ਨਫਰਤ ਭਰੇ ਬਿਆਨ ਦੇਣ ਵਾਲਿਆਂ ਵਿਰੁੱਧ ਪਾਰਟੀਆਂ ਵੀ ਕਾਰਵਾਈ ਕਰਨ ਅਤੇ ਸਰਕਾਰ ਵੀ

02/25/2020 1:28:51 AM

ਦੇਸ਼ ਦੀ ਸਿਆਸਤ ਕੁਝ ਅਜਿਹੇ ਅਣਸੁਖਾਵੇਂ ਦੌਰ ’ਚ ਪਹੁੰਚ ਚੁੱਕੀ ਹੈ, ਜਿਥੇ ਵੱਖ-ਵੱਖ ਪਾਰਟੀਆਂ ਦੇ ਛੋਟੇ-ਵੱਡੇ ਨੇਤਾ ਇਤਰਾਜ਼ਯੋਗ ਬਿਆਨ ਦੇ ਕੇ ਦੇਸ਼ ਦੀ ਸੁਹਿਰਦਤਾ ਵਿਗਾੜ ਰਹੇ ਹਨ। ਵਿਸ਼ੇਸ਼ ਤੌਰ ’ਤੇ ਕੁਝ ਭਾਜਪਾ ਨੇਤਾਵਾਂ ਵਲੋਂ ਦਿੱਲੀ ਦੀਆਂ ਚੋਣਾਂ ’ਚ ਦਿੱਤੇ ਗਏ ਨਫਰਤ ਭਰੇ ਬਿਆਨਾਂ ਦੀ ਵੋਟਰਾਂ ’ਤੇ ਹੋਈ ਨਕਾਰਾਤਮਕ ਪ੍ਰਤੀਕਿਰਿਆ ਭਾਜਪਾ ਉਮੀਦਵਾਰਾਂ ’ਤੇ ਭਾਰੀ ਪਈ, ਜਿਸ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਵੀਕਾਰ ਕੀਤਾ ਹੈ ਪਰ ਚੋਣਾਂ ਤੋਂ ਬਾਅਦ ਵੀ ਭਾਜਪਾ ਨੇਤਾਵਾਂ ’ਤੇ ਇਸ ਦਾ ਕੋਈ ਅਸਰ ਹੋਇਆ ਦਿਖਾਈ ਨਹੀਂ ਦਿੰਦਾ। ਇਸ ਦਾ ਪ੍ਰਮਾਣ 22 ਫਰਵਰੀ ਨੂੰ ਯੂ. ਪੀ. ਦੇ ਰਾਜ ਮੰਤਰੀ ਆਨੰਦ ਸ਼ੁਕਲਾ ਨੇ ਏ. ਆਈ. ਐੱਮ. ਆਈ. ਐੱਮ. ਦੇ ਨੇਤਾ ਵਾਰਿਸ ਪਠਾਨ ਦੇ ਇਸ ਬਿਆਨ ਦੇ ਜਵਾਬ ’ਚ ਦਿੱਤਾ ਕਿ ‘‘15 ਕਰੋੜ ਮੁਸਲਮਾਨ 100 ਕਰੋੜ ਹਿੰਦੂਆਂ ’ਤੇ ਭਾਰੀ ਪੈਣਗੇ।’’ ਸ਼ੁਕਲਾ ਨੇ ਕਿਹਾ, ‘‘ਜਿਸ ਦਿਨ ਇਕ ਵੀ ਹਿੰਦੂ ਆਪਣੀ ਆਈ ’ਤੇ ਆ ਗਿਆ ਤਾਂ ਉਸ ਦਿਨ 15 ਕਰੋੜ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ ’ਚ ਦਿਖਾਈ ਦੇਣਗੇ ਅਤੇ ਇਸ ਨੂੰ (ਏ. ਆਈ. ਐੱਮ. ਆਈ. ਐੱਮ.) ਦੇ ਪ੍ਰਧਾਨ ਓਵੈਸੀ ਦੇ ਅੱਬਾ ਵੀ ਨਹੀਂ ਰੋਕ ਸਕਣਗੇ।’’ ਇਸੇ ਦੌਰਾਨ ਨਾਗਪੁਰ ਤੋਂ ਭਾਜਪਾ ਬੁਲਾਰੇ ਗਿਰੀਸ਼ ਵਿਆਸ ਬੋਲੇ, ‘‘ਮੁਸਲਮਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਜਰਾਤ ’ਚ ਕੀ ਹੋਇਆ ਸੀ।’’ (ਫਰਵਰੀ-ਮਾਰਚ 2002 ’ਚ ਗੁਜਰਾਤ ਦੇ ਗੋਧਰਾ ਦੇ ਦੰਗਿਆਂ ’ਚ 1044 ਲੋਕ ਮਾਰੇ ਗਏ ਸਨ, ਜਿਨ੍ਹਾਂ ’ਚ 790 ਮੁਸਲਮਾਨ ਸਨ।) ਭਾਜਪਾ ਨੇਤਾਵਾਂ ਦੇ ਗੈਰ-ਲੋੜੀਂਦੇ ਬਿਆਨਾਂ ’ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 19 ਦਸੰਬਰ 2017 ਨੂੰ ਕਿਹਾ ਸੀ ਕਿ ‘‘ਭਾਜਪਾ ’ਚ ਕੁਝ ਲੋਕਾਂ ਨੂੰ ਘੱਟ ਬੋਲਣ ਦੀ ਲੋੜ ਹੈ। ਬੜਬੋਲੇ ਭਾਜਪਾ ਨੇਤਾਵਾਂ ਦੇ ਮੂੰਹ ’ਚ ਕੱਪੜਾ ਤੁੰਨ ਦੇਣਾ ਚਾਹੀਦਾ ਹੈ।’’ ਅਤੇ ਹੁਣ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਨਫਰਤ ਭਰੇ ਬਿਆਨ ਦੇਣ ਵਾਲਿਆਂ ਦੇ ਚੋਣ ਲੜਨ ’ਤੇ ਰੋਕ ਲਾ ਦੇਣੀ ਚਾਹੀਦੀ ਹੈ। ਇਕ ਪ੍ਰੋਗਰਾਮ ’ਚ ਉਹ ਬੋਲੇ, ‘‘ਅਸੀਂ ਤਾਂ ਚਾਹੁੰਦੇ ਹਾਂ ਕਿ ਅਜਿਹੇ ਹੇਟ ਸਪੀਚ ਵਾਲੇ ਨੂੰ ਪਰਮਾਨੈਂਟਲੀ ਹਟਾ ਦਿੱਤਾ ਜਾਵੇ। ਇਕ ਅਜਿਹਾ ਸਿਸਟਮ ਬਣੇ ਕਿ ਜੋ ਵੀ ਹੇਟ ਸਪੀਚ ਦਿੱਤੀ ਹੋਵੇ, ਉਸ ਦੀ ਕਾਨੂੰਨੀ ਮਾਨਤਾ ਹੀ ਖਤਮ ਕਰ ਦਿੱਤੀ ਜਾਵੇ।’’ ਹੁਣ ਜਦਕਿ ਭਾਜਪਾ ਲੀਡਰਸ਼ਿਪ ਨੇ ਖੁਦ ਹੀ ਆਪਣੇ ਨੇਤਾਵਾਂ ਵਲੋਂ ਨਫਰਤ ਭਰੇ ਭਾਸ਼ਣਾਂ ਦੇ ਭੈੜੇ ਨਤੀਜਿਆਂ ਨੂੰ ਮਹਿਸੂਸ ਕਰ ਲਿਆ ਹੈ, ਉਨ੍ਹਾਂ ਨੂੰ ਅਤੇ ਹੋਰਨਾਂ ਦਲਾਂ ਦੇ ਨੇਤਾਵਾਂ ਨੂੰ ਵੀ ਅਜਿਹੇ ਨਿਯਮ ਬਣਾਉਣ ਦੀ ਕਵਾਇਦ ਜ਼ਰੂਰ ਕਰਨੀ ਚਾਹੀਦੀ ਹੈ, ਜਿਸ ਨਾਲ ਨਫਰਤ ਭਰੇ ਭਾਸ਼ਣ ਦੇ ਕੇ ਦੇਸ਼ ਦਾ ਵਾਤਾਵਰਣ ਖਰਾਬ ਕਰਨ ਵਾਲੇ ਨੇਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਜ਼ਾ ਦਿੱਤੀ ਜਾ ਸਕੇ।

–ਵਿਜੇ ਕੁਮਾਰ


Bharat Thapa

Content Editor

Related News