ਮਾਫੀਆ ਦੀ ਗ੍ਰਿਫਤ ’ਚ ਦੇਸ਼, ਰੁਕ ਨਹੀਂ ਰਿਹਾ ਨਾਜਾਇਜ਼ ਸਰਗਰਮੀਆਂ ਦਾ ਸਿਲਸਿਲਾ
Friday, Aug 05, 2022 - 01:29 AM (IST)
ਅੱਜ ਦੇਸ਼ ’ਚ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ, ਓਧਰ ਦੂਜੇ ਪਾਸੇ ਸਮਾਜ ਵਿਰੋਧੀ ਤੱਤਾਂ ਨਾਲ ਜੁੜੇ ਵੱਖ-ਵੱਖ ਮਾਫੀਆ ਵੱਲੋਂ ਦੇਸ਼ ’ਚ ਹਿੰਸਾ ਅਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ। ਇਨ੍ਹਾਂ ਮਾਫੀਆ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ’ਚ ਰੁਕਾਵਟ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਕਰਨ ਅਤੇ ਹੋਰ ਤਰੀਕਿਆਂ ਨਾਲ ਉਸ ਨੂੰ ਨੁਕਸਾਨ ਪਹੁੰਚਾਉਣ ਤੋਂ ਜ਼ਰਾ ਵੀ ਝਿਜਕ ਨਹੀਂ ਕਰਦੇ। ਇਥੇ ਵੱਖ-ਵੱਖ ਮਾਫੀਆ ਵੱਲੋਂ ਸਿਰਫ 15 ਦਿਨਾਂ ’ਚ ਮਚਾਏ ਖਰੂਦ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 19 ਜੁਲਾਈ ਨੂੰ ਨੂਹ (ਹਰਿਆਣਾ) ਦੇ ਪਚਗਾਂਵ ਨਾਲ ਲੱਗਦੀ ਅਰਾਵਲੀ ਪਹਾੜੀ ’ਤੇ ਨਾਜਾਇਜ਼ ਖੋਦਾਈ ਰੋਕਣ ਗਏ ਤਾਵੜੂ ਦੇ ਡੀ. ਐੱਸ. ਪੀ. ਸੁਰੇਂਦਰ ਸਿੰਘ ਬਿਸ਼ਨੋਈ ’ਤੇ ਖੋਦਾਈ ਮਾਫੀਆ ਦੇ ਮੈਂਬਰਾਂ ਨੇ ਡੰਪਰ ਚੜ੍ਹਾ ਦਿੱਤਾ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
* 20 ਜੁਲਾਈ ਨੂੰ ਰਾਂਚੀ (ਝਾਰਖੰਡ) ਦੇ ‘ਤੁਪੁਦਾਨਾ ਓਪੀ’ ਇਲਾਕੇ ਦੇ ‘ਹੁਲਹੁੰਦੂ’ ਪਿੰਡ ’ਚ ਗਊਵੰਸ਼ ਨਾਲ ਲੱਦਿਆ ਵਾਹਨ ਰੋਕਣ ਦੀ ਕੋਸ਼ਿਸ਼ ਕਰਨ ’ਤੇ ਗਊ ਸਮੱਗਲਰਾਂ ਨੇ ‘ਸੰਧਿਆ ਟੋਪਨੋ’ ਨਾਂ ਦੀ ਮਹਿਲਾ ਥਾਣੇਦਾਰ ਨੂੰ ਦਰੜ ਕੇ ਮਾਰ ਦਿੱਤਾ।
* 20 ਜੁਲਾਈ ਨੂੰ ਹੀ ‘ਆਣੰਦ’ (ਗੁਜਰਾਤ) ’ਚ ਇਕ ਪੁਲਸ ਕਾਂਸਟੇਬਲ ਕਰਣ ਸਿੰਘ ਵੱਲੋਂ ਇਕ ਕੰਟੇਨਰ ਨੂੰ ਰੋਕਣ ਦਾ ਇਸ਼ਾਰਾ ਕਰਨ ’ਤੇ ਚਾਲਕ ਨੇ ਉਸ ’ਤੇ ਟਰੱਕ ਚੜ੍ਹਾ ਦਿੱਤਾ, ਜਿਸ ਨਾਲ ਘਟਨਾ ਵਾਲੀ ਥਾਂ ’ਤੇ ਹੀ ਉਸ ਦੀ ਮੌਤ ਵੀ ਹੋ ਗਈ।
