ਰਾਸ਼ਟਰਪਿਤਾ ਮਹਾਤਮਾ ਗਾਂਧੀ ਬਾਰੇ ਮਹਿਲਾ ਆਈ. ਏ. ਐੈੱਸ. ਅਧਿਕਾਰੀ ਵੱਲੋਂ ਘਟੀਆ ਬਿਆਨ

06/04/2019 6:22:02 AM

ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਪ੍ਰਤੀ ਦੇਸ਼-ਵਿਦੇਸ਼ ਦੇ ਲੋਕਾਂ ਦੇ ਮਨ ’ਚ ਭਾਰੀ ਸਨਮਾਨ ਹੈ। ਇਥੋਂ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੇਕ ਅਹਿਮ ਮੌਕੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਆਸ਼ੀਰਵਾਦ ਲੈਣ ਰਾਜਘਾਟ ’ਤੇ ਜ਼ਰੂਰ ਜਾਂਦੇ ਹਨ।

ਤ੍ਰਾਸਦੀ ਹੀ ਹੈ ਕਿ ਕੁਝ ਲੋਕਾਂ ਦੇ ਮਨ ’ਚ ਬਾਪੂ ਪ੍ਰਤੀ ਉਹ ਭਾਵਨਾ ਨਹੀਂ ਹੈ, ਜੋ ਹੋਣੀ ਚਾਹੀਦੀ ਹੈ ਅਤੇ ਬਾਪੂ ਦੇ ਸਨਮਾਨ ਦੀ ਬਜਾਏ ਇਹ ਲੋਕ ਉਨ੍ਹਾਂ ਦੇ ਕਾਤਿਲ ਨੱੱਥੂਰਾਮ ਗੋਡਸੇ ਦਾ ਗੁਣਗਾਨ ਕਰਦੇ ਹਨ।

ਇਸੇ ਲੜੀ ’ਚ ਹੁਣ ਮਹਾਰਾਸ਼ਟਰ ਦੀ ਮਹਿਲਾ ਆਈ. ਏ. ਐੈੱਸ. ਅਧਿਕਾਰੀ ਅਤੇ ਮੁੰਬਈ ਨਗਰ ਨਿਗਮ ’ਚ ਵਿਸ਼ੇਸ਼ ਜੁਆਇੰਟ ਕਮਿਸ਼ਨਰ ਨਿਧੀ ਚੌਧਰੀ ਵੱਲੋਂ ਬਾਪੂ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਦੀ ਭਾਰੀ ਆਲੋਚਨਾ ਹੋ ਰਹੀ ਹੈ।

ਨਿਧੀ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ‘‘ਗਾਂਧੀ ਦੀ 150ਵੀਂ ਜਯੰਤੀ ਮਨਾਉਣਾ ਬੇਤੁਕਾ ਹੈ। ਇਹੀ ਮੌਕਾ ਹੈ ਜਦੋਂ ਅਸੀਂ ਉਨ੍ਹਾਂ (ਗਾਂਧੀ) ਦਾ ਚਿਹਰਾ ਨੋਟਾਂ ’ਤੋਂ ਹਟਾ ਦੇਈਏ, ਦੁਨੀਆ ਦੀਆਂ ਸਾਰੀਆਂ ਥਾਵਾਂ ਤੋਂ ਉਨ੍ਹਾਂ ਦੀਆਂ ਮੂਰਤੀਆਂ ਹਟਾ ਦੇਈਏ, ਉਨ੍ਹਾਂ ਦੇ ਨਾਂ ’ਤੇ ਬਣੀਆਂ ਸੰਸਥਾਵਾਂ ਅਤੇ ਸੜਕਾਂ ਦੇ ਨਾਂ ਬਦਲ ਦੇਈਏ। ਇਹ ਉਨ੍ਹਾਂ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ।’’

ਨਿਧੀ ਚੌਧਰੀ ਨੇ ਅੱਗੇ ਟਵੀਟ ਕੀਤਾ, ‘‘ਥੈਂਕ ਯੂ ਗੋਡਸੇ-30.1.48 ਲਈ।’’ ਇੰਨਾ ਹੀ ਨਹੀਂ, ਇਸ ਟਵੀਟ ਦੇ ਅਖੀਰ ’ਚ ਨਿਧੀ ਚੌਧਰੀ ਨੇ ਇਕ ਕ੍ਰਾਇੰਗ ਇਮੋਜੀ (ਰੋਂਦੇ ਚਿਹਰੇ ਵਾਲੀ ਤਸਵੀਰ) ਵੀ ਲਾ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੁਦ ਨੂੰ ਸੀਤਾ ਤੇ ਦ੍ਰੋਪਦੀ ਵਰਗੇ ਤਜਰਬੇ ’ਚੋਂ ਲੰਘ ਚੁੱਕੀ ਔਰਤ ਦੱਸਣ ਵਾਲੀ ਨਿਧੀ ਚੌਧਰੀ ਨੇ ਵਿਵਾਦ ਵਧਣ ’ਤੇ ਉਕਤ ਟਵੀਟ ਡਿਲੀਟ ਕਰ ਕੇ ਸਫਾਈ ਦਿੰਦਿਆਂ ਉਹੀ ਜਾਣਿਆ-ਪਛਾਣਿਆ ਵਾਕ ਦੁਹਰਾਅ ਦਿੱਤਾ ਕਿ ‘‘ਮੇਰੇ ਟਵੀਟ ਦਾ ਲੋਕ ਗਲਤ ਮਤਲਬ ਕੱਢ ਰਹੇ ਹਨ।’’

ਬਿਨਾਂ ਸੋਚੇ-ਸਮਝੇ ਵਿਵਾਦਪੂਰਨ ਬਿਆਨ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਬਾਅਦ ’ਚ ਆਪਣੇ ਬਿਆਨ ਤੋਂ ਪਲਟ ਜਾਣ ਦਾ ਭਾਰਤ ’ਚ ਇਕ ਗਲਤ ਰੁਝਾਨ ਜਿਹਾ ਚੱਲ ਪਿਆ ਹੈ। ਮਹਾਤਮਾ ਗਾਂਧੀ ਆਦਰਯੋਗ ਅਤੇ ਪੂਜਨੀਕ ਹਨ ਤੇ ਹਮੇਸ਼ਾ ਰਹਿਣਗੇ। ਇਸ ਲਈ ਅਜਿਹਾ ਬਿਆਨ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਕਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

–ਵਿਜੇ ਕੁਮਾਰ
 


Bharat Thapa

Content Editor

Related News