ਦਿੱਲੀ ਦੀ ਹਰ ਗਲੀ ’ਚ ਹਿੰਸਾ ਹਰ ਜਗ੍ਹਾ ਬੇਖੌਫ਼ ਘੁੰਮ ਰਹੇ ਝਪਟਮਾਰ

10/04/2019 1:23:54 AM

ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ ਇਕ ਸੁਰੱਖਿਅਤ ਮਹਾਨਗਰ ਹੋਣਾ ਚਾਹੀਦਾ ਹੈ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ ਅਤੇ ਇਥੇ ਝਪਟਮਾਰੀ ਤੋਂ ਲੈ ਕੇ ਫਿਰੌਤੀ ਲਈ ਜਾਂ ਮਨੁੱਖੀ ਤਸਕਰੀ ਦੇ ਉਦੇਸ਼ ਨਾਲ ਅਗ਼ਵਾ, ਕਤਲ, ਬਲਾਤਕਾਰਾਂ ਦਾ ਹੜ੍ਹ ਆਇਆ ਹੋਇਆ ਹੈ।

ਦਿੱਲੀ ’ਚ ਰੋਜ਼ਾਨਾ ਕਈ ਲੋਕਾਂ ਨਾਲ ਲੁੱਟ-ਖੋਹ ਹੁੰਦੀ ਹੈ। ਇਸ ਸਾਲ ਉਥੇ ਝਪਟਮਾਰੀ ਦੀਆਂ 4516 ਤੋਂ ਜ਼ਿਆਦਾ ਘਟਨਾਵਾਂ ਹੋਈਆਂ ਹਨ, ਭਾਵ ਹਰ ਮਹੀਨੇ 500 ਤੋਂ ਜ਼ਿਆਦਾ ਲੋਕ ਝਪਟਮਾਰਾਂ ਦਾ ਸ਼ਿਕਾਰ ਹੋਏ।

* 22 ਸਤੰਬਰ ਨੂੰ ਦਿੱਲੀ ਦੇ ਸੀ. ਆਰ. ਪਾਰਕ ’ਚ ਚਿਹਰਾ ਢਕੀ ਮੋਟਰਸਾਈਕਲ ਸਵਾਰ 2 ਬਦਮਾਸ਼ਾਂ ਨੇ ਆਟੋ ’ਚ ਜਾ ਰਹੀ ਇਕ ਮਹਿਲਾ ਪੱਤਰਕਾਰ ਦਾ ਮੋਬਾਇਲ ਖੋਹ ਲਿਆ ਅਤੇ ਫੋਨ ਬਚਾਉਣ ਦੀ ਕੋਸ਼ਿਸ਼ ’ਚ ਉਹ ਆਟੋ ’ਚੋਂ ਡਿੱਗ ਕੇ ਜ਼ਖ਼ਮੀ ਵੀ ਹੋ ਗਈ।

* 26 ਸਤੰਬਰ ਨੂੰ ਸਵੇਰੇ-ਸਵੇਰੇ ਪੰਜਾਬੀ ਬਾਗ ਥਾਣਾ ਖੇਤਰ ’ਚ ਮੋਟਰਸਾਈਕਲ ਸਵਾਰ 3 ਬਦਮਾਸ਼ ਇਕ ਔਰਤ ਤੋਂ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ’ਚ ਉਸ ਨੂੰ ਲੱਗਭਗ 20 ਮੀਟਰ ਤਕ ਘੜੀਸਦੇ ਲੈ ਗਏ, ਜਿਸ ਨਾਲ ਉਸ ਨੂੰ ਕਾਫੀ ਸੱਟਾਂ ਲੱਗੀਆਂ।

* 28 ਸਤੰਬਰ ਨੂੰ ਦਿੱਲੀ ’ਚ 2 ਬਦਮਾਸ਼ ਇਕ ਬਜ਼ੁਰਗ ਔਰਤ ਦੇ ਪੈਰ ਛੂਹਣ ਦੇ ਬਹਾਨੇ ਉਸ ਨੂੰ ਧੱਕਾ ਦੇ ਕੇ ਚੇਨ ਝਪਟ ਕੇ ਮੋਟਰਸਾਈਕਲ ’ਤੇ ਭੱਜ ਨਿਕਲੇ।

* 28 ਸਤੰਬਰ ਨੂੰ ਹੀ ਰਾਜੌਰੀ ਗਾਰਡਨ ਖੇਤਰ ’ਚ ਰਾਤ ਨੂੰ ਲੱਗਭਗ 10 ਵਜੇ ਸਕੂਟਰ ਸਵਾਰ 2 ਬਦਮਾਸ਼ਾਂ ਨੇ ਇਕ 60 ਸਾਲਾ ਔਰਤ ਦੇ ਮੋਢੇ ’ਤੇ ਲਟਕਾਇਆ ਪਰਸ ਖੋਹਿਆ ਤਾਂ ਉਹ ਔਰਤ ਜ਼ਮੀਨ ’ਤੇ ਡਿੱਗ ਪਈ, ਜਿਸ ਨਾਲ ਉਸ ਦੇ ਹੱਥ-ਪੈਰ ਟੁੱਟ ਗਏ।

