‘ਬੇਲਗਾਮ’ ਹੁੰਦੀ ਨੇਤਾਵਾਂ ਦੀ ‘ਜ਼ੁਬਾਨ’ ’ਤੇ ਕਦੋਂ ਲੱਗੇਗੀ ‘ਲਗਾਮ’

11/06/2020 2:18:16 AM

ਸਾਡੇ ਦੇਸ਼ ’ਚ ਵੱਖ-ਵੱਖ ਿਸਆਸੀ ਪਾਰਟੀਆਂ ਦੇ ਛੋਟੇ-ਵੱਡੇ ਨੇਤਾਵਾਂ ਵੱਲੋਂ ਕੁੜੱਤਣ ਵਾਲੇ, ਚੁੱਭਣ ਵਾਲੇ ਅਤੇ ਊਲ-ਜਲੂਲ ਬੇਲਗਾਮ ਬਿਆਨ ਦੇਣ ਦਾ ਇਕ ਰੁਝਾਨ ਜਿਹਾ ਚੱਲ ਪਿਆ ਹੈ ਜੋ ਚੋਣਾਂ ’ਚ ਤਾਂ ਹੋਰ ਵੀ ਵੱਧ ਗਿਆ ਹੈ। ਪਿਛਲੇ ਸਿਰਫ 3 ਹਫਤਿਆਂ ’ਚ ਦਿੱਤੇ ਹੋਏ ਅਜਿਹੇ ਹੀ ਬੇਹੂਦਾ ਬਿਆਨਾਂ ਦੇ 11 ਨਮੂਨੇ ਹੇਠਾਂ ਦਰਜ ਹਨ :

* 15 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ‘ਸਾਂਵੇਰ’ ’ਚ ਸਾਬਕਾ ਮੰਤਰੀ ਸੱਜਣ ਸਿੰਘ ਵਰਮਾ ਨੇ ਇਕ ਚੋਣ ਰੈਲੀ ’ਚ ਬੋਲਦੇ ਹੋਏ ਕਿਹਾ, ‘‘ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਸਾੜ੍ਹੀ ਪਹਿਨ ਕੇ, ਵਾਲ ਵਧਾ ਕੇ ਤੰਤਰ-ਮੰਤਰ ਕਰਦੇ ਸਨ। ਜਿਵੇਂ-ਜਿਵੇਂ ਦੁਸਹਿਰਾ ਨੇੜੇ ਆਉਂਦਾ ਹੈ ਉਨ੍ਹਾਂ ਦਾ ਚਿਹਰਾ ਰਾਵਣ ਵਰਗਾ ਲੱਗਣ ਲੱਗਦਾ ਹੈ।’’

ਉਹ ਇੱਥੇ ਹੀ ਨਹੀਂ ਰੁਕੇ ਅਤੇ ਬੋਲੇ, ‘‘ਕੈਲਾਸ਼ ਵਿਜੇਵਰਗੀਯ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਦੇ ਸਨ। ਭਾਜਪਾ ਨੇ ਉਨ੍ਹਾਂ ਨੂੰ ਬੰਗਾਲ ’ਚ ਸੁੱਟ ਿਦੱਤਾ ਜਿੱਥੇ ਉਨ੍ਹਾਂ ਨਾਲੋਂ ਵੀ ਵੱਡੀ ‘ਜਾਦੂਗਰਨੀ ਮਮਤਾ ਬੈਨਰਜੀ’ ਬੈਠੀ ਹੈ।’’

* 26 ਅਕਤੂਬਰ ਨੂੰ ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ ਵਿਧਾਇਕ ਡਾ. ਗੋਵਿੰਦ ਸਿੰਘ ਨੇ ਕਿਹਾ, ‘‘ਅਸੀਂ ਤਾਂ ਕਾਨੂੰਨ ਤੋੜਨ ਵਾਲੇ ਹਾਂ। ਅਸੀਂ ਅੱਜ ਤੱਕ ਮਾਸਕ ਨਹੀਂ ਲਗਾਇਆ ਅਤੇ ਸੈਟੇਨਾਈਜ਼ਰ ਦੀ ਵਰਤੋਂ ਨਹੀਂ ਕੀਤੀ। ਇਹ ਸਭ ਮੋਦੀ ਦਾ ਕੀਤਾ ਕਰਾਇਆ ਹੈ। ਜੋ ਮੋਦੀ ਕਰੇਗਾ ਠੀਕ ਉਲਟਾ ਚੱਲਾਂਗੇ ਅਸੀਂ। ਦਿਨ ਭਰ ਹੱਥ ਧੋਣ ਤੋਂ ਚੰਗਾ ਹੈ ਇਕ ਪੈੱਗ ਲਗਾ ਲਓ। ਕੋਰੋਨਾ ਉਂਝ ਹੀ ਭੱਜ ਜਾਵੇਗਾ।’’

