ਜਨਜਾਤੀ ਸਸ਼ਕਤੀਕਰਨ ਨਾਲ ਬਣੇਗਾ ਗੌਰਵਮਈ ਭਾਰਤ
Tuesday, Nov 15, 2022 - 05:57 PM (IST)

ਅਰਜੁਨ ਮੁੰਡਾ
ਨਵੀਂ ਦਿੱਲੀ- ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕ੍ਰਿਸ਼ਮਈ ਭਰੀ ਅਗਵਾਈ ’ਚ ਭਾਰਤ ਸਰਕਾਰ ਨੇ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਵਾਲੇ ਦਿਨ ਨੂੰ ਹਰ ਸਾਲ ਜਨਜਾਤੀ ਗੌਰਵ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਪੂਰੇ ਦੇਸ਼ ਲਈ ਇਤਿਹਾਸਕ ਪਲ ਸੀ ਕਿਉਂਕਿ ਜਨਜਾਤੀ ਗੌਰਵ ਦਿਵਸ ਗੌਰਵਮਈ ਜਨਜਾਤੀ ਵਿਰਾਸਤ, ਪ੍ਰੰਪਰਾ, ਸੱਭਿਆਚਾਰ ਅਤੇ ਭਾਰਤ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ ਜੋ ਸਵੈ-ਨਿਰਭਰ ਭਾਰਤ ਦੀ ਭਾਵਨਾ ਨਾਲ ਭਰਪੂਰ ਹਨ। ਇਹ ਕੌਮਾਂਤਰੀ ਮੰਚ ’ਤੇ ਭਾਰਤ ਦੇ ਅਕਸ ਨੂੰ ਵੀ ਮਜ਼ਬੂਤ ਕਰਦਾ ਹੈ। ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਇਸ ਅੰਮ੍ਰਿਤਕਾਲ ’ਚ ਦੇਸ਼ ਨੇ ਸੰਕਲਪ ਲਿਆ ਹੈ ਕਿ ਉਹ ਭਾਰਤ ਦੀ ਜਨਜਾਤੀ ਵਿਰਾਸਤ ਅਤੇ ਪ੍ਰੰਪਰਾਵਾਂ ਤੇ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਨੂੰ ਹੋਰ ਵਧੇਰੇ ਵਿਸ਼ਾਲ ਰੂਪ ਨਾਲ ਵਿਆਪਕ ਪਛਾਣ ਦਿਵਾਏਗਾ।
ਦੁਨੀਆ ਦੀ ਲਗਭਗ 25 ਫੀਸਦੀ ਜਨਜਾਤੀ ਆਬਾਦੀ ਭਾਰਤ ’ਚ ਰਹਿੰਦੀ ਹੈ। ਇਹ ਗੱਲ ਭਾਰਤ ਨੂੰ ਇਕ ਵੰਨ-ਸੁਵੰਨੇ ਅਤੇ ਖੁਸ਼ਹਾਲ ਸੱਭਿਆਚਾਰ ਵਿਰਾਸਤ ਵਾਲਾ ਦੇਸ਼ ਬਣਾਉਂਦੀ ਹੈ। ਇਸ ’ਚ ਨੌਜਵਾਨ ਆਦਿਵਾਸੀ ਵੀ ਸ਼ਾਮਲ ਹਨ। ਉਹ ਸਿੱਖਿਆ, ਖੇਡ ਵਰਗੇ ਖੇਤਰਾਂ ਲਈ ਖੁਦ ਨੂੰ ਮਿਲ ਰਹੇ ਮੌਕਿਆਂ ਦਾ ਪੂਰੇ ਸਮਰਪਣ ਅਤੇ ਪ੍ਰਤੀਬੱਧਤਾ ਨਾਲ ਲਾਭ ਉਠਾ ਰਹੇ ਹਨ। ਉਹ ਵੱਕਾਰੀ ਪਦਮ ਪੁਰਸਕਾਰ ਵੀ ਜਿੱਤ ਰਹੇ ਹਨ। ਨਾਲ ਹੀ ਆਪਣੀ ਕੌਮਾਂਤਰੀ ਪਛਾਣ ਵੀ ਬਣਾ ਰਹੇ ਹਨ। ਭਾਵੇਂ ਵੱਖ-ਵੱਖ ਤਰ੍ਹਾਂ ਦੀਆਂ ਯੋਗਤਾਵਾਂ ਨਾਲ ਖੁਸ਼ਹਾਲ ਹੋਣ ਤੋਂ ਬਾਅਦ ਵੀ ਨਜ਼ਰਅੰਦਾਜ਼ੀ ਕਾਰਨ ਜਨਜਾਤੀ ਭਾਈਚਾਰੇ ਨੂੰ ਲੰਬੇ ਸਮੇਂ ਤਕ ਸੰਘਰਸ਼ ਕਰਨਾ ਪਿਆ ਹੈ ਪਰ ਹੁਣ ਸਾਡੇ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਹੇਠ ਜਨਜਾਤੀ ਸਮਾਜ ਦੇ ਹਾਲਾਤ ਹਮੇਸ਼ਾ ਲਈ ਵਧੀਆ ਹੋ ਰਹੇ ਹਨ।
