ਚਿੰਤਪੂਰਨੀ ''ਚ ਵੀ ਵੈਸ਼ਨੋ ਦੇਵੀ ਵਰਗੀਆਂ ਸਹੂਲਤਾਂ ਛੇਤੀ ਮੁਹੱਈਆ ਹੋਣ

11/10/2017 7:48:33 AM

ਸਾਨੂੰ ਆਪਣੇ ਪਾਠਕਾਂ ਦੀਆਂ ਚਿੱਠੀਆਂ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਕੁਝ ਚਿੱਠੀਆਂ 'ਚ ਸਮਾਜ ਲਈ ਉਪਯੋਗੀ ਸੁਝਾਅ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਇਨ੍ਹਾਂ ਕਾਲਮਾਂ 'ਚ ਛਾਪਦੇ ਵੀ ਰਹਿੰਦੇ ਹਾਂ। ਅਜਿਹੀ ਹੀ ਇਕ ਚਿੱਠੀ ਹਿਮਾਚਲ ਪ੍ਰਦੇਸ਼ 'ਚ ਮਾਂ ਚਿੰਤਪੂਰਨੀ ਤੀਰਥ ਦੇ ਇਕ ਭਗਤ ਨੇ ਮੈਨੂੰ ਵੈਸ਼ਨੋ ਦੇਵੀ ਤੇ ਚਿੰਤਪੂਰਨੀ ਤੀਰਥਾਂ ਦੇ ਸੰਬੰਧ 'ਚ ਲਿਖੀ ਹੈ, ਜੋ ਮੈਂ ਚਿੰਤਪੂਰਨੀ ਮੰਦਿਰ ਟਰੱਸਟ ਬੋਰਡ ਦੇ ਧਿਆਨ ਹਿੱਤ ਇਥੇ ਪੇਸ਼ ਕਰ ਰਿਹਾ ਹਾਂ :
''ਇਸ ਵਾਰ ਮੈਨੂੰ 10 ਸਾਲਾਂ ਬਾਅਦ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨਾਂ ਲਈ ਜਾਣ ਦਾ ਮੌਕਾ ਮਿਲਿਆ। ਇਸ ਦੌਰਾਨ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਤੀਰਥ ਯਾਤਰੀਆਂ ਦੀ ਸਹੂਲਤ ਲਈ ਜੋ ਪ੍ਰਬੰਧ ਕਰ ਦਿੱਤੇ ਹਨ, ਉਨ੍ਹਾਂ ਨੂੰ ਦੇਖ ਕੇ ਸੁਖਾਵੀਂ ਖੁਸ਼ੀ ਹੋਈ।
1986 'ਚ ਜਦੋਂ ਉਕਤ ਸ਼੍ਰਾਈਨ ਬੋਰਡ ਦਾ ਗਠਨ ਹੋਇਆ, ਉਦੋਂ ਇਸ ਦਾ ਵਿਰੋਧ ਵੀ ਹੋਇਆ ਸੀ। ਸ਼੍ਰਾਈਨ ਬੋਰਡ ਬਣਨ ਤੋਂ ਪਹਿਲਾਂ ਕੱਟੜਾ ਤੋਂ ਭਵਨ ਤਕ ਜਾਣ ਵਾਲਾ ਰਾਹ ਟੁੱਟਾ-ਭੱਜਾ ਸੀ, ਪੀਣ ਵਾਲੇ ਪਾਣੀ ਅਤੇ  ਪਖਾਨਿਆਂ ਦਾ ਕੋਈ ਉਚਿੱਤ ਪ੍ਰਬੰਧ ਨਹੀਂ ਹੁੰਦਾ ਸੀ। 
