ਕਾਂਗਰਸ ’ਚ ਉੱਠ ਰਹੇ ਨਾਰਾਜ਼ਗੀ ਦੇ ਸੁਰ ਜਿੰਨੀ ਜਲਦੀ ਇਨ੍ਹਾਂ ਨੂੰ ਸ਼ਾਂਤ ਕੀਤਾ ਜਾਵੇ ਓਨਾ ਹੀ ਚੰਗਾ

08/30/2020 3:45:46 AM

ਕੇਂਦਰ ਅਤੇ ਸੂਬਿਆਂ ਦੀਆਂ ਚੋਣਾਂ ’ਚ ਲਗਾਤਾਰ ਹਾਰ ਰਹੀ ਕਾਂਗਰਸ ਪਾਰਟੀ ਆਪਣੀ ਚੋਟੀ ਦੀ ਲੀਡਰਸ਼ਿਪ ਦੀ ਕਥਿਤ ਫੈਸਲਾਹੀਣਤਾ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਅਣਦੇਖੀ ਦੇ ਕਾਰਨ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਹੈ।

* 17 ਅਗਸਤ ਨੂੰ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਰਾਹੁਲ ਗਾਂਧੀ ਨੂੰ ‘ਪ੍ਰਿੰਸ ਆਫ ਇਨਕੰਪੀਟੈਂਸ’ (ਅਸਮਰੱਥ ਰਾਜਕੁਮਾਰ) ਕਰਾਰ ਦਿੱਤਾ।

* 17 ਅਗਸਤ ਨੂੰ ਹੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ ਨੂੰ ‘ਸਿਰਵਿਹੂਣੀ ਪਾਰਟੀ’ ਦੱਸਦੇ ਹੋਏ ਕਿਹਾ, ‘‘ਨਾਰਾਜ਼ਗੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦਾ ‘ਡੈੱਥ ਚੈਂਬਰ’ ਬਣੀ ਕਾਂਗਰਸ ਪਾਰਟੀ ’ਚ ਖਾਨਾਜੰਗੀ ਵਾਲੇ ਹਾਲਾਤ ਹਨ।’’

* 23 ਅਗਸਤ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ, ‘‘ਰਾਹੁਲ ਗਾਂਧੀ ਭਟਕ ਗਏ ਹਨ। ਉਨ੍ਹਾਂ ਦੀ ਕੋਈ ਵੀ ਨਹੀਂ ਸੁਣਦਾ। ਉਹ ਸਾਰੀਆਂ ਥਾਵਾਂ ’ਤੇ ਹਾਰ ਚੁੱਕੇ ਹਨ ਅਤੇ ਹਾਰਿਆ ਹੋਇਆ ਜੁਆਰੀਆ ਹਮੇਸ਼ਾ ਬਹਿਕੀਆਂ-ਬਹਿਕੀਆਂ ਗੱਲਾਂ ਕਰਦਾ ਹੈ।’’

* 25 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਨੇਤਾ ਸਾਕਸ਼ੀ ਮਹਾਰਾਜ ਦੇ ਅਨੁਸਾਰ, ‘‘ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਕਾਂਗਰਸ ਪਾਰਟੀ ਨੂੰ ਖਤਮ ਕਰਨ ਲਈ ਕਾਫੀ ਹਨ। ਕਾਂਗਰਸ ਆਪਣੇ ਕਾਰਿਆਂ ਦੇ ਕਾਰਨ ਡੁੱਬ ਰਹੀ ਹੈ, ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਹੈ। ਇਹ ਮੰਦਭਾਗਾ ਹੈ ਕਿ ਦੇਸ਼ ’ਚ ਵਿਰੋਧੀ ਧਿਰ ਨਹੀਂ ਹੈ।’’

