ਸ਼ੀ ਜਿਨਪਿੰਗ ਦੀ ਖਾਹਿਸ਼ ਦਾ ਕੋਈ ਕੰਢਾ ਨਹੀਂ
Monday, Aug 22, 2022 - 01:16 AM (IST)
ਖਾਹਿਸ਼ ਅਤੇ ਨਿਰਾਸ਼ਾ ਦੇ ਚੌਰਾਹੇ ’ਤੇ ਸਭ ਤੋਂ ਵੱਡੀ ਭੂ-ਸਿਆਸੀ ਤਬਾਹੀ ਹੁੰਦੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਚੀਨ ਜਲਦੀ ਹੀ ਇਨ੍ਹਾਂ ਦੋਵਾਂ ਨਾਲ ਭਰਪੂਰ ਹੋਵੇਗਾ। ਨਵੀਂ ਕਿਤਾਬ ‘ਡੇਂਜਰ ਜ਼ੋਨ : ਦਿ ਕਮਿੰਗ ਕਾਨਫਿਲਕਟ ਵਿਦ ਚਾਈਨਾ’ ’ਚ ਚੀਨ ਦੀ ਮੱਠੀ ਅਰਥਵਿਵਸਥਾ ਅਤੇ ਦੁਨੀਆ ਭਰ ਵੱਲੋਂ ਉਸ ਨੂੰ ਘੇਰੇ ਜਾਣ ਅਤੇ ਗਿਰਾਵਟ ਦੇ ਅਹਿਸਾਸ ਨੂੰ ਲੈ ਕੇ ਪ੍ਰੇਸ਼ਾਨੀ ਦੀ ਭਾਵਨਾ ਦੇ ਕਾਰਨਾਂ ਦੀ ਵਿਆਖਿਆ ਕੀਤੀ ਗਈ ਹੈ। ਹਾਲਾਂਕਿ, ਸਭ ਤੋਂ ਪਹਿਲਾਂ, ਉਨ੍ਹਾਂ ਖਾਹਿਸ਼ਾਂ ’ਤੇ ਰੌਸ਼ਨੀ ਪਾਉਣੀ ਜ਼ਰੂਰੀ ਹੈ ਜੋ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ’ਚ ਚੀਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਜਿਸ ਉਚਾਈ ਤੱਕ ਪਹੁੰਚਣ ਦਾ ਟੀਚਾ ਰੱਖਦਾ ਹੈ, ਉਸ ਨੂੰ ਸਮਝੇ ਬਿਨਾਂ ਚੀਨ ਦਾ ਪਤਨ ਕਿੰਨਾ ਭਿਆਨਕ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਲਾਉਣਾ ਔਖਾ ਹੈ। ਚੀਨ ਦੁਨੀਆ ਦੀਆਂ ਹੋਰਨਾਂ ਮਹਾਸ਼ਕਤੀਆਂ ’ਚੋਂ ਇਕ ਹੀ ਨਹੀਂ ਬਣਨਾ ਚਾਹੁੰਦਾ ਸਗੋਂ ਉਹ ਤਾਂ ਅਜਿਹੀ ਮਹਾਸ਼ਕਤੀ ਬਣਨਾ ਚਾਹੁੰਦਾ ਹੈ ਜਿਸ ਦੀਆਂ ਉਂਗਲੀਆਂ ’ਤੇ ਸਾਰੀ ਦੁਨੀਆ ਨੱਚੇ। ਹਾਲਾਂਕਿ, ਦੁਨੀਆ ਨੂੰ ਬਦਲਣ ਲਈ ਚੀਨ ਦੀ ਮੁਹਿੰਮ ਸ਼ੀ ਤੋਂ ਪਹਿਲਾਂ ਮਾਓ ਦੀ ਸੀ ਪਰ ਹਾਲ ਦੇ ਸਾਲਾਂ ’ਚ ਇਸ ’ਚ ਤੇਜ਼ੀ ਆਈ ਹੈ।
ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਸੀ. ਸੀ. ਪੀ. ਚਾਰ ਪ੍ਰਮੁੱਖ ਮਕਸਦਾਂ ਨਾਲ ਇਕ ਦ੍ਰਿੜ੍ਹ, ਬਹੁ-ਪੱਧਰੀ ਸ਼ਾਨਦਾਰ ਰਣਨੀਤੀ ਅਪਣਾ ਰਹੀ ਹੈ। ਪਹਿਲਾ, ਦੇਸ਼ ’ਚ ਤਾਨਾਸ਼ਾਹੀ ਸ਼ਾਸਨ ਨੂੰ ਜਿਉਂ ਦਾ ਤਿਉਂ ਬਣਾਈ ਰੱਖਦੇ ਹੋਏ ਸੱਤਾ ’ਤੇ ਪਕੜ ਬਣਾਈ ਰੱਖਣ ਦੀ ਸੀ. ਸੀ. ਪੀ. ਦੀ ਖਾਹਿਸ਼। ਇਤਿਹਾਸ ਗਵਾਹ ਹੈ ਕਿ ਇਸ ਦੇ ਲਈ ਸੀ. ਸੀ. ਪੀ. ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਜਿਵੇਂ ਕਿ ਸੱਭਿਆਚਾਰਕ ਕ੍ਰਾਂਤੀ ਦੇ ਦੌਰਾਨ ਦੇਸ਼ ਨੂੰ ਪਾਗਲਪਨ ’ਚ ਡੁੱਬੋ ਦੇਣਾ, 1989 ’ਚ ਚਿਨਾਨਮੇਨ ਸਕਵਾਇਰ ’ਤੇ ਵਿਰੋਧ ਵਿਖਾਵਿਆਂ ਦੇ ਦਰਮਿਆਨ ਆਪਣੇ ਹੀ ਸੈਂਕੜਿਆਂ ਜਾਂ ਸ਼ਾਇਦ ਹਜ਼ਾਰਾਂ ਨਾਗਰਿਕਾਂ ਦੀ ਹੱਤਿਆ ਕਰਨਾ। ਜੋ ਹਾਲ ਚੀਨ ਦੇ ਲੋਕਾਂ ਦਾ ਕੋਵਿਡ ਮਹਾਮਾਰੀ ਦੇ ਦੌਰਾਨ ਹੋਇਆ ਜਾਂ ਉਸ ਦੇ ਜੈਕਮਾ (ਅਲੀ ਬਾਬਾ) ਵਰਗੇ ਉਦਯੋਗਪਤੀਆਂ ਦਾ ਹੋਇਆ, ਸ਼ੀ ਜਿਨਪਿੰਗ ਦਾ ਅਜਿਹਾ ਹੀ ਯਤਨ ਸਾਰਿਆਂ ਨੂੰ ਦਬਾ ਕੇ ਚੁੱਪ ਰੱਖਣ ਦਾ ਹੈ।
ਦੂਜਾ, ਸੀ. ਸੀ. ਪੀ. ਪਹਿਲਾਂ ਹੋਈ ਅੰਦਰੂਨੀ ਚੁੱਕ-ਥਲ ਅਤੇ ਵਿਦੇਸ਼ੀ ਹਮਲੇ ਦੇ ਦੌਰ ’ਚ ਖੁੱਸੇ ਆਪਣੇ ਇਲਾਕਿਆਂ ਨੂੰ ਮੁੜ ਹਾਸਲ ਕਰ ਕੇ ਚੀਨ ਨੂੰ ਫਿਰ ਤੋਂ ਸੰਪੂਰਨ ਬਣਾਉਣਾ ਚਾਹੁੰਦੀ ਹੈ। ਸ਼ੀ ਜਿਨਪਿੰਗ ਦੇ ਸੁਪਨਿਆਂ ਦੇ ਚੀਨ ’ਚ ਹਾਂਗਕਾਂਗ ਤਾਂ ਸ਼ਾਮਲ ਹੈ ਹੀ, ਜਿੱਥੇ ਸੀ. ਸੀ. ਪੀ. ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ, ਉਸ ਦੀ ਯੋਜਨਾ ’ਚ ਤਾਈਵਾਨ ਵੀ ਸ਼ਾਮਲ ਹੈ, ਜਿਸ ਨੂੰ ਚੀਨ ਆਪਣੇ ਕਬਜ਼ੇ ’ਚ ਲੈਣਾ ਚਾਹੁੰਦਾ ਹੈ। ਇਸ ਦੇ ਇਲਾਵਾ ਚੀਨ ਦਾ ਭਾਰਤ ਤੋਂ ਲੈ ਕੇ ਜਾਪਾਨ ਤੱਕ ਕਿੰਨੇ ਹੀ ਦੇਸ਼ਾਂ ਦੇ ਨਾਲ ਸਰਹੱਦੀ ਵਿਵਾਦ ਜਾਰੀ ਹੈ। ਉਹ ਦੱਖਣੀ ਚੀਨ ਸਾਗਰ ਦੇ ਲਗਭਗ 90 ਫੀਸਦੀ ਹਿੱਸੇ ’ਤੇ ਦਾਅਵਾ ਕਰਦਾ ਹੈ, ਜੋ ਦੁਨੀਆ ਦੇ ਕਾਰੋਬਾਰੀ ਤੌਰ ’ਤੇ ਸਭ ਤੋਂ ਮਹੱਤਵਪੂਰਨ ਜਲਮਾਰਗਾਂ ’ਚੋਂ ਇਕ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਹੈ। ਸ਼ੀ ਨੇ 2018 ’ਚ ਤਤਕਾਲੀਨ ਯੂ. ਐੱਸ. ਰੱਖਿਆ ਸਕੱਤਰ ਜੇਮਸ ਮੈਟਿਸ ਨੂੰ ਕਿਹਾ ਸੀ, ‘‘ਅਸੀਂ ਆਪਣੇ ਵੱਡੇ-ਵਡੇਰਿਆਂ ਵੱਲੋਂ ਛੱਡੀ ਗਈ ਜ਼ਮੀਨ ਦਾ ਇਕ ਇੰਚ ਵੀ ਗੁਆ ਨਹੀਂ ਸਕਦੇ।’’
ਸੀ. ਸੀ. ਪੀ. ਦਾ ਤੀਜਾ ਮਕਸਦ ਖੇਤਰ ’ਚ ਅਜਿਹਾ ਪ੍ਰਭਾਵ ਕਾਇਮ ਕਰਨਾ ਹੈ ਜਿਸ ’ਚ ਚੀਨ ਸਰਵਉੱਚ ਹੋਵੇ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਜਾਵੇ। ਅਜਿਹਾ ਚੀਨ ਜ਼ੋਰ ਜ਼ਬਰਦਸਤੀ ਦੀ ਮਿਸ਼ਰਿਤ ਰਣਨੀਤੀ ਦੀ ਵਰਤੋਂ ਨਾਲ ਯਕੀਨੀ ਕਰਨਾ ਚਾਹੁੰਦਾ ਹੈ ਤਾਂ ਕਿ ਏਸ਼ੀਆਈ ਅਰਥਵਿਵਸਥਾਵਾਂ, ਵਾਸ਼ਿੰਗਟਨ ਦੀ ਬਜਾਏ ਪੇਈਚਿੰਗ ਵੱਲ ਦੇਖਣ, ਛੋਟੀਆਂ ਸ਼ਕਤੀਆਂ ਸੀ. ਸੀ. ਪੀ. ਦੇ ਪ੍ਰਤੀ ਵਫਾਦਾਰ ਰਹਿਣ ਅਤੇ ਅਮਰੀਕਾ ਦੇ ਨਾ ਤਾਂ ਉੱਥੇ ਗਠਜੋੜ ਹੋਣ, ਨਾ ਫੌਜੀ ਹਾਜ਼ਰੀ, ਤਾਂ ਕਿ ਉਹ ਚੀਨ ਦੇ ਲਈ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਨ ’ਚ ਸਮਰੱਥ ਹੀ ਨਾ ਰਹੇ। ਚੀਨ ਦੀ ਰਣਨੀਤੀ ਦੀ ਅੰਤਿਮ ਪਰਤ ਵਿਸ਼ਵ ਪੱਧਰੀ ਸ਼ਕਤੀ ਅਤੇ ਅਖੀਰ ਵਿਸ਼ਵ ਪੱਧਰੀ ਪ੍ਰਭੂਸੱਤਾ ਹਾਸਲ ਕਰਨ ’ਤੇ ਕੇਂਦਰਿਤ ਹੈ। ਚੀਨ ਦੀ ਸਰਕਾਰੀ ਅਖਬਾਰ ਏਜੰਸੀ ਸ਼ਿਨਹੂਆ ਇਹ ਕਹਿੰਦੇ ਹੋਏ ਝਿਜਕਦੀ ਨਹੀਂ ਕਿ ਚੀਨ ਦੇ ਰਾਸ਼ਟਰੀ ਕਾਇਆਕਲਪ ਦੇ ਬਾਅਦ ਵਿਸ਼ਵ ਪੱਧਰੀ ਮਾਮਲਿਆਂ ’ਚ ਕਿਸ ਦਾ ਦਬਦਬਾ ਹੋਵੇਗਾ-‘ਮੱਧ ਸਾਮਰਾਜ’ ਨੂੰ ਕਮਜ਼ੋਰ ਅਤੇ ਸ਼ਰਮਿੰਦਾ ਕਰਨ ਵਾਲੀਆਂ ਅਫੀਮ ਜੰਗਾਂ (ਓਪਿਅਮ ਵਾਰਜ਼) ਦੀ ਦੋ ਸਦੀਆਂ ਬਾਅਦ 2050 ਤੱਕ ਚੀਨ ਆਪਣੀ ਤਾਕਤ ਫਿਰ ਤੋਂ ਹਾਸਲ ਕਰਨ ਅਤੇ ਦੁਨੀਆ ਦਾ ਚੋਟੀ ਦਾ ਦੇਸ਼ ਬਣਨ ਲਈ ਤਿਆਰ ਹੈ।
ਰਾਸ਼ਟਰਵਾਦੀ ਅਖਬਾਰ ਗਲੋਬਲ ਟਾਈਮਸ ਲਿਖਦਾ ਹੈ-‘ਇਹ ਇਕ ਵੱਡੀ ਨਦੀ ਦੇ ਵਾਂਗ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੋਵੇਗਾ, ਜਿਸ ਨੂੰ ਕਿਸੇ ਜਵਾਰ ਵਾਂਗ ਰੋਕਣਾ ਸੰਭਵ ਨਹੀਂ ਹੋਵੇਗਾ।’ਚੀਨ ਦੀ ਇਸ ਸ਼ਾਨਦਾਰ ਸਿਆਸਤ ਦੇ ਇਹ ਚਾਰੇ ਮਕਸਦ ਇਕੱਠੇ ਚੱਲਦੇ ਹਨ। ਖੇਤਰੀ ਅਤੇ ਵਿਸ਼ਵ ਪੱਧਰੀ ਸ਼ਕਤੀ ਦੀ ਇਸ ਲਾਲਸਾ ’ਚ ਦੇਸ਼ ਦੇ ਅੰਦਰ ਵੀ ਸੀ. ਸੀ. ਪੀ. ਨੂੰ ਖੁਦ ਨੂੰ ਮਜ਼ਬੂਤ ਕਰਨਾ ਹੋਵੇਗਾ। ਇਹ ਲਾਲਸਾ ਅਜਿਹੇ ਦੌਰ ’ਚ ਚੀਨੀ ਰਾਸ਼ਟਰਵਾਦ ਨੂੰ ਉਤਸ਼ਾਹ ਦੇ ਕੇ ਉਸ ਨੂੰ ਜਾਇਜ਼ਤਾ ਮੁਹੱਈਆ ਕਰ ਸਕਦੀ ਹੈ ਜਦੋਂ ਸ਼ਾਸਨ ਦੀ ਮੂਲ ਵਿਚਾਰਧਾਰਾ ‘ਸਮਾਜਵਾਦ’ ਨੂੰ ਤਿਆਗ ਦਿੱਤਾ ਗਿਆ ਹੈ। ਇਹ ਚੀਨ ਨੂੰ ਘਰੇਲੂ ਅਤੇ ਵਿਸ਼ਵ ਪੱਧਰੀ ਵੱਕਾਰ ਵੀ ਮੁਹੱਈਆ ਕਰ ਸਕਦਾ ਹੈ ਅਤੇ ਉਸ ਨੂੰ ਉਹ ਸਮਰੱਥਾ ਦੇ ਸਕਦਾ ਹੈ, ਜਿਸ ਦੀ ਉਹ ਆਪਣੇ ਕੌਮਾਂਤਰੀ ਆਲੋਚਕਾਂ ਨੂੰ ਚੁੱਪ ਕਰਾਉਣ ਅਤੇ ਇਕ ਤਾਨਾਸ਼ਾਹ ਰਾਸ਼ਟਰ ਦੀ ਰੱਖਿਆ ਕਰਨ ਵਾਲੇ ਵਿਸ਼ਵ ਪੱਧਰੀ ਨਿਯਮ ਬਣਾਉਣ ਲਈ ਹਮਲਾਵਰਪੁਣੇ ਨਾਲ ਵਰਤੋਂ ਕਰ ਰਿਹਾ ਹੈ। ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਆਪਣੀ ਪੁਸਤਕ ‘ਡਿਪਲੋਮੇਸੀ’ ’ਚ ਲਿਖਦੇ ਹਨ, ‘‘ਸਾਮਰਾਜਾਂ ਨੂੰ ਕਿਸੇ ਕੌਮਾਂਤਰੀ ਪ੍ਰਣਾਲੀ ਦੇ ਅੰਦਰ ਕੰਮ ਕਰਨ ’ਚ ਕੋਈ ਦਿਲਚਸਪੀ ਨਹੀਂ, ਉਹ ਤਾਂ ਖੁਦ ਇਕ ਕੌਮਾਂਤਰੀ ਪ੍ਰਣਾਲੀ ਬਣਨਾ ਚਾਹੁੰਦੇ ਹਨ।’’ ਇਹੀ ਅੱਜ ਚੀਨ ਦੀ ਪਰਮ ਖਾਹਿਸ਼ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਦੇ ਨਾਲ ਸਰਹੱਦੀ ਵਿਵਾਦ ਉਤੇ ਬ੍ਰਾਜ਼ੀਲ ਵਿਚ ਕਿਹਾ ਕਿ ਭਾਰਤ ਨੂੰ ਵੀ ਚੀਨ ਦੀ ਇਸ ਖਾਹਿਸ਼ ਤੋਂ ਸੁਚੇਤ ਰਹਿਣਾ ਹੋਵੇਗਾ। ਉਸ ਨੇ ਨਾ ਸਿਰਫ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨੀ ਹੈ, ਸਗੋਂ ਜਲ ਮਾਰਗਾਂ ’ਤੇ ਵੀ ਚੀਨ ਦੇ ਕਬਜ਼ੇ ਅਤੇ ਕੰਟਰੋਲ ਨੂੰ ਰੋਕਣਾ ਹੋਵੇਗਾ।