‘ਲੋੜਵੰਦਾਂ ਦੀ ਸਹਾਇਤਾ ਦੀਆਂ’ ‘ਦੋ ਪ੍ਰੇਰਣਾਦਾਇਕ ਮਿਸਾਲਾਂ’

12/29/2020 3:21:22 AM

ਇਕ ਪਾਸੇ ਦੁਨੀਆ ’ਚ ਕੁਝ ਲੋਕਾਂ ਕੋਲ ਅਥਾਹ ਧਨ-ਦੌਲਤ ਹੈ ਤੇ ਦੂਸਰੇ ਪਾਸੇ ਅਜਿਹੇ ਵੀ ਲੋਕ ਹਨ, ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਅਮੀਰੀ ਅਤੇ ਗਰੀਬੀ ਦੇ ਇਸ ਚੱਕਰਵਿਊ ’ਚ ਫਸੇ ਇਸ ਸੰਸਾਰ ’ਚ ਅਜਿਹੇ ਦਾਨਵੀਰ ਵੀ ਹਨ, ਜਿਨ੍ਹਾਂ ਦਾ ਦਿਲ ਦੂਸਰਿਆਂ ਲਈ ਧੜਕਦਾ ਹੈ ਅਤੇ ਉਹ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਰਹਿੰਦੇ ਹਨ।

ਵਿਸ਼ਵ ’ਚ ‘ਬਿਲ ਗੇਟਸ’ ਅਤੇ ‘ਵਾਰੇਨ ਬਫੇਟ’ ਵਰਗੇ ਦਾਨਵੀਰ ਮੌਜੂਦ ਹਨ, ਜਿਨ੍ਹਾਂ ਨੇ ਆਪਣੀ ਕਮਾਈ ਪਰਉਪਕਾਰ ਲਈ ਦਾਨ ਕਰ ਦਿੱਤੀ ਹੈ। ਭਾਰਤ ’ਚ ਵੀ ਰਤਨ ਟਾਟਾ, ਸ਼ਿਵ ਨਾਡਰ, ਮੁਕੇਸ਼ ਅੰਬਾਨੀ ਅਤੇ ਅਜ਼ੀਮ ਪ੍ਰੇਮਜੀ ਵਰਗੇ ਦਾਨਵੀਰ ਵੀ ਹਨ, ਜੋ ਆਪਣੀ ਜਾਇਦਾਦ ਦਾ ਕੁਝ ਹਿੱਸਾ ਪਰਉਪਕਾਰ ’ਤੇ ਖਰਚ ਕਰ ਰਹੇ ਹਨ।

ਇਸ ਤੋਂ ਹਟ ਕੇ ਕੁਝ ਗੁੰਮਨਾਮ ਦਾਨਵੀਰ ਵੀ ਹਨ, ਜੋ ਆਪਣੀ ਸੀਮਿਤ ਕਮਾਈ ਵਿਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਅਨੋਖੀ ਉਦਾਹਰਣ ਪੇਸ਼ ਕਰ ਰਹੇ ਹਨ। ਹਾਂਗਕਾਂਗ ਦੀ ‘ਵੂਸੂੰਗ ਸਟਰੀਟ’ ’ਚ ਇਕ ਖੇਡ ਅਕਾਦਮੀ ਅਤੇ ਐੱਨ. ਜੀ. ਓ. ਚਲਾਉਣ ਵਾਲੇ ‘ਆਹਮੇਨ ਖਾਨ’ ਇਨ੍ਹਾਂ ’ਚੋਂ ਇਕ ਹਨ।

‘ਵੂਸੂੰਗ ਸਟਰੀਟ’ ’ਚ ਕਈ ਸ਼ਾਨਦਾਰ ਹੋਟਲ ਅਤੇ ਰੈਸਟੋਰੈਂਟ ਹਨ, ਜਿਥੇ ਅਮੀਰ ਲੋਕ ਖਾਣਾ ਖਾਣ ਆਉਂਦੇ ਹਨ ਪਰ ਇਸੇ ਸਟਰੀਟ ਅਤੇ ਆਸ-ਪਾਸ ਦੇ ਇਲਾਕਿਆਂ ’ਚ ਵੱਡੀ ਗਿਣਤੀ ’ਚ ਸਹੂਲਤਾਂ ਤੋਂ ਵਾਂਝੇ ਲੋਕ ਵੀ ਰਹਿੰਦੇ ਹਨ।

