ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਦਾ 'ਦੁਖਦਾਈ ਦਿਹਾਂਤ'
Friday, Sep 02, 2022 - 02:54 AM (IST)
ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਦਾ 30 ਅਤੇ 31 ਅਗਸਤ ਦੀ ਦਰਮਿਆਨੀ ਰਾਤ ਨੂੰ ਮਾਸਕੋ ’ਚ 91 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਰੂਸ ਦੇ ਦੱਖਣੀ ਇਲਾਕੇ ਦੇ ਇਕ ਪਿੰਡ ’ਚ ਯੂਕ੍ਰੇਨੀ ਅਤੇ ਰੂਸੀ ਕਿਸਾਨ-ਮਜ਼ਦੂਰ ਮਾਤਾ-ਪਿਤਾ ਦੇ ਇੱਥੇ ਜਨਮੇ ਮਿਖਾਇਲ ਗੋਰਬਾਚੋਵ ਨੇ 15 ਸਾਲ ਦੀ ਉਮਰ ’ਚ ਆਪਣੇ ਮਾਤਾ-ਪਿਤਾ ਦੇ ਕੰਮ ’ਚ ਉਨ੍ਹਾਂ ਦਾ ਹੱਥ ਵੰਡਾਉਣਾ ਸ਼ੁਰੂ ਕਰ ਦਿੱਤਾ ਸੀ। 17 ਸਾਲ ਦੀ ਉਮਰ ’ਚ ਰੂਸ ਦੀ ਕਮਿਊਨਿਸਟ ਪਾਰਟੀ ਦੀ ਮੈਂਬਰੀ ਨਾਲ ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਹੋਈ ਅਤੇ ਉਨ੍ਹਾਂ ਨੂੰ ਰੂਸ ਦੀ ਕਮਿਊਨਿਸਟ ਪਾਰਟੀ ਦਾ ਪ੍ਰਚਾਰ ਅਧਿਕਾਰੀ ਬਣਾ ਕੇ ਸਾਲ 1971 ’ਚ ਪਾਰਟੀ ਦੀ ਸ਼ਕਤੀਸ਼ਾਲੀ ਕੇਂਦਰੀ ਕਮੇਟੀ ’ਚ ਚੁਣਨ ਤੋਂ ਬਾਅਦ 1978 ’ਚ ਸੋਵੀਅਤ ਖੇਤੀ ਨੀਤੀ ਦਾ ਕਰਤਾ-ਧਰਤਾ ਅਤੇ 1980 ’ਚ ਪੋਲਿਟ ਬਿਊਰੋ ਦਾ ਪੂਰਨ ਮੈਂਬਰ ਬਣਾ ਦਿੱਤਾ ਗਿਆ।
ਮਾਰਚ 1985 ’ਚ ਰਾਸ਼ਟਰਪਤੀ ਚੇਰਨੇਂਕੋ ਦੀ ਮੌਤ ਤੋਂ ਬਾਅਦ ਪਾਰਟੀ ਨੇ ਇਕ ਨੌਜਵਾਨ ਨੇਤਾ ਨੂੰ ਦੇਸ਼ ਦੀ ਵਾਗਡੋਰ ਸੌਂਪਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ 54 ਸਾਲ ਦੀ ਉਮਰ ’ਚ ਮਿਖਾਇਲ ਗੋਰਬਾਚੋਵ ਦੇਸ਼ ਦੇ ਸਰਵਉੱਚ ਨੇਤਾ ਅਤੇ 8ਵੇਂ ਰਾਸ਼ਟਰਪਤੀ ਬਣੇ। ਗੋਰਬਾਚੋਵ ਲੋਕਤੰਤਰ ਦੇ ਸਮਰਥਕ ਸਨ ਅਤੇ ਅਕਸਰ ਕਹਿੰਦੇ ਹੁੰਦੇ ਸਨ, ‘‘ਇਹ ਗੱਲ ਬਿਲਕੁਲ ਸੱਚ ਹੈ ਕਿ ਮੈਨੂੰ ਕਦੀ ਵੀ ‘ਜ਼ਾਰ’ (ਤਾਨਾਸ਼ਾਹ) ਦੇ ਵਾਂਗ ਸ਼ਾਸਨ ਕਰਨਾ ਆਇਆ ਹੀ ਨਹੀਂ।’’ ਇਹੀ ਕਾਰਨ ਹੈ ਕਿ ਲੋਕਤੰਤਰ ’ਚ ਯਕੀਨ ਰੱਖਣ ਵਾਲੇ ਦੇਸ਼ਾਂ ਦੇ ਨੇਤਾ ਮਿਖਾਇਲ ਗੋਰਬਾਚੋਵ ਨੂੰ ‘ਸ਼ਾਂਤੀ ਨਾਇਕ’ ਦੇ ਰੂਪ ’ਚ ਯਾਦ ਕਰਦੇ ਹਨ। ਮਿਖਾਇਲ ਗੋਰਬਾਚੋਵ ਨੇ ‘ਪ੍ਰਮਾਣੂ ਹਥਿਆਰ ਕੰਟਰੋਲ ਸੰਧੀ’ ਕਰ ਕੇ ਅਮਰੀਕਾ ਦੇ ਨਾਲ ਦੂਜੀ ਵਿਸ਼ਵ ਜੰਗ ਦੇ ਸਮੇਂ ਤੋਂ ਚੱਲੀ ਆ ਰਹੀ ਸੀਤ ਜੰਗ ਖਤਮ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ 1990 ’ਚ ਸ਼ਾਂਤੀ ਦਾ ‘ਨੋਬਲ ਪੁਰਸਕਾਰ’ ਦਿੱਤਾ ਗਿਆ।
ਸੋਵੀਅਤ ਸੰਘ ਦੀ ਸ਼ਾਸਨ ਪ੍ਰਣਾਲੀ ’ਚ ਸੁਧਾਰਾਂ ਦੇ ਯਤਨ ਦੀ ਲੜੀ ’ਚ ਉਨ੍ਹਾਂ ਨੇ ਆਪਣੇ ਸ਼ਾਸਨਕਾਲ ਦੇ ਦੌਰਾਨ ਦੇਸ਼ ’ਚ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ’ (ਗਲਾਸਨੋਸਤ) ਅਤੇ ‘ਪੁਨਰਗਠਨ’ (ਪੇਰੇਸਤ੍ਰੋਇਕਾ) ਦੀਆਂ ਨੀਤੀਆਂ ਨੂੰ ਲਾਗੂ ਕੀਤਾ। ਉਨ੍ਹਾਂ ਨੇ ਬਰਲਿਨ ਦੀ ਦੀਵਾਰ ਡੇਗਣ ਅਤੇ ਦੋਵਾਂ ਜਰਮਨੀਆਂ ਦੇ ਏਕੀਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਜਰਮਨੀ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਗੋਰਬੀ’ ਬੁਲਾਉਂਦੇ ਹਨ। ਉਹ ਹਮੇਸ਼ਾ ਖੁਦ ਨੂੰ ‘ਥਰਡ ਪਰਸਨ’ ਦੇ ਰੂਪ ’ਚ ਸੰਬੋਧਿਤ ਕਰਦੇ। ਇਕ ਵਾਰ ਉਨ੍ਹਾਂ ਨੇ ਆਪਣੀ ਆਤਮਕਥਾ ਦੇ ਲੇਖਕ ਵਿਲੀਅਮ ਟਾਬਮੈਨ ਨੂੰ ਕਿਹਾ ਸੀ, ‘‘ਗੋਰਬਾਚੋਵ ਨੂੰ ਸਮਝਣਾ ਔਖਾ ਹੈ।’’ ਅਮਰੀਕੀ ਕੂਟਨੀਤਕ ਤੇ ਰੂਸੀ ਮਾਮਲਿਆਂ ਦੇ ਮਾਹਿਰ ਜਾਰਜ ਕਨੇਨ ਨੇ ਤਾਂ ਗੋਰਬਾਚੋਵ ਨੂੰ ਇਕ ‘ਚਮਤਕਾਰ’ ਤੇ ਅਜਿਹਾ ਵਿਅਕਤੀ ਕਰਾਰ ਦਿੱਤਾ ਹੈ, ਜੋ ਦੁਨੀਆ ਨੂੰ ਸੋਵੀਅਤ ਵਿਚਾਰਧਾਰਾ ਦੇ ਹਿਸਾਬ ਨਾਲ ਨਹੀਂ ਸਗੋਂ ਉਸ ਦੇ ਅਸਲੀ ਰੂਪ ’ਚ ਦੇਖਦਾ ਸੀ।