ਹੁਣ ਬਾਣਗੰਗਾ ਤੋਂ ਲੈ ਕੇ ਭਵਨ ਤਕ ਪੂਰਾ ਰਸਤਾ 7 ਤੋਂ 9 ਮੀਟਰ ਤਕ ਚੌੜਾ ਕਰ ਦਿੱਤਾ ਗਿਆ ਹੈ ਤੇ 12 ਕਿਲੋਮੀਟਰ ਦੇ ਪੂਰੇ ਰਸਤੇ 'ਚ ਡੂੰਘੀਆਂ ਖੱਡਾਂ ਵਾਲੀ ਸਾਈਡ 'ਤੇ ਲੋਹੇ ਦੀ ਗਰਿੱਲ ਲਗਾ ਦਿੱਤੀ ਗਈ ਹੈ। ਗਰਿੱਲ ਲਾਉਣ ਨਾਲ ਹੁਣ ਖੱਡਾਂ 'ਚ ਕੂੜਾ-ਕਰਕਟ ਸੁੱਟਣ ਦਾ ਸਿਲਸਿਲਾ  ਬੰਦ ਹੋ ਜਾਣ ਨਾਲ ਚੌਗਿਰਦੇ ਦੀ ਵੀ ਸੁਰੱਖਿਆ ਹੋਈ ਹੈ ਅਤੇ ਘੋੜੇ 'ਤੇ ਵੀ ਆਉਂਦੇ-ਜਾਂਦੇ ਯਾਤਰੀ ਘਬਰਾਹਟ ਮਹਿਸੂਸ ਨਹੀਂ ਕਰਦੇ।
ਯਾਤਰਾ ਮਾਰਗ 'ਤੇ ਬੋਰਡ ਪ੍ਰਸ਼ਾਸਨ ਵਲੋਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ, ਜਿਥੇ ਨਾ ਲਾਭ ਨਾ ਨੁਕਸਾਨ ਦੇ ਆਧਾਰ 'ਤੇ ਸ਼ਰਧਾਲੂਆਂ ਨੂੰ ਭੋਜਨ, ਕੋਲਡ ਡ੍ਰਿੰਕਸ ਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਮੁੱਚੇ ਯਾਤਰਾ ਮਾਰਗ 'ਚ ਮੈਡੀਕਲ ਸਹੂਲਤ ਵੀ ਦਿੱਤੀ ਗਈ ਹੈ। 
ਰਸਤੇ 'ਚ ਜਗ੍ਹਾ-ਜਗ੍ਹਾ ਰੌਸ਼ਨੀ ਦਾ ਪ੍ਰਬੰਧ, ਸਾਫ-ਸੁੱਥਰੇ ਪਖਾਨੇ, ਆਰਾਮ ਕਰਨ ਦਾ ਪ੍ਰਬੰਧ ਤੇ ਸਫਾਈ ਇੰਨੀ ਚੰਗੀ ਹੈ, ਜਿਸ ਨੂੰ ਦੇਖ ਕੇ ਇਹ ਨਹੀਂ ਕਹਿ ਸਕਦੇ ਕਿ ਇਸ ਰਸਤਿਓਂ ਸੈਂਕੜੇ ਯਾਤਰੀ ਪੈਦਲ ਜਾਂ ਘੋੜਿਆਂ 'ਤੇ ਆਉਂਦੇ-ਜਾਂਦੇ ਹੋਣਗੇ। 
ਬਾਣਗੰਗਾ ਤੋਂ ਭਵਨ ਤਕ ਜਾਂਦੇ ਸਮੇਂ ਅਜਿਹਾ ਲੱਗਦਾ ਹੈ ਜਿਵੇਂ ਮਾਲ ਰੋਡ 'ਤੇ ਜਾ ਰਹੇ ਹੋਈਏ। ਸਮੁੱਚੇ ਰਸਤੇ 'ਚ ਮਿਊਜ਼ਿਕ ਸਿਸਟਮ ਲੱਗੇ ਹੋਏ ਹਨ, ਜੋ ਭਵਨ 'ਚ ਹੋ ਰਹੀ ਆਰਤੀ, ਭੇਟਾਂ, ਭਜਨਾਂ ਆਦਿ ਦਾ ਪ੍ਰਸਾਰਨ ਕਰਦੇ ਰਹਿੰਦੇ ਹਨ। ਇਸ ਨਾਲ ਤੀਰਥ ਯਾਤਰੀ ਥਕਾਵਟ ਮਹਿਸੂਸ ਨਹੀਂ ਕਰਦੇ ਅਤੇ ਉਨ੍ਹਾਂ ਦੀ ਅਧਿਆਤਮਕ ਭੁੱਖ ਵੀ ਸ਼ਾਂਤ ਹੁੰਦੀ ਹੈ। ਬਜ਼ੁਰਗਾਂ ਦੀ ਸਹੂਲਤ ਲਈ 'ਸਾਂਝੀ ਛੱਤ' ਉੱਤੇ ਹੈਲੀਪੈਡ ਵੀ ਬਣਾ ਦਿੱਤਾ ਗਿਆ ਹੈ। 
