ਆਖਿਰ ਕਦੋਂ ਰੁਕੇਗੀ ‘ਔਰਤਾਂ ਦੇ ਵਿਰੁੱਧ ’ ਨੇਤਾਵਾਂ ਦੀ ‘ਗੈਰ-ਮਰਿਆਦਾ ਵਾਲੀ ਬਿਆਨਬਾਜ਼ੀ’

10/20/2020 1:56:58 AM

ਉਂਝ ਤਾਂ ਸਾਡੇ ਦੇਸ਼ ਨੂੰ ਨਾਰੀ ਪੂਜਕ ਦੇਸ਼ ਕਿਹਾ ਜਾਂਦਾ ਹੈ ਪਰ ਦੇਸ਼ ’ਚ ਔਰਤਾਂ ਦੇ ਵਿਰੁੱਧ ਜਾਰੀ ਅਪਰਾਧਾਂ ਅਤੇ ਸਮੇਂ-ਸਮੇਂ ’ਤੇ ਸਾਡੇ ਲੋਕ-ਪ੍ਰਤੀਨਿਧੀ ਅਖਵਾਉਣ ਵਾਲੇ ਨੇਤਾ ਵੀ ਔਰਤਾਂ ਦੇ ਸੰਬੰਧ ’ਚ ਅਜਿਹੀਅਾਂ ਇਤਰਾਜ਼ਯੋਗ ਟਿੱਪਣੀਅਾਂ ਕਰ ਦਿੰਦੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਮਨ ਗੁੱਸੇ ਨਾਲ ਭਰ ਜਾਂਦਾ ਹੈ :

* 26 ਜੁਲਾਈ 2013 ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿੱਗਵਿਜੇ ਸਿੰਘ ਨੇ ਖੁਦ ਨੂੰ ‘ਸਿਆਸਤ ਦਾ ਪੁਰਾਣਾ ਜੌਹਰੀ’ ਕਰਾਰ ਦਿੰਦੇ ਹੋਏ ਮੰਦਸੌਰ ’ਚ ਆਪਣੀ ਹੀ ਪਾਰਟੀ ਦੀ ਇਕ ਮਹਿਲਾ ਸੰਸਦ ਮੈਂਬਰ ਅਤੇ ਰਾਹੁਲ ਗਾਂਧੀ ਦੀ ਏ. ਡੀ. ਮੀਨਾਕਸ਼ੀ ਨਟਰਾਜਨ ਨੂੰ ‘100 ਟੰਚ ਮਾਲ’ ਕਰਾਰ ਦਿੱਤਾ ਸੀ।

* 11 ਅਪ੍ਰੈਲ, 2014 ਨੂੰ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਸਮੂਹਿਕ ਜਬਰ-ਜ਼ਨਾਹ ਦੇ ਇਕ ਕੇਸ ’ਚ ਅਦਾਲਤ ਦੁਆਰਾ ਤਿੰਨ ਦੋਸ਼ੀਅਾਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ’ਤੇ ਬੋਲੇ :

‘‘ਲੜਕੇ ਲੜਕੇ ਹਨ। ਗਲਤੀ ਹੋ ਜਾਂਦੀ ਹੈ। ਲੜਕੀਅਾਂ ਪਹਿਲਾਂ ਦੋਸਤੀ ਕਰਦੀਅਾਂ ਹਨ। ਲੜਕੇ-ਲੜਕੀ ’ਚ ਮਤਭੇਦ ਹੋ ਜਾਂਦਾ ਹੈ ਤਾਂ ਉਸ ਨੂੰ ਰੇਪ ਦਾ ਨਾਂ ਦੇ ਦਿੰਦੀਅਾਂ ਹਨ। ਕੀ ਰੇਪ ਕੇਸ ’ਚ ਫਾਂਸੀ ਦਿੱਤੀ ਜਾਵੇਗੀ?’’

* ਇਕ ਹੋਰ ਮੌਕੇ ’ਤੇ ਮੁਲਾਇਮ ਸਿੰਘ ਬੋਲੇ, ‘‘ਸਿਰਫ ਅਮੀਰ ਵਰਗ ਨਾਲ ਸਬੰਧਤ ਔਰਤਾਂ ਹੀ ਜ਼ਿੰਦਗੀ ’ਚ ਅੱਗੇ ਵਧ ਸਕਦੀਅਾਂ ਹਨ ਪਰ ਦਿਹਾਤੀ ਔਰਤਾਂ ਨੂੰ ਕਦੇ ਮੌਕਾ ਨਹੀਂ ਮਿਲੇਗਾ ਕਿਉਂਕਿ ਤੁਸੀਂ ਓਨੀਅਾਂ ਆਕਰਸ਼ਕ ਨਹੀਂ ਹੁੰਦੀਅਾਂ।’’

