ਭਾਰਤੀ ਰੇਲਗੱਡੀਆਂ ’ਚ ਚੋਰੀ, ਹੱਤਿਆ ਅਤੇ ਜਬਰ-ਜ਼ਨਾਹ ਜਾਰੀ

08/10/2023 2:00:42 AM

ਦੇਸ਼ ਦੀ ‘ਜੀਵਨ-ਰੇਖਾ’ ਅਖਵਾਉਣ ਵਾਲੀ ਭਾਰਤੀ ਰੇਲਾਂ ’ਚ ਚੋਰੀ, ਹੱਤਿਆ ਅਤੇ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਜਾਰੀ ਰਹਿਣ ਕਾਰਨ ਇਸ ’ਚ ਆਮ ਆਦਮੀ ਲਈ ਯਾਤਰਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ, ਜਿਨ੍ਹਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 8 ਅਗਸਤ ਨੂੰ ‘ਦਯੋਦਯ ਐਕਸਪ੍ਰੈੱਸ’ ਵੱਲੋਂ ਅਸ਼ੋਕ ਨਗਰ ਤੋਂ ਕਟਨੀ ਜਾ ਰਹੀ ਔਰਤ ਦਾ ਬੀਨਾ (ਮੱਧ ਪ੍ਰਦੇਸ਼) ਦੇ ਨੇੜੇ ਕੁਝ ਚੋਰ ਬੈਗ ਚੋਰੀ ਕਰ ਕੇ ਲੈ ਗਏ, ਜਿਸ ’ਚ 2 ਮੋਬਾਈਲ ਫੋਨ, 5,000 ਰੁਪਏ ਨਕਦ ਅਤੇ ਹੋਰ ਜ਼ਰੂਰੀ ਸਾਮਾਨ ਸੀ।

* 8 ਅਗਸਤ ਨੂੰ ਹੀ ‘ਸੰਪਰਕ ਕਾਂਤੀ ਐਕਸਪ੍ਰੈੱਸ’ ਵੱਲੋਂ ਹਜ਼ਰਤ ਨਿਜ਼ਾਮੁਦੀਨ ਤੋਂ ਜਬਲਪੁਰ ਜਾ ਰਹੀ ਲੜਕੀ ਦਾ ਬੈਗ ਮਾਲਖੇੜੀ (ਮੱਧ ਪ੍ਰਦੇਸ਼) ਸਟੇਸ਼ਨ ਦੇ ਨੇੜੇ ਅਣਪਛਾਤਾ ਵਿਅਕਤੀ ਖਿੱਚ ਕੇ ਲੈ ਗਿਆ, ਜਿਸ ’ਚ 32 ਗ੍ਰਾਮ ਵਜ਼ਨੀ ਸੋਨੇ ਦੇ 2 ਕੜੇ, ਸੋਨੇ ਦੀ ਅੰਗੂਠੀ, ਮੰਗਲਸੂਤਰ, ਸੋਨੇ ਦੇ ਟਾਪਸ, ਕੰਨ ਦੇ ਝੁਮਕੇ, 2 ਮੋਬਾਈਲ ਫੋਨ ਅਤੇ 10,000 ਰੁਪਏ ਨਕਦ ਸਨ।

* 8 ਅਗਸਤ ਨੂੰ ਹੀ ਕਿਸੇ ਬਦਮਾਸ਼ ਨੇ ‘ਪ੍ਰਤਾਪਗੜ੍ਹ ਐਕਸਪ੍ਰੈੱਸ’ ਤੋਂ ਬੀਨਾ ਜਾ ਰਹੇ ਇਕ ਯਾਤਰੀ ਦਾ ਮੋਬਾਈਲ ਫੋਨ ਚੋਰੀ ਕਰ ਲਿਆ।

* 8 ਅਗਸਤ ਨੂੰ ਹੀ ਮੁਬੰਈ ’ਚ ਦਾਦਰ ਰੇਲਵੇ ਸਟੇਸ਼ਨ ਦੇ ਨੇੜੇ ਇਕ ਬਦਮਾਸ਼ ਨੇ ਟ੍ਰੇਨ ’ਚ ਇਕ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿਰੋਧ ਕਰਨ ’ਤੇ ਉਸ ਨੂੰ ਧੱਕਾ ਦੇ ਕੇ ਗੱਡੀ ਤੋਂ ਬਾਹਰ ਸੁੱਟ ਦਿੱਤਾ।