* 25 ਅਗਸਤ ਨੂੰ ਸੀਨੀਅਰ ਭਾਜਪਾ ਆਗੂ ਸ਼ਾਂਤਾ ਕੁਮਾਰ ਬੋਲੇ, ‘‘ਗਾਂਧੀ ਪਰਿਵਾਰ ਨਾਲ ਹੀ ਬੱਝੀ ਰਹਿ ਕੇ ਖੁਦਕੁਸ਼ੀ ਕਰਨ ਦਾ ਕਾਂਗਰਸ ਪਾਰਟੀ ਦਾ ਫੈਸਲਾ ਮੇਰੇ ਲਈ ਇਕ ਬਹੁਤ ਵੱਡੀ ਖੁਸ਼ਖਬਰੀ ਵੀ ਹੈ ਤੇ ਦੁੱਖ ਖਬਰੀ ਵੀ ਹੈ।’’

‘‘ਸਿਰਫ ਕਾਂਗਰਸ ਹੀ ਬਦਲਣ ਦੀ ਸਮਰੱਥਾ ਰੱਖਦੀ ਹੈ ਪਰ ਉਹ ਗਾਂਧੀ ਪਰਿਵਾਰ ਦੀ ਗੁਲਾਮੀ ’ਚੋਂ ਬਾਹਰ ਨਿਕਲੇਗੀ ਨਹੀਂ ਅਤੇ ਕੋਈ ਦੂਸਰੀ ਪਾਰਟੀ ਰਾਸ਼ਟਰੀ ਪਾਰਟੀ ਬਣ ਨਹੀਂ ਸਕੇਗੀ।’’

ਵਿਰੋਧੀ ਪਾਰਟੀਆਂ ਦੇ ਨੇਤਾ ਹੀ ਨਹੀਂ ਹੁਣ ਤਾਂ ਪਾਰਟੀ ਦੇ ਆਪਣੇ ਨੇਤਾ ਵੀ ਇਸਦੀ ਆਲੋਚਨਾ ਕਰਨ ਲੱਗੇ ਹਨ। ਕੁਝ ਅਜਿਹੇ ਹੀ ਹਾਲਾਤ ’ਚ 23 ਅਗਸਤ ਨੂੰ ਗੁਲਾਮ ਨਬੀ ਆਜ਼ਾਦ, ਜਿਤਿਨ ਪ੍ਰਸਾਦ, ਕਪਿਲ ਸਿੱਬਲ, ਮਨੀਸ਼ ਤਿਵਾੜੀ ਆਦਿ ਸਮੇਤ 23 ਸੀਨੀਅਰ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਭੇਜੇ ਪੱਤਰ ’ਚ ਪਾਰਟੀ ’ਚ ਸਮੂਹਿਕ ਲੀਡਰਸ਼ਿਪ ’ਤੇ ਜ਼ੋਰ ਦਿੰਦੇ ਹੋਏ ਪੂਰੇ ਸਮੇਂ ਲਈ ਸਰਗਰਮ ਪ੍ਰਧਾਨ ਨਿਯੁਕਤ ਕਰਨ ਅਤੇ ਸੰਗਠਨ ’ਚ ਮਾਮੂਲੀ ਬਦਲਾਅ ਦੀ ਮੰਗ ਕੀਤੀ ਸੀ।

ਉਕਤ ਪੱਤਰ ਨਾਲ ਪਾਰਟੀ ’ਚ ਪਿਆ ਭੜਥੂ ਬੇਸ਼ੱਕ ਹੀ 24 ਅਗਸਤ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਬਾਅਦ ਸ਼ਾਂਤ ਹੋ ਗਿਆ, ਜਿਸ ’ਚ ਸੋਨੀਆ ਨੇ ਅਗਲੇ 6 ਮਹੀਨਿਆਂ ਤੱਕ ਪਾਰਟੀ ਦੀ ਅੰਤਰਿਮ ਪ੍ਰਧਾਨ ਬਣੇ ਰਹਿਣ ਦੀ ਪਾਰਟੀ ਨੇਤਾਵਾਂ ਦੇ ਇਕ ਵਰਗ ਦੀ ਬੇਨਤੀ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਇਸ ਦੌਰਾਨ ਨਵਾਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ ਪਰ ਪਾਰਟੀ ’ਚ ਜਾਰੀ ਘੁਸਰ-ਮੁਸਰ ਅਜੇ ਵੀ ਖਤਮ ਨਹੀਂ ਹੋਈ।

