ਦੇਸ਼ ’ਚ ਬੇਕਾਬੂ ਬੇਰੋਜ਼ਗਾਰੀ, ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਨੌਕਰੀ ਲਈ ਉੱਚ ਸਿੱਖਿਆ ਪ੍ਰਾਪਤਾਂ ਨੇ ਦਿੱਤੀਆਂ ਅਰਜ਼ੀਆਂ

08/11/2023 2:55:35 AM

ਬੇਰੋਜ਼ਗਾਰੀ ਅੱਜ ਸਾਡੇ ਦੇਸ਼ ’ਚ ਕਿੰਨਾ ਗੰਭੀਰ ਰੂਪ ਧਾਰਨ ਕਰ ਗਈ ਹੈ, ਇਹ ਇਸੇ ਤੋਂ ਸਪੱਸ਼ਟ ਹੈ ਕਿ ਘੱਟ ਯੋਗਤਾ ਜਾਂ ਬਿਨਾਂ ਯੋਗਤਾ ਵਾਲੇ ਕੰਮਾਂ ਲਈ ਵੀ ਉੱਚ ਸਿੱਖਿਆ ਪ੍ਰਾਪਤ ਲੋਕ ਅਪਲਾਈ ਕਰ ਰਹੇ ਹਨ।

ਇਸੇ ਸਾਲ ਚੰਡੀਗੜ੍ਹ ਜ਼ਿਲਾ ਅਦਾਲਤ ’ਚ ਚਪੜਾਸੀ ਦੀ ਨੌਕਰੀ ਲਈ ਬਿਨੈਕਾਰਾਂ ’ਚ ਬੀ. ਟੈੱਕ. ਅਤੇ ਐੱਮ. ਕਾਮ. ਪਾਸ ਸ਼ਾਮਲ ਸਨ। ਪੁਣੇ ਪੁਲਸ ’ਚ ਕਾਂਸਟੇਬਲ ਅਤੇ ਡਰਾਈਵਰ ਦੀ ਨੌਕਰੀ ਲਈ ਡਾਕਟਰ, ਇੰਜੀਨੀਅਰ ਅਤੇ ਐੱਮ. ਬੀ. ਏ. ਨੇ ਅਰਜ਼ੀ ਦਿੱਤੀ ਅਤੇ ਆਂਧਰਾ ਪ੍ਰਦੇਸ਼ ’ਚ ਕਾਂਸਟੇਬਲਾਂ ਦੀ ਨੌਕਰੀ ਲਈ ਬਿਨੈਕਾਰਾਂ ’ਚ ਵੱਡੀ ਗਿਣਤੀ ’ਚ ਐੱਮ. ਟੈੱਕ., ਐੱਲ. ਐੱਲ. ਬੀ., ਐੱਮ. ਬੀ. ਏ. ਅਤੇ ਐੱਮ. ਐੱਸ. ਸੀ. ਡਿਗਰੀ ਧਾਰਕ ਸ਼ਾਮਲ ਸਨ।

ਅਤੇ ਹੁਣ ਹੁਸ਼ਿਆਰਪੁਰ (ਪੰਜਾਬ) ਨਗਰ ਨਿਗਮ ’ਚ ਦਰਜਾ 4 ਦੇ ਅਧੀਨ ਸਫਾਈ ਸੇਵਕਾਂ ਦੇ 150 ਅਹੁਦਿਆਂ ਅਤੇ ਸੀਵਰਮੈਨਾਂ ਦੇ 30 ਅਹੁਦਿਆਂ ਲਈ 1000 ਬਿਨੈਕਾਰਾਂ ’ਚ ਲਗਭਗ 20-25 ਉੱਚ ਸਿੱਖਿਆ ਪ੍ਰਾਪਤ ਸ਼ਾਮਲ ਹਨ।

ਇਨ੍ਹਾਂ ਅਹੁਦਿਆਂ ਲਈ ਕੋਈ ਘੱਟੋ-ਘੱਟ ਵਿੱਦਿਅਕ ਯੋਗਤਾ ਤੈਅ ਨਹੀਂ ਕੀਤੀ ਗਈ ਅਤੇ ਪੜ੍ਹਿਆ-ਲਿਖਿਆ ਵੀ ਅਰਜ਼ੀ ਦੇ ਸਕਦਾ ਹੈ ਪਰ ਅਰਜ਼ੀਆਂ ’ਚ ਸਿਵਲ ਇੰਜੀਨੀਅਰ ਅਤੇ ਐੱਮ. ਸੀ. ਏ. ਡਿਗਰੀ ਧਾਰੀ ਵੀ ਹਨ।