ਰੇਲ ਗੱਡੀਆਂ ਦੇ ਕੱਟੜਾ ਤਕ ਆਉਣ ਨਾਲ ਸਾਲ ਭਰ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ 1 ਕਰੋੜ ਦਾ ਅੰਕੜਾ ਪਾਰ ਕਰ ਜਾਂਦੀ ਹੈ ਤੇ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦਾ ਕੰਮ ਸ਼ਲਾਘਾਯੋਗ ਹੈ।
ਇਸ ਲਈ ਚਿੰਤਪੂਰਨੀ ਟਰੱਸਟ ਬੋਰਡ, ਹਿਮਾਚਲ ਸਰਕਾਰ ਨੂੰ ਵੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ 'ਤੇ ਅਮਲ ਕਰ ਕੇ ਤੀਰਥ ਯਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।ਭਰਵਾਈਂ ਤੋਂ ਚਿੰਤਪੂਰਨੀ ਬੱਸ ਸਟੈਂਡ ਤਕ ਅਤੇ ਬੱਸ ਸਟੈਂਡ ਤੋਂ ਦਰਬਾਰ ਤਕ ਤਲਵਾੜਾ ਰੋਡ ਬਾਈਪਾਸ, ਜਿਸ ਨੂੰ 'ਭਾਈ ਮਤੀ ਦਾਸ ਰੋਡ' ਵੀ ਕਹਿੰਦੇ ਹਨ, ਚੌੜੇ ਕੀਤੇ ਜਾਣ। ਭਰਵਾਈਂ ਤੋਂ ਸਮਨੋਲੀ ਬਾਈਪਾਸ ਅਤੇ ਧਲਵਾੜੀ-ਅਮਲੈਹੜ ਬਾਈਪਾਸ ਅਜਿਹੇ ਰਸਤੇ ਹਨ, ਜੋ ਭਵਨ ਤਕ ਯਾਤਰੀਆਂ ਦੇ ਪਹੁੰਚਣ 'ਚ ਸਹਾਇਕ ਹੋਣਗੇ। ਇਨ੍ਹਾਂ ਥਾਵਾਂ ਦਾ ਕੁਝ ਸਮਾਂ ਪਹਿਲਾਂ ਸਰਵੇ ਵੀ ਹੋਇਆ ਸੀ ਪਰ ਕੰਮ 'ਤੇ ਅਮਲ ਨਹੀਂ ਹੋ ਸਕਿਆ। ਯਾਤਰਾ ਮਾਰਗ 'ਚ ਭਟਕਣ ਵਾਲੇ ਅਵਾਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।
ਚਿੰਤਪੂਰਨੀ 'ਚ 55 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਕਾਰ ਪਾਰਕਿੰਗ ਬੰਦ ਪਈ ਹੈ। ਮੰਦਿਰ 'ਚ ਲੱਗੀ ਲਿਫਟ ਦਾ ਅਪਾਹਜਾਂ, ਬਜ਼ੁਰਗਾਂ ਤੇ ਬੀਮਾਰਾਂ ਨੂੰ ਲਾਭ ਨਹੀਂ ਮਿਲਦਾ। ਲਿਫਟ ਰਾਹੀਂ ਦਰਸ਼ਨ ਕਰਨ ਲਈ ਪਾਸ ਬੱਸ ਸਟੈਂਡ ਨੇੜੇ ਮਿਲਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਸ਼ਰਧਾਲੂਆਂ ਲਈ ਪੀਣ ਵਾਲੇ ਪਾਣੀ ਦੀ ਵੱਖਰੀ ਪਾਈ ਗਈ ਪਾਈਪ 'ਚ ਲੱਗੀਆਂ 34 ਟੂਟੀਆਂ ਲਗਭਗ ਬੰਦ ਹਨ।  