ਔਰਤਾਂ ਲਈ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ’ਚੋਂ ਇਕ ‘ਪਾਪੁਆ ਨਿਊ ਗਿਨੀ’
Saturday, Oct 20, 2018 - 06:57 AM (IST)

ਅੱਜ ਦੁਨੀਆ ਭਰ ’ਚ ਹਿੰਸਾ ਅਤੇ ਅਪਰਾਧਾਂ ਦੀ ਇਕ ਲਹਿਰ ਜਿਹੀ ਚੱਲੀ ਹੋਈ ਹੈ ਤੇ ਖਾਸ ਕਰ ਕੇ ਔਰਤਾਂ ਪਰਿਵਾਰਕ ਤੇ ਸਮਾਜਿਕ ਹਿੰਸਾ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੀਆਂ ਹਨ। ਇਸੇ ਲੜੀ ’ਚ ਔਰਤਾਂ ’ਤੇ ਅੱਤਿਆਚਾਰਾਂ ਦੇ ਮਾਮਲੇ ’ਚ ‘ਪਾਪੁਆ ਨਿਊ ਗਿਨੀ’ ਨਾਮੀ ਦੇਸ਼ ਤਾਂ ਸਾਰੀਆਂ ਹੱਦਾਂ ਪਾਰ ਕਰਦਾ ਲੱਗਦਾ ਹੈ।
‘ਪਾਪੁਆ ਨਿਊ ਗਿਨੀ’ ਆਸਟ੍ਰੇਲੀਆ ਦੇ ਉੱਤਰ ’ਚ ਸਥਿਤ ਇਕ ਛੋਟਾ ਜਿਹਾ ਦੇਸ਼ ਹੈ, ਜੋ 16 ਸਤੰਬਰ 1975 ਨੂੰ ਆਜ਼ਾਦ ਹੋਇਆ। ਇਸ ਦੀ ਆਬਾਦੀ 2009 ਦੀ ਮਰਦਮਸ਼ੁਮਾਰੀ ਮੁਤਾਬਕ 67,32,000 ਸੀ। ਸਿਰਫ 4,62,840 ਵਰਗ ਕਿਲੋਮੀਟਰ ’ਚ ਫੈਲਿਆ ਇਹ ਦੇਸ਼ ਵੰਨ-ਸੁਵੰਨਤਾਵਾਂ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ।
ਇਹ ਰਹਿਣ ਲਈ ਦੁਨੀਆ ਦੇ ਸਭ ਤੋਂ ਘਟੀਆ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੈ। ਇਥੇ ਲਗਭਗ 850 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਕਈ ਧਾਰਮਿਕ ਭਾਈਚਾਰੇ ਇਥੇ ਰਹਿੰਦੇ ਹਨ। ਇਹ ਮਰਦ-ਪ੍ਰਧਾਨ ਦੇਸ਼ ਔਰਤਾਂ ਲਈ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ’ਚੋਂ ਇਕ ਹੈ। ਕੁਝ ਅਨੁਮਾਨਾਂ ਮੁਤਾਬਕ ਇਥੇ 70 ਫੀਸਦੀ ਔਰਤਾਂ ਦਾ ਬਲਾਤਕਾਰ ਹੁੰਦਾ ਹੈ ਜਾਂ ਉਨ੍ਹਾਂ ਨੂੰ ਜਿਨਸੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਹੁਣੇ ਜਿਹੇ ਬੀ. ਬੀ. ਸੀ. ਦੇ ਪੱਤਰਕਾਰ ਬੈਂਜਾਮਿਨ ਜੈਂਡ ਨੇ ‘ਪਾਪੁਆ ਨਿਊ ਗਿਨੀ’ ਦੀ ਰਾਜਧਾਨੀ ‘ਪੋਰਟ ਮੋਰੇਸਬੀ’ ਦਾ ਦੌਰਾ ਕੀਤਾ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਸਹੀ ਮੰਨਣ ਵਾਲੇ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਯਾਤਰਾ ’ਚ ਬੈਂਜਾਮਿਨ ਜੈਂਡ ਦੀ ਮੁਲਾਕਾਤ ਕੁਝ ਅਜਿਹੀਆਂ ਔਰਤਾਂ ਨਾਲ ਵੀ ਹੋਈ, ਜੋ ਕਹਿੰਦੀਆਂ ਹਨ ਕਿ ਹੁਣ ਬਹੁਤ ਹੋ ਚੁੱਕਾ।
ਇਥੇ ਘਰੇਲੂ ਹਿੰਸਾ ਤੇ ਬਲਾਤਕਾਰ ਦੀ ਦਰ ਬਹੁਤ ਜ਼ਿਆਦਾ ਹੈ ਤੇ ਸਭ ਤੋਂ ਬੁਰੀ ਗੱਲ ਇਹ ਹੈ ਕਿ ਬਲਾਤਕਾਰ ਦੇ ਗਿਣੇ-ਚੁਣੇ ਦੋਸ਼ੀਆਂ ਨੂੰ ਹੀ ਸਜ਼ਾ ਮਿਲਦੀ ਹੈ। ਇਸ ਸਾਲ ਜਨਵਰੀ ਤੋਂ ਮਈ ਦਰਮਿਆਨ ਘਰੇਲੂ ਹਿੰਸਾ ਤੇ ਬਲਾਤਕਾਰ ਦੇ ਘੱਟੋ-ਘੱਟ 6 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਕਈ ਮਾਮਲੇ ਅਜਿਹੇ ਵੀ ਹੋਣਗੇ, ਜੋ ਦਰਜ ਹੀ ਨਹੀਂ ਕੀਤੇ ਗਏ ਹੋਣਗੇ।
ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਇਸ ਦੀ ਵਜ੍ਹਾ ਇਹ ਹੈ ਕਿ ‘ਪਾਪੁਆ ਨਿਊ ਗਿਨੀ’ ਦੇ ਲੋਕ ਇਸ ਨੂੰ ਇਕ ਆਮ ਗੱਲ ਹੀ ਸਮਝਦੇ ਹਨ। ਕਿਸੇ ਔਰਤ, ਜੋ ਗਰਲਫ੍ਰੈਂਡ, ਪਤਨੀ ਜਾਂ ਦੋਸਤ ਹੈ, ਨਾਲ ਹਿੰਸਾ ਹੋਣਾ ਇਥੇ ਆਮ ਹੈ।
