ਕਸ਼ਮੀਰ ਸਮੱਸਿਆ ਦਾ ਹੱਲ ਕਿਸੇ ਬਾਹਰਲੇ ਦੇ ਹੱਥ ’ਚ ਨਹੀਂ

09/29/2019 11:30:47 PM

ਕਸ਼ਮੀਰ ’ਚ ਵਿਚੋਲਗੀ ਦੇ ਸਬੰਧ ’ਚ ਅਮਰੀਕਾ ਨੂੰ, ਕਸ਼ਮੀਰ ਦੇ ਭਾਰਤ ਦਾ ਹਿੱਸਾ ਹੋਣ ਅਤੇ ਉਥੋਂ ਦੇ ਲੋਕਾਂ ਦੇ ਭਾਰਤੀ ਨਾਗਰਿਕ ਹੋਣ ਦੇ ਸਬੰਧ ’ਚ ਪਾਕਿਸਤਾਨ ਨੂੰ ਅਤੇ ਪਾਕਿ ਮਕਬੂਜ਼ਾ ਖੇਤਰ ’ਚ ਸੜਕ ਦੇ ਨਿਰਮਾਣ ਅਤੇ ਉਦਯੋਗ ਲਾਉਣ ਲਈ ਸਰਹੱਦ ’ਤੇ ਨਾਜਾਇਜ਼ ਕਬਜ਼ੇ ਅਤੇ ਘੁਸਪੈਠ ਕਰਨ ਵਿਰੁੱਧ ਚੀਨ ਨੂੰ ਸਖਤ ਜਵਾਬ ਦੇ ਕੇ ਭਾਰਤ ਨੇ ਜਿਥੋਂ ਤਕ ਵਿਦੇਸ਼ੀ ਮੀਡੀਆ ਦਾ ਸਬੰਧ ਹੈ, ਆਪਣੀ ਸਥਿਤੀ ਬਹੁਤ ਮਜ਼ਬੂਤ ਕਰ ਲਈ ਹੈ। ਸੰਭਵ ਤੌਰ ’ਤੇ ਇੰਗਲੈਂਡ ਦੀਆਂ ਸੰਭਾਵੀ ਚੋਣਾਂ ’ਚ ਮੁਸਲਮਾਨਾਂ ਦੇ ਵੋਟ ਹਾਸਿਲ ਕਰਨ ਦੇ ਉਦੇਸ਼ ਨਾਲ ਹੀ ਬ੍ਰਿਟਿਸ਼ ਲੇਬਰ ਪਾਰਟੀ ਦੇ ਡੈਲੀਗੇਟਾਂ ਨੇ ਆਪਣੀ ਸਾਲਾਨਾ ਪਾਰਟੀ ਕਾਨਫਰੰਸ ’ਚ ਕਸ਼ਮੀਰ ਦੇ ਸਬੰਧ ’ਚ ਇਕ ਵਾਦ-ਵਿਵਾਦ ਵਾਲਾ ਹੰਗਾਮੀ ਪ੍ਰਸਤਾਵ ਪਾਸ ਕਰ ਕੇ ਕਸ਼ਮੀਰ ਸਮੱਸਿਆ ਨੂੰ ਇਕ ‘ਮਨੁੱਖੀ ਸੰਕਟ’ ਕਰਾਰ ਦਿੱਤਾ ਹੈ।