* 12 ਅਪ੍ਰੈਲ, 2014 ਨੂੰ ਮਹਾਰਾਸ਼ਟਰ ਸਪਾ ਦੇ ਪ੍ਰਧਾਨ ਅਬੂ ਆਜ਼ਮੀ ਨੇ ਕਿਹਾ ਕਿ, ‘‘ਜੇਕਰ ਕੋਈ ਔਰਤ ਜਬਰ-ਜ਼ਨਾਹ ਦੇ ਕੇਸ ’ਚ ਫੜੀ ਜਾਂਦੀ ਹੈ ਤਾਂ ਲੜਕੇ ਅਤੇ ਲੜਕੀ ਦੋਵਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’’

* 31 ਮਾਰਚ, 2015 ਨੂੰ ਗੋਆ ਦੇ ਮੁੱਖ ਮੰਤਰੀ ਲਕਸ਼ਮੀਕਾਂਤ ਪਾਰਸੇਕਰ ਨੇ ਆਪਣੀਅਾਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀਅਾਂ ਨਰਸਾਂ ਨੂੰ ਕਿਹਾ, ‘‘ਤੁਸੀਂ ਲੋਕ ਧੁੱਪ ’ਚ ਭੁੱਖ ਹੜਤਾਲ ਨਾ ਕਰੋ, ਇਸ ਨਾਲ ਤੁਹਾਡਾ ਰੰਗ ਕਾਲਾ ਪੈ ਜਾਵੇਗਾ ਅਤੇ ਤੁਹਾਡੇ ਵਿਆਹ ’ਚ ਦਿੱਕਤ ਆਵੇਗੀ।’’

* 8 ਅਕਤੂਬਰ, 2015 ਨੂੰ ਕਰਨਾਟਕ ਦੇ ਗ੍ਰਹਿ ਮੰਤਰੀ ਕੇ.ਜੇ. ਜਾਰਜ (ਕਾਂਗਰਸ) ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ‘‘ਕਿਸੇ ਔਰਤ ਨਾਲ 2 ਵਿਅਕਤੀਅਾਂ ਵਲੋਂ ਰੇਪ ਨੂੰ ਗੈਂਗਰੇਪ ਨਹੀਂ ਕਿਹਾ ਜਾ ਸਕਦਾ।’’

* 12 ਜੁਲਾਈ ਨੂੰ ਉੱਤਰ ਪ੍ਰਦੇਸ਼ ਭਾਜਪਾ ਦੇ ਉਪ-ਪ੍ਰਧਾਨ ਜੈਸ਼ੰਕਰ ਸਿੰਘ ਨੇ ਬਸਪਾ ਸੁਪਰੀਮੋ ਮਾਇਆਵਤੀ ਦੀ ਤੁਲਨਾ, ‘ਵੇਸ਼ਵਾ’ ਨਾਲ ਕਰਦੇ ਹੋਏ ਕਿਹਾ, ‘‘ਉਹ ਵਧ ਤੋਂ ਵਧ ਰਕਮ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਟਿਕਟ ਦੇ ਦੇਵੇਗੀ। ਜੇਕਰ ਕੋਈ ਟਿਕਟ ਦੇ ਲਈ 1 ਕਰੋੜ ਰੁਪਏ ਦੇ ਰਿਹਾ ਹੈ ਤਾਂ ਉਹ 2 ਕਰੋੜ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਦੂਸਰੇ ਵਿਅਕਤੀ ਨੂੰ ਹੀ ਟਿਕਟ ਦੇਵੇਗੀ।’’

* 28 ਮਾਰਚ, 2019 ਨੂੰ ਸਪਾ ਨੇਤਾ ਫਿਰੋਜ਼ਖਾਨ ਨੇ ਭਾਜਪਾ ਵਲੋਂ ਜਯਾਪ੍ਰਦਾ ਨੂੰ ਰਾਮਪੁਰ ਤੋਂ ਉਮੀਦਵਾਰ ਐਲਾਨਣ ’ਤੇ ਕਿਹਾ, ‘‘ਜਯਾਪ੍ਰਦਾ ਦੇ ਰਾਮਪੁਰ ਆਉਣ ਨਾਲ ਇਥੋਂ ਦੀਅਾਂ ‘ਰਾਤਾਂ ਰੰਗੀਨ’ ਹੋਣਗੀਅਾਂ। ਅਸੀਂ ਲੋਕ ਮਜ਼ੇ ਲੁੱਟਣ ’ਚ ਕੋਈ ਕਸਰ ਨਹੀਂ ਛੱਡਾਂਗੇ।’’

