ਟੋਕੀਓ ’ਚ ‘ਨੀਰਜ ਚੋਪੜਾ’ ਦੀ ਸੁਨਹਿਰੀ ਸਫਲਤਾ ਦੇਸ਼ ਲਈ ਮਾਣ ਦਾ ਪਲ

08/08/2021 3:42:08 AM

ਖੇਡਾਂ ਦਾ ਮਹਾਕੁੰਭ ਅਖਵਾਉਣ ਵਾਲੀਆਂ ਓਲੰਪਿਕ ਖੇਡਾਂ ’ਚ 15 ਅਗਸਤ, 1936 ਨੂੰ ਧਿਆਨ ਚੰਦ ਨੇ ਭਾਰਤ ਦੀ ਆਜ਼ਾਦੀ ਤੋਂ 11 ਸਾਲ ਪਹਿਲਾਂ ਬਰਲਿਨ ਓਲੰਪਿਕਸ ਦੇ ਹਾਕੀ ਫਾਈਨਲ ’ਚ ਜਰਮਨੀ ਦੇ ਵਿਰੁੱਧ ਟੁੱਟੇ ਦੰਦ ਅਤੇ ਨੰਗੇ ਪੈਰਾਂ ਨਾਲ ਖੇਡ ਕੇ ਚਮਤਕਾਰੀ ਪ੍ਰਦਰਸ਼ਨ ਕਰਦੇ ਹੋਏ ਚਾਰ ਗੋਲ ਦਾਗ ਕੇ 8-1 ਨਾਲ ਭਾਰਤ ਦੀ ਜਿੱਤ ’ਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

ਉਨ੍ਹਾਂ ਦੀ ਖੇਡ ਦਾ ਜਾਦੂ ਸਟੇਡੀਅਮ ’ਚ ਮੈਚ ਦੇਖ ਰਹੇ ਹਿਟਲਰ ਦੇ ਸਿਰ ਚੜ੍ਹ ਕੇ ਬੋਲਿਆ ਅਤੇ ਮੈਚ ਦੇ ਬਾਅਦ ਉਨ੍ਹਾਂ ਨੇ ਧਿਆਨ ਚੰਦ ਨੂੰ ਸੈਲਿਊਟ ਕੀਤਾ।

ਇਨ੍ਹੀਂ ਦਿਨੀਂ ਜਾਰੀ ਟੋਕੀਓ ਓਲੰਪਿਕ ਖੇਡਾਂ ’ਚ ਭਾਰਤ ਦੇ ਲਈ 24 ਜੁਲਾਈ ਨੂੰ ਮਣੀਪੁਰ ਦੀ ਮੀਰਾਬਾਈ ਚਾਨੂੰ ਨੇ ਭਾਰ ਤੋਲਣ ’ਚ ਚਾਂਦੀ, 1 ਅਗਸਤ ਨੂੰ ਆਂਧਰਾ ਪ੍ਰਦੇਸ਼ ਦੀ ਪੀ. ਵੀ. ਸਿੰਧੂ ਨੇ ਮਹਿਲਾ ਬੈਡਮਿੰਟਨ ਦੇ ਸਿੰਗਲ ’ਚ ਕਾਂਸੇ, 4 ਅਗਸਤ ਨੂੰ ਅਸਾਮ ਦੀ ਲਵਲੀਨਾ ਬੋਰਗੇਹੇਨ ਨੇ ਮਹਿਲਾ ਵੈਲਟਰ ਵੇਟ ’ਚ ਕਾਂਸੇ, 5 ਅਗਸਤ ਨੂੰ ਭਾਰਤੀ ਲੜਕਿਆਂ ਦੀ ਹਾਕੀ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਕੇ ਹਾਕੀ ’ਚ 41 ਸਾਲ ਬਾਅਦ ਆਪਣੇ ਦੇਸ਼ ਨੂੰ ਤਮਗਾ ਦਿਵਾਇਆ।

6 ਅਗਸਤ ਨੂੰ ਕਾਂਸੇ ਦੇ ਤਮਗੇ ਦੇ ਲਈ ਗ੍ਰੇਟ ਬ੍ਰਿਟੇਨ ਦੇ ਨਾਲ ਆਪਣਾ ਮੁਕਾਬਲਾ ਭਾਰਤੀ ਮਹਿਲਾ ਹਾਕੀ ਖਿਡਾਰਨਾਂ ਜ਼ਰੂਰ ਹਾਰ ਗਈਆਂ ਪਰ ਆਪਣੀ ਜੁਝਾਰੂ ਖੇਡ ਨਾਲ ਉਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੇ ਨਾਲ-ਨਾਲ ਵਿਰੋਧੀ ਟੀਮ ਦਾ ਦਿਲ ਵੀ ਜਿੱਤ ਲਿਆ।