* 28 ਅਕਤੂਬਰ ਨੂੰ ਭਾਜਪਾ ਨੇਤਾ ‘ਤੁਸ਼ਾਰ ਭੋਂਸਲੇ’ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿਤਾਵਨੀ ਦਿੱਤੀ, ‘‘ਜੇਕਰ ਸਰਕਾਰ ਨੇ ਮੰਦਰਾਂ ਨੂੰ ਮੁੜ ਤੋਂ ਖੋਲ੍ਹਣ ਬਾਰੇ 1 ਨਵੰਬਰ ਤੱਕ ਫੈਸਲਾ ਨਾ ਲਿਆ ਤਾਂ ਅਸੀਂ ਮੰਦਰਾਂ ਦੇ ਤਾਲੇ ਤੋੜ ਦੇਵਾਂਗਾ।’’

* 29 ਅਕਤੂਬਰ ਨੂੰ ‘ਸ਼੍ਰੋਅਦ’ ਸੁਪਰੀਮੋ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ, ‘‘ਜੇਕਰ ਕੈਪਟਨ ਭਾਜਪਾ ਨਾਲ ਚਲੇ ਜਾਣ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਮੌਜੂਦਾ ਸਮੇਂ ’ਚ ਕਾਂਗਰਸ ਦੀ ਹਾਲਤ ਜਿਸ ਤਰ੍ਹਾਂ ਦੀ ਹੈ ਉਸ ’ਚ ਅਜਿਹਾ ਹੋਣਾ ਸੰਭਵ ਹੈ।’’

* 29 ਅਕਤੂਬਰ ਨੂੰ ਹੀ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ, ‘‘ਜੰਮੂ-ਕਸ਼ਮੀਰ ਨੂੰ ਇਕ ਖੁੱਲ੍ਹੀ ਜੇਲ ’ਚ ਬਦਲ ਦਿੱਤਾ ਗਿਆ ਹੈ।’’

* 30 ਅਕਤੂਬਰ ਨੂੰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਕਮਲਨਾਥ ਅਤੇ ਦਿਗਵਿਜੇ ਸਿੰਘ ਦੇ ਲਈ ‘ਚੁਨੂੰ-ਮੁਨੂੰ’ ਸ਼ਬਦ ਦੀ ਵਰਤੋਂ ਕੀਤੀ ਜਿਸ ’ਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰਨ ਦੀ ਹਦਾਇਤ ਦਿੱਤੀ।

ਵਿਜੇਵਰਗੀਯ ਨੇ ਇਕ ਚੋਣ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ, ‘‘ਦਿਗਵਿਜੇ ਸਿੰਘ ਅਤੇ ਕਮਲਨਾਥ ਇਹ ਦੋਵੇਂ ‘ਚੁਨੂੰ-ਮੁਨੂੰ’ ਵੱਡੇ ਕਲਾਕਾਰ ਹਨ ਜਿਨ੍ਹਾਂ ਨੇ ਸੂਬੇ ਦੇ ਵੋਟਰਾਂ ਨਾਲ ਧੋਖਾ ਕੀਤਾ ਹੈ।’’

ਬਾਅਦ ’ਚ ਸਫਾਈ ਦਿੰਦੇ ਹੋਏ ਵਿਜੇਵਰਗੀਯ ਬੋਲੇ ‘‘ਅਸੀਂ ਤਾਂ ਪਿਆਰ ਕਰ ਰਹੇ ਹਾਂ। ਘਰ ਦੇ ਬੱਚਿਆਂ ਨੂੰ ਚੁਨੂੰ-ਮੁਨੂੰ ਬੋਲਦੇ ਹਨ।’’ ਪਰ ਬਾਅਦ ’ਚ ਆਪਣੀ ਸਫਾਈ ’ਚ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ, ‘‘ਇਹ ਛੋਟੇ ਲੋਕ ਹਨ।’’

* 31 ਅਕਤੂਬਰ ਨੂੰ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਬੋਲੇ, ‘‘ਜੇਕਰ ਭਗਵਾਨ ਵੀ ਦੇਣਾ ਚਾਹੁਣ ਤਾਂ ਸਾਰੇ ਉਮੀਦਵਾਰਾਂ ਨੂੰ ਨੌਕਰੀ ਨਹੀਂ ਦੇ ਸਕਦੇ। ਜੇਕਰ ਕੱਲ ਨੂੰ ਭਗਵਾਨ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਵੀ ਇਹ ਸੰਭਵ ਨਹੀਂ ਹੈ।’’

* 1 ਨਵੰਬਰ ਨੂੰ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਮ. ਰਾਮਚੰਦਰਨ ਨੇ ਰੇਪ ਦਾ ਸ਼ਿਕਾਰ ਹੋਈਅਾਂ ਔਰਤਾਂ ’ਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ, ‘‘ਜੇਕਰ ਰੇਪ ਦੀ ਸ਼ਿਕਾਰ ਕਿਸੇ ਲੜਕੀ ’ਚ ਆਤਮ-ਸਨਮਾਨ ਹੋਵੇਗਾ ਤਾਂ ਉਹ ਇਕ ਵਾਰ ਰੇਪ ਹੋਣ ’ਤੇ ਹੀ ਖੁਦਕੁਸ਼ੀ ਕਰ ਲਵੇਗੀ ਜਾਂ ਰੇਪ ਨੂੰ ਦੁਬਾਰਾ ਹੋਣ ਤੋਂ ਰੋਕੇਗੀ।’’

ਇਸੇ ਹੀ ਸ਼੍ਰੀਮਾਨ ਨੇ ਕੁਝ ਸਮਾਂ ਪਹਿਲਾਂ ਸੂਬੇ ਦੀ ਸਾਬਕਾ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੂੰ ‘ਕੋਵਿਡ ਰਾਣੀ’ ਅਤੇ ‘ਨਿਪਾਹ ਰਾਜਕੁਮਾਰੀ’ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।

* 3 ਨਵੰਬਰ ਨੂੰ ‘ਹਿੰਦੁਸਤਾਨੀ ਆਵਾਮ ਮੋਰਚਾ’ ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਬਹਾਦਰਪੁਰ ’ਚ ਲੋਕਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ,‘‘ਨੌਜਵਾਨ ਨੌਕਰੀ ਨਾ ਕਰਨ, ਨੌਕਰੀ ਕਰਨੀ ਨੀਚ ਦਾ ਕੰਮ ਹੈ।’’

* 5 ਨਵੰਬਰ ਨੂੰ ਬਿਹਾਰ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਰਾਜ ਮੰਤਰੀ ਅਸ਼ਵਿਨ ਚੌਬੇ ਨੇ ਮਧੂਬਨੀ ’ਚ ਇਕ ਚੋਣ ਰੈਲੀ ’ਚ ਰਾਹੁਲ ਗਾਂਧੀ, ਤੇਜਸਵੀ ਯਾਦਵ ਅਤੇ ਲਾਲੂ ਯਾਦਵ ਨੂੰ ‘ਪੱਪੂ’,‘ਲੱਪੂ’ ਅਤੇ ‘ਗੱਫੂ’ ਕਰਾਰ ਦਿੱਤਾ।

* 5 ਨਵੰਬਰ ਨੂੰ ਹੀ ਨਵਾਬਗੰਜ , ਬਾਰਾਬੰਕੀ ਨਗਰ ਪਾਲਿਕਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਭਾਜਪਾ ਨੇਤਾ ਰੰਜੀਤ ਸ਼੍ਰੀਵਾਸਤਵ ਨੇ ਕਿਹਾ , ‘‘ਇਹ ਸਾਰੀਆਂ ਮਰੀਆਂ ਹੋਈਆਂ ਲੜਕੀਆਂ ਬਾਜਰੇ, ਮੱਕੇ, ਗੰਨੇ ਅਤੇ ਅਰਹਰ ਦੇ ਖੇਤ ’ਚ ਹੀ ਕਿਉਂ ਮਿਲਦੀਆਂ ਹਨ। ਲੜਕੀ ਨੇ ਲੜਕੇ ਨੂੰ ਪ੍ਰੇਮ ਪ੍ਰਸੰਗ ਦੇ ਕਾਰਣ ਬਾਜਰੇ ਦੇ ਖੇਤ ਵਿਚ ਸੱਦਿਆ ਹੋਵੇਗਾ। ਹੁਣ ਉਹ ਕਿਸੇ ਪਰਿਵਾਰਕ ਮੈਂਬਰ ਵਲੋਂ ਫੜ ਲਈ ਗਈ ਹੋਵੇਗੀ, ਕਿਉਂਕਿ ਖੇਤ ਵਿਚ ਤਾਂ ਇਹੀ ਹੁੰਦਾ ਹੈ।’’

ਉਪਰੋਕਤ ਬਿਆਨਾਂ ਦੇ ਇਲਾਵਾ ਵੀ ਸਾਡੇ ਮਾਣਯੋਗ ਲੋਕ ਪ੍ਰਤੀਨਿਧੀਆਂ ਨੇ ਪਤਾ ਨਹੀਂ ਕਿੰਨੇ ਬਿਆਨ ਦੇ ਕੇ ਸਮਾਜ ’ਚ ਕੁੜੱਤਣ ਦੇ ਬੀਜ ਬੀਜਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ ਜੋ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਇਸ ਲਈ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਇਸ ਤਰ੍ਹਾਂ ਦੀ ਬੇਹੂਦਾ ਅਤੇ ਬੇਲਗਾਮ ਬਿਆਨਬਾਜ਼ੀ ਤੋਂ ਕੀ ਹਾਸਲ ਹੁੰਦਾ ਹੈ ਅਤੇ ਇਸ ’ਤੇ ਕਦੋਂ ਅਤੇ ਕੌਣ ਲਗਾਮ ਲਗਾਵੇਗਾ।

- ਵਿਜੇ ਕੁਮਾਰ


Bharat Thapa

Content Editor

Related News