* 8 ਅਗਸਤ ਨੂੰ ਹੀ ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਪਛਚਿਮ ਐਕਸਪ੍ਰੈੱਸ ਟ੍ਰੇਨ ਦੇ ਜਨਰਲ ਕੋਚ ’ਚ ਯਾਤਰਾ ਕਰ ਰਹੀ ਮਹਿਲਾ ਨਾਲ ਸੋਨੀਪਤ ਅਤੇ ਹਰਸਾਨਾ ਸਟੇਸ਼ਨਾਂ ਦੇ ਵਿਚਾਲੇ ਛੇੜਖਾਨੀ ਕਰਨ ਅਤੇ ਉਸ ਦੇ ਬੇਟੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 8 ਅਗਸਤ ਨੂੰ ਹੀ ਜੰਮੂ-ਤਵੀ ਤੋਂ ਹਾਵੜਾ ਜਾਣ ਵਾਲੀ ਟ੍ਰੇਨ ’ਚ ਰਾਮਪੁਰ ਅਤੇ ਬਰੇਲੀ ਵਿਚਾਲੇ ਚੋਰੀ ਕਰਦੇ ਹੋਏ ਇਕ ਲੜਕੀ ਅਤੇ 2 ਨੌਜਵਾਨਾਂ ਸਮੇਤ 3 ਚੋਰ ਫੜੇ ਗਏ।

* 6 ਅਗਸਤ ਨੂੰ ‘ਸੂਰਤ-ਮੁਜ਼ੱਫਰਨਗਰ ਸੁਪਰਫਾਸਟ ਐਕਸਪ੍ਰੈੱਸ’ ਦੇ ਪਾਰਸਲ ਕੋਚ ਦਾ ਤਾਲਾ ਤੋੜ ਕੇ ਚੋਰਾਂ ਨੇ ਉਸ ’ਚ ਰੱਖੀਆਂ ਲਗਭਗ 225 ਮਹਿੰਗੀਆਂ ਸਾੜ੍ਹੀਆਂ ਚੋਰੀ ਕਰ ਲਈਆਂ ਅਤੇ ਇਟਾਵਾ ਸਟੇਸ਼ਨ ਦੇ ਆਊਟਰ ਸਿਗਨਲ ’ਤੇ ਚੇਨ ਪੁਲਿੰਗ ਕਰ ਕੇ ਲੁੱਟ ਦੀਆਂ ਸਾੜ੍ਹੀਆਂ ਦੇ ਬੈਗ ਉਠਾ ਕੇ ਫਰਾਰ ਹੋ ਗਏ।

* 5 ਅਗਸਤ ਨੂੰ ‘ਸਿਫੁੰਗ ਐਕਸਪ੍ਰੈੱਸ’ ਰਾਹੀਂ ਗੁਹਾਟੀ ਤੋਂ ਨਿਊ ਅਲੀਪੁਰਦਵਾਰ ਜਾ ਰਹੀ ਮਹਿਲਾ ਦੇ ਬੱਚੇ ਨੂੰ ਫਕੀਰਾਗ੍ਰਾਮ ਅਤੇ ਅਲੀਪੁਰਦਵਾਰ ਸਟੇਸ਼ਨਾਂ ਵਿਚਾਲੇ 2 ਦੋਸ਼ੀਆਂ ਨੇ ਰੇਲਗੱਡੀ ਤੋਂ ਹੇਠਾਂ ਸੁੱਟ ਦੇਣ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 31 ਜੁਲਾਈ ਨੂੰ ਪਾਲਘਰ (ਮਹਾਰਾਸ਼ਟਰ) ’ਚ ‘ਜੈਪੁਰ-ਮੁੰਬਈ ਐਕਸਪ੍ਰੈੱਸ’ ਟ੍ਰੇਨ ’ਚ ਇਕ ਕਾਂਸਟੇਬਲ ਨੇ ਕਿਸੇ ਗੱਲ ’ਤੇ ਵਿਵਾਦ ਨੂੰ ਲੈ ਕੇ ਆਪਣੇ ਸੀਨੀਅਰ ਏ. ਐੱਸ. ਆਈ. ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਏ. ਐੱਸ. ਆਈ. ਸਮੇਤ 4 ਲੋਕਾਂ ਦੀ ਜਾਨ ਚਲੀ ਗਈ।