ੁਉਕਤ ਪੱਤਰ ਦੇ ਬਾਅਦ ਪਾਰਟੀ ਦੋ ਧੜਿਆਂ ’ਚ ਵੰਡੀ ਦਿਖਾਈ ਦੇ ਰਹੀ ਹੈ। ਜਿਥੇ ਪਾਰਟੀ ਦੀ ਅਗਵਾਈ ’ਤੇ ਸਵਾਲ ਉਠਾਉਣ ਵਾਲੇ ਨੇਤਾ ਆਪਣੇ ਸੁਝਾਵਾਂ ਨੂੰ ਉਚਿਤ ਦੱਸ ਰਹੇ ਹਨ, ਉਥੇ ਕਾਂਗਰਸ ਲੀਡਰਸ਼ਿਪ ਨੇ ਨਾਰਾਜ਼ਾਂ ਦੇ ਖੰਭ ਕੁਤਰਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ।

ਲੋਕ ਸਭਾ ’ਚ ਪਾਰਟੀ ਦੀ ਬੜਬੋਲੀ ਆਵਾਜ਼ ਰਹੇ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਮਨੀਸ਼ ਤਿਵਾੜੀ ਦੀ ਅਣਦੇਖੀ ਕਰਦੇ ਹੋਏ ਨੌਜਵਾਨ ਗੌਰਵ ਗੋਗੋਈ ਨੂੰ ਲੋਕ ਸਭਾ ’ਚ ਉਪ ਨੇਤਾ ਬਣਾਇਆ ਗਿਆ ਹੈ। ਰਾਜ ਸਭਾ ’ਚ ਪਾਰਟੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਉਪ ਨੇਤਾ ਆਨੰਦ ਸ਼ਰਮਾ ਨੂੰ ਤਾਂ ਨਹੀਂ ਛੇੜਿਆ ਹੈ ਪਰ ਉਨ੍ਹਾਂ ਦਾ ਪ੍ਰਭਾਵ ਘਟਾਉਣ ਲਈ ਸੋਨੀਆ ਦੇ ਕਰੀਬੀ ਜੈ ਰਾਮ ਰਮੇਸ਼ ਨੂੰ ਮੁੱਖ ਵ੍ਹਿਪ ਬਣਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਲਖੀਮਪੁਰ ਜ਼ਿਲੇ ਦੀ ਪਾਰਟੀ ਦੀ ਇਕਾਈ ਨੇ ਪੱਤਰ ਲਿਖਣ ਵਾਲਿਆਂ ’ਚ ਸ਼ਾਮਲ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਮਤਾ ਪਾਸ ਕੀਤਾ ਹੈ, ਜਿਸਦੇ ਬਾਅਦ ਕਾਂਗਰਸ ਦੇ ਵੱਡੇ ਨੇਤਾ ਜਿਤਿਨ ਪ੍ਰਸਾਦ ਦੇ ਸਮਰਥਨ ’ਚ ਆ ਗਏ ਹਨ।

ਇਸੇ ਝਰੋਖੇ ’ਚ ਕਪਿਲ ਸਿੱਬਲ ਨੇ ਕਾਂਗਰਸ ਲੀਡਰਸ਼ਿਪ ਨੂੰ ਆਪਣੇ ਲੋਕਾਂ ’ਤੇ ਨਹੀਂ, ਭਾਜਪਾ ’ਤੇ ਸਰਜੀਕਲ ਸਟ੍ਰਾਈਕ ਕਰਨ ਦੀ ਸਲਾਹ ਦਿੰਦੇ ਹੋਏ ਦੁਹਰਾਇਆ ਹੈ ਕਿ, ‘‘ਇਸ ਸਮੇਂ ਸਭ ਤੋਂ ਖਰਾਬ ਦੌਰ ’ਚੋਂ ਲੰਘ ਰਹੀ ਕਾਂਗਰਸ ਪਾਰਟੀ ਨੂੰ 24 ਘੰਟੇ ਕੰਮ ਕਰਨ ਵਾਲੀ ਲੀਡਰਸ਼ਿਪ ਦੀ ਲੋੜ ਹੈ।’’

