ਚੀਨ ’ਚ ਉਈਗਰ ਮੁਸਲਮਾਨਾਂ ਦੀ ਦੁਰਦਸ਼ਾ
Saturday, Sep 03, 2022 - 12:52 AM (IST)
ਰਾਸ਼ਟਰ ਸੰਘ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਚੀਨ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਉਸ ਦੀ ਤਾਜ਼ਾ ਰਿਪੋਰਟ ’ਚ ਉਸ ਨੇ ਦੱਸਿਆ ਹੈ ਕਿ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਲਗਭਗ 10 ਲੱਖ ਉਈਗਰ ਮੁਸਲਮਾਨਾਂ ਨੂੰ ਤਸੀਹਾਂ ਕੈਂਪਾਂ ’ਚ ਬੰਦ ਕਰ ਕੇ ਰੱਖਿਆ ਹੋਇਆ ਹੈ। ਇਹ ਚੀਨੀਆਂ ਨਾਲੋਂ ਵੱਖਰੇ ਵੀ ਿਦਸਦੇ ਹਨ। ਉਨ੍ਹਾਂ ਦਾ ਸ਼ਿਨਜਿਆਂਗ ਸੂਬਾ ਸਾਡੇ ਲੱਦਾਖ ਨਾਲ ਲੱਗਾ ਹੋਇਆ ਹੈ। ਸੈਂਕੜਿਆਂ ਸਾਲਾਂ ਤੋਂ ਪੈਦਲ ਰਸਤੇ ਚੀਨ ਜਾਣ ਵਾਲੇ ਅਤੇ ਉੱਥੋਂ ਆਉਣ ਵਾਲੇ ਵਪਾਰੀ, ਵਿਦਵਾਨ, ਯਾਤਰੀ ਇਸੇ ਰਸਤੇ ਆਉਂਦੇ-ਜਾਂਦੇ ਹੁੰਦੇ ਸਨ। ਉਈਗਰਾਂ ਦਾ ਇਹ ਇਲਾਕਾ ਸਦੀਆਂ ਤੋਂ ਚੀਨੀ ਗਲਬੇ ਦੇ ਬਾਹਰ ਰਿਹਾ ਹੈ। ਕਮਿਊਨਿਸਟ ਸ਼ਾਸਨ ਦੀ ਸਥਾਪਨਾ ਹੋਣ ਤੋਂ ਪਹਿਲਾਂ ਇਸ ਉਈਗਰ ਇਲਾਕੇ ’ਚ ਆਜ਼ਾਦੀ ਦਾ ਅੰਦੋਲਨ ਚੱਲਦਾ ਰਿਹਾ ਪਰ ਜਦੋਂ ਤੋਂ ਚੀਨ ’ਚ ਕਮਿਊਨਿਸਟ ਸ਼ਾਸਨ ਸਥਾਪਿਤ ਹੋਇਆ ਹੈ, ਉਈਗਰ ਮੁਸਲਮਾਨਾਂ ਨੂੰ ਬੜੀ ਬੇਰਹਿਮੀ ਨਾਲ ਦਬਾਇਆ ਗਿਆ ਹੈ। ਕੁਝ ਉਈਗਰ ਨੇਤਾਵਾਂ ਅਤੇ ਵਪਾਰੀਆਂ ਨੂੰ ਆਪਣਾ ਹਥਿਆਰ ਬਣਾ ਕੇ ਚੀਨੀ ਸਰਕਾਰ ਉਨ੍ਹਾਂ ’ਤੇ ਲਗਾਤਾਰ ਜ਼ੁਲਮ ਕਰਦੀ ਰਹਿੰਦੀ ਹੈ।
