ਦੁਨੀਆ ’ਤੇ ਦਿਸਣ ਲੱਗਾ ਅਮਰੀਕੀ ਚੋਣਾਂ ਦਾ ਅਸਰ

11/30/2020 3:32:46 AM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਇਲੈਕਟੋਰਲ ਕਾਲੇਜ 14 ਦਸੰਬਰ ਨੂੰ ਬਾਈਡੇਨ ਲਈ ਵੋਟ ਕਰੇਗਾ ਤਾਂ ਉਹ ਵ੍ਹਾਈਟ ਹਾਊਸ ਛੱਡ ਦੇਣਗੇ। ਸ਼ਾਇਦ ਇਹ ਪਹਿਲਾ ਸੰਕੇਤ ਹੈ ਕਿ ਰਾਸ਼ਟਰਪਤੀ ਟਰੰਪ ਹੁਣ ਆਪਣੀ ਹਾਰ ਨੂੰ ਪ੍ਰਵਾਨ ਕਰਨ ਲੱਗੇ ਹਨ ਪਰ ਕੌਮਾਂਤਰੀ ਸਿਆਸਤ ’ਚ ਇੰਨੀ ਦੇਰ ਨਹੀਂ ਲੱਗਦੀ ਕਿਸੇ ਵੱਡੇ ਬਦਲਾਅ ਨੂੰ ਪ੍ਰਵਾਨ ਕਰਨ ’ਚ ਅਤੇ ਉਸ ਦੇ ਨਾਲ ਨਵੇਂ ਕਦਮ ਚੁੱਕਣ ’ਚ। ਮੱਧ ਪੂਰਬ ਦੇ ਸਿਆਸੀ ਜਗਤ ’ਚ ਕੁਝ ਅਜਿਹਾ ਹੀ ਹੋ ਰਿਹਾ ਹੈ।

ਦੋ ਘਟਨਾਵਾਂ ਇਸ ਦਾ ਸੰਕੇਤ ਦਿੰਦੀਆਂ ਹਨ। ਪਹਿਲਾ ਤਾਂ ਸ਼ੁੱਕਰਵਾਰ ਨੂੰ, ਉੱਚ ਸ਼੍ਰੇਣੀ ਦੇ ਈਰਾਨੀ ਪ੍ਰਮਾਣੂ ਭੌਤਿਕ ਵਿਗਿਆਨੀ ਮੋਹਸਿਨ ਫਖਰੀਜਾਦ ਦੀ ਹੱਤਿਆ, ਪੂਰਬੀ ਤਹਿਰਾਨ ਦੇ ਇਕ ਉਪਨਗਰ ਆਬਸਰਦ ’ਚ ਹੋਣੀ ਅਤੇ ਦੂਸਰਾ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਿਯਾਹੂ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਰਮਿਆਨ ਸਾਊਦੀ ਅਰਬ ਦੇ ਸ਼ਹਿਰ ਨੋਮ ’ਚ ਐਤਵਾਰ ਦੀ ਹੈਰਾਨੀਜਨਕ ਬੈਠਕ ਤੋਂ ਬਾਅਦ ਦਾ ਮੁੱਦਾ।

ਬੈਠਕ ਦਾ ਹੋਣਾ ਸਾਰੀਅਾਂ ਪਾਰਟੀਅਾਂ ਨੇ ਅਪ੍ਰਵਾਨ ਕਰ ਦਿੱਤਾ ਪਰ ਮੀਡੀਆ ਵਲੋਂ ਇਕ ਦਿਨ ਬਾਅਦ ਹੀ ਇਸ ਦਾ ਖੁਲਾਸਾ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਦੋ ਸੰਭਾਵਿਤ ਮਕਸਦ ਹੋ ਸਕਦੇ ਹਨ।

ਪਹਿਲਾ, ਈਰਾਨ ਅਤੇ ਨਵੇਂ ਬਾਈਡੇਨ ਪ੍ਰਸ਼ਾਸਨ ਦਰਮਿਆਨ ਸੰਬੰਧਾਂ ’ਚ ਸੰਭਾਵਿਤ ਸੁਧਾਰ ਨੂੰ ਖਤਰੇ ’ਚ ਪਾਉਣਾ ਅਤੇ ਦੂਸਰਾ, ਈਰਾਨ ਨੂੰ ਜਵਾਬੀ ਕਾਰਵਾਈ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਤਾਂ ਕਿ ਇਕ ਤਰ੍ਹਾਂ ਨਾਲ ਜੰਗ ਵਰਗੀ ਸੰਭਾਵਨਾ ਬਣ ਸਕੇ।

