‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਨੂੰ ਬਚਾਉਣ ਦਾ ਯਤਨ ਹੋਵੇ

01/25/2021 3:05:53 AM

18ਵੀਂ ਸਦੀ ਦੇ ਪ੍ਰਸਿੱਧ ਬ੍ਰਿਟਿਸ਼ ਕਵੀ ਪਰਸੀ ਬੀ. ਸ਼ੇਲੀ ਨੇ ਆਪਣੀ ਇਕ ਕਵਿਤਾ ’ਚ ਕਿਹਾ ਸੀ ‘Our sweetest songs are those that tell of saddest thought’ ਇਸ ਸਤਰ ਨੂੰ ਪ੍ਰਸਿੱਧ ਗੀਤਕਾਰ ਸ਼ੈਲੇਂਦਰ ਨੇ ਕੁਝ ਇਸ ਤਰ੍ਹਾਂ ਕਿਹਾ ਸੀ, ‘‘ਹੈਂ ਸਬਸੇ ਮਧੁਰ ਵੋ ਗੀਤ ਜਿਨਹੇਂ ਹਮ ਦਰਦ ਕੇ ਸੁਰ ਮੇਂ ਗਾਤੇ ਹੈਂ।’’

ਇਹ ਸ਼ਾਇਦ ਕਿਸੇ ਕਲਾਕ੍ਰਿਤੀ ਨੂੰ ਲਿਖਣ ਜਾਂ ਬਣਾਉਣ ਤੋਂ ਪਹਿਲਾਂ ਇਕ ਕਲਾਕਾਰ ਜਾਂ ਲੇਖਕ ਦੇ ਅੰਦਰੂਨੀ ਦਰਦ ਦੀ ਗੱਲ ਹੈ ਪਰ ਉਸ ਦਰਦ ਦਾ ਕੀ ਜੋ ਇਕ ਕਲਾਕ੍ਰਿਤੀ ਦੀ ਰਚਨਾ ਕਰਨ ਦੇ ਬਾਅਦ ਕਿਸੇ ਕਲਾਕਾਰ ਨੂੰ ਦਿੱਤਾ ਜਾਵੇ! ਇਸ ਲਈ ਨਹੀਂ ਕਿ ਉਸ ਨੂੰ ਆਪਣੇ ਖਰਾਬ ਕੰਮ ਦੇ ਕਾਰਨ ਅਸਫਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਸਗੋਂ ਇਸ ਲਈ ਕਿ ਉਸ ਨੇ ਕੁਝ ਨਵਾਂ ਬਣਾਇਆ, ਚੰਗਾ ਬਣਾਇਆ।

ਸ਼ਾਇਦ ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਰਲੇਖ ਦੇ ਅਧੀਨ ਆਵੇਗਾ ਜਦੋਂ ਉਸ ਨੂੰ ਇਹ ਦੱਸਿਆ ਜਾਵੇ ਕਿ ‘‘ਆਪਣੀ ਕਿਤਾਬ ਪ੍ਰਕਾਸ਼ਿਤ ਨਾ ਕਰੋ ਜਾਂ ਅਸੀਂ ਇਸ ਨੂੰ ਸਾੜ ਦੇਵਾਂਗੇ। ਆਪਣੇ ਚਿੱਤਰਾਂ ਨੂੰ ਪ੍ਰਦਰਸ਼ਿਤ ਨਾ ਕਰੋ, ਨਹੀਂ ਤਾਂ ਅਸੀਂ ਤੁਹਾਡੀ ਪ੍ਰਦਰਸ਼ਨੀ ਨੂੰ ਤਬਾਹ ਕਰ ਦੇਵਾਂਗੇ।’’