* 3 ਅਪ੍ਰੈਲ 2019 ਨੂੰ ਮੇਰਠ ’ਚ ਇਕ ਚੋਣ ਰੈਲੀ ’ਚ ਭਾਸ਼ਣ ਦਿੰਦੇ ਹੋਏ ਭਾਜਪਾ ਦੇ ਨੇਤਾ ਜੈ ਕਰਣ ਗੁਪਤਾ ਨੇ ਪ੍ਰਿਯੰਕਾ ਗਾਂਧੀ ਦੇ ਸੰਦਰਭ ’ਚ ਕਿਹਾ, ‘‘ਇਕ ਕਾਂਗਰਸ ਆਗੂ ਉੱਚੀ ਆਵਾਜ਼ ’ਚ ਪੁੱਛ ਰਿਹਾ ਹੈ ਕਿ ਅੱਛੇ ਦਿਨ ਆ ਗਏ ਹਨ? ਉਸ ਨੂੰ ਅੱਛੇ ਦਿਨ ਨਹੀਂ ਦਿਖਾਈ ਦੇ ਰਹੇ। ‘ਸਕਰਟ ਵਾਲੀਅਾਂ ਬਾਈਅਾਂ ਸਾੜ੍ਹੀ ਪਹਿਨਣ ਲੱਗੀਅਾਂ ਹਨ ਅਤੇ ਮੰਦਿਰਾਂ ’ਚ ਜਾਣ ਲੱਗੀਅਾਂ ਹਨ।’’

ਅਤੇ ਹੁਣ 18 ਅਕਤੂਬਰ ਨੂੰ ਮੱਧ ਪ੍ਰਦੇਸ਼ ’ਚ ਡਾਬਰਾ ਦੇ ਕਾਂਗਰਸ ਦੇ ਉਮੀਦਵਾਰ ਦੇ ਪੱਖ ’ਚ ਚੋਣ ਪ੍ਰਚਾਰ ਦੇ ਦੌਰਾਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਆਪਣੇ ਭਾਸ਼ਣ ’ਚ ਸੂਬੇ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ (ਭਾਜਪਾ) ਦੇ ਬਾਰੇ ’ਚ ਗੈਰ-ਮਰਿਆਦਾ ਵਾਲਾ ਬਿਆਨ ਦਿੰਦੇ ਹੋਏ ਕਹਿ ਦਿੱਤਾ ਕਿ :

ਸਾਡੇ ਉਮੀਦਵਾਰ ਸਰਲ ਸਾਦੇ ਸੁਭਾਅ ਦੇ ਹਨ... ਇਹ ‘ਉਸ ਦੇ ਵਰਗੇ ਨਹੀਂ ਹਨ... ਕੀ ਹੈ ਉਸ ਦਾ ਨਾਂ... (ਉੱਚੀ ਆਵਾਜ਼ ’ਚ ਭੀੜ ਕਹਿੰਦੀ ਹੈ ‘ਇਮਰਤੀ ਦੇਵੀ’)... ਕੀ ਉਸ ਦਾ ਨਾਂ ਲਵਾਂ... ਤੁਸੀਂ ਤਾਂ ਉਸ ਨੂੰ ਮੇਰੇ ਨਾਲੋਂ ਵੱਧ ਜਾਣਦੇ ਹੋ... ਤੁਹਾਨੂੰ ਤਾਂ ਮੈਨੂੰ ਪਹਿਲਾਂ ਹੀ ਚੌਕਸ ਕਰ ਦੇਣਾ ਚਾਹੀਦਾ ਸੀ। ਇਹ ਕੀ ਆਈਟਮ ਹੈ... ‘ਕਿਯਾ ਆਈਟਮ ਹੈ’।’’

ਕਮਲਨਾਥ ਦੇ ਇਸ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਇਮਰਤੀ ਦੇਵੀ ਨੇ ਕਮਲਨਾਥ ਨੂੰ ‘ਕਲੰਕ ਨਾਥ’ ਅਤੇ ‘ਰਾਕਸ਼’ ਦੱਸਦੇ ਹੋਏ ਕਿਹਾ ਹੈ ਕਿ ਕੀ ਉਹ ਪ੍ਰਿਯੰਕਾ ਗਾਂਧੀ ਦੇ ਬਾਰੇ ’ਚ ਇਹੀ ਗੱਲ ਕਹਿ ਸਕਦੇ ਸਨ ਅਤੇ ਕੀ ਅਜਿਹਾ ਕਹਿਣ ’ਤੇ ਕਾਂਗਰਸ ਚੁੱਪ ਰਹਿੰਦੀ?

