ਹੁਣ ਸਕੂਲਾਂ ’ਚ ਵੀ ਹੋਣ ਲੱਗੀਆਂ ਚੋਰੀਆਂ ਤੇ ਲੁੱਟਮਾਰ

Tuesday, Jun 06, 2023 - 05:21 AM (IST)

ਹੁਣ ਸਕੂਲਾਂ ’ਚ ਵੀ ਹੋਣ ਲੱਗੀਆਂ ਚੋਰੀਆਂ ਤੇ ਲੁੱਟਮਾਰ

ਦੇਸ਼ ’ਚ ਚੋਰਾਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਥੋਂ ਤਕ ਕਿ ਸਕੂਲ ਵੀ ਇਸ ਸਮੱਸਿਆ ਤੋਂ ਮੁਕਤ ਨਹੀਂ ਰਹੇ।

ਪਿਛਲੇ ਡੇਢ ਮਹੀਨੇ ਦੀਆਂ 10 ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 21 ਅਪ੍ਰੈਲ ਨੂੰ ਬਾਗਪਤ (ਉੱਤਰ ਪ੍ਰਦੇਸ਼) ’ਚ ਡਿਸਟ੍ਰਿਕਟ ਮੈਜਿਸਟ੍ਰੇਟ ਵਲੋਂ ਚਲਾਏ ਜਾਂਦੇ ਗੌਰੀਪੁਰੀ ਜਵਾਹਰ ਨਗਰ ਸਕੂਲ ’ਚ ਸਭ ਕਮਰਿਆਂ ਦੇ ਤਾਲੇ ਤੋੜ ਕੇ ਚੋਰ ਕਈ ਵਸਤਾਂ ਚੁਰਾ ਕੇ ਲੈ ਗਏ।

* 29 ਅਪ੍ਰੈਲ ਨੂੰ ਰੋਹਤਕ (ਹਰਿਆਣਾ) ਵਿਖੇ ਪਹਿਰਾਵਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਚੋਰ ਲੱਖਾਂ ਰੁਪਏ ਦੇ ਸਾਮਾਨ ’ਤੇ ਹੱਥ ਸਾਫ ਕਰ ਗਏ।

ਚੋਰਾਂ ਨੇ ਸਕੂਲ ’ਚ ਰੱਖੀਆਂ 15 ਅਲਮਾਰੀਆਂ ਅਤੇ 7 ਦਰਵਾਜ਼ੇ ਤੋੜਣ ਤੋਂ ਇਲਾਵਾ ਉਥੋਂ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ। ਪਿਛਲੇ ਦੋ ਮਹੀਨਿਆਂ ਦੌਰਾਨ ਇਸ ਸਕੂਲ ’ਚ ਹੋਣ ਵਾਲੀ ਇਹ ਦੂਜੀ ਚੋਰੀ ਸੀ।

* 5 ਮਈ ਨੂੰ ਸ਼ਾਮਲੀ (ਉੱਤਰ ਪ੍ਰਦੇਸ਼) ਸਥਿਤ ਸਕਾਟਿਸ਼ ਇੰਟਰਨੈਸ਼ਨਲ ਸਕੂਲ ਦੇ ਅਕਾਊਂਟਸ ਵਿਭਾਗ ’ਚ ਚੋਰੀ ਸੰਬੰਧੀ ਪੁਲਸ ਨੇ ਸਕੂਲ ਦੇ ਇਕ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਲੱਖ ਰੁਪਏ ਦੀ ਨਕਦ ਰਕਮ ਬਰਾਮਦ ਕੀਤੀ।

* 10 ਮਈ ਨੂੰ ਚਾਈਬਾਸਾ (ਝਾਰਖੰਡ) ਦੇ ‘ਭੋਇਆ’ ਪਿੰਡ ’ਚ ਸਥਿਤ ਸਰਕਾਰੀ ਹਾਈ ਸਕੂਲ ਦੇ ਕੰਪਿਊਟਰ ਰੂਮ ’ਚੋਂ ਕੰਪਿਊਟਰ ਚੋਰੀ ਕਰ ਲਿਆ ਗਿਆ।

