ਜੰਗ ਦੇ ਮੈਦਾਨ ’ਚ ਡ੍ਰੋਨ ਦੀ ਵਰਤੋਂ, ਕੀ ਭਾਰਤ ਇਸ ਲਈ ਤਿਆਰ ਹੈ?
Monday, Feb 20, 2023 - 04:16 AM (IST)
ਅੱਜ 20 ਫਰਵਰੀ ਨੂੰ ਰੂਸ ਅਤੇ ਯੂਕ੍ਰੇਨ ਦੇ ਦਰਮਿਆਨ ਜਾਰੀ ਜੰਗ ਨੂੰ ਇਕ ਸਾਲ ਹੋ ਗਿਆ ਹੈ। ਮਿਜ਼ਾਈਲਾਂ ਨਾਲ ਭਾਰੀ ਤਬਾਹੀ ਮਚਾਉਣ ਦੇ ਬਾਵਜੂਦ ਰੂਸ ਅਜੇ ਤੱਕ ਯੂਕ੍ਰੇਨ ਉਤੇ ਕਬਜ਼ਾ ਕਰਨ ਵਿਚ ਸਫਲ ਨਹੀਂ ਹੋ ਸਕਿਆ ਹੈ। ਮਿਜ਼ਾਈਲਾਂ ਨਾਲ ਹਮਲੇ ਦੇ ਬਾਅਦ ਜਦੋਂ ਰੂਸ ਨੇ ਯੂਕ੍ਰੇਨ ’ਤੇ ਟੈਂਕਾਂ ਨਾਲ ਚੜ੍ਹਾਈ ਸ਼ੁਰੂ ਕੀਤੀ ਤਾਂ ਟੈਂਕਾਂ ਦਾ ਰਸਤਾ ਰੋਕਣ ’ਚ ਯੂਕ੍ਰੇਨ ਨੂੰ ਅਮਰੀਕਾ ਤੋਂ ਮਿਲੇ ਡ੍ਰੋਨਾਂ ਨੇ ਵੱਡੀ ਭੂਮਿਕਾ ਨਿਭਾਈ।
ਸਰਦੀ ਦੇ ਮੌਸਮ ’ਚ ਖੁਦ ਨੂੰ ਗਰਮ ਰੱਖਣ ਲਈ ਰੂਸੀ ਫੌਜੀਆਂ ਨੂੰ ਰਾਤ ਦੇ ਸਮੇਂ ਆਪਣੇ ਟੈਂਕਾਂ ਦੇ ਇੰਜਣਾਂ ਨੂੰ ਲਗਾਤਾਰ ਚਲਾਉਣਾ ਪੈਂਦਾ ਸੀ। ਦੂਜੇ ਪਾਸੇ ਟੈਂਕ ਦੇ ਇੰਜਣਾਂ ’ਚੋਂ ਨਿਕਲੀ ਗਰਮੀ ਦਾ ਡ੍ਰੋਨ ’ਚ ਲੱਗੇ ਇਨਫ੍ਰਾਰੈੱਡ ਕੈਮਰੇ ਤੋਂ ਪਤਾ ਲੱਗਣ ਦੇ ਬਾਅਦ ਯੂਕ੍ਰੇਨ ਦੀ ਫੌਜ ਡ੍ਰੋਨਾਂ ਨਾਲ ਐਂਟੀ ਟੈਂਕ ਗ੍ਰਨੇਡਾਂ ਦੀ ਵਰਤੋਂ ਕਰ ਕੇ ਰੂਸੀ ਟੈਂਕਾਂ ਨੂੰ ਤਬਾਹ ਕਰਦੀ ਰਹੀ ਅਤੇ ਜ਼ਮੀਨ ’ਤੇ ਜੰਗ ’ਚ ਰੂਸ ’ਤੇ ਭਾਰੀ ਪੈ ਗਈ।
ਯੂਕ੍ਰੇਨ ਵੱਲੋਂ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ ਨੂੰ ਉਡਾਉਣ ’ਚ ਤੁਰਕੀ ਦੇ ਡ੍ਰੋਨਾਂ ਦੀ ਭੂਮਿਕਾ ਸਾਹਮਣੇ ਆਈ ਸੀ। ਯੂਕ੍ਰੇਨ ਨੇ ਤੁਰਕੀ ਤੋਂ ਇਹ ਡ੍ਰੋਨ 2019 ’ਚ ਲਏ ਸਨ।
2013 ਦੀ ਸ਼ੁਰੂਆਤ ’ਚ ਚੀਨ ਦੀ ਪ੍ਰਮੁੱਖ ਡ੍ਰੋਨ ਨਿਰਮਾਤਾ ਕੰਪਨੀ ਡੀ. ਜੇ. ਆਈ. ਨੇ ਫੈਂਟਮ-1 ਡ੍ਰੋਨ ਲਾਂਚ ਕੀਤਾ, ਜਿਸ ਦੀ ਵਰਤੋਂ ਹਵਾਈ ਤਸਵੀਰਾਂ ਲੈਣ ਦੇ ਲਈ ਕੀਤੀ ਜਾਣ ਲੱਗੀ। ਮੌਜੂਦਾ ਸਮੇਂ ’ਚ ਡੀ. ਜੇ. ਆਈ. ਕੰਪਨੀ ਡ੍ਰੋਨ ਨਿਰਮਾਣ ’ਚ ਗਲੋਬਲ ਕਿੰਗ ਦੇ ਰੂਪ ’ਚ ਜਾਣੀ ਜਾਂਦੀ ਹੈ।
