ਇਹੋ ਗੱਲਾਂ ਹਨ ‘ਕਿ ਹਸਤੀ ਮਿਟਤੀ ਨਹੀਂ ਹਮਾਰੀ’

01/14/2020 1:18:39 AM

ਬੇਸ਼ੱਕ ਅੱਜ ਦੇਸ਼ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈੈ, ਇਸ ਦੇ ਬਾਵਜੂਦ ਦੇਸ਼ ਵਿਚ ਮੌਜੂਦ ਅੱਛਾਈ ਦੀਆਂ ਤਾਕਤਾਂ ਰਹਿ-ਰਹਿ ਕੇ ਦਿਲਾਸਾ ਦੇ ਰਹੀਆਂ ਹਨ ਕਿ ਬੁਰਾਈ ਕਦੇ ਜਿੱਤ ਨਹੀਂ ਸਕੇਗੀ। ਆਪਸੀ ਭਾਈਚਾਰਾ, ਹਮਦਰਦੀ, ਸੁਹਿਰਦਤਾ ਅਤੇ ਸਦਭਾਵ ਸਦਾ ਬਣਿਆ ਰਹੇਗਾ, ਜੋ ਕੁਝ ਹੇਠ ਲਿਖੀਆਂ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :

* ਮਹਾਰਾਸ਼ਟਰ ਦੀਆਂ ਚੋਣਾਂ ਵਿਚ ਨਵੇਂ ਚੁਣੇ ਗਏ ਆਜ਼ਾਦ ਵਿਧਾਇਕ ਬਾਚੂ ਕਾਡੂ ਨੇ 5 ਜਨਵਰੀ ਨੂੰ ਪਹਿਲਾਂ ਮੁੰਬਈ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਨਤਮਸਤਕ ਹੋ ਕੇ ਆਪਣੇ ਸਮਰਥਕਾਂ ਨਾਲ ਖੂਨਦਾਨ ਕੀਤਾ ਅਤੇ ਫਿਰ ਊਧਵ ਠਾਕਰੇ ਮੰਤਰੀ ਮੰਡਲ ਵਿਚ ਰਾਜ ਮੰਤਰੀ ਦੀ ਸਹੁੁੰ ਚੁੱਕੀ।

* ਭਾਰਤੀ ਟੈਕਨਾਲੋਜੀ ਸੰਸਥਾਨ–ਮਦਰਾਸ (ਆਈ. ਆਈ. ਟੀ.-ਐੱਮ.) ਵਿਚੋਂ ਪੜ੍ਹ ਕੇ ਨਿਕਲੇ ਇਸ ਦੇ ਇਕ ਪ੍ਰਸਿੱਧ ਸਾਬਕਾ ਵਿਦਿਆਰਥੀ ਨੇ ਸੰਸਥਾਨ ਦੇ ਡਿਜ਼ਾਈਨ ਵਿਭਾਗ ਦੇ ਅਧੀਨ ਰੋਬੋਟਿਕਸ ਖੋਜ ਅਤੇ ਟ੍ਰੇਨਿੰਗ ਪ੍ਰਯੋਗਸ਼ਾਲਾ ਸਥਾਪਿਤ ਕਰਨ ਲਈ 1 ਕਰੋੜ ਰੁਪਏ ਦਾ ਦਾਨ ਦਿੱਤਾ। ਸੰਸਥਾਨ ਦੇ ਇੰਜੀਨੀਅਰਿੰਗ ਡਿਜ਼ਾਈਨ ਵਿਭਾਗ ਦੇ ਮੁਖੀ ਪ੍ਰੋਫੈਸਰ ਟੀ. ਅਸ਼ੋਕਨ ਅਨੁਸਾਰ, ‘‘ਇਸ ਨਾਲ ਉੱਚ ਤਕਨੀਕੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀਆਂ ਕਈ ਪੀੜ੍ਹੀਆਂ ਨੂੰ ਟ੍ਰੇਂਡ ਕਰਨ ਵਿਚ ਸਹਾਇਤਾ ਮਿਲੇਗੀ।’’