ਸੰਯੁਕਤ ਰਾਸ਼ਟਰ ਸੰਘ ਦੀ ਲੰਬੀ ਰਿਪੋਰਟ ’ਚ ਠੋਸ ਤੱਤ ਅਤੇ ਤਰਕ ਦੇ ਕੇ ਦੱਸਿਆ ਗਿਆ ਹੈ ਕਿ ਚੀਨ ਦੇ ਇਹ ਮੁਸਲਮਾਨ ਗੁਲਾਮੀ ਦੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਦੀ ਆਬਾਦੀ ਨਾ ਵਧੇ, ਇਸ ਲਈ ਉਨ੍ਹਾਂ ਦੀ ਜਬਰੀ ਸਮੂਹਿਕ ਨਸਬੰਦੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੀਆਂ ਮਸਜਿਦਾਂ ’ਤੇ ਤਾਲੇ ਲਗਾ ਦਿੱਤੇ ਜਾਂਦੇ ਹਨ। ਉੱਥੇ ਮਦਰੱਸੇ ਨਹੀਂ ਚੱਲਣ ਦਿੱਤੇ ਜਾਂਦੇ। ਇਸਲਾਮੀ ਦੇਸ਼ਾਂ ਦੇ ਪ੍ਰਚਾਰਕਾਂ ਨੂੰ ਉੱਥੇ ਦਾਖਲ ਵੀ ਨਹੀਂ ਹੋਣ ਦਿੱਤਾ ਜਾਂਦਾ। ਉਨ੍ਹਾਂ ਦੇ ਪਹਿਰਾਵੇ ਅਤੇ ਨਾਂ ਵੀ ਬਦਲਣ ਦੀਆਂ ਕੋਸ਼ਿਸ਼ਾਂ ਬਰਾਬਰ ਜਾਰੀ ਰਹਿੰਦੀਆਂ ਹਨ। ਉਈਗਰ ਬੱਚਿਆਂ ਦੇ ਸਕੂਲਾਂ ’ਚ ਚੀਨੀ ਭਾਸ਼ਾ ਲਾਜ਼ਮੀ ਤੌਰ ’ਤੇ ਪੜ੍ਹਾਈ ਜਾਂਦੀ ਹੈ। ਸ਼ਿਨਜਿਆਂਗ ਸੂਬੇ ’ਚ ਕਮਿਊਨਿਸਟ ਪਾਰਟੀ ਦਾ ਸ਼ਿਕੰਜਾ ਇੰਨਾ ਸਖਤ ਹੈ ਕਿ ਜੋ ਉਈਗਰ ਮੁਸਲਮਾਨ ਉਸ ਦੇ ਅਹੁਦੇਦਾਰ ਹਨ, ਉਹ ਚੀਨੀਆਂ ਦੀ ਨਕਲ ਭਰ ਬਣੇ ਰਹਿੰਦੇ ਹਨ। ਸ਼ਿਨਜਿਆਂਗ ਸੂਬੇ ਦੀ ਰਾਜਧਾਨੀ ਉਰੁਮਚੀ ਅਤੇ ਹੋਰ ਸ਼ਹਿਰਾਂ ਤੇ ਪਿੰਡਾਂ ’ਚ ਮੈਨੂੰ ਘੁੰਮਣ-ਫਿਰਨ ਅਤੇ ਆਮ ਆਦਮੀਆਂ ਨਾਲ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਮਿਲਿਆ ਹੈ। ਕਈ ਉਈਗਰਾਂ ਨਾਲ ਪੇਈਚਿੰਗ ਅਤੇ ਸ਼ੰਘਾਈ ’ਚ ਵੀ ਮੇਰੀ ਖੁੱਲ੍ਹ ਕੇ ਗੱਲਬਾਤ ਹੋਈ ਹੈ। ਉਹ ਆਪਣੇ ਆਪ ਨੂੰ ਚੀਨੀ ਕਹਿਣ ’ਚ ਹੀ ਸੰਕੋਚ ਕਰਦੇ ਹਨ।