* 24 ਜੁਲਾਈ ਨੂੰ ਲਖਨਊ ਮੇਲ ਦੇ ਏ. ਸੀ. ਫਸਟ ਕਲਾਸ ਕੋਚ ’ਚ ਦਿੱਲੀ ਤੋਂ ਲਖਨਊ ਜਾ ਰਹੇ ਜੋੜੇ ਦੇ ਸੂਟਕੇਸ ’ਚੋਂ 40 ਲੱਖ ਰੁਪਏ ਮੁੱਲ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਗਈ।

* 11 ਜੁਲਾਈ ਨੂੰ ਕਟਨੀ (ਮੱਧ ਪ੍ਰਦੇਸ਼) ਜ਼ਿਲੇ ’ਚ ‘ਖਿਰਹਨੀ’ ਚੌਕੀ ਦੇ ਨੇੜੇ ਬਦਮਾਸ਼ਾਂ ਨੇ ਪਹਿਲਾਂ ਤਾਂ ‘ਬਿਲਾਸਪੁਰ-ਰੀਵਾ ਐਕਸਪ੍ਰੈੱਸ’ ’ਚ ਯਾਤਰਾ ਕਰ ਰਹੇ ਇਕ ਵਿਅਕਤੀ ਦਾ ਮੋਬਾਈਲ ਖੋਹਿਆ ਅਤੇ ਫਿਰ ਚਾਕੂਆਂ ਨਾਲ ਤਾਬੜਤੋੜ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 22 ਜੂਨ ਨੂੰ ‘ਸੂਰਤ ਐਕਸਪ੍ਰੈੱਸ’ ਰਾਹੀਂ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਸੂਰਜ (ਗੁਜਰਾਤ) ਜਾ ਰਹੀ ਇਕ ਮਜ਼ਦੂਰ ਮਹਿਲਾ ਤੋਂ ਗਵਾਲੀਅਰ ਦੇ ਬਿਲੁਆ ਖੇਤਰ ਦੇ ਨੇੜੇ ਬਦਮਾਸ਼ਾਂ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਉਸ ਨੂੰ ਅਤੇ ਉਸ ਦੇ ਰਿਸ਼ਤੇਦਾਰ ਨੂੰ ਕੁੱਟਣ ਦੇ ਬਾਅਦ ਉਨ੍ਹਾਂ ਨੂੰ ਗੱਡੀ ਤੋਂ ਹੇਠਾਂ ਸੁੱਟ ਿਦੱਤਾ, ਜੋ ਅਗਲੇ ਦਿਨ ਪੇਂਡੂਆਂ ਨੂੰ ਰੇਲ ਪਟੜੀਆਂ ਦੇ ਨੇੜੇ ਬੇਹੋਸ਼ੀ ਦੀ ਹਾਲਤ ’ਚ ਪਏ ਮਿਲੇ।

* 14 ਜੂਨ ਨੂੰ ਮੁੰਬਈ ਦੀ ਇਕ ਲੋਕਲ ਟ੍ਰੇਨ ਦੇ ਔਰਤਾਂ ਦੇ ਡੱਬੇ ’ਚ ਯਾਤਰਾ ਕਰ ਰਹੀ 20 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ 40 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

ਰੇਲ ਮੰਤਰਾਲਾ ਅਨੁਸਾਰ ਭਾਰਤੀ ਰੇਲਾਂ ’ਚ ਸਾਲ 2020 ਅਤੇ 2022 ਦੇ ਦਰਮਿਆਨ ਲੁੱਟ ਦੇ ਮਾਮਲਿਆਂ ’ਚ 87 ਫੀਸਦੀ ਵਾਧਾ ਹੋਇਆ। ਇਸ ਲਈ ਰੇਲ ਮੰਤਰਾਲਾ ਨੂੰ ਇਸ ਸਬੰਧ ’ਚ ਤੁਰੰਤ ਜ਼ਰੂਰੀ ਕਦਮ ਉਠਾ ਕੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਕਿ ਰੇਲ ਯਾਤਰੀ ਭਾਰਤੀ ਰੇਲਾਂ ’ਚ ਬਿਨਾਂ ਕਿਸੇ ਡਰ ਅਤੇ ਖਤਰੇ ਦੇ ਯਾਤਰਾ ਕਰ ਸਕਣ।

-ਵਿਜੇ ਕੁਮਾਰ


Mukesh

Content Editor

Related News