ਮੰਦਿਰ ਟਰੱਸਟ ਦੀਆਂ ਸਟ੍ਰੀਟ ਲਾਈਟਾਂ ਅਕਸਰ ਖਰਾਬ ਹੀ ਰਹਿੰਦੀਆਂ ਹਨ। ਸਾਫ-ਸੁਥਰੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਮੁੰਡਨ ਸੰਸਕਾਰ ਤੋਂ ਬਾਅਦ ਬੱਚਿਆਂ ਨੂੰ ਨਹਾਉਣ ਲਈ ਬਾਹਰੋਂ ਗਰਮ ਪਾਣੀ ਖਰੀਦਣਾ ਪੈਂਦਾ ਹੈ। ਭਿਖਾਰੀਆਂ ਦੀ ਸਮੱਸਿਆ ਹੈ। ਚਿੰਤਪੂਰਨੀ ਹਸਪਤਾਲ 'ਚ ਡਾਕਟਰਾਂ ਦੀ ਘਾਟ ਰਹਿੰਦੀ ਹੈ। ਮੰਦਿਰ ਦੇ ਆਸ-ਪਾਸ ਕਈ ਜਗ੍ਹਾ ਸੰਗਮਰਮਰ ਉਖੜਿਆ ਹੋਇਆ ਹੈ।
ਗਗਰੇਟ ਤੋਂ ਚਾਮੁੰਡਾ ਦੇਵੀ ਮੰਦਿਰ ਤਕ ਜਗ੍ਹਾ-ਜਗ੍ਹਾ ਪੁਲਸ ਨਾਕਿਆਂ 'ਤੇ ਸ਼ਰਧਾਲੂਆਂ ਦੀ ਲੁੱਟ ਨੂੰ ਰੋਕਿਆ ਜਾਵੇ।''
ਚਿੰਤਪੂਰਨੀ ਧਾਮ ਦੇਸ਼ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ 'ਚੋਂ ਇਕ ਹੈ। ਇਥੇ ਹਰੇਕ ਸੰਗਰਾਂਦ ਨੂੰ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ। ਇਸ ਲਈ ਜੇਕਰ ਚਿੰਤਪੂਰਨੀ ਟਰੱਸਟ ਬੋਰਡ ਤੇ ਹਿਮਾਚਲ ਸਰਕਾਰ  ਉਕਤ ਸੁਝਾਵਾਂ 'ਤੇ ਧਿਆਨ ਦੇ ਕੇ ਇਹ ਊਣਤਾਈਆਂ ਦੂਰ ਕਰਵਾ ਦੇਣ ਤਾਂ ਨਾ ਸਿਰਫ ਸ਼ਰਧਾਲੂਆਂ ਨੂੰ ਸੌਖ ਹੋ ਜਾਵੇਗੀ ਸਗੋਂ ਸੂਬੇ 'ਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹ ਮਿਲਣ ਦੇ ਨਾਲ-ਨਾਲ ਸਥਾਨਕ ਲੋਕਾਂ ਦੀ ਆਮਦਨ ਤੇ ਸਰਕਾਰ ਦੇ ਮਾਲੀਏ 'ਚ ਵੀ ਵਾਧਾ ਹੋਵੇਗਾ। ਇਸ ਲਈ ਚਿੰਤਪੂਰਨੀ ਟਰੱਸਟ ਬੋਰਡ ਅਤੇ ਹੁਣ ਹਿਮਾਚਲ 'ਚ ਨਵੀਂ ਆਉਣ ਵਾਲੀ ਸਰਕਾਰ ਇਸ ਪਾਸੇ ਧਿਆਨ ਦੇ ਕੇ ਇਨ੍ਹਾਂ ਸਾਰੀਆਂ ਊਣਤਾਈਆਂ ਦਾ ਨਿਪਟਾਰਾ ਕਰਨ ਦਾ ਉਚਿੱਤ ਪ੍ਰਬੰਧ ਕਰਨ।                         —ਵਿਜੇ ਕੁਮਾਰ


Vijay Kumar Chopra

Chief Editor

Related News