ਸ਼ਿਨਜਿਆਂਗ ’ਚ ਮੈਂ ਜਿਹੋ ਜਿਹੀ ਗਰੀਬੀ ਦੇਖੀ ਉਹੋ ਜਿਹੀ ਦੁਨੀਆ ਦੇ ਬੜੇ ਘੱਟ ਦੇਸ਼ਾਂ ’ਚ ਦੇਖੀ ਹੈ। ਉੱਥੋਂ ਦੀਆਂ ਕਈ ਔਰਤਾਂ ਨੇ ਸ਼ਿਕਾਇਤ ਕੀਤੀ ਹੈ ਕਿ ਚੀਨੀ ਲੋਕ ਉਨ੍ਹਾਂ ਨਾਲ ਕਾਫੀ ਬੁਰਾ ਸਲੂਕ ਕਰਦੇ ਹਨ। ਰਾਜਧਾਨੀ ਉਰੁਮਚੀ ’ਚ ਪਾਕਿਸਤਾਨੀ ਵਿਦਿਆਰਥੀਆਂ ਦੀ ਭਰਮਾਰ ਰਹਿੰਦੀ ਹੈ। ਚੀਨੀ ਸਰਕਾਰ ਉਨ੍ਹਾਂ ਨੂੰ ਲਗਭਗ ਮੁਫਤ ’ਚ ਮੈਡੀਕਲ ਦੀ ਸਿੱਖਿਆ ਦਿੰਦੀ ਹੈ ਪਰ ਉਸ ਨੂੰ ਇਹ ਡਰ ਵੀ ਲੱਗਾ ਰਹਿੰਦਾ ਹੈ ਕਿ ਇਨ੍ਹਾਂ ਇਸਲਾਮੀ ਪਾਕਿਸਤਾਨੀਆਂ ਰਾਹੀਂ ਅਫਗਾਨਿਸਤਾਨ ਅਤੇ ਮੱਧ ਏਸ਼ੀਆਈ ਮੁਸਲਿਮ ਰਾਸ਼ਟਰਾਂ ਦੇ ਅੱਤਵਾਦੀ ਕਿਤੇ ਸ਼ਿਨਜਿਆਂਗ ’ਚ ਆਪਣਾ ਅੱਡਾ ਨਾ ਬਣਾ ਲੈਣ। ਇਹ ਉਈਗਰ ਲੋਕ ਭਾਰਤ ਅਤੇ ਪਾਕਿਸਤਾਨ ਨੂੰ ਬੜਾ ਪਿਆਰ ਕਰਦੇ ਹਨ ਪਰ ਦੇਖੋ ਉਨ੍ਹਾਂ ਦੀ ਬਦਕਿਸਮਤੀ ਕਿ ਇਨ੍ਹਾਂ ਦੇਸ਼ਾਂ ਦੇ ਨੇਤਾ ਉਈਗਰਾਂ ਦੇ ਮੁੱਦੇ ’ਤੇ ਚੁੱਪ ਧਾਰੀ ਰਹਿੰਦੇ ਹਨ। ਅਮਰੀਕਾ ਅਤੇ ਪੱਛਮੀ ਰਾਸ਼ਟਰ ਜਦੋਂ ਮੂੰਹ ਖੋਲ੍ਹਦੇ ਹਨ, ਚੀਨ ਉਨ੍ਹਾਂ ’ਤੇ ਨਿਹਿਤ ਸਵਾਰਥ ਅਤੇ ਦੁਸ਼ਮਣੀ ਦਾ ਦੋਸ਼ ਲਾਉਂਦਾ ਹੈ। ਚੀਨੀ ਸਰਕਾਰ ਨੇ ਸੰਯੁਕਤ ਰਾਸ਼ਟਰ ਦੀ ਇਸ ਤਾਜ਼ਾ ਰਿਪੋਰਟ ਨੂੰ ਵੀ ਇਹੀ ਕਹਿ ਕੇ ਰੱਦ ਕਰ ਦਿੱਤਾ ਹੈ।