ਊਧਵ ਠਾਕਰੇ ਨੇ ਵਾਪਸ ਲਿਆ ਸ਼ਿਰਡੀ ਸਾਈਂ ਬਾਬਾ ਬਾਰੇ ਬਿਆਨ

01/23/2020 1:28:14 AM

ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ ਕਿ ਸਾਡੇ ਨੇਤਾਵਾਂ ’ਚ ਬਿਨਾਂ ਸੋਚੇ-ਵਿਚਾਰੇ ਬਿਆਨ ਦੇਣ ਦੇ ਰੁਝਾਨ ਨਾਲ ਬੇਲੋੜੇ ਵਿਵਾਦ ਪੈਦਾ ਹੁੰਦੇ ਰਹਿੰਦੇ ਹਨ। ਇਸੇ ਮਹੀਨੇ ਦੌਰਾਨ ਸ਼ਿਵ ਸੈਨਾ ’ਚ ਨੰਬਰ 1 ਅਤੇ 2 ਦੇ ਸਭ ਤੋਂ ਵੱਧ ਤਾਕਤਵਰ ਨੇਤਾਵਾਂ ਊਧਵ ਠਾਕਰੇ ਅਤੇ ਸੰਜੇ ਰਾਊਤ ਵਲੋਂ ਦਿੱਤੇ ਗਏ ਦੋ ਬਿਆਨਾਂ ਨਾਲ ਵੀ ਅਜਿਹੀ ਹੀ ਸਥਿਤੀ ਪੈਦਾ ਹੋਈ ਹੈ। ਇਕ ਬਿਆਨ 16 ਜਨਵਰੀ ਨੂੰ ਸੰਜੇ ਰਾਊਤ ਨੇ ਦਿੱਤਾ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ‘‘ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੱਖਣੀ ਮੁੰਬਈ ਦੇ ਪਾਈਧੋਨੀ ’ਚ ਪੁਰਾਣੇ ਡੌਨ ਕਰੀਮ ਲਾਲਾ ਨੂੰ ਮਿਲਣ ਆਉਂਦੀ ਸੀ।’’

ਸੰਜੇ ਰਾਊਤ ਦੇ ਇਸ ਬਿਆਨ ਨਾਲ ਵਿਵਾਦ ਪੈਦਾ ਹੋਇਆ ਤੇ ਉਨ੍ਹਾਂ ਨੂੰ ਇਸ ਦੇ ਲਈ ਮੁਆਫੀ ਮੰਗਣੀ ਪਈ। ਹਾਲਾਂਕਿ ਬਾਅਦ ’ਚ ਇਕ ਫੋਟੋ ਵਾਇਰਲ ਹੋਈ, ਜਿਸ ’ਚ ਕਰੀਮ ਲਾਲਾ ਨਾਲ ਸ਼ਿਵ ਸੈਨਾ ਦੇ ਬਾਨੀ ਬਾਲਾ ਸਾਹਿਬ ਠਾਕਰੇ ਬੈਠੇ ਦਿਖਾਈ ਦੇ ਰਹੇ ਸਨ। ਇਸੇ ਤਰ੍ਹਾਂ ਇਕ ਵਿਵਾਦ ਊਧਵ ਠਾਕਰੇ ਵਲੋਂ ਪਿਛਲੇ ਦਿਨੀਂ ਸ਼ਿਰਡੀ ਦੇ ਸਾਈਂ ਬਾਬਾ ਬਾਰੇ ਦਿੱਤੇ ਇਸ ਬਿਆਨ ਨਾਲ ਉੱਠ ਖੜ੍ਹਾ ਹੋਇਆ ਕਿ ਸੂਬਾ ਸਰਕਾਰ ਸਾਈਂ ਬਾਬਾ ਦੇ ਜਨਮ ਸਥਾਨ ਵਜੋਂ ਪਾਥਰੀ ਪਿੰਡ (ਪਰਭਣੀ ਜ਼ਿਲੇ ’ਚ ਸਥਿਤ) ਦਾ ਵਿਕਾਸ ਕਰੇਗੀ ਅਤੇ ‘ਸਾਈਂ ਜਨਮ ਸਥਾਨ’ ਦੇ ਵਿਕਾਸ ਲਈ 100 ਕਰੋੜ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ‘‘ਸਾਈਂ ਬਾਬਾ ਦਾ ਵੱਡੀ ਗਿਣਤੀ ’ਚ ਹਿੰਦੂ ਤੇ ਮੁਸਲਮਾਨ ਬਹੁਤ ਜ਼ਿਆਦਾ ਸਨਮਾਨ ਕਰਦੇ ਹਨ। ਇਸ ਲਈ ਉਨ੍ਹਾਂ ਦੇ ਜਨਮ ਸਥਾਨ ਪਾਥਰੀ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ।’’