* 23 ਜੁਲਾਈ ਨੂੰ ਭਰਤਪੁਰ (ਰਾਜਸਥਾਨ) ਦੇ ‘ਵੈਰ’ ਇਲਾਕੇ ਦੇ ‘ਧਰਸੌਨੀ’ ਪਿੰਡ ’ਚ ਨਾਜਾਇਸ਼ ਸ਼ਰਾਬ ਦੀ ਵਿਕਰੀ ਦਾ ਵਿਰੋਧ ਕਰਨ ’ਤੇ ਸ਼ਰਾਬ ਮਾਫੀਆ ਨੇ ਰਾਜਿੰਦਰ ਬਾਬਾ ਨਾਂ ਦੇ ਇਕ ਸਾਧੂ ’ਤੇ ਡਾਂਗਾਂ ਅਤੇ ਲੋਹੇ ਦੇ ਸਰੀਏ ਨਾਲ ਹਮਲਾ ਕਰ ਕੇ ਉਨ੍ਹਾਂ ਦੇ ਹੱਥ-ਪੈਰ ਤੋੜ ਦਿੱਤੇ।
* 23 ਜੁਲਾਈ ਨੂੰ ਹੀ ਬੇਤਿਆ (ਬਿਹਾਰ) ਦੇ ‘ਨਵਲਪੁਰ ਰਮੰਨਾ’ ਪਿੰਡ ’ਚ ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ਦੇ ਵਿਰੁੱਧ ਛਾਪੇਮਾਰੀ ਕਰਨ ਗਈ ਪੁਲਸ ਦੀ ਟੀਮ ’ਤੇ ਮਾਫੀਆ ਦੇ ਮੈਂਬਰਾਂ ਨੇ ਹਮਲਾ ਕਰ ਕੇ ਏ. ਐੱਸ. ਆਈ. ਰਮੇਸ਼ ਪਾਸਵਾਨ ਤੇ ਇਕ ਹੋਰ ਜਵਾਨ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ।
* 1 ਅਗਸਤ ਨੂੰ ਝਾਲਾਵਾੜ (ਮੱਧ ਪ੍ਰਦੇਸ਼) ਦੇ ਚੇਚਟ ਥਾਣਾ ਇਲਾਕਾ ਦੇ ‘ਹਥੋਨਾ’ ਪਿੰਡ ’ਚ ਨਾਜਾਇਜ਼ ਬੱਜਰੀ ਨਾਲ ਭਰਿਆ ਟਰੈਕਟਰ ਰੋਕਣ ’ਤੇ ਖੋਦਾਈ ਮਾਫੀਆ ਦੇ ਮੈਂਬਰਾਂ ਨੇ ਇਕ ਪੁਲਸ ਕਾਂਸਟੇਬਲ ਰਾਮ ਚੰਦਰ ’ਤੇ ਹਮਲਾ ਕਰ ਕੇ ਉਸ ਦੇ ਹੱਥ-ਪੈਰ ਤੋੜ ਦਿੱਤੇ।
* 1 ਅਗਸਤ ਨੂੰ ਹੀ ਯਮੁਨਾਨਗਰ (ਹਰਿਆਣਾ) ਦੇ ‘ਕੰਸਾਲੀ’ ਪਿੰਡ ਵੱਲੋਂ ਸਮੱਗਲਰਾਂ ਦੁਆਰਾ ਲਿਆਂਦਾ ਜਾ ਰਿਹਾ ਖੈਰ ਲੱਕੜੀ ਨਾਲ ਲੱਦਿਆ ਟਰੱਕ ਰੋਕਣ ਦੀ ਕੋਸ਼ਿਸ਼ ਕਰ ਰਹੇ ਜੰਗਲਾਤ ਵਿਭਾਗ ਦੀ ਟੀਮ ਦੇ ਮੈਂਬਰਾਂ ’ਤੇ ਟਰੱਕ ਚੜ੍ਹਾ ਕੇ ਚਾਲਕ ਨੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਉਹ ਵਾਲ-ਵਾਲ ਬਚੇ।
ਅਧਿਕਾਰੀਆਂ ਨੇ ਪਿੱਛਾ ਕਰ ਕੇ 5 ਲੱਖ ਰੁਪਏ ਮੁੱਲ ਦੀ ਲੱਕੜੀ ਨਾਲ ਲੱਦਿਆ ਟਰੱਕ ਤਾਂ ਜ਼ਬਤ ਕਰ ਲਿਆ ਪਰ ਚਾਲਕ ਭੱਜਣ ’ਚ ਸਫਲ ਹੋ ਗਿਆ।
* 3 ਅਗਸਤ ਨੂੰ ‘ਗੋਰੇਲਾ ਏਂਡਰਾ ਮਰਵਾਹੀ’ (ਛੱਤੀਸਗੜ੍ਹ) ’ਚ ਦੇਰ ਰਾਤ ਨਾਜਾਇਜ਼ ਰੇਤ ਖੋਦਾਈ ’ਤੇ ਕਾਰਵਾਈ ਕਰਨ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ’ਤੇ ਰੇਤ ਮਾਫੀਆ ਨੇ ਹਮਲਾ ਕਰ ਦਿੱਤਾ ਅਤੇ ਅਧਿਕਾਰੀਆਂ ਵੱਲੋਂ ਜ਼ਬਤ ਕਰ ਕੇ ਨਜ਼ਦੀਕੀ ਰੈਸਟ ਹਾਊਸ ’ਚ ਖੜ੍ਹਾ ਕੀਤਾ ਹੋਇਆ ਰੇਤ ਨਾਲ ਲੱਦਿਆ ਟਰੈਕਟਰ ਵੀ ਧੱਕੇ ਨਾਲ ਖੋਹ ਕੇ ਲੈ ਗਏ।
