‘ਕਿਸਾਨਾਂ ਦੇ ਰੇਲ ਰੋਕੋ ਕਾਰਣ’ ਜ਼ਰੂਰੀ ਸਾਮਾਨ ਦੇ ‘ਹਜ਼ਾਰਾਂ ਕੰਟੇਨਰ ਡਿਪੂਆਂ ’ਚ ਫਸੇ’

10/12/2020 2:24:52 AM

ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ, ਹਰਿਆਣਾ ਅਤੇ ਕੁਝ ਹੋਰ ਸੂਬਿਆਂ ਦੇ ਕਿਸਾਨ ਪਿਛਲੇ 18 ਦਿਨਾਂ ਤੋਂ ‘ਰੇਲ ਰੋਕੋ ਅੰਦੋਲਨ’ ਕਰ ਰਹੇ ਹਨ। ਇਸ ਨਾਲ ਪੰਜਾਬ ਅਤੇ ਹਰਿਆਣਾ ’ਚ ਰੇਲ ਸੇਵਾਵਾਂ ਬੁਰੀ ਤਰ੍ਹਾਂ ਰੁਕੀਆਂ ਹੋਈਆਂ ਹਨ ਅਤੇ ਕਈ ਹਿੱਸਿਆਂ ’ਚ ਜ਼ਰੂਰੀ ਸੇਵਾਵਾਂ ’ਤੇ ਵੀ ਉਲਟ ਪ੍ਰਭਾਵ ਪਿਆ ਹੈ।

ਪੰਜਾਬ ’ਚ ਲਗਭਗ 30 ਕਿਸਾਨ ਸੰਗਠਨਾਂ ਨੇ ਲਗਭਗ 5 ਦਰਜਨ ਥਾਵਾਂ ’ਤੇ ਪੱਕੇ ਧਰਨੇ ਲਾਏ ਹੋੲੇ ਹਨ। ਰੇਲ ਰੋਕੋ ਅੰਦੋਲਨ ਕਾਰਣ ਮਾਲ ਗੱਡੀਆਂ ਨੂੰ ਛੋਟ ਦੇਣ ਲਈ 10 ਅਕਤੂਬਰ ਨੂੰ ਬਰਨਾਲਾ ’ਚ ਆਯੋਜਿਤ ਬੈਠਕ ਵਿਚ 30 ’ਚੋਂ 7 ਕਿਸਾਨ ਸੰਗਠਨਾਂ ਦੇ ਅਹੁਦੇਦਾਰਾਂ ਦੇ ਸ਼ਾਮਲ ਨਾ ਹੋਣ ਕਾਰਣ ਬਿਨਾਂ ਿਕਸੇ ਫੈਸਲੇ ਦੇ ਖਤਮ ਹੋ ਗਈ।

‘ਰੇਲ ਰੋਕੋ ਅੰਦੋਲਨ’ ਕਾਰਣ ਵੱਡੀ ਗਿਣਤੀ ’ਚ ਯਾਤਰੀ ਅਤੇ ਲਗਭਗ 700 ਮਾਲ ਗੱਡੀਆਂ ਰੱਦ ਕੀਤੇ ਜਾਣ ਕਾਰਣ ਸੂਬੇ ’ਚ ਦੂਜੇ ਸੂਬਿਆਂ ਤੋਂ ਡੀਜ਼ਲ, ਪੈੈਟਰੋਲ, ਬਾਰਦਾਨਾ, ਯੂਰੀਆ, ਸੀਮੈਂਟ ਆਦਿ ਆਉਣਾ ਬੰਦ ਹੋ ਜਾਣ ਨਾਲ ਕਈ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਸੀਮੈਂਟ ਦੇ ਰੇਟ ’ਚ ਘੱਟੋ-ਘੱਟ 10 ਰੁਪਏ ਪ੍ਰਤੀ ਬੋਰੀ ਦਾ ਵਾਧਾ ਹੋ ਗਿਆ ਹੈ।