ਫਿਲਮ ਜਗਤ ਤੋਂ ਲੈ ਕੇ ਜੰਗ ਦੇ ਮੈਦਾਨ ਤੱਕ ’ਚ ਉਸ ਦੇ ਡ੍ਰੋਨਾਂ ਦੀ ਵਰਤੋਂ ਹੋ ਰਹੀ ਹੈ ਅਤੇ ਕੰਪਨੀ ਵੱਲੋਂ ਵੱਡੇ ਪੱਧਰ ’ਤੇ ਯੂਕ੍ਰੇਨ ’ਚ ਵਰਤੇ ਜਾ ਰਹੇ ਹਨ। ਇਹ ਦੁਸ਼ਮਣ ਦੀ ਟੋਹ ਲੈਣ ਦੇ ਇਲਾਵਾ ਦੁਸ਼ਮਣ ਦੇ ਟਿਕਾਣਿਆਂ ’ਤੇ ਧਮਾਕਾਖੇਜ਼ ਸਮੱਗਰੀ ਨਾਲ ਸਟੀਕ ਹਮਲਾ ਕਰਨ ’ਚ ਮਦਦਗਾਰ ਸਾਬਤ ਹੋ ਰਹੇ ਹਨ।
ਦੂਜੇ ਪਾਸੇ ਡ੍ਰੋਨ ਦੀ ਵਰਤੋਂ ’ਚ ਰੂਸ ਵੀ ਹੁਣ ਘੱਟ ਨਹੀਂ ਹੈ। ਰੂਸ ਨੂੰ ਈਰਾਨ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਡ੍ਰੋਨ ਵੀ ਯੂਕ੍ਰੇਨ ’ਚ ਭਾਰੀ ਤਬਾਹੀ ਮਚਾ ਰਹੇ ਹਨ। ਪਹਿਲੀ ਵਾਰ ਰੂਸ ਨੇ ਈਰਾਨ ਤੋਂ 18 ਡ੍ਰੋਨ ਖਰੀਦੇ ਹਨ।
ਜਿਸ ਤਰ੍ਹਾਂ ਜੰਗ ਦੇ ਮੈਦਾਨ ’ਚ ਡ੍ਰੋਨ ਮਹੱਤਵਪੂਰਨ ਪਾਤਰ ਦੇ ਰੂਪ ’ਚ ਉਭਰ ਕੇ ਸਾਹਮਣੇ ਆਇਆ ਹੈ। ਉਸ ਤੋਂ ਇਹ ਸੰਭਾਵਨਾ ਪ੍ਰਗਟ ਕੀਤੀ ਜਾਣ ਲੱਗੀ ਹੈ ਕਿ ਭਵਿੱਖ ਦੀਆਂ ਜੰਗਾਂ ਟੈਂਕਾਂ ਅਤੇ ਮਿਜ਼ਾਈਲਾਂ ਨਾਲੋਂ ਵੱਧ ਡ੍ਰੋਨ ਨਾਲ ਲੜੀਆਂ ਜਾਣਗੀਆਂ, ਜਿਨ੍ਹਾਂ ਦੇ ਨਿਰਮਾਣ ’ਚ ਚੀਨ ਮੋਹਰੀ ਹੈ।
ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਅਸੀਂ ਆਪਣੀ ਫੌਜ ਦਾ ਤਾਂ ਆਧੁਨਿਕੀਕਰਨ ਕਰ ਰਹੇ ਹਾਂ ਪਰ ਕੀ ਅਸੀਂ ਜੰਗ ’ਚ ਡ੍ਰੋਨਾਂ ਦੀ ਵਰਤੋਂ ਦੇ ਲਈ ਤਿਆਰ ਹਾਂ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਅਗਲੀ ਜੰਗ ਦੱਖਣੀ ਏਸ਼ੀਆ ’ਚ ਹੋਵੇਗੀ, ਜਿਸ ਦੇ ਮੱਦੇਨਜ਼ਰ ਭਾਰਤ ਨੂੰ ਵੀ ਇਨ੍ਹਾਂ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਡ੍ਰੋਨ ਤਕਨਾਲੋਜੀ ਵਿਕਸਿਤ ਕਰਨ ਦੀ ਬੜੀ ਲੋੜ ਹੈ।