ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਹੈ ਤਾਂ ਕੁਝ ਵੱਡੇ ਕਦਮ ਚੁੱਕਣੇ ਹੋਣਗੇ

01/07/2020 1:15:05 AM

ਕੇਂਦਰ ਅਤੇ ਸੂਬਾ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕਿੰਨੇ ਹੀ ਦਾਅਵੇ ਕਿਉਂ ਨਾ ਕਰਨ, ਤੱਥ ਇਹ ਹੈ ਕਿ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਪਾਉਣਾ ਅੱਜ ਵੀ ਬਹੁਤ ਔਖਾ Üਜਾਪਦਾ ਹੈ ਅਤੇ ਇਹ ਬੁਰਾਈ ਇੰਨੀ ਵਧ ਚੁੱਕੀ ਹੈ ਕਿ ਇਸ ਵਿਚ ਚਪੜਾਸੀ ਤੋਂ ਲੈ ਕੇ ਅਫਸਰਸ਼ਾਹੀ ਦੇ ਚੋਟੀ ਦੇ ਮੈਂਬਰ ਤਕ ਸ਼ਾਮਿਲ ਪਾਏ ਜਾ ਰਹੇ ਹਨ।

* 24 ਦਸੰਬਰ, 2019 ਨੂੰ ਮੱਧ ਪ੍ਰਦੇਸ਼ ਵਿਚ ਸੂਬਾ ਸਰਕਾਰ ਦੇ ਇਕ ਦਰਜਾ ਚਾਰ ਮੁਲਾਜ਼ਮ ਰਿਆਜ਼ ਅਲ ਹੱਕ ਅੰਸਾਰੀ ਦੇ ਇੰਦੌਰ ਸਥਿਤ ਮਕਾਨ ਅਤੇ ਹੋਰ ਟਿਕਾਣਿਆਂ ’ਤੇ ਛਾਪੇ ਮਾਰ ਕੇ ਅਧਿਕਾਰੀਆਂ ਨੇ 50 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਇਕ ਰਿਹਾਇਸ਼ੀ ਅਪਾਰਟਮੈਂਟ ਵਿਚ 2 ਫਲੈਟ, 1 ਪੈਂਟ ਹਾਊਸ, 1 ਪਲਾਟ, 1 ਮਕਾਨ ਅਤੇ 1 ਦੁਕਾਨ ਦੇ ਦਸਤਾਵੇਜ਼ ਕਬਜ਼ੇ ’ਚ ਲਏ।

* 28 ਦਸੰਬਰ, 2019 ਨੂੰ ਓਡਿਸ਼ਾ ’ਚ ਵਿਜੀਲੈਂਸ ਵਿਭਾਗ ਨੇ ਭੁੁਵਨੇਸ਼ਵਰ ਵਿਚ ਸੂਬਾ ਸਰਕਾਰ ਦੇ ਇਕ ਮਾਲੀ ਊਧਵ ਬੇਹੇਰਾ ਦੇ ਛਾਪਾ ਮਾਰ ਕੇ ਉਸ ਦੀ ਜਾਣੂ ਆਮਦਨ ਤੋਂ ਵੱਧ ਲੱਗਭਗ 1 ਕਰੋੜ ਦੀ ਨਾਜਾਇਜ਼ ਜਾਇਦਾਦ ਜ਼ਬਤ ਕੀਤੀ।

* 28 ਦਸੰਬਰ ਨੂੰ ਹੀ ਅਧਿਕਾਰੀਆਂ ਨੇ ਬੰਦ ਹੋ ਚੁੱਕੇ ਗੁਜਰਾਤ ਰਾਜ ਭੂਮੀ ਵਿਕਾਸ ਨਿਗਮ ਦੇ ਅਧਿਕਾਰੀ ਪ੍ਰਵੀਨ ਪ੍ਰੇਮਲ ਵਿਰੁੱਧ ਆਮਦਨ ਦੇ ਜਾਣੂ ਸ੍ਰੋਤ ਤੋਂ ਵੱਧ 10.54 ਕਰੋੜ ਰੁਪਿਆਂ ਤੋਂ ਵੀ ਜ਼ਿਆਦਾ ਦੀ ਜਾਇਦਾਦ ਹੋਣ ਦੇ ਸਬੰਧ ਵਿਚ ਕੇਸ ਦਰਜ ਕੀਤਾ।

