ਆਖਿਰ ਕਦੋਂ ਰੁਕੇਗਾ ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ ਅਤੇ ਨਿਰਾਦਰ
Saturday, Sep 24, 2022 - 03:26 AM (IST)
ਜਬਰ-ਜ਼ਨਾਹ ਅਤੇ ਸੈਕਸ ਸ਼ੋਸ਼ਣ ਦੀ ਬੁਰਾਈ ਸਮਾਜ ਦੇ ਹਰ ਖੇਤਰ ’ਚ ਫੈਲਦੀ ਜਾ ਰਹੀ ਹੈ ਅਤੇ ਖੇਡ ਸੰਸਥਾਨਾਂ ’ਚ ਵੀ ਅਹੁਦੇਦਾਰਾਂ ਅਤੇ ਕੋਚਾਂ ਵੱਲੋਂ ਜਬਰ-ਜ਼ਨਾਹ ਅਤੇ ਸੈਕਸ ਸ਼ੋਸ਼ਣ ਤੇ ਤੰਗ-ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਆਮ ਹੋ ਗਈਆਂ ਹਨ। ਹਾਲ ਹੀ ’ਚ ਭਰਤਪੁਰ ’ਚ ‘ਮਲਖੰਭ’ ਦੀਆਂ ਮਹਿਲਾ ਖਿਡਾਰੀਆਂ ਦੇ ਕਥਿਤ ਸਰੀਰਕ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਅਕੈਡਮੀ ਸੰਭਾਲ ਰਹੇ ‘ਮਲਖੰਭ ਫੈਡਰੇਸ਼ਨ ਆਫ ਇੰਡੀਆ’ ਦੇ ਪ੍ਰਧਾਨ ਰਮੇਸ਼ ਇੰਦੋਲੀਆ ਦੇ ਵਿਰੁੱਧ 7 ਨਾਬਾਲਿਗ ਲੜਕੀਆਂ ਅਤੇ ਇਕ ਨੌਜਵਾਨ ਨੇ ਸਰੀਰਕ ਛੇੜਛਾੜ ਦੀ ਸ਼ਿਕਾਇਤ ‘ਦਿੱਲੀ ਮਲਖੰਭ ਫੈਡਰੇਸ਼ਨ’ ’ਚ ਕੀਤੀ ਹੈ।
ਰਮੇਸ਼ ਇੰਦੋਲੀਆ ਦੇ ਵਿਰੁੱਧ ਇਸ ਸਾਲ ਮਈ-ਜੂਨ ’ਚ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋਇਆ ਸੀ ਅਤੇ 18 ਸਤੰਬਰ ਨੂੰ ਦਿੱਲੀ ’ਚ ‘ਮਲਖੰਭ ਫੈਡਰੇਸ਼ਨ’ ਦੀ ਇਕ ਬੈਠਕ ’ਚ ਇਹ ਮੁੱਦਾ ਉੱਠਣ ਤੋਂ ਬਾਅਦ ਰਮੇਸ਼ ਇੰਦੋਲੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਸ਼ਰਮਨਾਕ ਅਤੇ ਸਨਸਨੀਖੇਜ਼ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ‘ਮਲਖੰਭ ਫੈਡਰੇਸ਼ਨ’ ਨੇ ਸਾਰੀਆਂ ਸ਼ਿਕਾਇਤਾਂ ਨੂੰ ਲੈ ਕੇ ਇਕ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ, ਜਦਕਿ ਭਾਰਤੀ ਖੇਡ ਅਥਾਰਿਟੀ ਨੇ ਇਸ ਸਬੰਧ ’ਚ ਸਖਤ ਵਤੀਰਾ ਅਪਣਾਉਂਦੇ ਹੋਏ ਫੈਡਰੇਸ਼ਨ ਦੀਆਂ ਸਾਰੀਆਂ ਵਿੱਤੀ ਗ੍ਰਾਂਟਾਂ ਰੋਕ ਦਿੱਤੀਆਂ ਹਨ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਹੋਣ ਤੱਕ ‘ਮਲਖੰਭ ਫੈਡਰੇਸ਼ਨ’ ਆਫ ਇੰਡੀਆ ਦੀ ਮਾਨਤਾ ਵੀ ਵਾਪਸ ਲੈ ਲਈ ਹੈ।