ਫਿਰ 7 ਅਗਸਤ ਨੂੰ ਹਰਿਆਣਾ ਦੇ ਪਾਨੀਪਤ ਜ਼ਿਲੇ ਦੇ ਖਾਂਡਰਾ ਪਿੰਡ ’ਚ ਇਕ ਛੋਟੇ ਜਿਹੇ ਕਿਸਾਨ ਦੇ ਘਰ 24 ਦਸੰਬਰ, 1997 ਨੂੰ ਜਨਮੇ ‘ਨੀਰਜ ਚੋਪੜਾ’ ਨੇ ਜੈਵਲਿਨ ਥ੍ਰੋ ਦੇ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ।

ਇਸੇ ਦਿਨ ਹਰਿਆਣਾ ਦੇ ਹੀ ਬਜਰੰਗ ਪੂਨੀਆ ਨੇ ਭਾਰਤ ਦੇ ਲਈ ਕੁਸ਼ਤੀ ’ਚ ਕਾਂਸਾ ਜਿੱਤਿਆ। ਵਰਨਣਯੋਗ ਹੈ ਕਿ ‘ਨੀਰਜ ਚੋਪੜਾ’ ਅਤੇ ਬਜਰੰਗ ਪੂਨੀਆ ਅਤੇ ਕਾਂਸਾ ਤਮਗਾ ਜੇਤੂ ਲੜਕਿਆਂ ਦੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ’ਚ ਪੜ੍ਹੇ ਹਨ।

ਭਾਰਤੀ ਖਿਡਾਰੀਆਂ ਦੀ ਸਫਲਤਾ ਨਾਲ ਟੋਕੀਓ ਓਲੰਪਿਕ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸਫਲ ਓਲੰਪਿਕ ਅਤੇ ‘ਨੀਰਜ ਚੋਪੜਾ’ ਇਸ ਟੂਰਨਾਮੈਂਟ ਦਾ ਸਭ ਤੋਂ ਸਫਲ ਖਿਡਾਰੀ ਬਣ ਗਿਆ ਹੈ। ਵਰਨਣਯੋਗ ਹੈ ਕਿ ‘ਨੀਰਜ ਚੋਪੜਾ’ ਨੇ ਓਲੰਪਿਕ ’ਚ ਭਾਰਤ ਨੂੰ 13 ਸਾਲ ਬਾਅਦ ਕਿਸੇ ਈਵੈਂਟ ’ਚ ਸੋਨੇ ਦਾ ਤਮਗਾ ਦਿਵਾਇਆ ਹੈ ਅਤੇ ਇਨ੍ਹਾਂ

ਓਲੰਪਿਕ ਖੇਡਾਂ ’ਚ ਭਾਰਤ ਨੇ 1 ਗੋਲਡ, 2 ਸਿਲਵਰ ਅਤੇ 4 ਕਾਂਸੇ ਸਮੇਤ 7 ਤਮਗੇ ਜਿੱਤੇ ਹਨ। ਇਸ ਤੋਂ ਪਹਿਲਾਂ 2012 ਦੇ ਲੰਦਨ ਓਲੰਪਿਕ ’ਚ ਭਾਰਤ ਨੇ ਸਭ ਤੋਂ ਵੱਧ 10 ਤਮਗੇ ਜਿੱਤੇ ਸਨ।

‘ਨੀਰਜ ਚੋਪੜਾ’ ਨੇ 2016 ’ਚ ਪੋਲੈਂਡ ’ਚ ਹੋਈ ਆਈ. ਏ. ਏ. ਐੱਫ. ਵਰਲਡ-20 ਚੈਂਪੀਅਨਸ਼ਿਪ ’ਚ 86.48 ਮੀਟਰ ਦੂਰ ਭਾਲਾ ਸੁੱਟ ਕੇ ਗੋਲਡ ਜਿੱਤਿਆ ਸੀ ਅਤੇ