ਪੰਜਾਬ ਤੋਂ ਦੂਜੇ ਸੂਬਿਆਂ ਨੂੰ ਆਲੂ, ਚੌਲ ਅਤੇ ਅਨਾਜ ਦੀ ਸਪਲਾਈ ਠੱਪ ਹੋ ਗਈ ਹੈ ਅਤੇ ਵੱਡੀ ਗਿਣਤੀ ’ਚ ਪੰਜਾਬ ਤੋਂ ਬਰਾਮਦ ਕੀਤੇ ਜਾਣ ਵਾਲੇ ਅਤੇ ਦੂਜੇ ਸੂਬਿਆਂ ਤੋਂ ਦਰਾਮਦ ਕੀਤੇ ਜਾਣ ਵਾਲੇ ਸਾਮਾਨ ਦੇ ਡਿਪੂਆਂ ’ਤੇ ਫਸ ਜਾਣ ਕਾਰਣ ਦਰਾਮਦਕਾਰਾਂ ਅਤੇ ਬਰਾਮਦਕਾਰਾਂ ’ਚ ਹਾਹਾਕਾਰ ਮਚ ਗਈ ਹੈ।

ਇਸ ਸਮੇਂ ਪੰਜਾਬ ’ਚ ਵੱਖ-ਵੱਖ ਡਿਪੂਆਂ ’ਤੇ ਕਈ ਤਰ੍ਹਾਂ ਦੇ ਸਾਮਾਨਾਂ ਨਾਲ ਲੱਦੇ 10,000 ਤੋਂ ਜ਼ਿਆਦਾ ਕੰਟੇਨਰ ਫਸ ਜਾਣ ਕਾਰਣ ਬਰਾਮਦਕਾਰਾਂ ਨੇ ਅੱਗੇ ਉਤਪਾਦਨ ਬੰਦ ਕਰ ਦਿੱਤਾ ਹੈ। ਧਾਗਾ ਅਤੇ ਹੋਰ ਕੱਚਾ ਮਾਲ ਵਿਦੇਸ਼ਾਂ ਤੋਂ ਭਾਰਤ ’ਚ ਨਾ ਪਹੁੰਚ ਸਕਣ ਕਾਰਣ ਲੁਧਿਆਣਾ ਦਾ ਹੌਜ਼ਰੀ ਉਦਯੋਗ ਬੰਦ ਹੋਣ ਦੇ ਕੰਢੇ ’ਤੇ ਪਹੁੰਚ ਗਿਆ ਹੈ।

ਇਹੀ ਨਹੀਂ, ਖੁਰਾਕੀ ਤੇਲ, ਡਰਾਈ ਫਰੂਟ ਅਤੇ ਹੋਰ ਜਲਦੀ ਖਰਾਬ ਹੋਣ ਵਾਲੀ ਵਸਤੂਆਂ ਦੇ ਕੰਟੇਨਰ ਵੀ ਜਗ੍ਹਾ-ਜਗ੍ਹਾ ਡਿਪੂਆਂ ’ਚ ਖੜ੍ਹੇ ਹਨ, ਜਿਨ੍ਹਾਂ ਨੂੰ ਧਰਨਾ ਲਾਈ ਬੈਠੇ ਕਿਸਾਨ ਬਾਹਰ ਨਹੀਂ ਆਉਣ ਦੇ ਰਹੇ।

ਅੰਮ੍ਰਿਤਸਰ ਦੇ ਇਕ ਵਪਾਰੀ ਦੇ ਡਰਾਈਫਰੂਟ ਦੇ 22 ਕੰਟੇਨਰ ਪਿਛਲੇ 10 ਦਿਨਾਂ ਤੋਂ ‘ਲੁਧਿਆਣਾ ਡ੍ਰਾਈਪੋਰਟ’ ਉੱਤੇ ਖੜ੍ਹੇ ਹਨ, ਜਿਨ੍ਹਾਂ ’ਚ ਲਗਭਗ 22 ਕਰੋੜ ਰੁਪਏ ਦਾ ਡਰਾਈਫਰੂਟ ਦੱਸਿਆ ਜਾਂਦਾ ਹੈ। ਇਨ੍ਹਾਂ ’ਚੋਂ 18 ਕੰਟੇਨਰ ਅਮਰੀਕਾ ਤੋਂ ਬਰਾਮਦ ਕੀਤੇ ਗਏ ਡਰਾਈਫਰੂਟ ਦੇ ਹਨ।

ਇਸੇ ਤਰ੍ਹਾਂ ਸਾਈਕਲਾਂ ਦੇ ਪੁਰਜ਼ੇ, ਖੇਡਾਂ ਦਾ ਸਾਮਾਨ, ਹੈਂਡਟੂਲ ਆਦਿ ਦੇ ਵੀ ਵੱਡੀ ਗਿਣਤੀ ’ਚ ਕੰਟੇਨਰ ਫਸ ਜਾਣ ਨਾਲ ਉਦਯੋਗਪਤੀਆਂ ਦਾ ਕੁਝ ਦਿਨਾਂ ਦੇ ਅੰਦਰ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਅਰਬਾਂ ਰੁਪਏ ਦੀ ਪੂੰਜੀ ਫਸ ਗਈ ਹੈ।

ਇਹ ਖਦਸ਼ਾ ਵੀ ਦੱਸਿਆ ਜਾ ਰਿਹਾ ਹੈ ਕਿ ਸਮੇਂ ’ਤੇ ਡਿਲੀਵਰੀ ਨਾ ਹੋਣ ਨਾਲ ਿਕਤੇ ਵਿਦੇਸ਼ੀ ਖਰੀਦਦਾਰ ਆਰਡਰ ਰੱਦ ਹੀ ਨਾ ਕਰ ਦੇਣ। ਅਜਿਹਾ ਹੋਣ ’ਤੇ ਉਦਯੋਗ-ਵਪਾਰੀ ਜਗਤ ਦਾ ਸੰਕਟ ਹੋਰ ਵੀ ਗੰਭੀਰ ਹੋ ਸਕਦਾ ਹੈ। ਇਹੀ ਨਹੀਂ, ਉਤਪਾਦਨ ਹੌਲੀ ਹੋ ਜਾਣ ਕਾਰਣ ਆਉਣ ਵਾਲੇ ਦਿਨਾਂ ’ਚ ਬੇਰੋਜ਼ਗਾਰੀ ਦੀ ਸਮੱਸਿਆ ਫਿਰ ਵਧ ਸਕਦੀ ਹੈ।

ਇਸ ਅੰਦੋਲਨ ਦਾ ਪ੍ਰਭਾਵ ਗੁਆਂਢੀ ਸੂਬਿਆਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਵੀ ਪੈਟਰੋਲ-ਡੀਜ਼ਲ ਦਾ ਸੰਕਟ ਮਹਿਸੂਸ ਹੋਣ ਲੱਗਾ ਹੈ। ਬੀਤੇ ਿਦਨੀਂ ਵਧੇਰੇ ਪੈਟਰੋਲ ਪੰਪ ਸੁੱਕ ਗਏ ਅਤੇ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ।

