ਟਰੰਪ : ਭਾਰਤ ਕਿੰਨਾ ਗੰਦਾ ਹੈ
Tuesday, Oct 27, 2020 - 02:43 AM (IST)

ਡਾ. ਵੇਦਪ੍ਰਤਾਪ ਵੈਦਿਕ
ਅਮਰੀਕਾ ਦੁਨੀਆ ਦਾ ਸਭ ਤੋਂ ਖੁਸ਼ਹਾਲ ਸ਼ਕਤੀਸ਼ਾਲੀ ਰਾਸ਼ਟਰ ਹੈ। ਉਥੋਂ ਦੀ ਜਨਤਾ ਵੀ ਪੜ੍ਹੀ-ਲਿਖੀ ਹੈ ਪਰ ਉਹ ਡੋਨਾਲਡ ਟਰੰਪ ਵਰਗੇ ਆਦਮੀ ਨੂੰ ਰਾਸ਼ਟਰਪਤੀ ਚੁਣ ਲੈਂਦੀ ਹੈ। ਇਸ ’ਚ ਅਮਰੀਕਾ ਦੇ ਆਮ ਵੋਟਰ ਨੂੰ ਅਸੀਂ ਦੋਸ਼ੀ ਨਹੀਂ ਠਹਿਰਾਅ ਸਕਦੇ। ਉਸਨੇ ਤਾਂ ਟਰੰਪ ਦੀ ਵਿਰੋਧੀ ਹਿਲੇਰੀ ਕਲਿੰਟਨ ਨੂੰ 2016 ’ਚ 30 ਲੱਖ ਵੋਟ ਜ਼ਿਆਦਾ ਦਿੱਤੇ ਸਨ ਪਰ ਅਮਰੀਕੀ ਰਾਸ਼ਟਰਪਤੀ ਇਨ੍ਹਾਂ ਸਿੱਧੀਆਂ ਵੋਟਾਂ ਨਾਲ ਨਹੀਂ ਚੁਣਿਆ ਜਾਂਦਾ ਹੈ। ਇਹ ਵੋਟਰ ਆਪਣੇ-ਆਪਣੇ ਖੇਤਰ ਦੇ ਪ੍ਰਤੀਨਿਧੀ ਨੂੰ ਚੁਣਦੇ ਹਨ ਅਤੇ ਫਿਰ ਉਹ ਪ੍ਰਤੀਨਿਧੀ ਰਲ ਕੇ ਰਾਸ਼ਟਰਪਤੀ ਦੀ ਚੋਣ ਕਰਦੇ ਹਨ।
ਉਹ ਪ੍ਰਤੀਨਿਧੀ ਜਿੰਨੀਆਂ ਵੋਟਾਂ ਨਾਲ ਜਿੱਤਦਾ ਹੈ, ਓਨੀਆਂ ਵੋਟਾਂ ਤਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਮਿਲ ਹੀ ਜਾਂਦੀਆਂ ਹਨ। ਉਸ ਖੇਤਰ ਦੇ ਵੋਟ ਵੀ ਉਸ ਪ੍ਰਤੀਨਿਧੀ ਨੂੰ ਮਿਲੇ ਮੰਨ ਲਏ ਜਾਂਦੇ ਹਨ, ਜੋ ਉਸ ਵਿਰੁੱਧ ਵੀ ਡਿੱਗਦੇ ਹਨ। ਇਸ ਅਨੋਖੀ ਪ੍ਰਕਿਰਿਆ ਕਾਰਨ ਹੀ ਟਰੰਪ ਰਾਸ਼ਟਰਪਤੀ ਬਣ ਗਏ। ਹੁਣ ‘ਇਲੈਕਟ੍ਰੋਲ ਕਾਲਜ’ ’ਚ 538 ਪ੍ਰਤੀਨਿਧੀ ਹੁੰਦੇ ਹਨ। ਇਨ੍ਹਾਂ ’ਚੋਂ ਜਿਸਨੂੰ 270 ਦਾ ਸਮਰਥਨ ਮਿਲੇ, ਉਹ ਜਿੱਤ ਜਾਂਦਾ ਹੈ। ਪਿਛਲੀ ਵਾਰ ਟਰੰਪ ਨੂੰ ਜਿਤਾਉਣ ’ਚ ਸਭ ਤੋਂ ਵੱਡੀ ਭੂਮਿਕਾ ਉਨ੍ਹਾਂ ਗੋਰੇ ਵੋਟਰਾਂ ਦੀ ਸੀ, ਜੋ ਘੱਟ ਪੜ੍ਹੇ-ਲਿਖੇ ਅਤੇ ਹੇਠਲੇ ਵਰਗ ਦੇ ਅਮਰੀਕੀ ਲੋਕ ਸਨ।
ਟਰੰਪ ਉਨ੍ਹਾਂ ਦੇ ਸੱਚੇ ਪ੍ਰਤੀਨਿਧੀ ਹਨ, ਜਿਨ੍ਹਾਂ ਦੀ ਬੋਲਚਾਲ ਵੀ ਉਨ੍ਹਾਂ ਵਰਗੀ ਹੀ ਹੈ। ਇਸ ਵਾਰ ਟਰੰਪ ਵਿਰੁੱਧ ਜੋਅ ਬਾਈਡੇਨ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ। ਉਨ੍ਹਾਂ ਨਾਲ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਖੜ੍ਹੀ ਹੈ। ਦੋਵਾਂ ਦੇ ਜਿੱਤਣ ਦੀਆਂ ਬੜੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ। ਚੋਣ ਤੋਂ ਪਹਿਲਾਂ ਦੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ 32 ਫੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ, ਜਦਕਿ ਟਰੰਪ ਨੂੰ ਸਿਰਫ 22 ਫੀਸਦੀ ਦਾ।