* 16 ਮਈ ਨੂੰ ਸ਼ਾਹਬਾਦ (ਹਰਿਆਣਾ) ਸਥਿਤ ਸਰਕਾਰੀ ਮਿਡਲ ਸਕੂਲ ਨੰ. 2 ’ਚ ਚੋਰਾਂ ਨੇ 6ਵੀਂ ਜਮਾਤ ਦੇ ਦਰਵਾਜ਼ੇ ਤੋੜ ਕੇ ਐੱਲ. ਈ. ਡੀ., ਭਰਿਆ ਹੋਇਆ ਗੈਸ ਸਿਲੰਡਰ, ਸਾਇੰਸ ਕਿੱਟ ਬੁੱਕ ਅਤੇ ਪੁਰਾਣੀਆਂ ਕਿਤਾਬਾਂ ਦੇ ਕੁਝ ਸੈੱਟ ਚੋਰੀ ਕਰ ਲਏ।

* 17 ਮਈ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਦੇ ‘ਛਪੀਆ-ਛਿਤੌਣਾ’ ਪਿੰਡ ’ਚ ਸਥਿਤ ਜੂਨੀਅਰ ਹਾਈ ਸਕੂਲ ਦੇ ਰਸੋਈ ਘਰ ਸਮੇਤ ਹੋਰ ਕਮਰਿਆਂ ਦੇ ਤਾਲੇ ਤੋੜ ਕੇ ਚੋਰ ਉਥੇ ਰੱਖਿਆ ਗੈਸ ਸਿਲੰਡਰ, ਚੁੱਲ੍ਹਾ, ਚਾਰ ਪੱਖੇ, ਤਿੰਨ ਬੋਰੀ ਚੌਲ, ਚਾਰ ਬੋਰੀ ਕਣਕ ਤੇ ਬੱਚਿਆਂ ਦੀ ਖੇਡ ਸਮੱਗਰੀ ਚੋਰੀ ਕਰ ਕੇ ਲੈ ਗਏ। ਇਸ ਤੋਂ ਪਹਿਲਾਂ 26 ਦਸੰਬਰ 2022 ਨੂੰ ਵੀ ਇਸ ਸਕੂਲ ’ਚ ਇਸੇ ਤਰ੍ਹਾਂ ਦੀ ਚੋਰੀ ਹੋਈ ਸੀ।

* 22 ਮਈ ਨੂੰ ਪਲਾਮੂ (ਝਾਰਖੰਡ) ਜ਼ਿਲੇ ਦੇ ਹੁਸੈਨਾਬਾਦ ਦੇ ਪੁਲਸ ਥਾਣੇ ਦੇ ਸਾਹਮਣੇ ਸਥਿਤ ਸਰਕਾਰੀ ਮਿਡਲ ਸਕੂਲ ’ਚ ਧਾਵਾ ਬੋਲ ਕੇ ਚੋਰ ਉਥੋਂ ਲਗਭਗ 50 ਹਜ਼ਾਰ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰ ਕੇ ਲੈ ਗਏ।

* 29 ਮਈ ਨੂੰ ਫਿਰੋਜ਼ਪੁਰ (ਪੰਜਾਬ) ਵਿਖੇ ‘ਰੁਕਨਾ ਮੰਗਲਾ’ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਗੇਟ ’ਤੇ ਅਧਿਆਪਕਾ ਨੇ ਇਕ ਪਰਚੀ ਲਾ ਦਿੱਤੀ ਜਿਸ ’ਚ ਚੋਰਾਂ ਨੂੰ ਅਪੀਲ ਕੀਤੀ ਗਈ ਸੀ ਕਿ :

‘‘ਤੁਸੀਂ ਸਕੂਲ ਦਾ ਸਾਰਾ ਸਾਮਾਨ ਚੋਰੀ ਕਰ ਲਿਆ,

ਹੁਣ ਤਾਲੇ ਨਾ ਤੋੜੋ ਚੋਰ ਜੀ’’