* ਅੱਜ ਜਦਕਿ ਦੇਸ਼ ਵਿਚ ਬੱਚੀਆਂ ’ਤੇ ਅੱਤਿਆਚਾਰ ਹੋ ਰਹੇ ਹਨ, ਮਹਾਰਾਸ਼ਟਰ ਦੇ ਇਕ ਵਿਅਕਤੀ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ, ਜਿਸ ਨੇ ਕਾਰ ਖਰੀਦਣ ਤੋਂ ਬਾਅਦ ਉਸ ਦੀ ਪੂਜਾ ਕੀਤੀ ਅਤੇ ਆਪਣੀ 2 ਸਾਲ ਦੀ ਬੇਟੀ ਦੇ ਪੈਰਾਂ ਨੂੰ ਕੁਮਕੁਮ ਵਿਚ ਡੁਬੋ ਕੇ ਉਸ ਦੇ ਪੈਰਾਂ ਦੀ ਛਾਪ ਆਪਣੀ ਕਾਰ ਦੇ ਬੋਨੇਟ ਉਤੇ ਦੇਵੀ ਲਕਸ਼ਮੀ ਦੀ ਪ੍ਰਤੀਕ ਦੇ ਰੂਪ ਵਿਚ ਲਗਾਈ।

* ਓਡਿਸ਼ਾ ਦੇ ਕਿਉਂਝਰ ਜ਼ਿਲੇ ਵਿਚ ‘ਕਾਨਪੁਰ’ ਨਾਂ ਦੇ ਪਿੰਡ ਦੇ ਸੇਵਾ ਮੁਕਤ ਵੈਟਰਨਰੀ ਤਕਨੀਸ਼ੀਅਨ ਗੰਗਾਧਰ ਰਊਤ ਨੇ ਆਪਣੇ ਪਿੰਡ ਦੇ ਨੇੜੇ ਵਹਿਣ ਵਾਲੀ ‘ਸਾਲਾਂਦੀ’ ਨਦੀ ਨੂੰ ਪਾਰ ਕਰ ਕੇ ਸ਼ਹਿਰ ਜਾਣ ਵਿਚ ਪਿੰਡ ਵਾਸੀਆਂ ਨੂੂੰ ਆਉਣ ਵਾਲੀ ਪ੍ਰੇਸ਼ਾਨੀ ਦੂਰ ਕਰਨ ਲਈ ਨਦੀ ’ਤੇ 15 ਸਾਲਾਂ ਤੋਂ ਅਧੂਰੇ ਪਏ 270 ਫੁੱਟ ਲੰਮੇ ਪੁਲ ਦਾ ਨਿਰਮਾਣ ਆਪਣੀ ਰਿਟਾਇਰਮੈਂਟ ਦੇ ਪੈਸਿਆਂ ਨਾਲ ਪੂਰਾ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਨਾਲ ਉਨ੍ਹਾਂ ਦੇ ਅਤੇ ਨਾਲ ਲੱਗਦੇ 8 ਪਿੰਡਾਂ ਦੇ ਲੋਕਾਂ ਦਾ ਸ਼ਹਿਰ ਆਉਣਾ-ਜਾਣਾ ਆਸਾਨ ਹੋ ਗਿਆ ਹੈ।

* ਤਾਮਿਲਨਾਡੂ ਦੇ ਪੁੱਡੂਕੋਟਈ ਜ਼ਿਲੇ ਦੇ ਹਿੰਦੂ ਬਹੁਗਿਣਤੀ ‘ਸੇਰੀਯਾਲੁਰ ਇਨਾਮ’ ਨਾਂ ਦੇ ਪਿੰਡ ਵਾਸੀਆਂ ਨੇ 7 ਜਨਵਰੀ ਨੂੰ ਮੁਹੰਮਦ ਜ਼ਿਯਾਵੁਦੀਨ ਨਾਂ ਦੇ ਇਕ ਮੁਸਲਮਾਨ ਨੂੰ ਪਿੰਡ ਦਾ ਪ੍ਰਧਾਨ ਚੁਣ ਕੇ ਫਿਰਕੂ ਸਦਭਾਵਨਾ ਦਾ ਪ੍ਰਮਾਣ ਦਿੱਤਾ ਹੈ। ਇਸ ਪਿੰਡ ਵਿਚ ਕੁਲ 1360 ਵੋਟਾਂ ’ਚੋਂ ਮੁਸਲਮਾਨਾਂ ਦੀਆਂ ਸਿਰਫ 60 ਵੋਟਾਂ ਹਨ ਪਰ ਜ਼ਿਯਾਵੁਦੀਨ ਨੇ 554 ਵੋਟਾਂ ਹਾਸਲ ਕਰਕੇ ਆਪਣੇ ਹਿੰਦੂ ਵਿਰੋਧੀ ਨੂੰ ਹਰਾ ਦਿੱਤਾ।