ਈਰਾਨ ਦੇ ਰਾਸ਼ਟਰਪਤੀ ਰੂਹਾਨੀ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਸਥਿਤੀ ਬਦਲ ਰਹੀ ਹੈ ਅਤੇ ਖੇਤਰ ’ਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਸ਼੍ਰੀ ਰੂਹਾਨੀ ਈਰਾਨ ਦੇ ‘ਦੁਸ਼ਮਣਾਂ’ ਦਾ ਜ਼ਿਕਰ ਕਰਦੇ ਹਨ ਤਾਂ ਉਹ ਸਪੱਸ਼ਟ ਤੌਰ ’ਤੇ ਟਰੰਪ ਪ੍ਰਸ਼ਾਸਨ, ਇਜ਼ਰਾਈਲ ਅਤੇ ਸਾਊਦੀ ਅਰਬ ਬਾਰੇ ਗੱਲ ਕਰ ਰਹੇ ਹਨ।

ਮੱਧ ਪੂਰਬ ’ਚ ਸਿਆਸਤ ਦੇ ਬਦਲਦੇ ਆਸਾਰ ਅਤੇ ਉਸ ਦੇ ਨਤੀਜੇ ਬਾਰੇ ਇਜ਼ਰਾਈਲ ਅਤੇ ਸਾਊਦੀ ਅਰਬ ਵੀ ਚਿੰਤਤ ਹਨ। ਬਾਈਡੇਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਈਰਾਨ ਪ੍ਰਮਾਣੂ ਸਮਝੌਤੇ ’ਚ ਫਿਰ ਤੋਂ ਸ਼ਾਮਲ ਹੋਣਾ ਚਾਹੁੰਦੇ ਹਨ, ਜਿਸ ਦੇ ਲਈ 2015 ’ਚ ਬਰਾਕ ਓਬਾਮਾ ਵਲੋਂ ਗੱਲਬਾਤ ਕੀਤੀ ਗਈ ਸੀ ਅਤੇ ਜਿਸ ਨੂੰ 2018 ’ਚ ਡੋਨਾਲਡ ਟਰੰਪ ਵਲੋਂ ਵਾਪਸ ਲੈ ਲਿਆ ਗਿਆ ਸੀ।

ਈਰਾਨ ਵਲੋਂ ਉਤਪਾਦਿਤ ਉੱਚ ਕੋਟੀ ਦੇ ਯੂਰੇਨੀਅਮ ਦੀ ਵੱਡੀ ਮਾਤਰਾ ਬਾਰੇ ਖਬਰਾਂ ਆ ਰਹੀਅਾਂ ਹਨ। ਪ੍ਰਮਾਣੂ ਊਰਜਾ ਉਤਪਾਦਨ ਅਤੇ ਫੌਜੀ ਪ੍ਰਮਾਣੂ ਹਥਿਆਰ ਦੋਵਾਂ ਲਈ ਉੱਚ ਕੋਟੀ ਦੇ ਯੂਰੇਨੀਅਮ ਦਾ ਇਕ ਮਹੱਤਵਪੂਰਨ ਭਾਈਵਾਲ ਹੈ। ਇਹ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਛੇ ਵਿਸ਼ਵ ਪੱਧਰੀ ਸ਼ਕਤੀਅਾਂ ਦੇ ਨਾਲ 2015 ਦੇ ਇਕ ਸਮਝੌਤੇ ਨੇ ਈਰਾਨ ਦੇ ਉੱਚ ਕੋਟੀ ਦੇ ਯੂਰੇਨੀਅਮ ਦੇ ਉਤਪਾਦਨ ’ਤੇ ਬੰਦਿਸ਼ਾਂ ਲਗਾ ਦਿੱਤੀਅਾਂ ਸਨ ਪਰ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2018 ’ਚ ਇਸ ਸੌਦੇ ਨੂੰ ਛੱਡ ਦਿੱਤਾ, ਈਰਾਨ ਜਾਣਬੁੱਝ ਕੇ ਆਪਣੇ ਸਮਝੌਤਿਅਾਂ ’ਤੇ ਜ਼ੋਰ ਦੇ ਰਿਹਾ ਹੈ। ਹਾਲਾਂਕਿ, ਇਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ’ਤੇ ਸ਼ਾਂਤੀਪੂਰਨ ਉਦੇਸ਼ਾਂ ਲਈ ਜ਼ੋਰ ਦਿੰਦਾ ਹੈ।