ਅਮੀਰਾਂ ਅਤੇ ਗਰੀਬਾਂ ਦੀ ਇਸ ਸਾਂਝੀ ਬਸਤੀ ’ਚ ‘ਆਹਮੇਨ ਖਾਨ’ ਦੇ ਰੱਖੇ ਇਕ ਵਿਸ਼ਾਲ ‘ਸਟਰੀਟ ਰੈਫਰਿਜਰੇਟਰ’ ’ਤੇ ਲੋਕਾਂ ਦੀ ਨਜ਼ਰ ਇਕਦਮ ਟਿਕ ਜਾਂਦੀ ਹੈ, ਜਿਸ ’ਤੇ ਲਿਖਿਆ ਹੈ ‘ਗਿਵ ਵਟ ਯੂ ਕੈਨ ਗਿਵ, ਟੇਕ ਵਟ ਯੂ ਨੀਡ ਟੂ ਟੇਕ’ (ਤੁਸੀਂ ਜੋ ਦੇ ਸਕਦੇ ਹੋ, ਦੇ ਜਾਓ ਅਤੇ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ ਲੈ ਜਾਓ)।

‘ਆਹਮੇਨ ਖਾਨ’ ਦੇ ਹਾਕੀ ਸਿਖਲਾਈ ਕੇਂਦਰ ਦੇ ਬਾਹਰ ਰੱਖਿਆ ਇਹ ਫਰਿੱਜ ਤਰ੍ਹਾਂ-ਤਰ੍ਹਾਂ ਦੀਆਂ ਵਸਤੂਆਂ ਇੰਸਟੈਂਟ ਨੂਡਲਜ਼, ਬਿਸਕੁੱਟ ਤੇ ਭੋਜਨ ਸਮੱਗਰੀ ਦੇ ਡੱਬਿਆਂ ਇਥੋਂ ਤਕ ਕਿ ਜੁਰਾਬਾਂ ਅਤੇ ਤੌਲੀਏ ਵਰਗੀਆਂ ਹੋਰ ਵਸਤੂਆਂ ਨਾਲ ਭਰਿਆ ਰਹਿੰਦਾ ਹੈ।

ਇਸ ‘ਕਮਿਊਨਿਟੀ ਰੈਫਰਿਜਰੇਟਰ’ (ਭਾਈਚਾਰਕ ਰੈਫਰਿਜਰੇਟਰ) ਦੀ ਪ੍ਰੇਰਣਾ ‘ਆਹਮੇਨ ਖਾਨ’ ਨੂੰ ਇਸੇ ਵਿਸ਼ੇ ’ਤੇ ਬਣੀ ਇਕ ਫਿਲਮ ਨੂੰ ਦੇਖ ਕੇ ਮਿਲੀ। ਉਨ੍ਹਾਂ ਨੂੰ ਇਕ ‘ਕਬਾੜ ਕੇਂਦਰ’ ਤੋਂ ਇਹ ਰੈਫਰਿਜਰੇਟਰ ਮਿਲ ਗਿਆ ਅਤੇ ਉਨ੍ਹਾਂ ਨੇ ਇਸਦੀ ਸਾਫ-ਸਫਾਈ ਕਰ ਕੇ ਅਤੇ ਨੀਲੇ ਰੰਗ ’ਚ ਰੰਗ ਕੇ ਕਮਿਊਨਿਟੀ ਰੈਫਰਿਜਰੇਟਰ ਦਾ ਰੂਪ ਦੇ ਦਿੱਤਾ।