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਹੁਣ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਹਨ। ਸਾਡੇ ਮਾਣਯੋਗ ਰਾਸ਼ਟਰਪਤੀ ਦੇਸ਼ ਦੀਆਂ ਅਨੁਸੂਚਿਤ ਜਨਜਾਤੀਆਂ ਦੀ ਬੇਮਿਸਾਲ ਸਮਰਥਾ ਦੀ ਇਕ ਬਹੁਤ ਵਧੀਆ ਉਦਾਹਰਣ ਹਨ। ਇਸ ਚੋਟੀ ਦੇ ਅਹੁਦੇ ’ਤੇ ਮੁਰਮੂ ਦੀ ਨਿਯੁਕਤੀ ਜਨਜਾਤੀ ਸਮਾਜ ਪ੍ਰਤੀ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦੀ ਹੈ। ਇਸ ਸਰਕਾਰ ਦੇ ਚੰਗੇ ਰਾਜ ਦੇ 8 ਸਾਲਾਂ ਦੌਰਾਨ ਜਨਜਾਤੀ ਭਾਈਚਾਰੇ ਦੇ ਲੋਕਾਂ ਦੇ ਮਸਲਿਆਂ ਨੂੰ ਹਰ ਢੰਗ ਨਾਲ ਜੋ ਸਾਡੇ ਸਿਧਾਂਤ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਔਰ ਸਭ ਕਾ ਪ੍ਰਯਾਸ’ ਦੇ ਭਾਵ ਨੂੰ ਪ੍ਰਦਰਸ਼ਿਤ ਕਰਦਾ ਹੈ। ਆਪਣੇ ਇਸ ਸਿਧਾਂਤ ਨਾਲ ਸਾਡੀ ਸਰਕਾਰ ਨੇ ਲੋਕ ਹਿਤੈਸ਼ੀ ਰਾਜ ਨੂੰ ਅੱਗੇ ਵਧਾਉਣ ਲਈ ਸਖਤ ਮਿਹਨਤ ਕੀਤੀ ਹੈ।
ਜੇ ਮੈਂ ਨਿੱਜੀ ਤਜਰਬੇ ਦੀ ਗੱਲ ਕਰਾਂ ਤਾਂ ਜਦੋਂ ਮੈਂ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਸੰਬੰਧੀ ਵਿਚਾਰ ਕਰਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਨਜਾਤੀ ਸਮਾਜ ਨੂੰ ਵਿਕਸਤ ਕਰਨਾ, ਸਭ ਜਨਜਾਤੀ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ, ਉਨ੍ਹਾਂ ਦੇ ਅਹਿਮ ਸੰਸਥਾਗਤ ਮਸਲਿਆਂ ਨੂੰ ਸੁਲਝਾਉਣਾ ਅਤੇ ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਅਹਿਮੀਅਤ ਦਿੰਦੇ ਹੋਏ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਸਾਡੇ ਪ੍ਰਧਾਨ ਮੰਤਰੀ ਨੇ ਵਿਕਾਸ ਲਈ ਜਿਸ ਅਹਿਮ ਰਣਨੀਤੀ ’ਤੇ ਜ਼ੋਰ ਦਿੱਤਾ ਹੈ, ਉਹ ਸਮੁੱਚੀ ਸਿੱਖਿਆ ਹੈ। ਇਹ ਇਕ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਕਿਸੇ ਵੀ ਭਾਈਚਾਰੇ, ਵਰਗ ਜਾਂ ਦੇਸ਼ ਨੂੰ ਉਸਾਰੂ ਪੱਖੋਂ ਅੱਗੇ ਵਧਣ, ਲੋੜੀਂਦੇ ਸੁਧਾਰ ਕਰਨ ਅਤੇ ਖੁਸ਼ਹਾਲ ਭਵਿੱਖ ਲਈ ਇਕ ਸਫਲ ਦ੍ਰਿਸ਼ਟੀਕੋਣ ਅਪਣਾਉਣ ’ਚ ਸਮਰਥ ਬਣਾਉਂਦਾ ਹੈ।