ਊਧਵ ਠਾਕਰੇ ਦਾ ਉਕਤ ਬਿਆਨ ਆਉਂਦਿਆਂ ਹੀ ਸ਼ਿਰਡੀ ਦੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਅਤੇ ਸਾਈਂ ਭਗਤਾਂ ਵਲੋਂ ਉਨ੍ਹਾਂ ਤੋਂ ਆਪਣਾ ਬਿਆਨ ਵਾਪਸ ਲੈਣ ਤੇ ਮੁਆਫੀ ਮੰਗਣ ਦੀ ਮੰਗ ਉੱਠ ਖੜ੍ਹੀ ਹੋਈ। ਇਸੇ ਸਿਲਸਿਲੇ ’ਚ 18 ਜਨਵਰੀ ਦੀ ਸ਼ਾਮ ਨੂੰ ‘ਸ਼ਿਰਡੀ ਗ੍ਰਾਮ ਸਭਾ’ ਨੇ ਤਿੰਨ ਮਤੇ ਵੀ ਪਾਸ ਕਰ ਦਿੱਤੇ ਅਤੇ ਠਾਕਰੇ ਦੇ ਬਿਆਨ ਦੇ ਵਿਰੋਧ ’ਚ 19 ਜਨਵਰੀ ਨੂੰ ਸ਼ਿਰਡੀ ਤੇ ਆਸ-ਪਾਸ ਦੇ ਇਲਾਕਿਆਂ ’ਚ ਮੁਕੰਮਲ ‘ਬੰਦ’ ਰੱਖਿਆ ਗਿਆ।ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਬੈਕਫੁੱਟ ’ਤੇ ਆਏ ਊਧਵ ਠਾਕਰੇ ਨੇ ਇਸ ਵਿਵਾਦ ’ਤੇ ਚਰਚਾ ਲਈ ਸੋਮਵਾਰ 20 ਜਨਵਰੀ ਨੂੰ ਮੰਤਰਾਲੇ ਦੀ ਮੀਟਿੰਗ ਸੱਦੀ, ਜਿਸ ’ਚ ਉਨ੍ਹਾਂ ਵਲੋਂ ਬਿਆਨ ਵਾਪਸ ਲੈਣ ਤੋਂ ਬਾਅਦ ਇਹ ਵਿਵਾਦ ਖਤਮ ਹੋ ਗਿਆ। ਸਾਈਂ ਭਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਥਰੀ ਦੇ ਵਿਕਾਸ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਉਸ ਨੂੰ ਸਾਈਂ ਦੀ ਜਨਮ ਭੂਮੀ ਦੱਸਣਾ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਕਦੇ ਵੀ ਆਪਣੇ ਧਰਮ ਅਤੇ ਜਨਮ ਸਥਾਨ ਬਾਰੇ ਨਹੀਂ ਦੱਸਿਆ ਸੀ। ਉਨ੍ਹਾਂ ਦੀ ਕਰਮ ਭੂਮੀ ਸ਼ਿਰਡੀ ਹੈ ਤੇ ਸ਼ਿਰਡੀ ਦੀ ਪਛਾਣ ਵੀ ਸਾਈਂ ਬਾਬਾ ਨਾਲ ਹੁੰਦੀ ਹੈ।

‘ਸ਼ਿਰਡੀ ਸਾਈਂ ਬਾਬਾ ਸੰਸਥਾਨ ਟਰੱਸਟ’ ਦੇ ਸਾਬਕਾ ਟਰੱਸਟੀ ਸਚਿਨ ਤਾਂਬੇ ਅਨੁਸਾਰ, ‘‘2017 ’ਚ ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ਼ਿਰਡੀ ਆਏ ਸਨ ਤਾਂ ਉਨ੍ਹਾਂ ਨੇ ਵੀ ਗਲਤੀ ਨਾਲ ਪਾਥਰੀ ਨੂੰ ਸਾਈਂ ਬਾਬਾ ਦੀ ਜਨਮ ਭੂਮੀ ਕਹਿ ਦਿੱਤਾ ਸੀ ਪਰ ਬਾਅਦ ’ਚ ਜਦੋਂ ਅਸੀਂ ਉਨ੍ਹਾਂ ਨੂੰ ਤੱਥ ਦੱਸੇ ਤਾਂ ਉਨ੍ਹਾਂ ਨੇ ਗਲਤੀ ਮੰਨ ਕੇ ਆਪਣੇ ਭਾਸ਼ਣ ’ਚ ਸੁਧਾਰ ਕਰ ਦਿੱਤਾ ਸੀ।’’ ਫਿਲਹਾਲ ਹੁਣ ਜਦੋਂ ਇਹ ਵਿਵਾਦ ਸੁਲਝ ਗਿਆ ਹੈ ਤਾਂ ਅਸੀਂ ਇਹੋ ਕਹਿਣਾ ਚਾਹਾਂਗੇ ਕਿ ਸਿਆਸਤਦਾਨਾਂ ਨੂੰ ਸੰਵੇਦਨਸ਼ੀਲ ਮੁੱਦਿਆਂ ’ਤੇ ਸਲਾਹ-ਮਸ਼ਵਰਾ ਕੀਤੇ ਬਿਨਾਂ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਸ ਨਾਲ ਸਮਾਜ ’ਚ ਬੇਲੋੜੇ ਵਿਵਾਦ ਪੈਦਾ ਹੁੰਦੇ ਹਨ ਤੇ ਲੋਕਾਂ ’ਚ ਖਾਹਮਖਾਹ ਬੇਚੈਨੀ ਪੈਦਾ ਹੁੰਦੀ ਹੈ।

–ਵਿਜੇ ਕੁਮਾਰ


Bharat Thapa

Content Editor

Related News