ਗੁਲਾਮ ਨਬੀ ਆਜ਼ਾਦ ਨੇ ਵੀ ਪਾਰਟੀ ਦੇ ਚੋਟੀ ਦੇ ਅਹੁਦਿਆਂ ਲਈ ਚੋਣਾਂ ਦੀ ਮੁੜ ਵਕਾਲਤ ਕਰਦੇ ਹੋਏ 28 ਅਗਸਤ ਨੂੰ ਚਿਤਾਵਨੀ ਦਿੱਤੀ ਹੈ ਕਿ, ‘‘ਚੋਣ ਨਾ ਕਰਵਾਉਣ ’ਤੇ ਪਾਰਟੀ ਅਗਲੇ 50 ਸਾਲਾਂ ਤੱਕ ਵਿਰੋਧੀ ਧਿਰ ’ਚ ਹੀ ਬੈਠੇਗੀ।’’

‘‘ਜੇਕਰ ਅਸੀਂ 15-20 ਸਾਲ ਪਹਿਲਾਂ ਹੀ ਪਾਰਟੀ ’ਚ ਚੋਣਾਂ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਤਾਂ ਅਸੀਂ ਹਾਰਦੇ ਨਾ ਅਤੇ ਅੱਜ ਪਾਰਟੀ ਦਾ ਇਹ ਹਾਲ ਨਾ ਹੁੰਦਾ। ਜੋ ਲੋਕ ਪਾਰਟੀ ’ਚ ਤਬਦੀਲੀ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਆਪਣਾ ਅਹੁਦਾ ਗੁਆਚਣ ਦਾ ਡਰ ਹੈ।’’

ਪੱਤਰ ਲਿਖਣ ਵਾਲਿਆਂ ’ਚ ਸ਼ਾਮਲ ਮਨੀਸ਼ ਤਿਵਾੜੀ ਵੀ ਪਾਰਟੀ ਲੀਡਰਸ਼ਿਪ ’ਚ ਤਬਦੀਲੀ ਦੀ ਮੰਗ ਨੂੰ ਲੈ ਕੇ ਕਾਫੀ ਬੜਬੋਲੇ ਹਨ ਅਤੇ ਕਿਹਾ ਜਾਂਦਾ ਹੈ ਕਿ ਕੁਝ ਹੋਰ ਨੇਤਾਵਾਂ ਨੂੰ ਵੀ ਚੋਟੀ ਦੀ ਪਾਰਟੀ ਲੀਡਰਸ਼ਿਪ (ਰਾਹੁਲ ਗਾਂਧੀ) ਤੋਂ ਸਮੱਸਿਆਵਾਂ ਹਨ।

ਕੁਲ ਮਿਲਾ ਕੇ ਕਿਸੇ ਸਮੇਂ ‘ਦਿ ਓਲਡ ਗ੍ਰੈਂਡ ਪਾਰਟੀ’ ਅਖਵਾਉਣ ਵਾਲੀ ਕਾਂਗਰਸ ਅੱਜ ਗੈਰਾਂ ਦੇ ਨਾਲ-ਨਾਲ ਆਪਣਿਆਂ ਦੇ ਨਿਸ਼ਾਨੇ ’ਤੇ ਆਈ ਹੋਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪਾਰਟੀ ’ਚ ਕੁਝ ਨਾ ਕੁਝ ਤਾਂ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ।

ਇਸ ਲਈ ਪਾਰਟੀ ਦੀ ਲੀਡਰਸ਼ਿਪ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਆਪਣੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀਆਂ ਟਿੱਪਣੀਆਂ ਦਾ ਨੋਟਿਸ ਲੈ ਕੇ ਉਨ੍ਹਾਂ ਵਲੋਂ ਸੁਝਾਈਆਂ ਗਈਆਂ ਤਰੁੱਟੀਆਂ ਨੂੰ ਜਿੰਨੀ ਜਲਦੀ ਦੂਰ ਕਰੇਗੀ, ਓਨਾ ਹੀ ਚੰਗਾ ਹੋਵੇਗਾ ਅਤੇ ਇਹ ਦੇਸ਼ ’ਚ ਇਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੇ ਯੋਗ ਹੋ ਸਕੇਗੀ।

-ਵਿਜੇ ਕੁਮਾਰ


Bharat Thapa

Content Editor

Related News