਉੱਪ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ’ਤੇ ਮੁੱਖ ਮੰਤਰੀ ਯੋਗੀ ਅਾਦਿੱਤਿਆਨਾਥ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦਿੱਲੀ ਸੱਦ ਕੇ ਉਨ੍ਹਾਂ ਦੇ ਖਦਸ਼ਿਆਂ ਦਾ ਹੱਲ ਕੀਤਾ ਅਤੇ ਸ਼ਰਮਾ ਨੂੰ ਪ੍ਰਦੇਸ਼ ਭਾਜਪਾ ਉੱਪ ਪ੍ਰਧਾਨ ਦਾ ਅਹੁਦਾ ਦੇ ਕੇ ਉਨ੍ਹਾਂ ਦੇ ਮੁੱਖ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ’ਤੇ ਰੋਕ ਲਗਾਈ ਹੈ।
ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਨਾਲ ਵੀ ਯੋਗੀ ਆਦਿੱਤਿਆਨਾਥ ਦੀ ਅਣਬਣ ਦੀਆਂ ਖਬਰਾਂ ਦੇ ਦਰਮਿਆਨ ਆਦਿੱਤਿਆਨਾਥ 22 ਜੂਨ ਨੂੰ ਅਚਾਨਕ ਉਨ੍ਹਾਂ ਦੇ ਘਰ ਜਾ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਖਾਣਾ ਖਾਦਾ।
ਹਾਲਾਂਕਿ ਇਹ ਮੌਕਾ ਕੇਸ਼ਵ ਪ੍ਰਸਾਦ ਮੌਰੀਆ ਦੇ ਪੁੱਤਰ ਨੂੰ ਵਿਆਹ ’ਤੇ ਵਧਾਈ ਦਾ ਸੀ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਭੋਜ-ਸਿਆਸਤ ਦੇ ਬਹਾਨੇ ਦੋਵਾਂ ਨੇਤਾਵਾਂ ਦੇ ਦਰਮਿਆਨ ਮਨ-ਮੁਟਾਵ ਦੂਰ ਕਰਨ ਦੀ ਕੋਸ਼ਿਸ਼ ਭਾਜਪਾ ਲੀਡਰਸ਼ਿਪ ਨੇ ਕੀਤੀ ਹੈ।
ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ ਆਪਣੇ 3 ਗਠਜੋੜ ਭਾਈਵਾਲਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ‘ਨਿਸ਼ਾਦ ਪਾਰਟੀ’ ਦੇ ਪ੍ਰਧਾਨ ਸੰਜੇ ਨਿਸ਼ਾਦ ਨੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ’ਚ ਡਿਪਟੀ ਸੀ.ਐੱਮ. ਦਾ ਚਿਹਰਾ ਬਣਾਉਣ ਦੀ ਮੰਗ ਕਰ ਦਿੱਤੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਤੋਂ ਸੂਬੇ ਅਤੇ ਕੇਂਦਰੀ ਮੰਤਰੀ ਮੰਡਲ ’ਚ ਇਕ-ਇਕ ਮੰਤਰੀ ਅਹੁਦੇ ਦੀ ਮੰਗ ਕਰਨ ਦੇ ਇਲਾਵਾ ਉਨ੍ਹਾਂ ਨੇ ਭਾਜਪਾ ਵੱਲੋਂ ਉਨ੍ਹਾਂ ਦੀ ਮੰਗ ਨਾ ਮੰਨਣ ’ਤੇ ਗਠਜੋੜ ਨਾਲੋਂ ਵੱਖ ਹੋ ਕੇ ਚੋਣ ਲੜਨ ’ਤੇ ਵਿਚਾਰ ਕਰਨ ਦੀ ਚਿਤਾਵਨੀ ਵੀ ਦੇ ਦਿੱਤੀ ਹੈ। ਆਪਣੇ ਵਰਕਰਾਂ ’ਤੇ ਦਰਜ ਮੁਕੱਦਮੇ ਵਾਪਸ ਲੈਣ ਦੀ ਮੰਗ ਦੇ ਇਲਾਵਾ ਸੰਜੇ ਨਿਸ਼ਾਦ ਨੇ ਕਿਹਾ ਹੈ ‘‘ਜੇਕਰ ਸਾਡਾ ਭਾਈਚਾਰਾ ਦੁਖੀ ਹੋਇਆ ਤਾਂ 2022 ’ਚ ਬੜੀ ਮੁਸ਼ਕਲ ਹੋਵੇਗੀ।’’
ਇਸੇ ਤਰ੍ਹਾਂ ‘ਅਪਨਾ ਦਲ’ ਦੀ ਨੇਤਾ ਅਨੁਪ੍ਰਿਯਾ ਪਟੇਲ ਨੇ ਵੀ ਸੂਬਾ ਮੰਤਰੀ ਮੰਡਲ ’ਚ ‘ਅਪਨਾ ਦਲ’ ਦਾ ਕੋਟਾ ਵਧਾਉਣ ਦੀ ਮੰਗ ਅਮਿਤ ਸ਼ਾਹ ਦੇ ਸਾਹਮਣੇ ਰੱਖੀ ਹੈ।
‘ਸੁਹੇਲ ਦੇਵ ਭਾਰਤੀ ਸਮਾਜ ਪਾਰਟੀ’ ਦੇ ਨੇਤਾ ਓ.ਪੀ. ਰਾਜਭਰ ਨੇ ਵੀ ਭਾਜਪਾ ’ਤੇ ਸਮਾਜ ਦੇ ਪਛੜੇ ਵਰਗਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਹੁਣ ਭਵਿੱਖ ’ਚ ਭਾਜਪਾ ਦੇ ਨਾਲ ਗਠਜੋੜ ਨਹੀਂ ਕਰਨਗੇ।
ਪੱਛਮੀ ਬੰਗਾਲ ’ਚ ਵੀ ਤ੍ਰਿਣਮੂਲ ਕਾਂਗਰਸ ’ਚੋਂ ਦਲ-ਬਦਲੀ ਕਰ ਕੇ ਭਾਜਪਾ ’ਚ ਆਏ ਨੇਤਾਵਾਂ ਵੱਲੋਂ ਵਾਪਸ ਤ੍ਰਿਣਮੂਲ ਕਾਂਗਰਸ ’ਚ ਪਰਤਣ ਦਾ ਸਿਲਸਿਲਾ ਸ਼ੁਰੂ ਹੋ ਜਾਣ ਦੇ ਬਾਅਦ ਭਾਜਪਾ ਲੀਡਰਸ਼ਿਪ ’ਚ ਚਿੰਤਾ ਪੈਦਾ ਹੋ ਗਈ।
ਕੁਲ ਮਿਲਾ ਕੇ ਦੋਵੇਂ ਹੀ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ’ਚ ਪੈਦਾ ਅਸੰਤੋਸ਼, ਕਲੇਸ਼ ਅਤੇ ਟੁੱਟ-ਭੱਜ ਜਾਰੀ ਹੈ, ਜੋ ਕਿਸੇ ਵੀ ਨਜ਼ਰੀਏ ਤੋਂ ਇਨ੍ਹਾਂ ਦੋਵਾਂ ਪਾਰਟੀਆਂ ਅਤੇ ਦੇਸ਼ ਦੇ ਹਿੱਤ ’ਚ ਨਹੀਂ ਹੈ। ਲੋਕਤੰਤਰ ਦੀ ਮਜ਼ਬੂਤੀ ਦੇ ਲਈ ਦੇਸ਼ ’ਚ ਮਜ਼ਬੂਤ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਵੀ ਓਨਾ ਹੀ ਜ਼ਰੂਰੀ ਹੈ।
ਮਜ਼ਬੂਤ ਵਿਰੋਧੀ ਧਿਰ ਸੱਤਾਧਾਰੀ ਪਾਰਟੀ ਨੂੰ ਮਨਮਾਨੀ ਕਰਨ ਤੋਂ ਰੋਕਦੀ ਹੈ। ਇਸ ਦੇ ਇਲਾਵਾ ਭ੍ਰਿਸ਼ਟਾਚਾਰ ਤੇ ਬੇਨਿਯਮੀਆਂ ਘੱਟ ਹੁੰਦੀਆਂ ਹਨ। ਇਸ ਲਈ ਦੋਵਾਂ ਹੀ ਪਾਰਟੀਆਂ ’ਤੇ ਆਪਣੇ ਅੰਦਰੂਨੀ ਕਲੇਸ਼ ਨੂੰ ਖਤਮ ਕਰ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
- ਵਿਜੇ ਕੁਮਾਰ