‘ਆਹਮੇਨ ਖਾਨ’ ਦਾ ਕਹਿਣਾ ਹੈ ਕਿ, ‘‘ਜਦੋਂ ਲੋਕ ਆਪਣੇ ਘਰ ਜਾ ਕੇ ਭਰੋਸੇ ਦੇ ਨਾਲ ਖਾਣ-ਪੀਣ ਦੀਆਂ ਵਸਤੂਆਂ ਲਈ ਆਪਣਾ ਫਰਿੱਜ ਖੋਲ੍ਹਦੇ ਹਨ ਤਾਂ ਉਨ੍ਹਾਂ ਦੇ ਅੰਦਰ ਇਕ ਅਪਣੱਤ ਦੀ ਭਾਵਨਾ ਹੁੰਦੀ ਹੈ। ਮੈਂ ਇਸ ਰੈਫਰਿਜਰੇਟਰ ਰਾਹੀਂ ਲੋੜਵੰਦ ਲੋਕਾਂ ਨੂੰ ਅਪਣੱਤ ਦਾ ਉਹੀ ਅਹਿਸਾਸ ਕਰਵਾਉਣਾ ਚਾਹੁੰਦਾ ਹਾਂ ਅਤੇ ਉਹ ਰੈਫਰਿਜਰੇਟਰ ਤੋਂ ਕਿਸੇ ਵੀ ਸਮੇਂ ਆਪਣੀ ਲੋੜ ਦੀ ਕੋਈ ਵੀ ਵਸਤੂ ਲਿਜਾ ਸਕਦੇ ਹਨ।’’

‘ਆਹਮੇਨ ਖਾਨ’ ਨੇ ਆਪਣੇ ਇਸ ਪ੍ਰਾਜੈਕਟ ਨੂੰ ‘ਬਲਿਊ ਰੈਫਰਿਜਰੇਟਰ ਪ੍ਰਾਜੈਕਟ’ ਨਾਂ ਦਿੱਤਾ ਹੈ। ਉਨ੍ਹਾਂ ਦੀ ਇਸ ਮੁਹਿੰਮ ਤੋਂ ਖੁਸ਼ਹਾਲ ਦਾਨੀ ਲੋਕ ਇੰਨੇ ਪ੍ਰਭਾਵਿਤ ਹੋਏ ਹਨ ਕਿ ਉਹ ਲੋੜਵੰਦਾਂ ਲਈ ਬੜੇ ਸਲੀਕੇ ਨਾਲ ਖਾਣ-ਪੀਣ ਅਤੇ ਹੋਰ ਲੋੜ ਦੀਆਂ ਵਸਤੂਆਂ ਪੈਕ ਕਰ ਕੇ ਇਸ ਰੈਫਰਿਜਰੇਟਰ ’ਚ ਰੱਖ ਜਾਂਦੇ ਹਨ।

‘ਆਹਮੇਨ ਖਾਨ’ ਦਾ ਕਹਿਣਾ ਹੈ ਕਿ, ‘‘ਚੰਗਾ ਕੰਮ ਕਰਨ ਲਈ ਇਹ ਜ਼ਰੂਰੀ ਨਹੀਂ ਹੈ ਕਿ ਇਸ ਨੂੰ ਵੱਡੇ ਪੱਧਰ ’ਤੇ ਹੀ ਕੀਤਾ ਜਾਵੇ। ਇਕ ਛੋਟੇ ਜਿਹੇ ਕੰਮ ਨਾਲ ਵੀ ਤੁਸੀਂ ਆਪਣੀ ਪਰਉਪਕਾਰ ਦੀ ਭਾਵਨਾ ਪ੍ਰਗਟ ਕਰ ਸਕਦੇ ਹੋ।’’

ਇਸ ਮੁਹਿੰਮ ਪ੍ਰਤੀ ਦਾਨੀ ਲੋਕਾਂ ਦੀ ਦਿਲਚਸਪੀ ਦਾ ਆਲਮ ਇਹ ਹੈ ਕਿ ਕਈ ਲੋਕਾਂ ਨੇ ਤਾਂ ਨਿਯਮਿਤ ਤੌਰ ’ਤੇ ਇਸ ਰੈਫਰਿਜਰੇਟਰ ’ਚ ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਲੋੜੀਂਦੀਆਂ ਹੋਰ ਵਸਤੂਆਂ ਰੱਖ ਜਾਣ ਦਾ ਇਕ ਨਿਯਮ ਜਿਹਾ ਬਣਾ ਲਿਆ ਹੈ।

ਭਾਰਤ ’ਚ ਵੀ ‘ਆਹਮੇਨ ਖਾਨ’ ਵਰਗੇ ਗੁੰਮਨਾਮ ਦਾਨਵੀਰ ਮੌਜੂਦ ਹਨ, ਜੋ ਆਪਣੇ ਲੋੜਵੰਦ ਭਰਾਵਾਂ-ਭੈਣਾਂ ਦੀ ਸਹਾਇਤਾ ਕਰ ਕੇ ਸੰਤੁਸ਼ਟੀ ਮਹਿਸੂਸ ਕਰਦੇ ਹਨ। ਅਜਿਹਾ ਆਮ ਵਰਗ ਨਾਲ ਸਬੰਧ ਰੱਖਣ ਵਾਲਾ ਦਾਨਵੀਰ ਹੈ ‘ਝਾਰਖੰਡ’ ਦੇ ‘ਲਾਤੇਹਾਰ’ ਦਾ ਰਹਿਣ ਵਾਲਾ ‘ਭੋਲਾ ਪ੍ਰਸਾਦ’।