ਜੰਮੂ ਖੇਤਰ ’ਚ ਰਾਸ਼ਨ, ਦਾਲਾਂ ਅਤੇ ਖੁਰਾਕੀ ਤੇਲਾਂ ਦੀ ਸਪਲਾਈ ’ਤੇ ਵੀ ਬੁਰਾ ਅਸਰ ਪਿਆ ਹੈ। ਸਾਮਾਨ ਨਾ ਪਹੁੰਚਣ ਨਾਲ ਇਕ ਪਾਸੇ ਮਹਿੰਗਾਈ ਵਧ ਰਹੀ ਹੈ ਤਾਂ ਦੂਜੇ ਪਾਸੇ ਸਟੋਰੀਆਂ ਨੇ ਮੁਨਾਫਾਖੋਰੀ ਕਰਨ ਲਈ ਸਾਮਾਨ ਦੀ ਜਮ੍ਹਾਖੋਰੀ ਸ਼ੁਰੂ ਕਰ ਦਿੱਤੀ ਹੈ।

ਮਾਲ ਗੱਡੀਆਂ ਬੰਦ ਹੋਣ ਨਾਲ ਪੰਜਾਬ ਦੇ ਪ੍ਰਾਈਵੇਟ ਅਤੇ ਸਰਕਾਰੀ ਕੋਲਾ ਆਧਾਰਿਤ ਬਿਜਲੀ ਘਰਾਂ ਦੇ ਕੋਲ ਕੁਝ ਹੀ ਦਿਨਾਂ ਦਾ ਕੋਲਾ ਰਹਿ ਜਾਣ ਦੇ ਕਾਰਣ ਖਦਸ਼ਾ ਹੈ ਕਿ ਕਿਤੇ ਸੂਬੇ ’ਚ ਬਿਜਲੀ ਦਾ ਸੰਕਟ ਹੀ ਪੈਦਾ ਨਾ ਹੋ ਜਾਵੇ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਾਲ ਗੱਡੀਆਂ ਜਲਦੀ ਨਾ ਚੱਲਣ ’ਤੇ ਪੂਰੇ ਸੂਬੇ ’ਚ ਬਿਜਲੀ ਦੀ ਸਪਲਾਈ ਠੱਪ ਹੋਣ ਦਾ ਖਦਸ਼ਾ ਜਤਾਇਆ ਹੈ, ਜਦੋਂ ਕਿ ਜ਼ਰੂਰੀ ਵਸਤੂਆਂ ਦੀ ਸਪਲਾਈ ਪਹਿਲਾਂ ਹੀ ਕਾਫੀ ਪ੍ਰਭਾਵਿਤ ਹੋ ਚੁੱਕੀ ਹੈ।

ਕੁਲ ਮਿਲਾ ਕੇ ਇਸ ਅੰਦੋਲਨ ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦਾ ਜਨ-ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਲਿਹਾਜ਼ਾ ਸਰਕਾਰ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਦੇ ਹੋਏ ਕਿਸਾਨਾਂ ਦਾ ਰੋਹ ਸਮਾਪਤ ਕਰਨਾ ਚਾਹੀਦਾ ਹੈ ਤਾਂਕਿ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਪੈਦਾ ਹੋ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ ਅਤੇ ਸਰਕਾਰ ਦੇ ਮਾਲੀਏ ਦਾ ਵੀ ਨੁਕਸਾਨ ਨਾ ਹੋਵੇ।

ਜੇਕਰ ਅੱਜ ਵੀ ਰੇਲ ਰੋਕੋ ਅੰਦੋਲਨ ਖਤਮ ਹੋ ਜਾਵੇ, ਉਦੋਂ ਵੀ ਉਦਯੋਗ ਜਗਤ ਨੂੰ ਆਪਣੀਆਂ ਸਰਗਰਮੀਆਂ ਆਮ ਵਰਗੀਆਂ ਕਰਨ ’ਚ ਘੱਟੋ-ਘੱਟ 10 ਦਿਨ ਲੱਗ ਜਾਣਗੇ। ਇਸ ਲਈ ਜਿੰਨੀ ਜਲਦੀ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ, ਦੇਸ਼ ਲਈ ਓਨਾ ਹੀ ਚੰਗਾ ਹੋਵੇਗਾ।

–ਵਿਜੇ ਕੁਮਾਰ


Bharat Thapa

Content Editor

Related News