* 28 ਸਤੰਬਰ ਨੂੰ ਹੀ ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੀ ਕਵਰੇਜ ਕਰ ਰਹੀ ਮਹਿਲਾ ਪੱਤਰਕਾਰ ਤੋਂ ਬਦਮਾਸ਼ਾਂ ਨੇ ਉਸ ਦਾ ਮੋਬਾਇਲ ਝਪਟ ਲਿਆ। ਉਸੇ ਰਾਤ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕੈਲਾਸ਼ ਕਾਲੋਨੀ ਮੈਟਰੋ ਸਟੇਸ਼ਨ ਨੇੜੇ ਇਕ ਹੋਰ ਪੱਤਰਕਾਰ ਦਾ ਪਰਸ ਅਤੇ ਜੰਗਪੁਰਾ ’ਚ ਸਬਜ਼ੀ ਖਰੀਦ ਰਹੀ ਔਰਤ ਤੋਂ ਪਰਸ ਖੋਹਿਆ।

* 29 ਸਤੰਬਰ ਨੂੰ ਆਸ਼ਰਮ ਫਲਾਈਓਵਰ ਨੇੜੇ ਲੁਟੇਰਿਆਂ ਨੇ ਇਕ ਹੋਰ ਪੱਤਰਕਾਰ ਦਾ ਮੋਬਾਇਲ ਫੋਨ ਖੋਹ ਲਿਆ।

* 29 ਸਤੰਬਰ ਨੂੰ ਹੀ ਝਪਟਮਾਰ ਕ੍ਰਿਸ਼ਨਾ ਨਗਰ ’ਚ ਇਕ ਸੈਲੂਨ ਮਾਲਕ ਦਾ ਬੈਗ ਖੋਹ ਕੇ ਭੱਜ ਗਏ, ਜਿਸ ਵਿਚ 1 ਲੱਖ ਰੁਪਏ ਨਕਦ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ।

ਪੁਲਸ ਦਾ ਕਹਿਣਾ ਹੈ ਕਿ ‘‘ਝਪਟਮਾਰ ਚੇਨਾਂ ਸੁਨਿਆਰਿਆਂ ਕੋਲ ਵੇਚ ਦਿੰਦੇ ਹਨ। ਉਹ ਇਨ੍ਹਾਂ ਨੂੰ ਪਿਘਲਾ ਦਿੰਦੇ ਹਨ, ਜਿਸ ਨਾਲ ਅਪਰਾਧ ਦਾ ਸੁਰਾਗ ਹੀ ਮਿਟ ਜਾਂਦਾ ਹੈ।’’

ਇਕ ਵਕੀਲ ਅਨੁਸਾਰ, ‘‘ਜੋ ਅਪਰਾਧੀ ਫੜੇ ਵੀ ਜਾਂਦੇ ਹਨ, ਉਨ੍ਹਾਂ ਨੂੰ ਛੇਤੀ ਜ਼ਮਾਨਤ ਮਿਲ ਜਾਣ ਕਰਕੇ ਉਹ ਛੁੱਟਦਿਆਂ ਹੀ ਫਿਰ ਉਹੀ ਧੰਦਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਵਾਰ-ਵਾਰ ਅਜਿਹੇ ਅਪਰਾਧ ਕਰਨ ਵਾਲਿਆਂ ਵਿਰੁੱਧ ਸਖਤ ਧਾਰਾਵਾਂ ਲਾਉਣੀਆਂ ਚਾਹੀਦੀਆਂ ਹਨ ਅਤੇ ਅਜਿਹੇ ਲੋਕਾਂ ਲਈ ਇਸ ਨੂੰ ਗੈਰ-ਜ਼ਮਾਨਤੀ ਅਪਰਾਧ ਬਣਾ ਦੇਣਾ ਚਾਹੀਦਾ ਹੈ।’’

ਹੁਣ ਸਟ੍ਰੀਟ ਕ੍ਰਾਈਮ ਵਿਚ ਵਾਧੇ ਨੂੰ ਦੇਖਦਿਆਂ ਦਿੱਲੀ ਪੁਲਸ ਨੇ ਸੜਕਾਂ ’ਤੇ ਆਪਣੀ ਮੌਜੂਦਗੀ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਇਸ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਦੇ ਨਾਲ ਹੀ ਰਾਜਧਾਨੀ ’ਚ ਖਰਾਬ ਪਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਛੇਤੀ ਤੋਂ ਛੇਤੀ ਠੀਕ ਕਰਵਾਉਣ ਅਤੇ ਜਿੱਥੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਹੋਏ, ਉਥੇ ਇਨ੍ਹਾਂ ਨੂੰ ਲਾਉਣ ’ਚ ਤੇਜ਼ੀ ਲਿਆਉਣ ਦੀ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News