ਇਜ਼ਰਾਈਲ ਦੇ ਲੰਬੇ ਸਮੇਂ ਤੋਂ ਵਿਰੋਧ ਦੇ ਬਾਵਜੂਦ ਜਨਵਰੀ ’ਚ ਅਮਰੀਕੀ ਰਾਸ਼ਟਰਪਤੀ ਬਣਨ ’ਤੇ ਜੋ ਬਾਈਡੇਨ ਨੇ ਈਰਾਨ ਦੇ ਨਾਲ ਫਿਰ ਤੋਂ ਜੁੜਨ ਦਾ ਵਾਅਦਾ ਕੀਤਾ ਹੈ।

ਇਸ ਤੋਂ ਪਹਿਲਾਂ ਅਮਰੀਕਾ ਦੇ ਸਹਾਇਤਾ ਪ੍ਰਾਪਤ ਸਮਝੌਤੇ ਦੇ ਤਹਿਤ ਇਜ਼ਰਾਈਲ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੇ ਨਾਲ ਬਰਾਬਰੀ ਸੌਦਿਅਾਂ ’ਤੇ ਦਸਤਖਤ ਕਰ ਚੁੱਕਾ ਹੈ। ਸੂਡਾਨ ਪਹਿਲਾਂ ਹੀ ਇਜ਼ਰਾਈਲ ਦੇ ਨਾਲ ਇਕ ਸਮਝੌਤੇ ਲਈ ਪ੍ਰਤੀਬੱਧ ਹੈ ਪਰ ਇਸ ਨੂੰ ਅਜੇ ਤਕ ਰਸਮੀ ਰੂਪ ਨਹੀਂ ਦਿੱਤਾ ਗਿਆ ਹੈ।

ਉਨ੍ਹਾਂ ਮੁੱਦਿਅਾਂ ਦਰਮਿਆਨ ਜੋ ਟਰੰਪ ਪ੍ਰਸ਼ਾਸਨ ਦੇ ਅੰਤਿਮ ਹਫਤਿਅਾਂ ’ਚ ਇਸ ਤਰ੍ਹਾਂ ਦੇ ਬਰਾਬਰੀ ਦੇ ਸਮਝੌਤੇ ਨੂੰ ਅੱਗੇ ਵਧਾ ਸਕਦੇ ਹਨ, ਸਾਊਦੀ ਅਰਬ ਨੂੰ ਹਥਿਆਰ ਵੇਚਣ ਲਈ ਇਕ ਅਮਰੀਕੀ ਸੌਦਾ ਹੋ ਸਕਦਾ ਹੈ।

ਯੂ. ਏ. ਈ. ਇਜ਼ਰਾਈਲ ਸੌਦੇ ਤੋਂ ਬਾਅਦ ਅਮਰੀਕਾ ਨੇ ਯੂ. ਏ. ਈ. ਨੂੰ ਉੱਨਤ ਐੱਫ-35 ਲੜਾਕੂ ਜੈੱਟ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ। ਸਾਊਦੀ ਅਰਬ ਵੀ ਮੋਹਰੀ ਅਮਰੀਕੀ ਹਥਿਆਰ ਲਈ ਇਕ ਸੌਦੇ ’ਚ ਦਿਲਚਸਪੀ ਰੱਖਦਾ ਹੈ, ਕੁਝ ਅਜਿਹਾ ਜੋ ਸ਼ਾਇਦ ਟਰੰਪ ਪ੍ਰਸ਼ਾਸਨ ਨਾਲੋਂ ਬਾਈਡੇਨ ਦੀ ਤੁਲਨਾ ’ਚ ਪ੍ਰਾਪਤ ਕਰਨ ਦਾ ਇਕ ਆਸਾਨ ਮੌਕਾ ਹੋਵੇਗਾ।