ਉਹ ਖੁਦ ਤੰਗਹਾਲੀ ’ਚ ਰਹਿੰਦੇ ਹੋਏ ਲੋੜਵੰਦਾਂ ਨੂੰ ਸਰਦੀ ਦੇ ਮੌਸਮ ’ਚ ਪੁਰਾਣੇ ਕੱਪੜੇ ਮੁਹੱਈਆ ਕਰਵਾ ਰਿਹਾ ਹੈ। ਉਹ ਆਪਣਾ ਖੁਦ ਦਾ ਕਾਰੋਬਾਰ ਕਰਨ ਦੇ ਨਾਲ ਘਰ-ਘਰ ਜਾ ਕੇ ਲੋਕਾਂ ਕੋਲੋਂ ਪੁਰਾਣੇ ਕੱਪੜੇ ਇਕੱਠੇ ਕਰ ਕੇ ਲੋੜਵੰਦ ਲੋਕਾਂ ਨੂੰ ਵੰਡ ਿਦੰਦਾ ਹੈ।

ਇਹ ਤਾਂ ਦੂਸਰਿਆਂ ਦੀ ਸਹਾਇਤਾ ਕਰਨ ਵਾਲੇ ਦੋ ਪਰਉਪਕਾਰੀਆਂ ਦੀ ਕਹਾਣੀ ਹੈ ਪਰ ਅਜਿਹੇ ਹੋਰ ਲੋਕ ਵੀ ਹੋਣਗੇ, ਹਾਲਾਂਕਿ ਅਜਿਹੇ ਲੋਕਾਂ ਦੀ ਗਿਣਤੀ ਘੱਟ ਹੈ। ਇਸ ਲਈ ਇਸ ਤੋਂ ਪ੍ਰੇਰਣਾ ਲੈ ਕੇ ਦੂਸਰੇ ਖੁਸ਼ਹਾਲ ਲੋਕਾਂ ਨੰੂ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀਆਂ ਮਿਸਾਲੀ ਕੋਸ਼ਿਸ਼ਾਂ ਨਾਲ ਲੋੜਵੰਦ ਲੋਕਾਂ ਦੀਆਂ ਕੁਝ ਲੋੜਾਂ ਪੂਰੀਆਂ ਹੋ ਸਕਣ।

ਉਂਝ ਤਾਂ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀ. ਐੱਸ. ਆਰ.) ਦੇ ਤਹਿਤ ਵਪਾਰਕ ਘਰਾਣਿਆਂ ਨੂੰ ਆਪਣੇ ਮੁਨਾਫੇ ਦਾ 2 ਫੀਸਦੀ ਹਿੱਸਾ ਦਾਨ ਵਿਚ ਦੇਣ ਦੀ ਵਿਵਸਥਾ ਹੈ, ਇਸ ਤੋਂ ਇਲਾਵਾ ਇਨਕਮ ਟੈਕਸ ਕਾਨੂੰਨ ਦੀ ਧਾਰਾ 80-ਜੀ ਦੇ ਤਹਿਤ ਵੀ ਦਾਨ ਕਰਨ ’ਤੇ ਇਨਕਮ ਟੈਕਸ ਤੋਂ ਛੋਟ ਮਿਲਦੀ ਹੈ ਪਰ ਇਨ੍ਹਾਂ ਵਿਵਸਥਾਵਾਂ ਦਾ ਫਾਇਦਾ ਲੈਣ ਲਈ ਕੀਤੇ ਜਾਣ ਵਾਲੇ ਦਾਨ ਦੇ ਇਲਾਵਾ ਵੀ ਲੋਕਾਂ ਨੂੰ ਪਰਉਪਕਾਰ ਅਤੇ ਦਾਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ। 

-ਵਿਜੇ ਕੁਮਾਰ


Bharat Thapa

Content Editor

Related News