ਇਥੇ ਸਥਾਨਕ ਬਦਮਾਸ਼ਾਂ ਨੂੰ ‘ਰਾਸਕਲ’ ਕਿਹਾ ਜਾਂਦਾ ਹੈ, ਜਿਨ੍ਹਾਂ ਲਈ ਕਿਸੇ ਔਰਤ ਦਾ ਗੈਂਗਰੇਪ ਕਰਨਾ ਰੋਜ਼ਮੱਰਾ ਦੀਆਂ ਆਮ ਸਰਗਰਮੀਆਂ ’ਚ ਸ਼ਾਮਲ ਹੈ। ਇਸ ਬਾਰੇ ਇਹ ਲੋਕ ਖੁੱਲ੍ਹ ਕੇ ਗੱਲ ਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਪੁਲਸ ਤੇ ਕੈਮਰੇ ਦਾ ਵੀ ਕੋਈ ਡਰ ਨਹੀਂ।
ਇਕ ਰਾਸਕਲ ਅਨੁਸਾਰ, ‘‘ਇਥੇ ਔਰਤਾਂ ਸਭ ਤੋਂ ਸੌਖਾ ਸ਼ਿਕਾਰ ਹਨ। ਉਨ੍ਹਾਂ ਨੂੰ ਲੁੱਟਣਾ ਤੇ ਕੁੱਟਣਾ ਸਭ ਤੋਂ ਸੌਖਾ ਹੁੰਦਾ ਹੈ। ਸੜਕ ’ਤੇ ਜੇ ਕੋਈ ਆਦਮੀ ਕਿਸੇ ਔਰਤ ਨੂੰ ਕੁੱਟ ਰਿਹਾ ਹੋਵੇ ਤਾਂ ਕੋਈ ਉਸ ਦਾ ਵਿਰੋਧ ਨਹੀਂ ਕਰਦਾ।’’
ਬਦਮਾਸ਼ਾਂ ਨੂੰ ਮਿਲੀ ਹੋਈ ਇਸੇ ‘ਛੋਟ’ ਕਾਰਨ ਇਥੋਂ ਦੀਆਂ ਔਰਤਾਂ ਹਮੇਸ਼ਾ ਡਰ ਦੇ ਸਾਏ ’ਚ ਰਹਿੰਦੀਆਂ ਹਨ। ਰਾਜਧਾਨੀ ‘ਪੋਰਟ ਮੋਰੇਸਬੀ’ ਵਿਚ ਔਰਤਾਂ ਨੂੰ ਹਿੰਸਾ ਤੋਂ ਬਚਾਉਣ ਲਈ ਸਰਕਾਰ ਨੇ ‘ਸੇਫ ਹਾਊਸ’ ਬਣਾਏ ਹੋਏ ਹਨ।
ਇਕ ‘ਸੇਫ ਹਾਊਸ’ ਵਿਚ 2 ਮਹੀਨਿਆਂ ਤੋਂ ਆਪਣੇ ਬੱਚਿਆਂ ਨਾਲ ਰਹਿਣ ਵਾਲੀ ‘ਸੁਜੈਨ’ ਨਾਮੀ ਔਰਤ ਮੁਤਾਬਕ ਉਸ ਦਾ ਵਿਆਹ 2000 ’ਚ ਹੋਇਆ ਸੀ ਅਤੇ 18 ਸਾਲ ਘਰੇਲੂ ਹਿੰਸਾ ਝੱਲਣ ਤੋਂ ਬਾਅਦ ਉਸ ਦੀ ਹਿੰਮਤ ਨੇ ਜਵਾਬ ਦੇ ਦਿੱਤਾ।
‘ਸੁਜੈਨ’ ਮੁਤਾਬਕ, ‘‘ਉਹ ਮੈਨੂੰ ਬਹੁਤ ਕੁੱਟਦਾ ਸੀ। ਉਸ ਨੇ ਇਸੇ ਸਾਲ ਕੁਹਾੜੀ ਨਾਲ ਮੇਰਾ ਹੱਥ ਚੀਰ ਦਿੱਤਾ ਸੀ ਤੇ ਮੈਨੂੰ ਆਪਣੀ ਤਲੀ ’ਤੇ 35 ਟਾਂਕੇ ਲਗਵਾਉਣੇ ਪਏ। ਜਦੋਂ ਉਹ ਮੈਨੂੰ ਕੁੱਟਦਾ ਰਿਹਾ ਤਾਂ ਡਰ ਦੇ ਮਾਰੇ ਮੈਨੂੰ ਮਕਾਨ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰਨੀ ਪਈ, ਜਿਸ ਨਾਲ ਮੇਰਾ ਸੱਜਾ ਪੈਰ ਟੁੱਟ ਗਿਆ। ਮੇਰਾ ਪਤੀ ਮੈਨੂੰ ਆਪਣੀ ਜਾਇਦਾਦ ਸਮਝਦਾ ਸੀ ਤੇ ਉਸ ਦੇ ਘਰ ਵਾਲੇ ਉਸ ਨੂੰ ਰੋਕਦੇ ਨਹੀਂ ਸਨ।’’