* ਅਤੇ ਹੁਣ 4 ਅਗਸਤ ਨੂੰ ਸਵਾਈ ਮਾਧੋਪੁਰ (ਰਾਜਸਥਾਨ) ’ਚ ਇਕ ਪੁਲਸ ਮੁਲਾਜ਼ਮ ਵੱਲੋਂ ਨਾਜਾਇਜ਼ ਬੱਜਰੀ ਨਾਲ ਭਰੀ ਇਕ ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ’ਤੇ ਟਰੈਕਟਰ-ਟਰਾਲੀ ਚਾਲਕ ਨੇ ਉਸ ਦੇ ਮੋਟਰਸਾਈਕਲ ’ਤੇ ਟਰੈਕਟਰ-ਟਰਾਲੀ ਚੜ੍ਹਾ ਦਿੱਤੀ, ਜਿਸ ’ਤੇ ਪੁਲਸ ਮੁਲਾਜ਼ਮ ਨੇ ਬੜੀ ਮੁਸ਼ਕਲ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਉਸ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਵੱਖ-ਵੱਖ ਸਮਾਜ ਵਿਰੋਧੀ ਮਾਫੀਆ ਦੀਆਂ ਸਰਗਰਮੀਆਂ ਕਿਸ ਕਦਰ ਵਧ ਚੁੱਕੀਆਂ ਹਨ ਅਤੇ ਆਮ ਆਦਮੀ ਹੀ ਨਹੀਂ ਸਗੋਂ ਪ੍ਰਸ਼ਾਸਨ ਵੀ ਮਾਫੀਆ ਦੇ ਹੱਥੋਂ ਬੰਧੂਆ ਬਣ ਕੇ ਰਹਿ ਗਿਆ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਲਗਭਗ ਹਰੇਕ ਸੂਬੇ ’ਚ ਸਰਗਰਮ ਮਾਫੀਆ ਨੂੰ ਕਿਸੇ ਨਾ ਕਿਸੇ ਰੂਪ ’ਚ ਸਿਆਸੀ ਅਤੇ ਪੁਲਸ ਸ਼ਹਿ ਪ੍ਰਾਪਤ ਹੈ, ਜਿਨ੍ਹਾਂ ਦੇ ਸਾਹਮਣੇ ਕਾਨੂੰਨ ਬੇਵੱਸ ਹੋ ਕੇ ਰਹਿ ਗਿਆ ਹੈ। ਇਸ ਦਾ ਸੰਕੇਤ ਇਸੇ ਸਾਲ 29 ਅਪ੍ਰੈਲ ਨੂੰ ਭੰਡਾਰਾ (ਮਹਾਰਾਸ਼ਟਰ) ’ਚ ਇਕ ਵਾਇਰਲ ਵੀਡੀਓ ਤੋਂ ਵੀ ਮਿਲਿਆ, ਜਦੋਂ ਉੱਥੋਂ ਦੇ ਕੁਝ ਪੁਲਸ ਮੁਲਾਜ਼ਮ ਰੇਤ ਮਾਫੀਆ ਦੇ ਮੈਂਬਰਾਂ ਨਾਲ ਪਾਰਟੀ ਕਰਦੇ ਫੜੇ ਗਏ ਸਨ, ਜਿਨ੍ਹਾਂ ਨੂੰ ਬਾਅਦ ’ਚ ਮੁਅੱਤਲ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਦੀ ਸਥਿਤੀ ’ਤੇ ਟਿੱਪਣੀ ਕਰਦਿਆਂ 6 ਜੁਲਾਈ, 2022 ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕਿਹਾ, ‘‘ਸਿਆਸਤਦਾਨਾਂ, ਅਪਰਾਧੀਆਂ ਅਤੇ ਨੌਕਰਸ਼ਾਹਾਂ ਦੇ ਦਰਮਿਆਨ ਦਾ ਅਪਵਿੱਤਰ ਗਠਜੋੜ ਮਿਟਾ ਦੇਣਾ ਚਾਹੀਦਾ ਹੈ।’’ ਲਿਹਾਜ਼ਾ ਇਸ ਸਬੰਧ ’ਚ ਮਾਫੀਆ ਦੇ ਵਿਰੁੱਧ ਸਖਤ ਮੁਹਿੰਮ ਛੇੜਨ ਦੇ ਨਾਲ-ਨਾਲ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ ਅਤੇ ਪੁਲਸ ਮੁਲਾਜ਼ਮਾਂ, ਅਧਿਕਾਰੀਆਂ ਆਦਿ ਦਾ ਪਤਾ ਲਗਾ ਕੇ ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੇ ਬਗੈਰ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ।
-ਵਿਜੇ ਕੁਮਾਰ