ਮਹਾਰਾਸ਼ਟਰ ਤੇ ਮਣੀਪੁਰ ’ਚ ਹਿੰਸਾ ਤੇ ਜਨਤਕ ਰੋਸ ਦਾ ਜਾਰੀ ਰਹਿਣਾ ਚਿੰਤਾਜਨਕ

06/11/2023 4:12:12 AM

ਇਨ੍ਹੀਂ ਦਿਨੀਂ ਮਹਾਰਾਸ਼ਟਰ ਦੇ ਕੋਲਹਾਪੁਰ ਅਤੇ ਬੀੜ ਆਦਿ ਸ਼ਹਿਰਾਂ ’ਚ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਸਟੇਟਸ ਦੇ ਰੂਪ ’ਚ ਮੁਗਲ ਸ਼ਾਸਕ ਔਰੰਗਜ਼ੇਬ ਅਤੇ ਮੈਸੂਰ ਦੇ ਟੀਪੂ ਸੁਲਤਾਨ ਦੀ ਫੋਟੋ ਅਤੇ ਇਤਰਾਜ਼ਯੋਗ ਆਡੀਓ ਸੰਦੇਸ਼ ਲਾਉਣ ਕਾਰਨ ਤਣਾਅ ਚੱਲ ਰਿਹਾ ਹੈ।

ਕੁਝ ਹਿੰਦੂ ਸੰਗਠਨਾਂ ਵੱਲੋਂ ਇਸ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ 7 ਜੂਨ ਨੂੰ ਕੀਤੇ ਗਏ ਕੋਲਹਾਪੁਰ ਬੰਦ ਦੌਰਾਨ ਦੰਗਾਕਾਰੀਆਂ ਵੱਲੋਂ ਪੱਥਰਬਾਜ਼ੀ ਅਤੇ ਦੁਕਾਨਾਂ ਤੇ ਰੇਹੜੀਆਂ ਦੀ ਤੋੜਫੋੜ ਦੇ ਨਤੀਜੇ ਵਜੋਂ ਸਥਿਤੀ ਤਣਾਅਪੂਰਨ ਹੋ ਗਈ, ਜਿਸ ’ਤੇ ਕਾਬੂ ਪਾਉਣ ਲਈ ਪੁਲਸ ਨੂੰ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

ਅਗਲੇ ਦਿਨ 8 ਜੂਨ ਨੂੰ ਭਾਵੇਂ ਹੀ ਤਣਾਅਪੂਰਨ ਸ਼ਾਂਤੀ ਰਹੀ ਪਰ 9 ਜੂਨ ਨੂੰ ਇਕ ਵਾਰ ਫਿਰ ਇਸੇ ਮੁੱਦੇ ਨੂੰ ਲੈ ਕੇ ਬੀੜ ਜ਼ਿਲੇ ਦੇ ਆਸ਼ਟੀ ਸ਼ਹਿਰ ’ਚ ਹਿੰਦੂ ਸੰਗਠਨਾਂ ਵੱਲੋਂ ਇਸ ਵਿਰੁੱਧ ‘ਬੰਦ’ ਦਾ ਸੱਦਾ ਦੇਣ ’ਤੇ ਤਣਾਅ ਪੈਦਾ ਹੋ ਗਿਆ।

ਅਜੇ ਇਹ ਵਿਵਾਦ ਚੱਲ ਹੀ ਰਿਹਾ ਸੀ ਕਿ 9 ਜੂਨ ਰਾਤ ਨੂੰ ਮਹਾਰਾਸ਼ਟਰ ਦੇ ਜਲਗਾਂਵ ’ਚ ਕੰਧ ’ਤੇ ਪਿਸ਼ਾਬ ਕਰਨ ਨੂੰ ਲੈ ਕੇ 2 ਭਾਈਚਾਰੇ ਆਪਸ ’ਚ ਭਿੜ ਗਏ ਅਤੇ ਮਾਰੋਮਾਰੀ ਅਤੇ ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਬਚਾਅ ਕਰਨ ਆਈ ਪੁਲਸ ’ਤੇ ਵੀ ਦੰਗਾਕਾਰੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਇਕ ਮੰਦਰ ਅਤੇ ਦੁਕਾਨਾਂ ’ਚ ਵੀ ਤੋੜਫੋੜ ਕੀਤੀ ਜਿਸ ਨਾਲ ਚਾਰ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਅਤੇ ਭੀੜ ’ਤੇ ਕਾਬੂ ਪਾਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।

ਦੂਜੇ ਬੰਨੇ ਪੂਰਬ-ਉੱਤਰ ਦਾ ਸੂਬਾ ਮਣੀਪੁਰ 3 ਮਈ ਨੂੰ ਪਹਾੜੀ ਜ਼ਿਲਿਆਂ ’ਚ ਅਨੁਸੂਚਿਤ ਜਨਜਾਤੀ (ਐੱਸ. ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ’ਚ ਕੱਢੇ ਗਏ ‘ਆਦਿਵਾਸੀ ਇਕਜੁੱਟਤਾ ਮਾਰਚ’ ਪਿੱਛੋਂ ਹਿੰਸਾ ਦੀ ਲਪੇਟ ’ਚ ਹੈ।

ਇਸ ਦੌਰਾਨ ਉੱਥੇ ਹੋਈ ਹਿੰਸਾ ’ਚ ਹੁਣ ਤੱਕ 105 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 35,000 ਤੋਂ ਵੱਧ ਲੋਕ ਆਪਣੇ ਘਰ-ਬਾਰ ਛੱਡ ਕੇ ਦੂਜੇ ਸਥਾਨਾਂ ਨੂੰ ਜਾ ਚੁੱਕੇ ਹਨ ਅਤੇ 2 ਭਾਜਪਾ ਵਿਧਾਇਕਾਂ ਦੇ ਘਰਾਂ ’ਤੇ ਹਮਲੇ ਵੀ ਹੋ ਚੁੱਕੇ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਣੀਪੁਰ ਦੌਰੇ ਦੌਰਾਨ ਪੀੜਤਾਂ ਨੂੰ ਦਿੱਤੀਆਂ ਗਈਆਂ ਰਾਹਤਾਂ ਅਤੇ ਸੂਬੇ ਲਈ 101.75 ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਐਲਾਨ ਪਿੱਛੋਂ ਵੀ ਹਿੰਸਾ ਬੰਦ ਨਹੀਂ ਹੋਈ। ਇਸ ਦੌਰਾਨ ਸੀ. ਬੀ. ਆਈ. ਨੇ ਸੂਬੇ ’ਚ ਹਿੰਸਾ ਨਾਲ ਜੁੜੇ 6 ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਤੋਂ ਇਲਾਵਾ ਇਕ ਸ਼ਾਂਤੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ।

ਦੇਸ਼ ਦੇ 2 ਮਹੱਤਵਪੂਰਨ ਸੂਬਿਆਂ ’ਚ ਹਿੰਸਾ ਦਾ ਲਗਾਤਾਰ ਜਾਰੀ ਰਹਿਣਾ ਚਿੰਤਾਜਨਕ ਸੰਕੇਤ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਸਮਾਜ ’ਚ ਤਣਾਅ ਅਤੇ ਬੁਰੀ ਭਾਵਨਾ ਪੈਦਾ ਹੋ ਰਹੀ ਹੈ, ਜਿਸ ਦੇ ਦੂਜੇ ਸੂਬਿਆਂ ’ਚ ਵੀ ਫੈਲਣ ਦਾ ਖਤਰਾ ਹੈ।

-ਵਿਜੇ ਕੁਮਾਰ


Anmol Tagra

Content Editor

Related News