ਇਕ ਨੌਜਵਾਨ ਅਨੁਸਾਰ ਉਸ ਨੇ ਸਿਵਲ ਇੰਜੀਨੀਅਰਿੰਗ ਦਾ 3 ਸਾਲਾ ਡਿਪਲੋਮਾ ਪੂਰਾ ਕੀਤਾ ਹੈ ਅਤੇ ਇਸੇ ਸਟ੍ਰੀਮ ’ਚ ਡਿਗਰੀ ਦੀ ਪੜ੍ਹਾਈ ਕਰ ਰਿਹਾ ਹੈ ਪਰ ਨੌਕਰੀ ਦੀ ਬੇਹੱਦ ਲੋੜ ਹੋਣ ਦੇ ਕਾਰਨ ਉਸ ਨੇ ਸਫਾਈ ਸੇਵਕ ਦੀ ਨੌਕਰੀ ਲਈ ਅਰਜ਼ੀ ਦਿੱਤੀ ਹੈ।

‘ਕੰਪਿਊਟਰ ਐਪਲੀਕੇਸ਼ਨ’ ’ਚ ਮਾਸਟਰ ਡਿਗਰੀ (ਐੱਮ. ਸੀ. ਏ.) ਕਰ ਚੁੱਕੇ ਇਕ ਉਮੀਦਵਾਰ ਨੇ ਲੰਬੇ ਸਮੇਂ ਤਕ ਨੌਕਰੀ ਪਾਉਣ ’ਚ ਨਾਕਾਮ ਰਹਿਣ ਕਾਰਨ ਇਸ ਅਹੁਦੇ ਲਈ ਅਰਜ਼ੀ ਦੇ ਕੇ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।

ਆਈ. ਟੀ. ਆਈ. ਦੇ ਡਿਪਲੋਮਾ ਧਾਰੀ ਇਕ ਉਮੀਦਵਾਰ ਅਨੁਸਾਰ ਉਸ ਨੇ ਵੀ ਮਜਬੂਰੀ ’ਚ ਇਸ ਨੌਕਰੀ ਲਈ ਅਰਜ਼ੀ ਦਿੱਤੀ ਹੈ।

ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਅਨੁਸਾਰ, ‘‘ਅਤੀਤ ’ਚ ਇਨ੍ਹਾਂ ਅਹੁਦਿਆਂ ਲਈ ਜਨਰਲ ਵਰਗ ਦੇ ਉਮੀਦਵਾਰਾਂ ਦੀ ਗਿਣਤੀ ਘੱਟ ਹੁੰਦੀ ਸੀ ਪਰ ਇਸ ਵਾਰ ਉਨ੍ਹਾਂ ਨੇ ਵੀ ਕਾਫੀ ਗਿਣਤੀ ’ਚ ਅਰਜ਼ੀ ਦਿੱਤੀ ਹੈ।’’

ਉਂਝ ਤਾਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਪਰ ਜੇ ਉੱਚ ਯੋਗਤਾ ਪ੍ਰਾਪਤ ਲੋਕਾਂ ਨੂੰ ਘੱਟ ਯੋਗਤਾ ਵਾਲੇ ਅਹੁਦਿਆਂ ’ਤੇ ਕੰਮ ਕਰਨ ਲਈ ਮਜਬੂਰ ਹੋਣਾ ਪਵੇ ਤਾਂ ਸਮਝਿਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਗੰਭੀਰ ਹੈ।

ਇਸ ਲਈ ਦੇਸ਼ ’ਚ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ, ਸਵੈ-ਰੋਜ਼ਗਾਰ ਯੋਜਨਾਵਾਂ ਨੂੰ ਹੁਲਾਰਾ ਦੇਣ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਖਾਲੀ ਪਏ ਅਹੁਦਿਆਂ ਨੂੰ ਤੁਰੰਤ ਭਰਨ ਦੀ ਲੋੜ ਹੈ।
-ਵਿਜੇ ਕੁਮਾਰ
 


Manoj

Content Editor

Related News