10 ਜਨਵਰੀ ਨੂੰ ਫ਼ਰੀਦਾਬਾਦ ਦੇ ਪਲਵਲੀ ਪਿੰਡ ਦੇ ਰਹਿਣ ਵਾਲੇ ਇਕ ਗਰੀਬ ਆਟੋਚਾਲਕ ਸ਼ੀਸ਼ਪਾਲ ਦੇ ਪੌਣੇ 2 ਸਾਲ ਦੇ ਬੇਟੇ ’ਤੇ ਕੁੱਤਿਆਂ ਦੇ ਇਕ ਝੁੰਡ ਨੇ ਹਮਲਾ ਕਰਕੇ ਉਸ ਦਾ ਮੂੰਹ, ਅੱਖਾਂ, ਨੱਕ, ਕੰਨ ਅਤੇ ਢਿੱਡ ਬੁਰੀ ਤਰ੍ਹਾਂ ਨੋਚ ਲਿਆ, ਜਿਸ ਦੇ ਇਲਾਜ ’ਤੇ ਆਉਣ ਵਾਲਾ ਖਰਚ ਸ਼ੀਸ਼ਪਾਲ ਦੇ ਵੱਸੋਂ ਬਾਹਰ ਸੀ।

ਜਦੋਂ ਸ਼ਹਿਰ ਦੀ ਇਕ ਪਾਸ਼ ਕਾਲੋਨੀ ਦੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਚੰਦਾ ਇਕੱਠਾ ਕਰਕੇ ਬੱਚੇ ਦੀ ਸਰਜਰੀ ਲਈ 35,000 ਰੁਪਏ ਜੁਟਾ ਕੇ ਸ਼ੀਸ਼ਪਾਲ ਨੂੰ ਦਿੱਤੇ ਅਤੇ ਹਸਪਤਾਲ ਦੇ ਸਬੰਧਿਤ ਡਾਕਟਰ ਕਾਮੇਸ਼ਵਰ ਨੇ ਵੀ ਮੁਫਤ ਸਰਜਰੀ ਕਰਕੇ ਆਪਣੇ ਮਸੀਹਾ ਹੋਣ ਦਾ ਸਬੂਤ ਦਿੱਤਾ ਅਤੇ ਬੱਚੇ ਦੀ ਜਾਨ ਬਚਾਈ।

* ਇਸ ਨਾਲ ਮਿਲਦੀ-ਜੁਲਦੀ ਉਦਾਹਰਣ ਰਾਜਸਥਾਨ ਵਿਚ ਮਾਊਂਟ ਆਬੂ ਦੀ ਰਹਿਣ ਵਾਲੀ ਜਯੋਤੀ ਖੰਡੇਲਵਾਲ, ਉਨ੍ਹਾਂ ਦੀ ਭੈਣ ਅਤੇ ਭਰਾ ਨੇ ਪੇਸ਼ ਕਰਦੇ ਹੋਏ ਬੀਮਾਰ ਅਤੇ ਬੇਸਹਾਰਾ ਕੁੱਤਿਆਂ ਦੀ ਦੇਖਭਾਲ ਲਈ ਆਪਣੀ ਪੁਸ਼ਤੈਨੀ ਜਾਇਦਾਦ ਦਾ ਇਕ ਹਿੱਸਾ ਵੇਚ ਕੇ ਉਨ੍ਹਾਂ ਲਈ ਇਕ ‘ਰੈਸਕਿਊ ਸੈਂਟਰ’ ਬਣਾਇਆ ਹੈ।

