ਬੇਖੌਫ਼ ਅਪਰਾਧੀ : ਤਿਹਾੜ ਜੇਲ  ''ਚੋਂ ਕਰਦੇ ਹਨ ਰੰਗਦਾਰੀ ਦੀ ਕਾਲ

02/18/2019 6:38:27 AM

ਸਾਰੇ ਜਾਣਦੇ ਹਨ ਕਿ ਜੇਲ ਅਜਿਹੀ ਜਗ੍ਹਾ ਹੈ, ਜਿਥੇ ਅਪਰਾਧੀਆਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣ ਲਈ ਭੇਜਿਆ ਜਾਂਦਾ ਹੈ। ਇਨ੍ਹਾਂ ਦਾ ਇਕ ਮਕਸਦ ਅਪਰਾਧੀਆਂ ਨੂੰ ਸੁਧਾਰਨਾ ਵੀ ਹੈ ਅਤੇ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਇਥੇ ਬੰਦ ਹੋਣ ਦੀ ਕਲਪਨਾ ਨਾਲ ਹੀ ਆਦਮੀ ਘਬਰਾ ਜਾਵੇ। ਹਾਲਾਂਕਿ ਦੇਸ਼ ਦੀਆਂ ਜ਼ਿਆਦਾਤਰ ਜੇਲਾਂ ਦੇ ਹਾਲਾਤ ਇਸ ਤੋਂ ਇਕਦਮ ਉਲਟ ਹੋ ਚੁੱਕੇ ਹਨ। 
ਦੇਸ਼ ਦੀ ਸਭ ਤੋਂ ਵੱਡੀ ਅਤੇ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ ਤਾਂ ਜਿਵੇਂ ਅਪਰਾਧੀਆਂ ਲਈ ਇਕ ਅਜਿਹੀ ਆਰਾਮਗਾਹ ਬਣ ਚੁੱਕੀ ਹੈ, ਜਿਥੇ ਪਹੁੰਚ ਅਤੇ ਪੈਸੇ ਦੇ ਬਲ 'ਤੇ ਅਪਰਾਧੀ ਪੂਰੀ ਅੱਯਾਸ਼ੀ ਹੀ ਨਹੀਂ ਕਰਦੇ, ਉਥੇ ਹੀ ਬੈਠੇ-ਬੈਠੇ ਆਪਣੇ ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਧੰਦੇ ਵੀ ਜਾਰੀ ਰੱਖਦੇ ਹਨ। 
ਬੀਤੇ ਦਿਨੀਂ ਤਿਹਾੜ ਜੇਲ 'ਚ ਬੰਦ ਕੈਦੀਆਂ ਨੂੰ ਪੈਸੇ ਅਤੇ ਪਹੁੰਚ ਦੇ ਬਲ 'ਤੇ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਮਿਲਣ ਦਾ ਖੁਲਾਸਾ ਇਕ ਜਾਂਚ 'ਚ ਹੋਇਆ ਸੀ। ਇਸ ਤੋਂ ਬਾਅਦ ਸਥਿਤੀ ਨੂੰ ਸੁਧਾਰਨ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਸੀ ਪਰ ਹਾਲ ਹੀ 'ਚ ਦਿੱਲੀ ਦੇ ਇਕ ਵਪਾਰੀ ਨੇ ਜੋ ਸ਼ਿਕਾਇਤ ਪੁਲਸ ਨੂੰ ਕੀਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਅਪਰਾਧੀਆਂ ਦੀ ਮਨਮਰਜ਼ੀ ਅਤੇ ਧੰਦੇ ਜੇਲ 'ਚੋਂ ਬਾਦਸਤੂਰ ਜਾਰੀ ਹਨ।
ਕਹਿਣ ਨੂੰ ਤਾਂ ਕਿੰਨੇ ਹੀ ਖਤਰਨਾਕ ਗਿਰੋਹਾਂ ਦੇ ਗੁਰਗੇ ਅਤੇ ਮੁਖੀ ਉਥੇ ਸਾਲਾਂ ਤੋਂ ਬੰਦ ਹਨ ਪਰ ਉਥੇ ਬੈਠੇ-ਬੈਠੇ ਹੀ ਉਹ ਬੇਹੱਦ ਆਸਾਨੀ ਨਾਲ ਵਸੂਲੀ ਲਈ ਫੋਨ 'ਤੇ ਲੋਕਾਂ ਨੂੰ ਧਮਕਾ ਰਹੇ ਹਨ ਅਤੇ ਮੰਗ ਪੂਰੀ ਨਾ ਹੋਣ 'ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਤਕ ਦੇ ਰਹੇ ਹਨ। 