ਜਾਂ ਫਿਲਮ ਨਿਰਮਾਤਾਵਾਂ ਨੂੰ ਕਿਹਾ ਜਾਵੇ ਕਿ ‘‘ਇਸ ਦ੍ਰਿਸ਼ ’ਚ ਡਾਇਲਾਗ ਬਦਲਣ ਅਤੇ ਅਗਲੇ ਦ੍ਰਿਸ਼ ਨੂੰ ਕੱਟ ਦਿਓ ਜਾਂ ਅਸੀਂ ਤੁਹਾਡੀ ਫਿਲਮ ਨੂੰ ਪ੍ਰਦਰਸ਼ਿਤ ਨਹੀਂ ਹੋਣ ਦੇਵਾਂਗੇ ਅਤੇ ਜੇਕਰ ਤੁਸੀਂ ਇਸ ਨੂੰ ਦਿਖਾਉਂਦੇ ਹੋ ਤਾਂ ਅਸੀਂ ਸਿਨੇਮਾਹਾਲ ’ਤੇ ਹਮਲਾ ਕਰਾਂਗੇ।’’

ਜਾਂ ਮੌਜੂਦਾ ਹਾਲਤਾਂ ’ਚ ਜੇਕਰ ਕਿਸੇ ਫਿਲਮ ਜਾਂ ਟੀ. ਵੀ. ਲੜੀਵਾਰ ਨੂੰ ਆਨਲਾਈਨ ਪੋਰਟਲਸ ’ਤੇ ਸਟ੍ਰੀਮ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਦੀਆਂ ਆਲੋਚਨਾਵਾਂ ਦਾ ‘ਨੈੱਟਫਲਿਕਸ’ ’ਤੇ ਪ੍ਰਦਰਸ਼ਿਤ ‘ਏ ਸੂਟੇਬਲ ਬੁਆਏ’ ਨੂੰ ਸਾਹਮਣਾ ਕਰਨਾ ਪਿਆ ਜੋ ਲਗਭਗ 28 ਸਾਲ ਪਹਿਲਾਂ ਲਿਖੀ ਪੁਸਤਕ ’ਤੇ ਆਧਾਰਿਤ ਇਕ ਸ਼ੋਅ ਹੈ।

ਇਨ੍ਹਾਂ ਸਾਰੀਆਂ ਆਲੋਚਨਾਵਾਂ ਦਾ ‘ਸੰਦੇਸ਼’ ਇਕ ਹੀ ਹੈ, ‘‘ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੁਝ ਵੀ ਨਾ ਕਰੋ।’’

ਦੂਸਰੇ ਸ਼ਬਦਾਂ ’ਚ ‘ਤੁਹਾਡੀ ਜ਼ਿੰਦਗੀ ਅਤੇ ਤੁਹਾਡੀ ਕਲਾ ਇਸ ਲਈ ਸੁਰੱਖਿਅਤ ਨਹੀਂ ਹੈ ਕਿਉਂਕਿ ਉਹ ਸਾਨੂੰ ਪਸੰਦ ਨਹੀਂ ਹੈ ਜਾਂ ਸਾਡੇ ਪਹਿਲੇ ਗਿਆਨ, ਸਮਝ ਜਾਂ ਵਿਚਾਰ ਦੇ ਅਨੁਸਾਰ ਨਹੀਂ ਹੈ ਪਰ ਰਚਨਾਤਮਕ ਕਲਪਨਾ ਸਿਆਸਤ ਤੋਂ ਜਾਂ ਭੀੜ ਤੋਂ ਹੁਕਮ ਨਹੀਂ ਲੈ ਸਕਦੀ।