* 01 ਜਨਵਰੀ 2020 ਨੂੰ ਵਿਜੀਲੈਂਸ ਬਿਊਰੋ ਨੇ ਪਟਿਆਲਾ ਵਿਚ ਐੱਸ. ਆਈ. ਮੇਵਾ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 10,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।

* ਇਸੇ ਦਿਨ ਤਹਿਸੀਲ ਕੰਪਲੈਕਸ ਤਰਨਤਾਰਨ ਦੇ ਰੀਡਰ ਜਗਨਨਾਥ ਨੂੰ ਇਕ ਮਹਿਲਾ ਸ਼ਿਕਾਇਤਕਰਤਾ ਤੋਂ ਕਿਸੇ ਕੰਮ ਦੇ ਬਦਲੇ ਵਿਚ 15,000 ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਫੜਿਆ ਗਿਆ।

* 04 ਜਨਵਰੀ 2020 ਨੂੰ ਲਖਨਊ ਖੇਤਰੀ ਪਾਸਪੋਰਟ ਦਫਤਰ ਦੇ ਸੀਨੀਅਰ ਸੁਪਰਡੈਂਟ ਵਿਕਾਸ ਮਿਸ਼ਰਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ 12 ਲੱਖ ਰੁਪਏ ਨਕਦ, ਲੱਗਭਗ 31 ਲੱਖ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼, 5 ਲੱਖ ਰੁਪਏ ਦੇ ਗਹਿਣਿਆਂ ਦੀ ਫਿਕਸ ਡਿਪਾਜ਼ਿਟ ਰਸੀਦ ਅਤੇ 45 ਬੈਂਕ ਖਾਤਿਆਂ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ।

ਭ੍ਰਿਸ਼ਟਾਚਾਰ ਦਾ ਇਹ ਮਹਾਰੋਗ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ, ਉਹ ਇਸੇ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ 2019 ’ਚ ਸੂਬੇ ਵਿਚ 147 ਅਧਿਕਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

ਹਾਲਾਂਕਿ ਦੇਸ਼ ਦੀ ਨੌਕਰਸ਼ਾਹੀ ’ਚ ਭ੍ਰਿਸ਼ਟਾਚਾਰ ਦੇ ਪੱਧਰ ਦਾ ਪਤਾ ਲਾਉਣ ਲਈ ਕੋਈ ਅਧਿਐਨ ਜਾਂ ਅੰਕੜੇ ਮੁਹੱਈਆ ਨਹੀਂ ਹਨ ਪਰ ਉਪਰੋਕਤ ਕੁਝ ਕੁ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਾਰੇ ਪੱਧਰਾਂ ’ਤੇ ਨੌਕਰਸ਼ਾਹੀ ਕਿੰਨੀ ਜ਼ਿਆਦਾ ਭ੍ਰਿਸ਼ਟ ਹੋ ਚੁੁੱਕੀ ਹੈ।

ਲਿਹਾਜ਼ਾ ਦੇਸ਼ ਵਿਚ ਸਾਰੇ ਪੱਧਰਾਂ ’ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਦੇਸ਼ ਨੂੰ ਘੁਣ ਵਾਂਗ ਖਾ ਰਹੀ ਇਸ ਬੀਮਾਰੀ ’ਤੇ ਰੋਕ ਲੱਗ ਸਕੇ।

–ਵਿਜੇ ਕੁਮਾਰ


Bharat Thapa

Content Editor

Related News