ਦਿੱਲੀ ਦੇ ਇਕ ਵਪਾਰੀ ਦੀ ਸ਼ਿਕਾਇਤ ਅਨੁਸਾਰ ਉਸ ਦੇ ਆਫਿਸ 'ਚ  ਸਿਖਰ ਦੁਪਹਿਰ  ਨੂੰ 15 ਗੁੰਡਿਆਂ ਨੇ ਧਾਵਾ ਬੋਲ ਕੇ 50 ਲੱਖ ਰੁਪਏ ਦੀ ਰੰਗਦਾਰੀ ਮੰਗੀ। ਇੰਨਾ ਹੀ ਨਹੀਂ, ਉਸ ਨੂੰ ਧਮਕਾਉਣ ਲਈ ਉਨ੍ਹਾਂ ਨੇ ਬਕਾਇਦਾ ਵ੍ਹਟਸਐਪ 'ਤੇ ਇਕ ਵੀਡੀਓ ਕਾਲ ਕਰ ਕੇ ਤਿਹਾੜ ਜੇਲ 'ਚ ਬੰਦ ਖਤਰਨਾਕ ਨੀਰਜ ਬਵਾਨਾ ਗੈਂਗ ਦੇ ਖਾਸ ਗੁਰਗੇ ਅਤੇ ਸ਼ਾਰਪ ਸ਼ੂਟਰ ਰਾਹੁਲ ਕਾਲਾ ਨਾਲ ਗੱਲ ਕਰਵਾਈ, ਜਿਸ ਨੇ ਉਸ ਨੂੰ ਲਗਾਤਾਰ ਗਾਲ੍ਹਾਂ ਕੱਢਦੇ ਹੋਏ ਪੈਸੇ ਨਾ ਦੇਣ 'ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦਿੱਤੀ।
ਵਪਾਰੀ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਅਣਜਾਣ ਨੰਬਰਾਂ ਤੋਂ ਵ੍ਹਟਸਐਪ ਮੈਸੇਜ ਆਏ, ਜਿਨ੍ਹਾਂ 'ਚੋਂ ਇਕ ਵਿਚ ਲਿਖਿਆ ਸੀ ਕਿ ''ਹੁਣ ਦੱਸੋ, ਤੁਸੀਂ ਕੀ ਚਾਹੁੰਦੇ ਹੋ?'' ਪੁਲਸ ਨੇ ਉਸ ਨੂੰ ਸੁਰੱਖਿਆ ਦਾ ਭਰੋਸਾ ਤਾਂ ਦਿੱਤਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਤਿਹਾੜ 'ਚ ਮੋਬਾਇਲ ਜੈਮਰ ਲੱਗੇ ਹੋਣ ਤੋਂ ਬਾਅਦ ਵੀ ਉਥੋਂ ਕੈਦੀ ਕਿਵੇਂ ਆਸਾਨੀ ਨਾਲ ਕਾਲ ਕਰ ਸਕਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਕਿ ਨੀਰਜ ਬਵਾਨਾ ਗਿਰੋਹ ਨੇ ਤਿਹਾੜ ਜੇਲ  'ਚੋਂ ਰੰਗਦਾਰੀ ਦਾ ਧੰਦਾ ਜਾਰੀ ਰੱਖਿਆ ਹੈ। ਸਾਲ 2015 'ਚ ਵੀ ਇਸ ਗਿਰੋਹ ਵਲੋਂ ਜੇਲ  'ਚੋਂ ਹੀ ਉਗਰਾਹੀ ਕਰਨ ਅਤੇ ਵਪਾਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਸਾਹਮਣੇ ਆਏ ਸਨ। ਦਸੰਬਰ 2018 'ਚ ਪੁਲਸ ਨੇ ਤਿਹਾੜ 'ਚ ਬੰਦ ਗੈਂਗਸਟਰਾਂ ਪ੍ਰਦੀਪ ਸੋਲੰਕੀ ਅਤੇ ਮਨਜੀਤ ਮਹਲ ਦੇ ਇਕ ਸਹਿਯੋਗੀ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਤੋਂ ਇਕ ਕਰੋੜ ਰੁਪਏ ਦੀ ਰੰਗਦਾਰੀ ਲਈ ਧਮਕੀਆਂ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। 11 ਦਸੰਬਰ ਨੂੰ ਬੰਦੂਕਾਂ ਨਾਲ ਲੈਸ 5 ਬਦਮਾਸ਼ਾਂ ਨੇ ਉਸ ਦੇ ਹਸਪਤਾਲ 'ਚ ਦਾਖਲ ਹੋ ਕੇ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਸਨ। ਇਸ ਤੋਂ ਬਾਅਦ ਸੋਲੰਕੀ ਦੇ ਗਿਰੋਹ ਦੇ ਗੁਰਗੇ ਨੇ ਫੋਨ 'ਤੇ ਉਸ ਨੂੰ ਰੰਗਦਾਰੀ ਦੇਣ ਲਈ ਧਮਕਾਇਆ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ। 
ਇੰਨਾ ਹੀ ਨਹੀਂ, ਤਿਹਾੜ 'ਚ ਬੰਦ ਅਨੇਕ ਗਿਰੋਹਾਂ ਦੇ ਅਪਰਾਧੀਆਂ ਵਿਚਾਲੇ ਦਬਦਬੇ ਦੀ ਲੜਾਈ ਵੀ ਜਾਰੀ ਰਹੀ ਹੈ ਅਤੇ ਮੌਕਾ ਮਿਲਦੇ ਹੀ ਹੋਰ ਗੈਂਗ ਦੇ ਮੈਂਬਰਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। 
ਮਾਰਚ 2017 'ਚ ਜੇਲ ਵਿਚ ਹੋਈ ਗੈਂਗਵਾਰ 'ਚ 2 ਧੜਿਆਂ ਦੇ 17 ਕੈਦੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਦੋਂ ਉਨ੍ਹਾਂ ਨੇ ਇਕ-ਦੂਜੇ 'ਤੇ ਧਾਰਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਤਿਹਾੜ 'ਚ ਇਨ੍ਹਾਂ ਗਿਰੋਹਾਂ ਦਾ ਇੰਨਾ ਡਰ ਹੈ ਕਿ ਇਨ੍ਹਾਂ ਸਾਰਿਆਂ ਕੋਲ ਮੋਬਾਇਲ ਅਤੇ ਡਰੱਗਜ਼ ਵੀ ਆਸਾਨੀ ਨਾਲ ਪਹੁੰਚ ਜਾਂਦੇ ਹਨ। ਕਿਹਾ ਤਾਂ ਇਥੋਂ ਤਕ ਗਿਆ ਹੈ ਕਿ ਕਈ ਖਤਰਨਾਕ ਅਪਰਾਧੀਆਂ ਦੇ ਡਰ ਕਾਰਨ ਉਨ੍ਹਾਂ ਤੋਂ ਜੇਲ 'ਚ ਕੰਮ ਵੀ ਨਹੀਂ ਲਿਆ ਜਾਂਦਾ। 
ਅਜਿਹੀ  ਹਾਲਤ 'ਚ ਸਵਾਲ ਉੱਠਦਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਅਪਰਾਧ ਘੱਟ ਕਰਨ ਲਈ ਹਰ ਕੋਸ਼ਿਸ਼ ਕਰਨ ਦਾ ਦਾਅਵਾ ਤਾਂ ਕਰਦੇ ਹਨ ਪਰ ਜਦੋਂ ਜੇਲਾਂ 'ਚ ਬੰਦ ਕੈਦੀਆਂ 'ਤੇ ਹੀ ਉਨ੍ਹਾਂ ਦਾ ਵੱਸ ਨਾ ਚੱਲੇ ਤਾਂ ਬਾਹਰ ਖੁੱਲ੍ਹੇਆਮ ਘੁੰਮਣ ਵਾਲੇ ਅਪਰਾਧੀਆਂ 'ਤੇ ਉਹ ਭਲਾ ਕਿਵੇਂ ਕਾਬੂ ਪਾ ਸਕਦੇ ਹਨ।


Bharat Thapa

Content Editor

Related News