ਿੲਧਰ ਟਰੰਪ ਦੇ ਭਾਰਤੀ ਵੋਟਰ ਵੀ ਖਿਸਕ ਰਹੇ ਹਨ। ਮੋਦੀ ਅਤੇ ਟਰੰਪ ਦੀ ਆਪਸੀ ਖੁਸ਼ਾਮਦ ਕਾਰਨ ਟਰੰਪ ਨੂੰ ਇੰਝ ਜਾਪਦਾ ਸੀ ਕਿ ਅਮਰੀਕਾ ’ਚ ਭਾਰਤੀ ਮੂਲ ਦੇ 19 ਲੱਖ ਵੋਟ ਉਨ੍ਹਾਂ ਦੀ ਜੇਬ ’ਚ ਹਨ ਪਰ ਡੈਮੋਕ੍ਰੇਟਿਕ ਪਾਰਟੀ ਨੇ ਕਮਲਾ ਹੈਰਿਸ ਨੂੰ ਆਪਣਾ ਉਮੀਦਵਾਰ ਬਣਾ ਕੇ ਟਰੰਪ ਕਾਰਡ ਚਲਾ ਦਿੱਤਾ ਹੈ। ਟਰੰਪ ਵਿਰੁੱਧ ਭਾਰਤੀ ਮੂਲ ਦੇ ਵੋਟਰਾਂ ਨੇ ਹੁਣ ਅਜਿਹੀ ਕਮਰ ਕੱਸ ਲਈ ਹੈ ਕਿ ਟਰੰਪ ਲਈ ਹੁਣ ਮੋਦੀ-ਕਾਰਡ ਵੀ ਬੇਕਾਰ ਹੋ ਗਿਆ ਹੈ।
ਿੲਧਰ ਚੋਣਾਂ ਤੋਂ ਇਕ ਹਫਤਾ ਪਹਿਲਾਂ ਟਰੰਪ ਨੇ ਆਪਣੇ ਵਿਦੇਸ਼ ਅਤੇ ਰੱਖਿਆ ਮੰਤਰੀ ਨੂੰ ਭਾਰਤ ਭੇਜ ਕੇ ਆਪਣੇ ਵੋਟਰਾਂ ਨੂੰ ਪਟਾਉਣ ਲਈ ਇਕ ਦਾਅ ਖੇਡਿਆ ਹੈ ਪਰ ਉਨਾਂ ਦੀ ਬੇਲਗਾਮ ਜ਼ੁਬਾਨ ਨੇ ਉਸ ’ਤੇ ਵੀ ਪਾਣੀ ਫੇਰ ਦਿੱਤਾ। ਉਨ੍ਹਾਂ ਨੇ ਆਪਣੀ ਇਕ ਚੋਣ ਸਭਾ ’ਚ ਪ੍ਰਦੂਸ਼ਣ ਅਤੇ ਅਮਰੀਕਾ ਦੀ ਸਿਫਤ ਕਰਦੇ ਹੋਏ ਭਾਰਤ ਦੇ ਬਾਰੇ ਬੋਲ ਦਿੱਤਾ ਕਿ, ‘‘ਭਾਰਤ ਵੱਲ ਦੇਖੋ, ਉਹ ਕਿੰਨਾ ਗੰਦਾ ਹੈ, ਉਸਦੀ ਹਵਾ ਕਿੰਨੀ ਗੰਦੀ ਹੈ।’’
ਉਨ੍ਹਾਂ ਦੇ ਇਹ ਸ਼ਬਦ ਅਮਰੀਕਾ ਦੇ ਭਾਰਤੀ ਵੋਟਰਾਂ ਦੇ ਕੰਨਾਂ ’ਚ ਅੰਗਾਰਿਆ ਵਾਂਗ ਡਿੱਗੇ ਹਨ। ਇਹ ਠੀਕ ਹੈ ਕਿ ਜ਼ਿਆਦਾਤਰ ਦੇਸ਼ਾਂ ਦੇ ਨੇਤਾਵਾਂ ਦਾ ਦਿਮਾਗੀ ਪੱਧਰ ਟਰੰਪ ਵਰਗਾ ਹੀ ਹੰੁਦਾ ਹੈ ਪਰ ਟਰੰਪ ਨੂੰ ਆਪਣੇ ਪਰਮ ਮਿੱਤਰ ਨਰਿੰਦਰ ਮੋਦੀ ਤੋਂ ਸਿੱਖਣਾ ਚਾਹੀਦਾ ਹੈ ਕਿ ਭਾਸ਼ਣ ਕਿਵੇਂ ਦੇਣਾ ਹੈ। ਸਵਾਲਕਰਤਾਵਾਂ ਅਤੇ ਪੱਤਰਕਾਰਾਂ ਤੋਂ ਕਿਵੇਂ ਬਚਣਾ ਹੈ ਅਤੇ ਆਪਣੇ ਅਹੁਦੇ ਦੀ ਸ਼ਾਨ ਬਣਾਈ ਰੱਖਣ ਲਈ ਕਦੋਂ-ਕਦੋਂ ਚੁੱਪ ਰਹਿਣਾ ਹੈ। ਉਂਝ ਤਾਂ ਹੁਣ ਜਨਵਰੀ 2021 ਤੋਂ ਬਾਅਦ ਉਨ੍ਹਾਂ ਨੂੰ ਕਿਸੇ ਕੋਲੋਂ ਕੁਝ ਸਿੱਖਣ ਦੀ ਲੋੜ ਹੀ ਨਹੀਂ ਰਹੇਗੀ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਭਾਰ ਉਨ੍ਹਾਂ ਦੇ ਮੋਢਿਆਂ ਤੋਂ ਉਤਰ ਹੀ ਜਾਵੇਗਾ।