‘ਰਨ-ਵੇ ’ਤੇ ਫਿਸਲ ਰਹੇ ਜਹਾਜ਼’ ਟ੍ਰੇਨਿੰਗ ਅਤੇ ਸੁਰੱਖਿਆ ਹੋਰ ਸਖਤ ਕਰਨ ਦੀ ਲੋੜ

07/05/2019 5:36:14 AM

ਦੁਨੀਆ ’ਚ ਅੱਜ ਹਵਾਈ ਯਾਤਰਾ ਦਾ ਚਲਨ ਵਧ ਰਿਹਾ ਹੈ ਅਤੇ ਸਮੇਂ ਦੀ ਕਮੀ ਕਾਰਨ ਵੱਡੀ ਗਿਣਤੀ ’ਚ ਲੋਕ ਰੇਲ ਅਤੇ ਬੱਸ ਸੇਵਾਵਾਂ ’ਤੇ ਇਸ ਨੂੰ ਤਰਜੀਹ ਦੇਣ ਲੱਗੇ ਹਨ। ਇਸ ਲਈ ਭਾਰਤ ’ਚ ਵੀ ਹਵਾਈ ਅੱਡਿਆਂ ’ਤੇ ਬੱਸ ਅੱਡਿਆਂ ਜਾਂ ਰੇਲਵੇ ਸਟੇਸ਼ਨਾਂ ਵਰਗੀ ਭੀੜ ਦਿਖਾਈ ਦੇਣ ਲੱਗੀ ਹੈ ਪਰ ਕੁਝ ਸਮੇਂ ਤੋਂ ਹਵਾਈ ਯਾਤਰਾ ਖਤਰਨਾਕ ਹੁੰਦੀ ਜਾ ਰਹੀ ਹੈ, ਜੋ ਇਸੇ ਤੋਂ ਸਪੱਸ਼ਟ ਹੈ ਕਿ ਪਿਛਲੇ ਇਕ ਹਫਤੇ ’ਚ ਹੀ ਰਨ-ਵੇ ’ਤੇ ਫਿਸਲਣ ਜਾਂ ਹੋਰ ਕਾਰਨਾਂ ਕਾਰਨ ਭਾਰਤ ’ਚ ਹੀ ਘੱਟੋ-ਘੱਟ 4 ਜਹਾਜ਼ ਹਾਦਸਾਗ੍ਰਸਤ ਹੁੰਦੇ-ਹੁੰਦੇ ਬਚੇ ਹਨ।

* 30 ਜੂਨ ਨੂੰ ਭੋਪਾਲ ਤੋਂ ਸੂਰਤ ਜਾ ਰਿਹਾ ਸਪਾਈਸਜੈੱਟ ਦਾ ਜਹਾਜ਼ ਉਤਰਦੇ ਸਮੇਂ ਰਨ-ਵੇ ਤੋਂ ਫਿਸਲ ਕੇ ਅੱਗੇ ਚਲਾ ਗਿਆ।

* 30 ਜੂਨ ਨੂੰ ਹੀ ਦੁਬਈ ਤੋਂ ਮੈਂਗਲੋਰ ਆ ਰਿਹਾ ਏਅਰ ਇੰਡੀਆ ਐਕਸਪ੍ਰੈੱਸ ਬੋਇੰਗ-737 ਜਹਾਜ਼ ਟੈਕਸੀ-ਵੇ ’ਚ ਫਿਸਲਣ ਤੋਂ ਬਾਅਦ ਥੋੜ੍ਹਾ ਹੋਰ ਅੱਗੇ ਚਲਾ ਗਿਆ ਅਤੇ ਜਦ ਪਾਇਲਟ ਨੇ ਬ੍ਰੇਕ ਲਾਈ ਤਾਂ ਉਹ ਚਿੱਕੜ ’ਚ ਫਸ ਗਿਆ। ਇਸ ਤੋਂ ਬਾਅਦ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਪੌੜੀ ਰਾਹੀਂ ਜਹਾਜ਼ ਉਤੋਂ ਉਤਾਰਿਆ ਗਿਆ।