ਓ. ਆਈ. ਸੀ. (ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪ੍ਰੇਸ਼ਨ), ਜਿਸ ਦੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਰਗੇ ਮੈਂਬਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ, ਸਗੋਂ ਬੁਨਿਆਦੀ ਅਧਿਕਾਰ ਤਕ ਨਹੀਂ ਹਨ, ਜਿਥੇ ਭਾਰਤ ਨੇ ਕਸ਼ਮੀਰੀ ‘ਵਿਸ਼ੇਸ਼ ਦਰਜੇ’ ਨੂੰ ਹਟਾ ਕੇ ਬਾਕੀ ਦੇਸ਼ ਦੇ ਪੱਧਰ ’ਤੇ ਕੀਤਾ ਹੈ। ਅਜਿਹੀ ਹਾਲਤ ਵਿਚ ਇਹ ਸੋਚਣਾ ਜ਼ਰੂਰੀ ਹੈ ਕਿ ਇਹ ਕੂੜ ਪ੍ਰਚਾਰ ਪਹਿਲਾਂ ਤੋਂ ਮੌਜੂਦ ਪਾਕਿ ਅੱਤਵਾਦ ਦਾ ਵੀ ਹੋ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਯਮਨ ਜਾਂ ਸਾਊਦੀ ਦੀ ਗੱਲ ਰਾਹੀਂ ਜਿਥੇ ਭਾਰਤ ਨੂੰ ਆਪਣੇ ਕਸ਼ਮੀਰੀ ਨਾਗਰਿਕਾਂ ਦੇ ਅਧਿਕਾਰਾਂ ਦਾ ਧਿਆਨ ਰੱਖਣ ਲਈ ਕਿਹਾ ਜਾ ਰਿਹਾ ਹੈ।

ਵੋ ਕਰਮ ਉਂਗਲੀਓਂ ਪੇ ਗਿਨਤੇ ਹੈਂ, ਜ਼ੁਲਮ ਕੇ ਜਿਨਕਾ ਕੁਛ ਹਿਸਾਬ ਨਹੀਂ।

ਪਰ ਭਾਰਤ ਸਰਕਾਰ ਨੂੰ ਨਾ ਸਿਰਫ ਵਾਦੀ ’ਚ ਰੋਜ਼-ਰੋਜ਼ ਹੋਣ ਵਾਲੇ ਅੱਤਵਾਦੀ ਹਮਲਿਆਂ ਦੇ ਖਤਰੇ ਨੂੰ ਦੂਰ ਕਰਨਾ ਹੋਵੇਗਾ, ਸਗੋਂ ਘਰੇਲੂ ਮੋਰਚੇ ’ਤੇ ਮੌਜੂਦ ਖਤਰੇ ਦਾ ਵੀ ਮੁਕਾਬਲਾ ਕਰਨਾ ਹੋਵੇਗਾ ਕਿਉਂਕਿ ਕਸ਼ਮੀਰ ਵਾਦੀ ’ਚ ਲਗਾਤਾਰ ਫੌਜ ਅਤੇ ਸਥਾਨਕ ਲੋਕਾਂ ਵਿਚਾਲੇ ਝੜਪਾਂ ਜਾਰੀ ਹਨ। ਇਕ ਪੱਛਮੀ ਅਖ਼ਬਾਰ ‘ਫਾਰੇਨ ਪਾਲਿਸੀ’ ਅਨੁਸਾਰ ਇਕ ਪਾਸੇ ਜਿੱਥੇ ਵਾਦੀ ’ਚ ਫੌਜੀ ਹੰਝੂ ਗੈਸ ਦੇ ਗੋਲੇ ਅਤੇ ‘ਪੈਲੇਟ’ ਦਾਗ਼ ਰਹੇ ਹਨ, ਉਥੇ ਹੀ ਕਸ਼ਮੀਰੀ ਨੌਜਵਾਨ ਉਨ੍ਹਾਂ ’ਤੇ ਪੱਥਰ ਵਰ੍ਹਾ ਰਹੇ ਹਨ। ਇਕ ਸਥਾਨਕ ਨਾਗਰਿਕ ਅਨੁਸਾਰ, ‘‘ਉਨ੍ਹਾਂ ਕੋਲ ਫੌਜੀਆਂ ਨੂੰ ਸਾਡੇ ਘਰਾਂ ’ਚ ਦਾਖਲ ਹੋਣ ਤੋਂ ਰੋਕਣ ਦਾ ਕੋਈ ਸਾਧਨ ਨਹੀਂ ਹੈ।’’