ਇਸੇ ਤਰ੍ਹਾਂ ਦੇ ਹਾਲਾਤ ’ਚ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਜਦੋਂ ਸਾਡੇ ਨੇਤਾ ਹੀ ਔਰਤਾਂ ਦੇ ਪ੍ਰਤੀ ਅਜਿਹੀ ਸੋਚ ਰੱਖਦੇ ਹਨ ਤਾਂ ਫਿਰ ਆਮ ਆਦਮੀ ਤੋਂ ਕੀ ਆਸ ਕੀਤੀ ਜਾ ਸਕਦੀ ਹੈ।

ਅਤੀਤ ’ਚ ਵੱਖ-ਵੱਖ ਪਾਰਟੀਅਾਂ ਦੇ ਨੇਤਾ ਆਪਣੀਅਾਂ ਅਤੇ ਦੂਸਰੀਅਾਂ ਪਾਰਟੀਅਾਂ ਦੀਅਾਂ ਕਮਜ਼ੋਰੀਅਾਂ ਅਤੇ ਖਾਮੀਅਾਂ ’ਤੇ ਬੋਲਦੇ ਸਨ ਅਤੇ ਨਿੱਜੀ ਵਾਰ ਵੀ ਨਹੀਂ ਕਰਦੇ ਸਨ। ਇਹੀ ਨਹੀਂ, ਉਹ ਆਪਣੇ ਵਿਰੋਧੀਅਾਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰਦੇ ਸਨ, ਜਿਵੇਂ ਕਿ 1971 ’ਚ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਬੰਗਲਾਦੇਸ਼ ਨੂੰ ਪਾਕਿਸਤਾਨ ਦੇ ਚੁੰਗਲ ’ਚੋਂ ਮੁਕਤ ਕਰਵਾਉਣ ’ਤੇ ਸ਼੍ਰੀ ਵਾਜਪਾਈ ਨੇ ਉਨ੍ਹਾਂ ਦੀ ਤੁਲਨਾ ‘ਦੁਰਗਾ’ ਨਾਲ ਕੀਤੀ ਸੀ।

ਦੇਸ਼ ਨੂੰ ਆਜ਼ਾਦ ਹੋਏ 73 ਸਾਲ ਹੋ ਚੁੱਕੇ ਹਨ ਅਤੇ ਇਥੋਂ ਦੇ ਲੋਕ ਪੜ੍ਹ-ਲਿਖ ਗਏ ਹਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਕਾਫੀ ਉੱਚਾ ਉੱਠਿਆ ਹੈ। ਇਥੋਂ ਤਕ ਕਿ ਵਿਦੇਸ਼ਾਂ ’ਚ ਵੱਡੀਅਾਂ-ਵੱਡੀਅਾਂ ਕੰਪਨੀਅਾਂ ਦੀ ਉਨ੍ਹਾਂ ਨੇ ਕਮਾਨ ਸੰਭਾਲੀ ਹੈ ਅਤੇ ਹੋਰਨਾਂ ਦੇਸ਼ਾਂ ’ਚ ਮੰਤਰੀ ਵੀ ਬਣ ਰਹੇ ਹਨ।

ਉਨ੍ਹਾਂ ਦੇ ਕਾਰਨ ਵਿਸ਼ਵ ਭਰ ’ਚ ਦੇਸ਼ ਦਾ ਮਾਣ ਵਧਿਆ ਹੈ ਪਰ ਸਾਡੇ ਆਪਣੇ ਹੀ ਦੇਸ਼ ’ਚ ‘ਇਹ ਕੀ ਹੋ ਰਿਹਾ ਹੈ, ਅਸੀਂ ਕੀ ਕਰ ਰਹੇ ਹਾਂ’ ਇਹ ਸਭ ਘੱਟ ਹੋਣ ਦੀ ਬਜਾਏ ਪਿਛਲੇ 5-7 ਸਾਲਾਂ ਤੋਂ ਹੋਰ ਹੀ ਤੇਜ਼ ਹੋਇਆ ਹੈ ਅਤੇ ਜਾਪਦਾ ਨਹੀਂ ਕਿ ਇਹ ਰੁਕੇਗਾ। ਜੇਕਰ ਅਸੀਂ ਦੇਸ਼ ਨੂੰ ਬੁਲੰਦੀਅਾਂ ’ਤੇ ਲਿਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਹੁਣ ਤੋਂ ਹੀ ਸੰਭਲਣਾ ਹੋਵੇਗਾ ਅਤੇ ਗੈਰ-ਮਰਿਆਦਾ ਵਾਲੀ ਬਿਆਨਬਾਜ਼ੀ ਬੰਦ ਕਰਨੀ ਹੋਵੇਗੀ।

–ਵਿਜੇ ਕੁਮਾਰ


Bharat Thapa

Content Editor

Related News