ਗੋਰਬਾਚੋਵ ਨੇ ਹੀ ਅਫਗਾਨਿਸਤਾਨ ਤੋਂ ਰੂਸੀ ਫੌਜਾਂ ਦੀ ਵਾਪਸੀ ਯਕੀਨੀ ਕਰਵਾਈ ਸੀ ਪਰ ਉਨ੍ਹਾਂ ਦੇ ਹੀ ਸ਼ਾਸਨਕਾਲ ’ਚ ਰੂਸ ’ਚ ਚੇਅਰਨੋਬਿਲ ਪ੍ਰਮਾਣੂ ਪਲਾਂਟ ਲੀਕ ਕਾਂਡ (1986) ਵੀ ਹੋਇਆ, ਜਿਸ ਦੇ ਕਾਰਨ ਵੱਡੀ ਗਿਣਤੀ ’ਚ ਲੋਕ ਮਾਰੇ ਗਏ। ਗੋਰਬਾਚੋਵ ਨੇ ਭਾਰਤ ਦੇ ਨਾਲ ਆਪਣੇ ਦੇਸ਼ ਦੇ ਸਬੰਧਾਂ ਨੂੰ ਹਮੇਸ਼ਾ ਮਹੱਤਵ ਦਿੱਤਾ। 1986 ਅਤੇ 1988 ’ਚ ਆਪਣੀਆਂ 2 ਭਾਰਤ ਯਾਤਰਾਵਾਂ ਦਰਮਿਆਨ ਉਨ੍ਹਾਂ ਨੇ ਭਾਰਤ ਦੇ ਨਾਲ ਰੱਖਿਆ ਅਤੇ ਆਰਥਿਕ ਸਹਿਯੋਗ ਮਜ਼ਬੂਤ ਕਰਨ ਸਬੰਧੀ ਕਈ ਸਮਝੌਤੇ ਕੀਤੇ। ਰਾਸ਼ਟਰਪਤੀ ਗੋਰਬਾਚੋਵ ਦੇ ਗੁਣਾਂ ਦੇ ਕਾਰਨ ਹੀ ਉਨ੍ਹਾਂ ਦੇ ਕੱਟੜ ਵਿਰੋਧੀ ਰਹੇ ਰੂਸ ਦੇ ਮੌਜੂਦਾ ਤਾਨਾਸ਼ਾਹ ਵਲਾਦੀਮੀਰ ਪੁਤਿਨ ਨੇ ਵੀ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਤਿਹਾਸ ਬਦਲਣ ਵਾਲਾ ਨੇਤਾ ਕਰਾਰ ਦਿੱਤਾ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਕਹਿਣਾ ਹੈ, ‘‘ਦਹਾਕਿਆਂ ਦੇ ਸਿਆਸੀ ਘਾਣ ਤੋਂ ਬਾਅਦ ਗੋਰਬਾਚੋਵ ਲੋਕਤੰਤਰਿਕ ਸੁਧਾਰ ਲੈ ਕੇ ਆਏ, ਜਿਸ ਦੇ ਨਤੀਜੇ ਵਜੋਂ ਇਕ ਸੁਰੱਖਿਅਤ ਵਿਸ਼ਵ ਹੋਂਦ ’ਚ ਆਇਆ ਅਤੇ ਲੱਖਾਂ ਲੋਕਾਂ ਨੂੰ ਆਜ਼ਾਦੀ ਮਿਲੀ।’’ ਇਸੇ ਤਰ੍ਹਾਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਅਨੁਸਾਰ ਗੋਰਬਾਚੋਵ ਇਤਿਹਾਸ ਦਾ ਰੁਖ ਬਦਲਣ ਵਾਲੇ ਆਪਣੀ ਕਿਸਮ ਦੇ ਇਕਲੌਤੇ ਰਾਸ਼ਟਰਨਾਇਕ ਸਨ। ਬੇਸ਼ੱਕ ਰੂਸ ’ਚ ਕੁਝ ਲੋਕ ਗੋਰਬਾਚੋਵ ਨੂੰ ਦੇਸ਼ ਦੇ ਟੁੱਟਣ ਲਈ ਜ਼ਿੰਮੇਵਾਰ ਮੰਨਦੇ ਹੋਣ ਪਰ ਵਿਸ਼ਵ ਦੇ ਵਧੇਰੇ ਨੇਤਾਵਾਂ ਦੀ ਨਜ਼ਰ ’ਚ ਉਹ ਇਕ ਉਦਾਰਵਾਦੀ ਅਤੇ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਵਿਸ਼ਵ ’ਚ ਸ਼ਾਂਤੀ ਸਥਾਪਿਤ ਕਰ ਕੇ ਸੀਤਜੰਗ ਦਾ ਮਾਹੌਲ ਖਤਮ ਕਰਨ ’ਚ ਵੱਡੀ ਭੂਮਿਕਾ ਨਿਭਾਈ।