‘ਮੈਰਿਸਾ ਨਾਮੀ ਇਕ ਹੋਰ ਔਰਤ, ਜਿਸ ਨੂੰ ਜ਼ਿਆਦਾ ਉਮਰ ਹੋਣ ਕਰਕੇ ਸੇਫ ਹਾਊਸ ’ਚ ਦਾਖਲਾ ਨਹੀਂ ਮਿਲ ਸਕਿਆ, ਨੇ ਦੱਸਿਆ ਕਿ ‘‘ਮੇਰਾ ਜਵਾਈ ਮੈਨੂੰ ਬੈਲਟ ਨਾਲ ਕੁੱਟਦਾ ਹੈ। ਉਹ ਮੇਰੇ ਨਾਲ ਸੈਕਸ ਕਰਨਾ ਚਾਹੁੰਦਾ ਹੈ ਪਰ ਮੈਂ ਅਜਿਹਾ ਨਹੀਂ ਹੋਣ ਦੇ ਸਕਦੀ। ਮੈਨੂੰ ਘਰ ਵਾਪਸ ਜਾਣ ’ਚ ਡਰ ਲੱਗ ਰਿਹਾ ਹੈ। ਉਹ ਚਾਕੂ ਰੱਖਦਾ ਹੈ ਅਤੇ ਮੇਰੀ ਬੇਟੀ ਨੂੰ ਵੀ ਬਹੁਤ ਕੁੱਟਦਾ ਹੈ। ਮੇਰੇ ਜਵਾਈ ਨੇ ਆਪਣੀਆਂ ਦੋ ਧੀਆਂ ਦਾ ਵੀ ਰੇਪ ਕੀਤਾ ਹੈ ਪਰ ਉਨ੍ਹਾਂ ਦੇ ਪਰਿਵਾਰ ਨੂੰ ਪੁਲਸ ਤੋਂ ਕੋਈ ਮਦਦ ਨਹੀਂ ਮਿਲੀ।’’
ਸਿਰਫ 5 ਸਾਲ ਪਹਿਲਾਂ ਹੀ ‘ਪਾਪੁਆ ਨਿਊ ਗਿਨੀ’ ਵਿਚ ਫੈਮਿਲੀ ਪ੍ਰੋਟੈਕਸ਼ਨ ਐਕਟ ਬਣਾਇਆ ਗਿਆ ਹੈ, ਜਿਸ ਦੇ ਮੁਤਾਬਕ ਘਰੇਲੂ ਹਿੰਸਾ ਇਕ ਅਪਰਾਧ ਹੈ ਅਤੇ ਇਸ ਦੇ ਲਈ 2 ਸਾਲ ਜੇਲ ਦੀ ਸਜ਼ਾ ਜਾਂ ਦੋਸ਼ੀ ਨੂੰ 2000 ਅਮਰੀਕੀ ਡਾਲਰ ਜੁਰਮਾਨਾ ਹੋ ਸਕਦਾ ਹੈ।
ਇਸ ਕਾਨੂੰਨ ਨਾਲ ਔਰਤਾਂ ਦੇ ਹੌਸਲੇ ਵਧੇ ਹਨ ਪਰ ਇਸ ਦੇ ਬਾਵਜੂਦ ਉਥੇ ਔਰਤਾਂ ਵਿਰੁੱਧ ਹਿੰਸਾ ਦਾ ਜਾਰੀ ਰਹਿਣਾ ਇਸ ਦੇਸ਼ ਦੀ ਸ਼ਾਸਨ ਪ੍ਰਣਾਲੀ ’ਤੇ ਇਕ ਧੱਬਾ ਹੈ ਅਤੇ ਇਹ ਕਲੰਕ ਮਿਟਣ ’ਚ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗੇਗਾ।
ਇਥੇ ਮਨ ’ਚ ਇਕ ਸਵਾਲ ਉੱਠਦਾ ਹੈ ਕਿ ਭਾਰਤ ’ਚ ਔਰਤਾਂ ਵਿਰੁੱਧ ਹਿੰਸਾ ਰੋਕਣ ਸਬੰਧੀ ਦਰਜਨਾਂ ਕਾਨੂੰਨ ਹੋਣ ਦੇ ਬਾਵਜੂਦ ਰੋਜ਼ ਔਰਤਾਂ ਵਿਰੁੱਧ ਅਪਰਾਧ ਹੋ ਰਹੇ ਹਨ ਤਾਂ ਫਿਰ ਭਾਰਤ ਅਤੇ ‘ਪਾਪੁਆ ਨਿਊ ਗਿਨੀ’ ਵਿਚ ਫਰਕ ਹੀ ਕੀ ਹੈ? –ਵਿਜੇ ਕੁਮਾਰ