* 01 ਜੁਲਾਈ ਨੂੰ ਹੀ ਜੈਪੁਰ ਤੋਂ ਮੁੰਬਈ ਜਾਣ ਵਾਲੇ ਸਪਾਈਸਜੈੱਟ ਦਾ ਜਹਾਜ਼ ਰਨ-ਵੇ ਤੋਂ ਅੱਗੇ ਨਿਕਲ ਗਿਆ।

* 02 ਜੁਲਾਈ ਨੂੰ ਸਪਾਈਸਜੈੱਟ ਦਾ ਪੁਣੇ ਤੋਂ ਕੋਲਕਾਤਾ ਜਾ ਰਿਹਾ ਜਹਾਜ਼ ਉਤਰਦੇ ਸਮੇਂ ਗਿੱਲੀ ਹਵਾਈ ਪੱਟੀ ’ਤੇ ਫਿਸਲ ਕੇ ਅੱਗੇ ਚਲਾ ਗਿਆ, ਜਿਸ ਦੇ ਨਤੀਜੇ ਵਜੋਂ ਰਨ-ਵੇ ’ਤੇ ਲੱਗੀਆਂ 4 ਲਾਈਟਾਂ ਵੀ ਟੁੱਟ ਗਈਆਂ।

ਖਰਾਬ ਮੌਸਮ ’ਚ ਲੈਂਡਿੰਗ ਤੋਂ ਬਾਅਦ ਜਹਾਜ਼ਾਂ ਦੇ ਰਨ-ਵੇ ’ਤੇ ਫਿਸਲਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਡੀ. ਜੀ. ਸੀ. ਏ. ਨੇ ਵੱਖ-ਵੱਖ ਜਹਾਜ਼ ਸੇਵਾਵਾਂ ਨੂੰ ਮਾਨਸੂਨ ਦੌਰਾਨ ਸੰਚਾਲਨ ਦੀ ਯੋਜਨਾ ਬਣਾਉਂਦੇ ਸਮੇਂ ਉਡਾਣ ਭਰਨ ਅਤੇ ਉਤਰਨ ਦੌਰਾਨ ਸੁਰੱਖਿਆ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਤਾਂ ਸ਼ੁਕਰ ਹੀ ਹੈ ਕਿ ਪਾਇਲਟਾਂ ਨੇ ਸਾਵਧਾਨੀ ਨਾਲ ਜਹਾਜ਼ਾਂ ਨੂੰ ਕਾਬੂ ਕਰ ਲਿਆ ਅਤੇ ਉਕਤ ਜਹਾਜ਼ਾਂ ਦੇ ਨਾਲ ਕੋਈ ਹਾਦਸਾ ਨਹੀਂ ਹੋਇਆ ਪਰ ਇੰਨਾ ਤਾਂ ਸਪੱਸ਼ਟ ਹੈ ਕਿ ਹਵਾਈ ਸੇਵਾਵਾਂ ਵਧਣ ਦੇ ਨਾਲ-ਨਾਲ ਜਹਾਜ਼ਾਂ ਅਤੇ ਜਹਾਜ਼ ਪੱਟੀਆਂ ਦੇ ਰੱਖ-ਰਖਾਅ ਨੂੰ ਬਿਹਤਰ ਬਣਾਉਣ ਦੀ ਲੋੜ ਵੀ ਓਨੀ ਹੀ ਜ਼ਿਆਦਾ ਵਧ ਗਈ ਹੈ ਤਾਂ ਕਿ ਜਹਾਜ਼ ਸੰਚਾਲਨ ਦੌਰਾਨ ਹੋਣ ਵਾਲੇ ਕਿਸੇ ਵੀ ਸੰਭਾਵੀ ਹਾਦਸੇ ਤੋਂ ਬਚਿਆ ਜਾ ਸਕੇ।

–ਵਿਜੇ ਕੁਮਾਰ


Related News