ਅੱਜ ਜਦਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਆਪਣੀਆਂ ਵਿਸਤਾਰਵਾਦੀ ਨੀਤੀਆਂ ਕਾਰਨ ਯੂਕ੍ਰੇਨ ਨਾਲ ਜੰਗ ਛੇੜੀ ਹੋਈ ਹੈ, ਇਸ ਨਾਲ ਨਾ ਸਿਰਫ ਦੋਵਾਂ ਧਿਰਾਂ ਨੂੰ ਭਾਰੀ ਜਾਨੀ ਨੁਕਸਾਨ ਹੋ ਰਿਹਾ ਹੈ ਸਗੋਂ ਸਾਰੀ ਦੁਨੀਆ ’ਚ ਬੇਚੈਨੀ ਫੈਲਣ ਤੋਂ ਇਲਾਵਾ ਲੋਕਾਂ ਨੂੰ ਰੂਸ ਦੇ ਕਦਮ ਨਾਲ ਮਹਿੰਗਾਈ, ਬੇਰੋਜ਼ਗਾਰੀ, ਤੇਲ ਦੀ ਘਾਟ ਆਦਿ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਇਸੇ ਤਰ੍ਹਾਂ ਰੂਸ ਦੇ ਸਾਥੀ ਚੀਨ ਨੇ ਨਾ ਸਿਰਫ ਤਿੱਬਤ ’ਤੇ ਕਬਜ਼ਾ ਕੀਤਾ ਹੋਇਆ ਹੈ ਸਗੋਂ ਉੱਥੋਂ ਦੇ ਧਾਰਮਿਕ ਨੇਤਾ ਦਲਾਈਲਾਮਾ ਨੂੰ ਜਲਾਵਤਨ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਕਰ ਦਿੱਤਾ ਹੈ, ਜੋ ਭਾਰਤ ਦੇ ਧਰਮਸ਼ਾਲਾ ’ਚ ਰਹਿ ਰਹੇ ਹਨ।
ਬੀਤੇ ਦਿਨੀਂ ਚੀਨ ਨੇ ਭਾਰਤੀ ਸਰਹੱਦ ਦੇ ਨੇੜੇ 25000 ਏਕੜ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ 4 ਪਿੰਡ ਵਸਾ ਲਏ ਅਤੇ ਹਾਲ ਹੀ ’ਚ ਲੱਦਾਖ ’ਚ ਐੱਲ. ਏ. ਸੀ. ’ਚ ਡੇਮਚੋਕ ਦੇ ਨੇੜੇ ਭਾਰਤੀ ਚਰਵਾਹਿਆਂ ਨੂੰ ਰੋਕਣ ਦੀ ਜੁਰਅੱਤ ਵੀ ਕੀਤੀ ਹੈ। ਅਜਿਹੇ ’ਚ ਸ਼ਾਂਤੀ ਅਤੇ ਸਹਿਹੋਂਦ ਦੇ ਪ੍ਰਤੀਕ ਮਿਖਾਇਲ ਗੋਰਬਾਚੋਵ ਦੀ ਮੌਤ ਦੁਖਦਾਈ ਹੀ ਮੰਨੀ ਜਾਵੇਗੀ, ਜੋ ਆਪਣੇ ਜੀਵਨ ਦੇ ਔਖੇ ਪਲਾਂ ’ਚ ਵੀ ਕਦੀ ਆਸ ਦਾ ਪੱਲਾ ਅਤੇ ਹੌਸਲਾ ਨਹੀਂ ਛੱਡਦੇ ਸਨ। ਉਹ ਇਕ ਹੌਸਲੇ ਵਾਲੇ ਸਿਆਸਤਦਾਨ ਸਨ, ਜਿਨ੍ਹਾਂ ਨੇ ਸਿਰਫ ਸ਼ਾਸਨ ਕਰਨ ਲਈ ਕਦੀ ਸੱਤਾ ਨਹੀਂ ਚਾਹੀ।
-ਵਿਜੇ ਕੁਮਾਰ