ਇਸ ਦੀ ਇਕ ਉਦਾਹਰਣ ਹਾਲ ਹੀ ’ਚ ‘ਐਮੇਜ਼ੋਨ ਪ੍ਰਾਈਮ’ ’ਤੇ ਪ੍ਰਦਰਸ਼ਿਤ ਵਿਸ਼ੁੱਧ ਤੌਰ ’ਤੇ ਕਾਲਪਨਿਕ ‘ਤਾਂਡਵ’ ਨਾਂ ਦਾ ਇਕ ਸ਼ੋਅ ਹੈ ਜੋ ਮੌਜੂਦਾ ਸਿਆਸੀ ਹਾਲਤਾਂ ’ਤੇ ਇਕ ਇਤਿਹਾਸਕ ਜਾਂ ਵ੍ਰਿਤ ਚਿੱਤਰ ਹੋਣ ਦਾ ਦਾਅਵਾ ਤਾਂ ਨਹੀਂ ਕਰਦਾ ਪਰ 3 ਸੂਬਿਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ’ਚ ਸਿਆਸੀ ਵਿਰੋਧ ਅਤੇ ਪੁਲਸ ਕਾਰਵਾਈ ’ਚ ਘਿਰ ਗਿਆ ਹੈ ਅਤੇ ਕਥਿਤ ਤੌਰ ’ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਰਨ ‘ਐਮੇਜ਼ੋਨ ਪ੍ਰਾਈਮ ਵੀਡੀਓ’ ਦੇ ਨਿਰਮਾਤਾਵਾਂ ਦੇ ਵਿਰੁੱਧ ਇਕ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ।

ਕਿਸੇ ਵੀ ਕਲਾਕ੍ਰਿਤੀ ਨੂੰ ਨਾਪਸੰਦ ਕਰਨਾ ਜਾਂ ਉਸ ਦੇ ਵਿਰੋਧ ’ਚ ਸਖਤ ਨਾਰਾਜ਼ਗੀ ਜਾਂ ਨਾਪਸੰਦੀ ਜ਼ਾਹਿਰ ਕਰਨਾ ਇਕ ਆਮ ਗੱਲ ਹੈ ਪਰ ਇਸ ਕਾਰਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਜਾਂ ਭੜਕਾਊ ਭਾਸ਼ਣ ਦੇਣਾ ਆਲੋਚਨਾ ਕਰਨ ਦਾ ਇਕ ਸੱਭਿਅਕ ਤਰੀਕਾ ਨਹੀਂ ਹੈ।

ਅਜਿਹੇ ’ਚ ਇਹ ਦੇਖਣਾ ਹੋਵੇਗਾ ਕਿ ਕਿਵੇਂ ‘ਦਿ ਸਟੇਟ ਆਫ ਆਰਟਿਸਟਿਕ ਫ੍ਰੀਡਮ ਸਟੱਡੀ’ ਦੇ ਅਨੁਸਾਰ ਭਾਰਤ ਨੇ 2017 ’ਚ ਸਭ ਤੋਂ ਵੱਧ ਫਿਲਮਾਂ ਨੂੰ ਸੈਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ’ਚ ਸਭ ਤੋਂ ਉਪਰ ਰਹਿਣ ਦੇ ਲਈ ਤੁਰਕੀ, ਚੀਨ, ਲਿਬਨਾਨ, ਫਰਾਂਸ ਅਤੇ ਆਪਣੇ ਗੁਆਂਢੀ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ! ਸੁਤੰਤਰ ਕੌਮਾਂਤਰੀ ਵਿਚਾਰਾਂ ਦੇ ਪ੍ਰਗਟਾਵੇ ਦੀ ਵਕਾਲਤ ਕਰਨ ਵਾਲੇ ‘ਫ੍ਰੀਮਿਊਜ਼’ ਨਾਂ ਦੇ ਇਕ ਅੰਤਰਰਾਸ਼ਟਰੀ ਸੰਗਠਨ ਨੇ ਇਕ ਅਧਿਐਨ ’ਚ ਪਾਇਆ ਕਿ ਭਾਰਤ ’ਚ ਕਲਾ ਦੇ ਪ੍ਰਗਟਾਵੇ ਦੀ ਆਜ਼ਾਦੀ ਕਾਫੀ ਹੱਦ ਤੱਕ ਸੌੜੀ ਹੋ ਗਈ ਹੈ।