ਵਰਣਨਯੋਗ ਹੈ ਕਿ ਇਸ ਸਕੂਲ ’ਚ ਇਕ ਮਹੀਨੇ ’ਚ ਤੀਜੀ ਅਤੇ ਇਕ ਸਾਲ ਦੌਰਾਨ 8ਵੀਂ ਵਾਰ ਚੋਰੀ ਦੀ ਘਟਨਾ ਵਾਪਰੀ ਹੈ, ਜਿਸ ਦੌਰਾਨ ਚੋਰਾਂ ਨੇ ਇਥੋਂ ਪ੍ਰਿੰਸੀਪਲ ਦੀ ਕੁਰਸੀ, ਮਿਡ ਡੇ ਮੀਲ ਦੇ ਰਾਸ਼ਨ, ਸੀ. ਸੀ. ਟੀ. ਵੀ. ਕੈਮਰੇ ਅਤੇ ਕੰਪਿਊਟਰ ਸਮੇਤ 2 ਲੱਖ ਰੁਪਏ ਤੋਂ ਵੱਧ ਮੁੱਲ ਦਾ ਸਾਮਾਨ ਚੋਰੀ ਕਰ ਲਿਆ।

* 31 ਮਈ ਨੂੰ ਬੀਕਾਨੇਰ (ਰਾਜਸਥਾਨ) ਸ਼ਹਿਰ ਦੇ ਦਫਤਰੀ ਚੌਕ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ ’ਚੋਂ ਚੋਰ ਕੰਪਿਊਟਰ, ਕੀ-ਬੋਰਡ, ਮਾਊਸ, ਗੈਸ-ਚੁੱਲ੍ਹਾ, ਗੈਸ-ਸਿਲੰਡਰ ਦੀ ਟੈਂਕੀ, ਇਥੋਂ ਤਕ ਕਿ ਚਾਹ ਪੱਤੀ, ਖੰਡ ਦੇ ਡੱਬੇ, ਕਲਾਸਰੂਮਾਂ ’ਚ ਲੱਗੀਆਂ ਟਿਊਬ-ਲਾਈਟਾਂ ਅਤੇ ਸਕੂਲ ਦੇ ਦਫਤਰ ’ਚੋਂ ਕੁਝ ਫਾਈਲਾਂ ਵੀ ਚੋਰੀ ਕਰ ਕੇ ਲੈ ਗਏ।

* 31 ਮਈ ਨੂੰ ਹੀ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਸਥਿਤ ਸਰਕਾਰੀ ਪ੍ਰਾਇਮਰੀ ਸਕੂਲ, ਬਸਤੀ ਟਿੱਬੀ ਸਾਹਿਬ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਉਥੋਂ ਕੰਪਿਊਟਰ, ਯੂ. ਪੀ. ਐੱਸ., ਡੀ. ਵੀ . ਆਰ., ਸਾਊਂਡ ਸਿਸਟਮ, ਐਂਪਲੀਫਾਇਰ ਅਤੇ ਸਕੂਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਲਗਭਗ ਡੇਢ ਲੱਖ ਰੁਪਏ ਮੁੱਲ ਦਾ ਸਾਮਾਨ ਲੈ ਉੱਡੇ।

ਵਧੇਰੇ ਸਕੂਲਾਂ ’ਚ ਸੁਰੱਖਿਆ ਗਾਰਡ ਨਾ ਹੋਣ ਕਾਰਨ ਇਹ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਦਾ ਛੁੱਟੀਆਂ ਦੇ ਦਿਨਾਂ ’ਚ ਵਧ ਜਾਣ ਦਾ ਖਦਸ਼ਾ ਰਹਿੰਦਾ ਹੈ। ਇਸ ਲਈ ਸਕੂਲਾਂ ’ਚ 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ।

ਇਨ੍ਹਾਂ ਦਿਨਾਂ ’ਚ ਜਦੋਂਕਿ ਕਈ ਸੂਬਿਆਂ ਦੇ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਇਸੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੂਲਾਂ ’ਚ ਖਾਸ ਨਿਗਰਾਨੀ ਦੀ ਪੁਖਤਾ ਵਿਵਸਥਾ ਕਰਨ ਦੀ ਤਾਕੀਦ ਕੀਤੀ ਹੈ।

–ਵਿਜੇ ਕੁਮਾਰ


author

Anmol Tagra

Content Editor

Related News