ਇਸੇ ਵਿਅਕਤੀ ਅਨੁਸਾਰ ਕਸ਼ਮੀਰ ’ਚ ਨੌਜਵਾਨਾਂ ਨੇ ਮੈਦਾਨਾਂ ’ਚ ਗੱਡੇ ਹੋਏ ਖੰਭਿਆਂ ਦੇ ਨਾਲ ਤਿਰਪਾਲਾਂ ਬੰਨ੍ਹ ਕੇ ਬਾਹਰੀ ਨਿਗਰਾਨ ਚੌਕੀਆਂ ਕਾਇਮ ਕੀਤੀਆਂ ਹੋਈਆਂ ਹਨ ਤਾਂ ਕਿ ਇਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਗਸ਼ਤ ਕਰ ਰਹੇ ਫੌਜੀਆਂ ’ਤੇ ਨਜ਼ਰ ਰੱਖੀ ਜਾ ਸਕੇ ਅਤੇ ਜੇਕਰ ਫੌਜੀ ਉਨ੍ਹਾਂ ਦੇ ਘਰਾਂ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਨ ਤਾਂ ਉਹ ਲੋਕਾਂ ਨੂੰ ਇਸ ਬਾਰੇ ਚਿਤਾਵਨੀ ਜਾਰੀ ਕਰ ਸਕਣ।

ਸ਼੍ਰੀਨਗਰ ’ਚ ਹੋਰਨਾਂ ਥਾਵਾਂ ’ਤੇ ਕਸ਼ਮੀਰੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਕਿਸਮਤ ਦੇ ਲੇਖ ਦੇ ਤੌਰ ’ਤੇ ਭਾਰਤ ਦੀ ਕਾਰਵਾਈ ਸਵੀਕਾਰ ਨਾ ਕਰਨ ਲਈ ਦ੍ਰਿੜ੍ਹ ਸੰਕਲਪ ਹਨ ਅਤੇ ਉਨ੍ਹਾਂ ਨੇ ਆਪਣੇ ਤਰੀਕੇ ਨਾਲ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਹੈ। ਕਸ਼ਮੀਰੀਆਂ ਨੇ ਸਮੂਹਿਕ ਤੌਰ ’ਤੇ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰ ਦਿੱਤੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਥੋਂ ਦੇ ਬਾਜ਼ਾਰਾਂ ’ਚ ਦੁਕਾਨਦਾਰਾਂ ਨੇ ਸਵੈ-ਘੋਸ਼ਿਤ ਤਾਲਾਬੰਦੀ ਕੀਤੀ ਹੋਈ ਹੈ। ਸਿਰਫ ਦਵਾਈਆਂ ਦੀਆਂ ਦੁਕਾਨਾਂ ਅਤੇ ਕੁਝ ਜਨਰਲ ਸਟੋਰ ਹੀ ਪਿਛਲੇ ਦਿਨੀਂ ਖੁੱਲ੍ਹੇ ਦੇਖੇ ਗਏ ਅਤੇ ਕਸ਼ਮੀਰੀਆਂ ਨੇ ਇਸ ਨੂੰ ਮੌਨ ਪ੍ਰੋਟੈਸਟ ਕਰਾਰ ਦਿੱਤਾ ਹੈ।

ਪੁਲਵਾਮਾ ਜ਼ਿਲੇ ’ਚ ਮੋਰਾਨ ਦੇ ਰਹਿਣ ਵਾਲੇ ਇਕ ਦੁਕਾਨਦਾਰ ਦਾ ਕਹਿਣਾ ਹੈ ਕਿ ‘‘ਫੌਜ ਸਾਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਕਹਿ ਰਹੀ ਹੈ ਪਰ ਅਸੀਂ ਨਹੀਂ ਖੋਲ੍ਹਾਂਗੇ ਕਿਉਂਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਕੋਈ ਵੀ ਸਮਰਪਣ ਨਹੀਂ ਕਰੇਗਾ।’’ ਸਿੱਟੇ ਵਜੋਂ ਇਹੀ ਕਿਹਾ ਜਾ ਸਕਦਾ ਹੈ ਕਿ ਵਿਦੇਸ਼ੀ ਮੀਡੀਆ, ਬਾਹਰੀ ਦੇਸ਼ਾਂ ਜਾਂ ਸੰਗਠਨਾਂ ਵਲੋਂ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ ਹੈ। ਇਸ ਦਾ ਹੱਲ ਤਾਂ ਭਾਰਤੀਆਂ ਨੂੰ ਹੀ ਕਰ ਕੇ ਆਪਣਾ ਘਰ ਵਿਵਸਥਿਤ ਕਰਨਾ ਪਵੇਗਾ।


Bharat Thapa

Content Editor

Related News