ਇਸ ਦੇ ਅਨੁਸਾਰ 2017 ’ਚ ਫਿਲਮ ਸੈਂਸਰਸ਼ਿਪ ਦੇ 20 ਫੀਸਦੀ ਮਾਮਲੇ ਭਾਰਤ ਤੋਂ ਆਏ, 17 ਫੀਸਦੀ ਮਾਮਲਿਆਂ ਦੇ ਨਾਲ ਸੰਯੁਕਤ ਅਰਬ ਅਮੀਰਾਤ ਦੂਸਰੇ ਸਥਾਨ ’ਤੇ ਅਤੇ ਤੁਰਕੀ 9 ਫੀਸਦੀ ਮਾਮਲਿਆਂ ਦੇ ਨਾਲ ਤੀਸਰੇ ਸਥਾਨ ’ਤੇ ਸੀ। ਅਜਿਹੇ ’ਚ ਸਾਲ 2020 ’ਚ ਆਈ ਰਿਪੋਰਟ ਦੇ ਅਨੁਸਾਰ ਵੀ ਭਾਰਤ 7ਵੇਂ ਸਥਾਨ ’ਤੇ ਸੀ, ਫਿਰ ਵੀ ਇਹ ਕੋਈ ਚੰਗੀ ਸਥਿਤੀ ਨਹੀਂ ਹੈ।

19ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕਾਂ ਅਤੇ ਬੁੱਧੀਜੀਵੀਆਂ ’ਚੋਂ ਇਕ ‘ਜਾਨ ਸਟੁਅਰਟ ਮਿਲ’ ਨੇ ਪਹਿਲੀ ਵਾਰ ਅਤੇ ਸ਼ਾਇਦ ਅਜੇ ਵੀ ਸਭ ਤੋਂ ਹੁਨਰ ਵਾਲੇ ਤਰੀਕੇ ਨਾਲ ‘ਉਦਾਰਵਾਦੀ ਮੁਕਤ ਭਾਸ਼ਣ ਅਤੇ ਵਿਚਾਰ’ ਦੀ ਰੱਖਿਆ ਕੀਤੀ ਹੈ। ਆਪਣੀ ਮਹਾਨ ਪੁਸਤਕ ‘ਆਨ ਲਿਬਰਟੀ’ ’ਚ ਉਹ ਲਿਖਦੇ ਹਨ :

‘‘ਭਾਸ਼ਣ ਦੀ ਵਿਆਪਕ ਆਜ਼ਾਦੀ ਨਾ ਸਿਰਫ ਨਿੱਜੀ ਖੁਸ਼ੀ ਦੇ ਲਈ ਸਗੋਂ ਇਕ ਖੁਸ਼ਹਾਲ ਸਮਾਜ ਦੇ ਲਈ ਇਕ ਪਹਿਲੀ ਸ਼ਰਤ ਹੈ। ਸੁਤੰਤਰ ਪ੍ਰਗਟਾਵੇ ਦੇ ਬਿਨਾਂ ਮਨੁੱਖ ਜਾਤੀ ਨੂੰ ਉਨ੍ਹਾਂ ਵਿਚਾਰਾਂ ਤੋਂ ਵਾਂਝਾ ਰਹਿਣਾ ਪੈਂਦਾ ਹੈ ਜਿਨ੍ਹਾਂ ਨੇ ਵਿਕਾਸ ’ਚ ਯੋਗਦਾਨ ਦਿੱਤਾ ਹੋਵੇਗਾ।’’

ਦੂਰ ਕੀ ਜਾਣਾ, ਭਾਰਤ ’ਚ ਸਤਿਗੁਰੂ ਕਬੀਰ ਅਤੇ ਗੋਸਵਾਮੀ ਤੁਲਸੀ ਦਾਸ ਜੀ ਦੀ ਬਾਣੀ ’ਚ ਜੋ ਖੁੱਲ੍ਹਾਪਨ, ਨਵਾਂਪਨ ਅਤੇ ਤਰਕਸ਼ੀਲਤਾ ਪਾਈ ਜਾਂਦੀ ਹੈ, ਉਹ ਜੇਕਰ ਇਸ ਸਦੀ ’ਚ ਲਿਖਦੇ ਤਾਂ ਲਿਖ ਨਾ ਸਕਦੇ। ‘ਕੰਕਰ-ਪਾਥਰ ਜੋੜ ਕੇ ਮਸਜਿਦ ਲਿਓ ਬਣਾਏ’ ਵਰਗੇ ਦੋਹੇ ਜਾਂ ‘ਪਾਥਰ ਪੂਜੇ ਹਰਿ ਮਿਲੇ ਤੋ ਮੈ ਪੂਜੂੰ ਪਹਾੜ’... ਵਰਗੇ ਦੋਹੇ ਯਕੀਨਨ ਕਿਸੇ ਨਾ ਕਿਸੇ ਦੇ ਧਾਰਮਿਕ ਵਿਚਾਰਾਂ ਨੂੰ ਠੇਸ ਪਹੁੰਚਾ ਹੀ ਜਾਂਦੇ ਹਨ।