2020 ਵਿਚ ਦੱਖਣੀ ਅਫਰੀਕਾ ’ਚ ਆਯੋਜਿਤ ‘ਸੈਂਟਰਲ ਨਾਰਥ ਈਸਟ ਮੀਟਿੰਗ ਐਥਲੈਟਿਕਸ ਚੈਂਪੀਅਨਸ਼ਿਪ’ ’ਚ 87.86 ਮੀਟਰ ਜੈਵਲਿਨ ਥ੍ਰੋ ਕਰ ਕੇ ਓਲੰਪਿਕ ਦੇ ਲਈ 85 ਮੀਟਰ ਦਾ ਲਾਜ਼ਮੀ ਕੁਆਲੀਫਿਕੇਸ਼ਨ ਮਾਰਕ ਪਾਰ ਕੀਤਾ ਸੀ।

‘ਨੀਰਜ ਚੋਪੜਾ’ ਦੀ ਇਸ ਸਫਲਤਾ ’ਤੇ ਟਿੱਪਣੀ ਕਰਦੇ ਹੋਏ ਜਿਥੇ ਉਨ੍ਹਾਂ ਦੇ ਦਾਦਾ ਧਰਮ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੋਤਾ ਬੇਹੱਦ ਮਿਹਨਤੀ ਹੈ। ਇਹ ਤਮਗਾ ਜਿੱਤ ਕੇ ਉਸ ਨੇ ਦੇਸ਼ ਦਾ ਨਾਂ ਉੱਚਾ ਕਰ ਦਿੱਤਾ ਹੈ, ਓਧਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ, ‘‘ਹਰਿਆਣਾ ਕੇ ਛੋਰੇ ਨੇ ਲੱਠ ਗਾਡ ਦੀਆ।’’

ਵਰਨਣਯੋਗ ਹੈ ਕਿ ਮੌਜੂਦਾ ਓਲੰਪਿਕ ਖੇਡਾਂ ’ਚ ਦੇਸ਼ ਨੂੰ ਮਾਣ ਦਿਵਾਉਣ ਵਾਲੇ ਵਧੇਰੇ ਖਿਡਾਰੀ ਹੇਠਲੇ ਅਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਸਫਲਤਾ ਦੇ ਇਨ੍ਹਾਂ ਸਿਖਰਾਂ ਨੂੰ ਛੂਹਿਆ।

ਕੁਦਰਤੀ ਤੌਰ ’ਤੇ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ’ਤੇ ਵੱਖ-ਵੱਖ ਸੂਬਾ ਸਰਕਾਰਾਂ ਅਤੇ ਹੋਰਨਾਂ ਸੰਗਠਨਾਂ ਨੇ ਕਰੋੜਾਂ ਰੁਪਇਆਂ ਦੇ ਇਨਾਮਾਂ ਦੀ ਵਾਛੜ ਕਰ ਦਿੱਤੀ ਹੈ ਅਤੇ ਸਾਰਿਆਂ ਨੂੰ ਨੌਕਰੀ, ਨਕਦ ਇਨਾਮ, ਪਲਾਟ ਆਦਿ ਦੇਣ ਦਾ ਐਲਾਨ ਕੀਤਾ ਹੈ।

ਕੁਲ ਮਿਲਾ ਕੇ ਜਿੱਥੇ ‘ਨੀਰਜ ਚੋਪੜਾ’ ਨੇ ਓਲੰਪਿਕ ਖੇਡਾਂ ’ਚ ਭਾਰਤ ਨੂੰ ਸੋਨਾ ਦਿਵਾ ਕੇ ਮਾਣਮੱਤਾ ਕੀਤਾ ਹੈ ਉੱਥੇ ਹੋਰ ਖਿਡਾਰੀ/ਖਿਡਾਰਨਾਂ ਦਾ ਯੋਗਦਾਨ ਵੀ ਘੱਟ ਨਹੀਂ ਹੈ। ਇਨ੍ਹਾਂ ’ਚ ਭਾਰਤੀ ਦਲ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਹੈ ਕਿ ਸਾਡੇ ਖਿਡਾਰੀਆਂ ਨੂੰ ਸਹੀ ਮਾਰਗਦਰਸ਼ਨ ਅਤੇ ਹੱਲਾਸ਼ੇਰੀ ਮਿਲੇ ਤਾਂ ਭਵਿੱਖ ’ਚ ਉਹ ਇਸ ਤੋਂ ਵੀ ਕਿਤੇ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।

-ਵਿਜੇ ਕੁਮਾਰ


Bharat Thapa

Content Editor

Related News