ਸਤੰਬਰ ’ਚ ਹੀ ਸਾਊਦੀ ਅਰਬ ਨੇ ਇਜ਼ਰਾਈਲ ਦੀਅਾਂ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ ਖੋਲ੍ਹਣ ’ਤੇ ਸਹਿਮਤੀ ਪ੍ਰਗਟ ਕੀਤੀ ਸੀ। ਇਹ ਦੇਸ਼ ਉਨ੍ਹਾਂ ਅਰਬ ਦੇਸ਼ਾਂ ਦੀ ਸੂਚੀ ’ਚ ਚੋਟੀ ਦੇ ਸਥਾਨ ’ਤੇ ਹੈ ਜੋ ਸੰਭਾਵਿਤ ਤੌਰ ’ਤੇ ਇਜ਼ਰਾਈਲ ਦੇ ਨਾਲ ਇਕ ਆਮ ਸਮਝੌਤੇ ’ਤੇ ਦਸਤਖਤ ਕਰ ਸਕਦੇ ਹਨ, ਵਿਸ਼ੇਸ਼ ਤੌਰ ’ਤੇ ਈਰਾਨ ਤੋਂ ਵਧਦੇ ਖਤਰੇ ਦੀ ਰੌਸ਼ਨੀ ’ਚ। ਹਾਲ ਹੀ ’ਚ ਹੋਈ ਇਸ ਬੈਠਕ ਨੂੰ ਹੀ ਤਹਿਰਾਨ ਦੇ ਲਈ ਇਕ ਮਜ਼ਬੂਤ ਸੰਕੇਤ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ ਕਿ ਈਰਾਨ ਦੇ ਵਿਰੁੱਧ ਖੇਤਰੀ ਗਠਜੋੜ ਵਧ ਰਿਹਾ ਹੈ।

ਸਾਊਦੀ ਅਰਬ ਦੇ ਇਜ਼ਰਾਈਲ ਦੇ ਨਾਲ ਬਰਾਬਰੀ ਦੇ ਸਮਝੌਤੇ ਦੇ ਮੁੱਦੇ ’ਤੇ ਦੇਰ ਹੋ ਸਕਦੀ ਹੈ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਸਾਊਦੀ ਅਰਬ ਦੇ ਰਾਜਾ ਸਲਮਾਨ ਬਿਨ ਅਬਦੁੱਲ ਅਜ਼ੀਜ਼ ਸਾਊਦੀ ਦੇ ਇਜ਼ਰਾਈਲ ਦੇ ਨਾਲ ਇਸ ਸਮਝੌਤੇ ਦੇ ਵਿਰੁੱਧ ਹਨ, ਜਦਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਇਸ ਦਾ ਸਮਰਥਨ ਕਰਦੇ ਹਨ।

ਰਿਆਦ ਦੇ ਇਕ ਵਿਦੇਸ਼ੀ ਸਿਆਸਤ ਦੇ ਐਕਸਪਰਟ ਮੁਤਾਬਕ ਕ੍ਰਾਊਨ ਪ੍ਰਿੰਸ ਸਲਮਾਨ ਇਸ ਸਮੇਂ ਕਿਸੇ ਵੀ ਸਮਝੌਤੇ ’ਤੇ ਦਸਤਖਤ ਨਹੀਂ ਕਰਨਗੇ ਕਿਉਂਕਿ ਉਹ ਇਜ਼ਰਾਈਲ ਨਾਲ ਬਰਾਬਰੀ ਨੂੰ ਬਾਈਡੇਨ ਸਰਕਾਰ ਦੇ ਸਾਹਮਣੇ ਚਾਰੇ ਪਾਸੇ ਇਸਤੇਮਾਲ ਕਰਨਗੇ ਤਾਂ ਕਿ ਉਹ ਹੋਰ ਮੁੱਦਿਅਾਂ ਜਿਵੇਂ ਕਿ ਸਾਊਦੀ ਅਰਬ ’ਚ ਮਨੁੱਖੀ ਅਧਿਕਾਰਾਂ ਦਾ ਘਾਣ ਵਰਗੇ ਮੁੱਦਿਆਂ ਤੋਂ ਬਾਈਡੇਨ ਸਰਕਾਰ ਨੂੰ ਦੂਰ ਰੱਖਣ। ਅਜਿਹੇ ’ਚ ਆਉਣ ਵਾਲੇ ਤਿੰਨ ਹਫਤਿਅਾਂ ’ਚ ਮੱਧ ਪੂਰਬ ’ਚ ਹਲਚਲ ਰਹਿਣ ਦੇ ਆਸਾਰ ਹਨ।


Bharat Thapa

Content Editor

Related News