ਭਾਰਤ @2047 ਦਾ ਵਿਜ਼ਨ ਪਿੰਡਾਂ ਅਤੇ ਸ਼ਹਿਰਾਂ ਦੋਹਾਂ ’ਚ ਹਰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨਾ, ਦੁਨੀਆ ਦੇ ਸਭ ਤੋਂ ਉੱਨਤ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਕੇ ਖੁਸ਼ਹਾਲੀ ਦੇ ਉੱਚੇ ਪੱਧਰ ਨੂੰ ਹਾਸਲ ਕਰਨਾ ਹੈ। ਇਹ ਨਿਸ਼ਾਨਾ ਵਿਜ਼ਨ ਭਾਰਤ @2047 ਲਈ ਨੀਂਹ ਵਾਂਗ ਹੈ। ਵਿਜ਼ਨ 2047 ਦੇ ਇਸ ਮੂਲ ਤੱਤ ਨੂੰ ਰਫਤਾਰ ਦਿੰਦੇ ਹੋਏ ਜਨਜਾਤੀ ਮਾਮਲਿਆਂ ਬਾਰੇ ਮੰਤਰਾਲਾ ਨੇ ਤੈਅ ਕੀਤਾ ਹੈ ਕਿ ਸਥਾਈ ਰੋਜ਼ੀ-ਰੋਟੀ, ਆਮਦਨ ਦਾ ਸਿਰਜਨ, ਰੋਜ਼ੀ-ਰੋਟੀ ’ਚ ਵਾਧਾ, ਸਿਹਤ ਅਤੇ ਉਨ੍ਹਾਂ ਦੀਆਂ ਵੱਖ-ਵੱਖ ਜਾਤੀ ਸੰਸਕ੍ਰਿਤੀਆਂ ਨੂੰ ਹੱਲਾਸ਼ੇਰੀ ਦੇਣਾ ਜ਼ਰੂਰੀ ਹੈ। ਸਾਡੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਪਹਿਲਾਂ ਦੇ ਨਤੀਜਿਆਂ ਵਜੋਂ ਅੱਜ ਜਨਜਾਤੀ ਲੋਕ ਸਮਾਜ ’ਚ ਵਧੇਰੇ ਸੰਗਠਿਤ ਅਤੇ ਇਕਮੁੱਠ ਮਹਿਸੂਸ ਕਰਦੇ ਹਨ। ਅਸੀਂ ਭਾਰਤ ’ਚ ਕਈ ਜਨਜਾਤੀ ਭਾਸ਼ਾਵਾਂ ਨੂੰ ਸੰਭਾਲਣ ਲਈ ਯਤਨ ਕਰ ਰਹੇ ਹਾਂ। ਜਨਜਾਤੀ ਭਾਸ਼ਾਵਾਂ ’ਚ ਵਰਣਮਾਲਾ ਦੀ ਕਿਤਾਬ ਤਿਆਰ ਕਰਨ ਲਈ ਵਿੱਦਿਅਕ ਅਦਾਰਿਆਂ ਅਤੇ ਮਾਹਿਰਾਂ ਨਾਲ ਕੰਮ ਕਰ ਰਹੇ ਹਾਂ।
ਲੰਬੀ ਮਿਆਦ ’ਚ ਮੈਂ ਆਪਣੇ ਦੇਸ਼ ਭਾਰਤ ਨੂੰ ਠੋਸ ਸਮਾਜਿਕ, ਆਰਥਿਕ ਆਧਾਰ ਦੇ ਨਾਲ ਸਥਾਈ ਵਿਕਾਸ ਦੇ ਮੋਹਰੀ ਵਜੋਂ ਦੇਖਦਾ ਹਾਂ ਜੋ ਸਭ ਲੋਕਾਂ ਨੂੰ ਵਿਆਪਕ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ। ਭਾਰਤ ਹੌਲੀ-ਹੌਲੀ ਮਹਾਸ਼ਕਤੀ ਬਣਨ ਦੇ ਨਿਸ਼ਾਨੇ ਵੱਲ ਅੱਗੇ ਵਧ ਰਿਹਾ ਹੈ। ਇਥੇ ਉਸ ਦੀ ਆਵਾਜ਼ ਸਪੱਸ਼ਟ ਰੂਪ ਨਾਲ ਸੁਣੀ ਜਾਏਗੀ। ਇਥੇ ਉਹ ਬਰਾਬਰੀ ਦਾ ਭਾਈਵਾਲ ਹੋਵੇਗਾ। ਵੱਖ-ਵੱਖ ਵਿਕਾਸ ਵਾਲੀਆਂ ਪਹਿਲਕਦਮੀਆਂ ਰਾਹੀਂ ਅਸੀਂ ਭਾਰਤ ਦੀ ਸਮਰੱਥਾ ਨੂੰ ਵਧਾਉਣ ਅਤੇ ਇਕ ਖੁਸ਼ਹਾਲ ਤੇ ਲੋਕਾਂ ਦੀ ਭਾਈਵਾਲੀ ਵਾਲਾ ਦੇਸ਼ ਬਣਾਉਣ ਲਈ ਇਕੱਠਿਆਂ ਮਿਲ ਕੇ ਇਸ ਯਾਤਰਾ ਨੂੰ ਸ਼ੁਰੂ ਕਰ ਰਹੇ ਹਾਂ।