ਇਸ ਘਟਨਾਕ੍ਰਮ ’ਤੇ ਰਮੇਸ਼ ਇੰਦੋਲੀਆ ਦਾ ਕਹਿਣਾ ਹੈ ਕਿ ਸਾਰੇ ਦੋਸ਼ ਝੂਠੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਕਰਨ ਵਾਲੀਆਂ ਸਾਰੀਆਂ ਲੜਕੀਆਂ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਹਨ। ਹਾਲਾਂਕਿ ਇਸ ਪੂਰੇ ਮਾਮਲੇ ’ਚ ਅਜੇ ਤੱਕ ਪੁਲਸ ’ਚ ਐੱਫ. ਆਈ. ਆਰ. ਦਰਜ ਹੋਣ ਦੀ ਵੀ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮਹਿਲਾ ਖਿਡਾਰੀਆਂ ਨਾਲ ਇਤਰਾਜ਼ਯੋਗ ਸਲੂਕ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ। ਕੁਝ ਹੀ ਮਹੀਨੇ ਪਹਿਲਾਂ ਤਾਮਿਲਨਾਡੂ ’ਚ ਮਹਿਲਾ ਖਿਡਾਰੀਆਂ ਨੇ ਪ੍ਰਸਿੱਧ ਖੇਡ ਕੋਚ ਪੀ. ਨਾਗਰਾਜਨ ਦੇ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਸਨ। ਖਿਡਾਰੀਆਂ ਦੇ ਅਨੁਸਾਰ ਉਨ੍ਹਾਂ ਦਾ ਇਸ ਤਰ੍ਹਾਂ ਦਾ ਸ਼ੋਸ਼ਣ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਅਤੇ ਖੇਡਾਂ ’ਚ ‘ਗੁਰੂ’ਅਖਵਾਉਣ ਵਾਲੇ ਕੋਚਾਂ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਇਕ ਮਹਿਲਾ ਖਿਡਾਰੀ ਦਾ ਗੁਰੂ ਹੀ ਉਸ ’ਤੇ ਬੁਰੀ ਨਜ਼ਰ ਰੱਖਦਾ ਪਾਇਆ ਗਿਆ ਪਰ ਕਈ ਵਾਰ ਸਬੂਤਾਂ ਦੀ ਘਾਟ ’ਚ ਕੇਸ ਦਬਾ ਦਿੱਤੇ ਗਏ।
ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਓਲੰਪਿਕ ਸੰਘ ਦੇ ਜਨਰਲ ਸਕੱਤਰ ਆਨੰਦੇਸ਼ਵਰ ਪਾਂਡੇ ’ਤੇ ਸਸ਼ਸਤਰ ਸੀਮਾ ਬਲ (ਐੱਸ. ਐੱਸ. ਬੀ.) ਦੀ ਸਾਬਕਾ ਰਾਸ਼ਟਰੀ ਹੈਂਡਬਾਲ ਖਿਡਾਰਨ ਨੇ ਜਬਰ-ਜ਼ਨਾਹ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ ਅਤੇ ਇਸ ਸਬੰਧ ’ਚ ਰਾਜਸਥਾਨ ਦੇ ਭਿਵਾੜੀ ਥਾਣੇ ’ਚ ਉਨ੍ਹਾਂ ਦੇ ਵਿਰੁੱਧ ਐੱਫ. ਆਈ. ਆਰ. ਦਰਜ ਵੀ ਕੀਤੀ ਗਈ। ਐੱਫ. ਆਈ. ਆਰ. ਦੇ ਅਨੁਸਾਰ ਆਨੰਦੇਸ਼ਵਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਲੜਕੀਆਂ ਨੂੰ ਇੰਟਰਨੈਸ਼ਨਲ ਪਲੇਅਰ ਬਣਾ ਦਿੱਤਾ ਹੈ। ਖਿਡਾਰਨ ਨੇ ਦੋਸ਼ ਲਾਇਆ ਕਿ ਆਨੰਦੇਸ਼ਵਰ ਪਾਂਡੇ ਨੇ ਉਸ ਨੂੰ ਵੀ ਰਾਸ਼ਟਰੀ ਤੋਂ ਕੌਮਾਂਤਰੀ ਪੱਧਰ ਦਾ ਖਿਡਾਰੀ ਬਣਾਉਣ ਲਈ 2 ਸਾਲ ਤੱਕ ਸਰੀਰਕ ਸਬੰਧ ਬਣਾਉਣ ਦੀ ਸ਼ਰਤ ਰੱਖੀ ਸੀ ਅਤੇ ਲਖਨਊ ਦੇ ਕੇ. ਡੀ. ਸਿੰਘ ਬਾਬੂ ਸਟੇਡੀਅਮ ’ਚ ਲੱਗੇ ਸਪੈਸ਼ਲ ਟ੍ਰੇਨਿੰਗ ਕੈਂਪ ਦੌਰਾਨ ਉਸ ਦਾ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਇਸ ਦੌਰਾਨ ਆਨੰਦੇਸ਼ਵਰ ਪਾਂਡੇ ਜੋ ਇਸ ਸਮੇਂ ਭਾਰਤੀ ਓਲੰਪਿਕ ਸੰਘ ਦੇ ਖਜ਼ਾਨਚੀ ਹਨ, ’ਤੇ ਬਰਮਿੰਘਮ ਖੇਡਾਂ ਨਾਲ ਜੁੜਿਆ ਇਕ ਹੋਰ ਮਾਮਲਾ ਵੀ ਸਾਹਮਣੇ ਆਇਆ ਹੈ, ਜਿਸ ਦੇ ਅਨੁਸਾਰ ਪਾਂਡੇ ਨੇ ਇਕ ਵਲੰਟੀਅਰ ਮਹਿਲਾ ਡਰਾਈਵਰ ਦੀ ਟੀ-ਸ਼ਰਟ ’ਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਬਾਅਦ ਪਾਂਡੇ ਦਾ ਆਵਾਜਾਈ ਵਿਸ਼ੇਸ਼ ਅਧਿਕਾਰ (ਟ੍ਰਾਂਸਪੋਰਟ ਪ੍ਰਿਵਿਲਿਜੇਸ) ਰੱਦ ਕਰ ਦਿੱਤਾ ਗਿਆ। ਸੈਕਸ ਸ਼ੋਸ਼ਣ ਤੋਂ ਇਲਾਵਾ ਮਹਿਲਾ ਖਿਡਾਰੀਆਂ ਦੇ ਨਾਲ ਹੋਰ ਕਿਸਮ ਦੇ ਅਣਕਿਆਸੇ ਵਤੀਰੇ ਦੀਆਂ ਸ਼ਿਕਾਇਤਾਂ ਵੀ ਅਕਸਰ ਮਿਲਦੀਆਂ ਰਹਿੰਦੀਆਂ ਹਨ। ਇਸੇ ਲੜੀ ’ਚ 16 ਸਤੰਬਰ ਨੂੰ ਸਹਾਰਨਪੁਰ ਸਥਿਤ ਡਾ. ਭੀਮ ਰਾਓ ਸਪੋਰਟਸ ਸਟੇਡੀਅਮ ’ਚ ਸਬ-ਜੂਨੀਅਰ ਬਾਲਿਕਾ ਕਬੱਡੀ ਪ੍ਰਤੀਯੋਗਿਤਾ ਦੇ ਦੌਰਾਨ ਖਿਡਾਰੀਆਂ ਨੂੰ ਪਹਿਲੇ ਹੀ ਦਿਨ ਟਾਇਲਟ ’ਚ ਰੱਖਿਆ ਹੋਇਆ ਅੱਧ-ਪੱਕਾ ਭੋਜਨ ਖਾਣ ਲਈ ਦਿੱਤਾ ਗਿਆ। ਯਕੀਨਨ ਹੀ ਮਹਿਲਾ ਖਿਡਾਰੀਆਂ ਨਾਲ ਇਸ ਤਰ੍ਹਾਂ ਦਾ ਅਣਉਚਿਤ ਅਤੇ ਅਨਾਦਰਪੂਰਨ ਵਤੀਰਾ ਉਨ੍ਹਾਂ ਨੂੰ ਨਿਰਉਤਸ਼ਾਹਿਤ ਹੀ ਕਰੇਗਾ।
ਲਿਹਾਜ਼ਾ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਲਦੀ ਤੋਂ ਜਲਦੀ ਜਾਂਚ ਕਰ ਕੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਤੇਜ਼ ਅਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ, ਤਦ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
-ਵਿਜੇ ਕੁਮਾਰ