ਆਪਣੀਆਂ ਕਰਤੂਤਾਂ ਨਾਲ ਪੁਲਸ ਮੁਲਾਜ਼ਮ ਬਣ ਰਹੇ ਵਿਭਾਗ ਦੀ ਬਦਨਾਮੀ ਦਾ ਕਾਰਨ

11/10/2021 3:22:19 AM

ਪੁਲਸ ਵਿਭਾਗ ’ਤੇ ਦੇਸ਼ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਤੋਂ ਅਨੁਸ਼ਾਸਿਤ ਅਤੇ ਫਰਜ਼ ਨਿਭਾਉਣ ਵਾਲੇ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਕੁ ਪੁਲਸ ਮੁਲਾਜ਼ਮ ਰਿਸ਼ਵਤਖੋਰੀ, ਸੈਕਸ ਸ਼ੋਸ਼ਣ ਅਤੇ ਹੋਰਨਾਂ ਅਪਰਾਧਾਂ ’ਚ ਸ਼ਾਮਲ ਹੋ ਕੇ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ :

* 1 ਨਵੰਬਰ ਨੂੰ ਨੂਹ ਸਥਿਤ ਇਕ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਥੱਪੜ ਮਾਰ ਕੇ ਜ਼ਬਰਦਸਤੀ ਗੱਡੀ ’ਚ ਬਿਠਾ ਕੇ ਲਿਜਾਣ ਦੀ ਕੋਸ਼ਿਸ਼ ਕਰਨ ’ਤੇ ਪੁਲਸ ਦੇ ਇਕ ਸਬ-ਇੰਸਪੈਕਟਰ ਵਿਰੁੱਧ ਕੇਸ ਦਰਜ ਕੀਤਾ ਗਿਆ।

* 3 ਨਵੰਬਰ ਨੂੰ ਪੀਲੀਭੀਤ ਦੇ ਥਾਣਾ ਹਾਜਰਾ ’ਚ ਤਾਇਨਾਤ 2 ਆਸ਼ਕ ਮਿਜਾਜ਼ ਸਿਪਾਹੀਅਾਂ ਨੂੰ ਥਾਣਾ ਕੰਪਲੈਕਸ ’ਚ ਡਿਊਟੀ ਦੇ ਦੌਰਾਨ ਕਿਸੇ ਔਰਤ ਨੂੰ ਫੋਨ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ।

* 5 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਬਰਨਾਵਾ ’ਚ ਸ਼ਰਾਬ ਦੇ ਨਸ਼ੇ ’ਚ ਧੁੱਤ ਸਾਦੀ ਵਰਦੀ ’ਚ ਇਕ ਸਿਪਾਹੀ ਨੂੰ ਜੋ ਇਕ ਭਾਜਪਾ ਸੰਸਦ ਮੈਂਬਰ ਦਾ ਬਾਡੀਗਾਰਡ ਦੱਸਿਆ ਜਾਂਦਾ ਹੈ, ਪਿਸਤੌਲ ਨਾਲ ਬੱਸ ਸਟੈਂਡ ’ਤੇ ਕਈ ਰਾਊਂਡ ਫਾਇਰਿੰਗ ਕਰਨ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ।

* 7 ਨਵੰਬਰ ਨੂੰ ਜ਼ਿਲਾ ਤਰਨਤਾਰਨ ਦੀ ਪੁਲਸ ਦੇ ਸਪੈਸ਼ਲ ਸੈੱਲ ’ਚ ਤਾਇਨਾਤ 4 ਪੁਲਸ ਮੁਲਾਜ਼ਮਾਂ ਸਮੇਤ 6 ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰਨ ਦੇ ਬਾਅਦ 8 ਨਵੰਬਰ ਨੂੰ ਚਾਰਾਂ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਿਦੱਤਾ ਗਿਆ। ਇਨ੍ਹਾਂ ਚਾਰਾਂ ਪੁਲਸ ਮੁਲਾਜ਼ਮਾਂ ’ਤੇ ਕੁਝ ਸਮਾਂ ਪਹਿਲਾਂ ਫੜੀ ਗਈ 21 ਕਿਲੋ ਅਫੀਮ ਦੇ ਮਾਮਲੇ ’ਚ 40 ਲੱਖ ਰੁਪਏ ਰਿਸ਼ਵਤ ਲੈ ਕੇ ਮੁਲਜ਼ਮਾਂ ਨੂੰ ਛੱਡਣ ਦਾ ਦੋਸ਼ ਹੈ।

* 8 ਨਵੰਬਰ ਨੂੰ ਮਲੋਟ ’ਚ ਤਾਇਨਾਤ ਪੁਲਸ ਕਾਂਸਟੇਬਲ ਹਰਪ੍ਰੀਤ ਸਿੰਘ ਨੂੰ ਇਕ ਸਿੱਖ ਸੱਜਣ ਦੀ ਦਾੜ੍ਹੀ ਪੁੱਟਣ ਅਤੇ ਉਸ ਨਾਲ ਘਟੀਆ ਸਲੂਕ ਕਰਨ ਦੇ ਦੋਸ਼ ’ਚ ਮੁਅੱਤਲ ਕਰ ਕੇ ਲਾਈਨ ਹਾਜ਼ਰ ਕੀਤਾ ਗਿਆ।

ਇਹ ਤਾਂ ਇਸੇ ਮਹੀਨੇ ਦੇ ਸਿਰਫ 8 ਦਿਨਾਂ ’ਚ ਆਈਆਂ ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਦੀਆਂ ਕੁਝ ਕੁ ਉਦਾਹਰਣਾਂ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੇ ਪੁਲਸ ਮੁਲਾਜ਼ਮ ਆਪਣੀਆਂ ਕਰਤੂਤਾਂ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ ਜਿਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਤੁਰੰਤ ਸਰਗਰਮ ਹੋਣ ਦੀ ਲੋੜ ਹੈ।

-ਵਿਜੇ ਕੁਮਾਰ


Bharat Thapa

Content Editor

Related News