ਮਕਾਨ ਦੇ ਗਰਾਊਂਡ ਫਲੋਰ ’ਤੇ ਖੰਡੇਲਵਾਲ ਪਰਿਵਾਰ ਰਹਿੰਦਾ ਹੈ ਅਤੇ ਉਪਰ ਵਾਲੀਆਂ 2 ਮੰਜ਼ਿਲਾਂ ਉੱਤੇ ਆਵਾਰਾ ਅਤੇ ਬੇਸਹਾਰਾ ਕੁੱਤੇ ਰੱਖੇ ਗਏ ਹਨ। ਜਯੋਤੀ ਨੇ ਬੇਸਹਾਰਾ ਕੁੱਤਿਆਂ ਦੀ ਦੇਖਭਾਲ ਦਾ ਕੰਮ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਨੇ ਆਪਣੇ ਗੁਆਂਢ ਵਿਚ ਰਹਿਣ ਵਾਲੀ ਇਕ ਬੇਸਹਾਰਾ ਕੁੱਤੀ ਦੇ 6 ਬੱਚਿਆਂ ਦੀ ਤਰਸਯੋਗ ਹਾਲਤ ਨੂੰ ਦੇਖਿਆ, ਜੋ ਠੰਡ ਅਤੇ ਭੁੱਖ ਦੇ ਕਾਰਣ ਹਰ ਸਮੇਂ ਰੋਂਦੇ ਰਹਿੰਦੇ ਸਨ।

* ਸਮਾਜ ਦੇ ਪ੍ਰਤੀ ਸਰੋਕਾਰ ਦੀ ਇਕ ਉਦਾਹਰਣ ਗੋਆ ਵਿਚ ਨ੍ਰਿਤ ਡਾਇਰੈਕਟਰ ਸੇਸਿਲ ਰੋਡਰਿਗਜ਼ (38), ਇਕ ਮਾਂ ਅਤੇ ਨਰਸ ਸੀਮਾ ਚਿਮੁਲਕਰ (60) ਅਤੇ ਇਕ ਟੈਕਸੀ ਡਰਾਈਵਰ ਪ੍ਰਕਾਸ਼ ਮਲਾਨੀ (32) ਨੇ ਵੀ ਪੇਸ਼ ਕੀਤੀ ਹੈ।

ਇਨ੍ਹਾਂ ਤਿੰਨਾਂ ਨੇ ਸੜਕਾਂ ’ਤੇ ਬਣੇ ਸਪੀਡ ਬ੍ਰੇਕਰਾਂ ਦੇ ਨਜ਼ਰ ਨਾ ਆਉਣ ਕਾਰਣ ਵਾਹਨ ਚਾਲਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਹਾਦਸਿਆਂ ਨੂੰ ਰੋਕਣ ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹ ਦੇਣ ਲਈ 17 ਦਸੰਬਰ ਤੋਂ ਰਾਤ ਨੂੰ ਆਪਣੇ ਖਾਲੀ ਸਮੇਂ ਵਿਚ ਸਪੀਡ ਬ੍ਰੇਕਰਾਂ ਨੂੰ ਪੀਲੇ ਰੰਗ ਨਾਲ ਰੰਗਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਹੁਣ ਤਕ ਉਹ ਆਪਣੇ ਸਮੂਹਿਕ ਯਤਨਾਂ ਨਾਲ 71 ਸਪੀਡ ਬ੍ਰੇਕਰ ਰੰਗ ਚੁੱਕੇ ਹਨ।

ਜਨਸੇਵਾ ਸਿੱਖਿਆ ਪਸਾਰ, ਕੰਨਿਆ ਔਲਾਦ ਨੂੰ ਉਤਸ਼ਾਹ ਅਤੇ ਫਿਰਕੂ ਸੁਹਿਰਦਤਾ, ਲੋੜਵੰਦਾਂ ਦੀ ਸਹਾਇਤਾ, ਜੀਵਾਂ ਪ੍ਰਤੀ ਦਇਆ, ਸੜਕ ਸੁਰੱਖਿਆ ਪ੍ਰਤੀ ਸਰੋਕਾਰ ਦੀਆਂ ਇਹ ਕੁਝ ਉਦਾਹਰਣਾਂ ਕਿਸੇ ਚਾਨਣ-ਮੁਨਾਰੇ ਤੋਂ ਘੱਟ ਨਹੀਂ ਹਨ, ਜੋ ਲੋਕਾਂ ਨੂੰ ਆਪਸੀ ਮੇਲ-ਜੋਲ ਨਾਲ ਦੇਸ਼ ਨੂੰ ਖੁਸ਼ਹਾਲ ਬਣਾਉਣ ਦਾ ਸੰਦੇਸ਼ ਦਿੰਦੀਆਂ ਹਨ।

–ਵਿਜੇ ਕੁਮਾਰ


Bharat Thapa

Content Editor

Related News