ਮੁਲਾਜ਼ਮਾਂ ਨੂੰ ਅਨੁਸ਼ਾਸਿਤ ਕਰਨ ਲਈ ਅਚਾਨਕ ਛਾਪੇਮਾਰੀ ਦੀ ਲੋੜ

Thursday, Jan 09, 2020 - 01:42 AM (IST)

ਮੁਲਾਜ਼ਮਾਂ ਨੂੰ ਅਨੁਸ਼ਾਸਿਤ ਕਰਨ ਲਈ ਅਚਾਨਕ ਛਾਪੇਮਾਰੀ ਦੀ ਲੋੜ

ਅਸੀਂ ਸ਼ੁਰੂ ਤੋਂ ਹੀ ਲਿਖਦੇ ਆ ਰਹੇ ਹਾਂ ਕਿ ਸਾਡੇ ਮੰਤਰੀਆਂ, ਨੇਤਾਵਾਂ ਅਤੇ ਅਧਿਕਾਰੀਆਂ ਨੂੰ ਆਪਣੇ ਸੂਬਿਆਂ ’ਚ ਸੜਕ ਮਾਰਗ ਰਾਹੀਂ ਯਾਤਰਾ ਕਰਨੀ ਚਾਹੀਦੀ ਹੈ ਅਤੇ ਰਸਤੇ ’ਚ ਪੈਣ ਵਾਲੇ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ’ਚ ਅਚਾਨਕ ਛਾਪੇ ਮਾਰਨੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਉਥੋਂ ਦੀ ਅਸਲੀ ਸਥਿਤੀ ਦਾ ਪਤਾ ਲੱਗ ਸਕੇ।

ਸਾਡੇ ਸੁਝਾਅ ’ਤੇ 2010 ’ਚ ਇਹ ਮੁਹਿੰਮ ਸ਼ੁਰੂ ਤਾਂ ਕੀਤੀ ਗਈ ਪਰ ਵਿਸ਼ੇਸ਼ ਤੇਜ਼ੀ ਨਹੀਂ ਫੜ ਸਕੀ। ਹੁਣ ਕੁਝ ਸਮੇਂ ਤੋਂ ਇਸ ’ਚ ਤੇਜ਼ੀ ਆਈ ਹੈ ਅਤੇ ਇਸ ਦੇ ਚੰਗੇ ਨਤੀਜੇ ਵੀ ਮਿਲ ਰਹੇ ਹਨ, ਜੋ ਸਿਰਫ 3 ਦਿਨਾਂ ’ਚ ਮਾਰੇ ਗਏ ਛਾਪਿਆਂ ਤੋਂ ਸਪੱਸ਼ਟ ਹਨ :

* 04 ਜਨਵਰੀ ਨੂੰ ਰਾਜਸਥਾਨ ’ਚ ਸਵਾਈ ਮਾਧੋਪੁਰ ਦੇ ਜ਼ਿਲਾ ਕਲੈਕਟਰ ਐੱਸ. ਪੀ. ਸਿੰਘ ਨੇ ਜ਼ਿਲਾ ਹੈੱਡਕੁਆਰਟਰ ਦਾ ਅਚਾਨਕ ਨਿਰੀਖਣ ਕਰ ਕੇ ਸਫਾਈ ਦੀ ਵਿਵਸਥਾ ਦੇਖੀ ਅਤੇ ਕੰਮ ਦੇ ਸਮੇਂ ਦੌਰਾਨ ਚਾਹ ਦੀ ਕੰਟੀਨ ’ਤੇ ਗੱਪਾਂ ਮਾਰਦੇ ਮਿਲੇ ਇਕ ਕੰਮਚੋਰ ਮੁਲਾਜ਼ਮ ਨੂੰ ਮੁਅੱਤਲ ਕਰਨ ਦਾ ਹੁਕਮ ਦੇਣ ਤੋਂ ਇਲਾਵਾ ਹੋਰਨਾਂ ਮੁਲਾਜ਼ਮਾਂ ਨੂੰ ਮੁਸਤੈਦੀ ਨਾਲ ਕੰਮ ਕਰਨ ਦੀ ਨਸੀਹਤ ਦਿੱਤੀ।