ਨਿਸ਼ਚਿਤ ਤੌਰ ’ਤੇ ਸੰਵਿਧਾਨ ਦੀ ਧਾਰਾ 19 ਸਾਨੂੰ ਬੋਲਣ ਦੀ ਆਜ਼ਾਦੀ ਦਿੰਦੀ ਹੈ ਪਰ ਭਾਰਤੀ ਸੰਵਿਧਾਨ ਦੀ ਧਾਰਾ 19 ਦਾ ਸੈਕਸ਼ਨ (2) ਵਿਧਾਨ ਪਾਲਿਕਾਵਾਂ ਨੂੰ ਹੇਠਾਂ ਲਿਖੇ ਸਿਰਲੇਖਾਂ ਦੇ ਤਹਿਤ ਮੁਕਤ ਭਾਸ਼ਣ ’ਤੇ ਕੁਝ ਪਾਬੰਦੀ ਲਗਾਉਣ ’ਚ ਸਮਰੱਥ ਵੀ ਕਰਦਾ ਹੈ ਜਿਵੇਂ ਕਿ ਦੇਸ਼ ਦੀ ਸੁਰੱਖਿਆ, ਵਿਦੇਸ਼ੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸਬੰਧ, ਜਨਤਕ ਵਿਵਸਥਾ, ਸ਼ਾਲੀਨਤਾ ਅਤੇ ਨੈਤਿਕਤਾ, ਅਦਾਲਤ ਦਾ ਨਿਰਾਦਰ, ਮਾਣਹਾਨੀ ਆਦਿ ਪਰ ਇਨ੍ਹਾਂ ਕਾਨੂੰਨਾਂ ਨੂੰ ਮੁੜ ਪਰਿਭਾਸ਼ਿਤ ਅਤੇ ਸਪੱਸ਼ਟ ਕਰਨ ਦਾ ਸਮਾਂ ਆ ਗਿਆ ਹੈ।

17ਵੀਂ ਸਦੀ ਦੇ ਫਰਾਂਸ ਦੇ ਬੌਧਿਕ ਜਾਗਰਣ ਯੁੱਗ ਦੇ ਮਹਾਨ ਲੇਖਕ, ਨਾਟਕਕਾਰ ਅਤੇ ਦਾਰਸ਼ਨਿਕ ਵਾਲਟੇਅਰ ਨੇ ਕਿਹਾ ਸੀ,‘‘ਤੁਸੀਂ ਜੋ ਕਹਿੰਦੇ ਹੋ, ਮੈਂ ਉਸ ਨਾਲ ਸਹਿਮਤ ਨਹੀਂ ਹੋ ਸਕਦਾ ਪਰ ਮੈਂ ਇਸ ਨੂੰ ਕਹਿਣ ਦੇ ਤੁਹਾਡੇ ਅਧਿਕਾਰ ਦੀ ਰੱਖਿਆ ਕਰਾਂਗਾ।’’

ਸ਼ਾਇਦ ਇਹੀ ਉਹ ਇਕ ਆਧਾਰ ਹੈ ਜਿਸ ’ਤੇ ਪੁਲਸ, ਸਰਕਾਰ ਅਤੇ ਜਨਤਾ ਨੂੰ ਧਿਆਨ ਦੇਣ ਦੀ ਲੋੜ ਹੈ।


Bharat Thapa

Content Editor

Related News