* 4 ਅਤੇ 5 ਜਨਵਰੀ ਦੀ ਅੱਧੀ ਰਾਤ ਨੂੰ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਪਾਨੀਪਤ ਦੀ ਥਰਮਲ ਪਾਵਰ ਕਾਲੋਨੀ ’ਚ ਛਾਪਾ ਮਾਰ ਕੇ 7 ਸੁਪਰਿੰਟੈਂਡਿੰਗ ਇੰਜੀਨੀਅਰਾਂ ਅਤੇ ਡੀ. ਏ. ਵੀ. ਸਕੂਲ, ਥਰਮਲ ਕਾਲੋਨੀ ਦੇ ਪ੍ਰਿੰਸੀਪਲ ਸਮੇਤ ਪਲਾਂਟ ਦੇ 9 ਉੱਚ ਅਧਿਕਾਰੀਆਂ ਨੂੰ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਹੋਏ ਫੜਿਆ ਅਤੇ ਉਨ੍ਹਾਂ ਨੂੰ 7 ਲੱਖ ਰੁਪਏ ਜੁਰਮਾਨਾ ਕੀਤਾ ਗਿਆ।

* 05 ਜਨਵਰੀ ਦੇਰ ਰਾਤ ਉੱਤਰ ਪ੍ਰਦੇਸ਼ ਦੇ ਮੰਤਰੀ ਰਵਿੰਦਰ ਜਾਇਸਵਾਲ ਨੇ ਹਮੀਰਪੁਰ ਸਦਰ ਹਸਪਤਾਲ ਦਾ ਦੌਰਾ ਕਰ ਕੇ ਇਲਾਜ ਅਧੀਨ ਰੋਗੀਆਂ ਤੋਂ ਹਸਪਤਾਲ ਦੇ ਸਟਾਫ ਵਲੋਂ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਦਾ ਪਤਾ ਲੱਗਣ ’ਤੇ ਸਬੰਧਤ ਮੁਲਾਜ਼ਮਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ।

* 06 ਜਨਵਰੀ ਨੂੰ ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਨੇ ਰਾਜੌਂਦ ਸਥਿਤ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦਫਤਰ ਦੇ ਅਚਾਨਕ ਨਿਰੀਖਣ ਦੌਰਾਨ ਬਿਨਾਂ ਸੂਚਨਾ ਦਿੱਤੇ ਗੈਰ-ਹਾਜ਼ਰ ਪਾਏ ਮੁਲਾਜ਼ਮਾਂ ਨੂੰ ਤੁਰੰਤ ਡਿਊਟੀ ਤੋਂ ਮੁਅੱ¾ਤਲ ਕਰਨ ਦੇ ਹੁਕਮ ਦਿੱਤੇ।

* 06 ਜਨਵਰੀ ਨੂੰ ਜੌਨਪੁਰ (ਉੱਤਰ ਪ੍ਰਦੇਸ਼) ਦੇ ਜ਼ਿਲਾ ਅਧਿਕਾਰੀ ਦਿਨੇਸ਼ ਕੁਮਾਰ ਸਿੰਘ ਨੇ ਕਾਰਜਾਂਕਲਾਂ ਬਲਾਕ ਦੇ ਪ੍ਰੇਮਾਪੁਰ ਪਿੰਡ ਦਾ ਅਚਾਨਕ ਨਿਰੀਖਣ ਕੀਤਾ ਅਤੇ ਪਿੰਡ ਦੀ ਸਫਾਈ ’ਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ।

ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਸਰਕਾਰੀ ਵਿਭਾਗਾਂ ’ਚ ਬੇਨਿਯਮੀਆਂ ’ਤੇ ਰੋਕ ਲÅਾਉਣ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾਣ ਵਾਲੇ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਅਚਾਨਕ ਛਾਪੇਮਾਰੀ ਕਿੰਨੀ ਜ਼ਰੂਰੀ ਹੈ।

ਇਸ ਲਈ ਇਕ ਨਿਸ਼ਚਿਤ ਕਾਰਜਸ਼ੈਲੀ ਨਿਰਧਾਰਿਤ ਕਰ ਕੇ ਗਿਣੇ-ਮਿੱਥੇ ਢੰਗ ਨਾਲ ਇਨ੍ਹਾਂ ਨੂੰ ਤੇਜ਼ ਕਰਨ ਅਤੇ ਨਿਯਮਿਤ ਤੌਰ ’ਤੇ ਜਾਰੀ ਰੱਖਣ ਦੀ ਲੋੜ ਹੈ ਕਿਉਂਕਿ ਜਿੰਨੇ ਵੱਧ ਛਾਪੇ ਮਾਰੇ ਜਾਣਗੇ, ਸਰਕਾਰੀ ਸਟਾਫ ’ਚ ਓਨੀ ਹੀ ਮੁਸਤੈਦੀ ਆਏਗੀ ਅਤੇ ਆਮ ਲੋਕਾਂ ਤੇ ਜਨਤਾ ਨੂੰ ਰਾਹਤ ਤੇ ਸਹੂਲਤ ਪ੍ਰਾਪਤ ਹੋਵੇਗੀ।

–ਵਿਜੇ ਕੁਮਾਰ\\\


author

Bharat Thapa

Content Editor

Related News