ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ

Friday, Aug 26, 2022 - 01:22 AM (IST)

ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ

ਉਂਝ ਤਾਂ ਲੋਕਾਂ ਨੂੰ ਸਸਤਾ ਤੇ ਮਿਆਰੀ ਇਲਾਜ ਤੇ ਸਿੱਖਿਆ, ਸਾਫ-ਸੁਥਰਾ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਉਣਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਸ ਮਾਮਲੇ ’ਚ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਰਹੀਆਂ ਹਨ। ਸਰਕਾਰਾਂ ਦੀ ਉਦਾਸੀਨਤਾ ਦੇ ਕਾਰਨ ਆਜ਼ਾਦੀ ਦੇ 76 ਸਾਲ ਬਾਅਦ ਵੀ ਦੇਸ਼ ਦੇ ਆਮ ਲੋਕ ਚੰਗੀ ਅਤੇ ਸਸਤੀ ਸਿੱਖਿਆ ਅਤੇ ਇਲਾਜ ਲਈ ਤਰਸ ਰਹੇ ਹਨ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁਰਜਰ ਨੇ 10 ਅਗਸਤ ਨੂੰ ਵਿਧਾਨ ਸਭਾ ’ਚ ਦੱਸਿਆ ਸੀ, ‘‘ਸੂਬੇ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀਆਂ 35,980 ਆਸਾਮੀਆਂ ਖਾਲੀ ਹਨ ਜਦਕਿ ਸਰਕਾਰ ਨੇ 179 ਪ੍ਰਾਇਮਰੀ ਅਤੇ 17 ਮਿਡਲ ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।’’

‘‘ਸੂਬੇ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਕਮੀ ਲਗਭਗ 28 ਫੀਸਦੀ ਤੱਕ ਪਹੁੰਚ ਗਈ ਹੈ। ਪਿਛਲੇ ਸਿੱਖਿਆ ਸੈਸ਼ਨ ਦੌਰਾਨ  ਸੂਬੇ ’ਚ ਲਗਭਗ 12.6  ਲੱਖ ਅਧਿਆਪਕਾਂ ਦੀ ਲੋੜ ਸੀ ਪਰ 90,156 ਹੀ ਮੁਹੱਈਆ ਸਨ।’’ ਸਰਕਾਰੀ ਸਕੂਲਾਂ  ’ਚ ਅਧਿਆਪਕਾਂ ਦੀ ਕਮੀ ਕਾਰਨ ਹੁਣ ਵਿਦਿਆਰਥੀ ਅਤੇ ਅਧਿਆਪਕ ਵੀ ਸੜਕਾਂ ’ਤੇ ਉਤਰਨ ਲੱਗੇ ਹਨ ਅਤੇ ਸੂਬੇ ਦੇ ਕਈ ਸਕੂਲਾਂ ’ਚ ਪਿੰਡਾਂ ਵਾਲਿਆਂ ਵੱਲੋਂ ਤਾਲਾ ਲਾ ਕੇ ਧਰਨੇ ਤੱਕ ਦਿੱਤੇ ਜਾ ਰਹੇ ਹਨ। ਅਧਿਆਪਕਾਂ ਦੀ ਕਮੀ ਦਾ ਇਕ ਕਾਰਨ ਉਨ੍ਹਾਂ ਵੱਲੋਂ ਦਿਹਾਤੀ ਇਲਾਕਿਆਂ ਦੀ ਬਜਾਏ  ਸ਼ਹਿਰੀ ਇਲਾਕਿਆਂ ਨੂੰ ਤਰਜੀਹ ਦੇਣਾ ਵੀ ਹੈ। ਸਕੂਲਾਂ ’ਚ ਮੁੱਢਲੇ ਢਾਂਚੇ ਦੀ ਵੀ ਘਾਟ ਹੈ ਜਿਸ ਨਾਲ ਵਿਦਿਆਰਥੀਆਂ ਦੀ ਗੁਣਵੱਤਾਪੂਰਨ ਪੜ੍ਹਾਈ ਨੂੰ ਲੈ ਕੇ ਸੰਕਟ ਪੈਦਾ ਹੋ ਗਿਆ ਹੈ। ਇਹੀ ਨਹੀਂ, ਇਕ ਪਾਸੇ ਸਰਕਾਰ ਦੇ ‘ਰੈਸ਼ਨਲਾਈਜ਼ੇਸ਼ਨ’ ਅਤੇ ਟ੍ਰਾਂਸਫਰ ਮੁਹਿੰਮ ਦੇ ਵਿਰੋਧ ’ਚ ਅਧਿਆਪਕ ਸੜਕਾਂ ’ਤੇ ਉਤਰੇ ਹੋਏ ਹਨ ਅਤੇ ਦੂਜੇ ਪਾਸੇ ਸਰਕਾਰ ਸਕੂਲਾਂ ’ਚ ਹਾਜ਼ਰੀ ਦੀ ਲਾਜ਼ਮੀਅਤਾ ਦੇ ਸਰਕੁਲਰ ਜਾਰੀ ਕਰ ਰਹੀ ਹੈ ਜਿਸ ਨਾਲ ਅਧਿਆਪਕ ਵਰਗ ’ਚ ਰੋਸ ਪੈਦਾ ਹੋ ਗਿਆ ਹੈ। ਹਰਿਆਣਾ ਦੇ ਵਾਂਗ ਪੰਜਾਬ ’ਚ ਵੀ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਭਾਰੀ ਘਾਟ ਹੈ।

ਲੰਬੇ ਸਮੇਂ ਤੋਂ ਭਰਤੀ ਨਾ ਹੋਣ ਕਾਰਨ ਲਗਭਗ ਸਾਰੇ ਸਕੂਲਾਂ ’ਚ ਅਧਿਆਪਕ ਘੱਟ ਹਨ ਅਤੇ ਸਰਹੱਦੀ ਇਲਾਕਿਆਂ ’ਚ ਤਾਂ ਹੋਰ ਵੀ ਬੁਰੀ ਹਾਲਤ ਹੈ। ਸਰਹੱਦ ਦੇ ਨਾਲ ਲੱਗਦੇ ਪਿੰਡਾਂ ’ਚ  ਪੋਸਟਿੰਗ ਹੋਣ ’ਤੇ ਅਧਿਆਪਕ ਜਾਂ ਤਾਂ ਤਬਾਦਲਾ ਕਰਵਾ ਲੈਂਦੇ ਹਨ ਜਾਂ ਫਿਰ ਲੰਬੀ ਛੁੱਟੀ ’ਤੇ ਚਲੇ ਜਾਂਦੇ ਹਨ। ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ’ਚ ਤਾਂ ਪਾਕਿਸਤਾਨ ਦੀ ਗੋਲੀਬਾਰੀ ਦੇ ਖਤਰੇ ਅਤੇ ਮੁੱਢਲੇ ਢਾਂਚੇ ਦੀ ਖਸਤਾ ਹਾਲਤ ਦੇ ਕਾਰਨ ਅਧਿਆਪਕ ਉੱਥੇ ਜਾਣਾ ਹੀ ਨਹੀਂ ਚਾਹੁੰਦੇ। ਕਈ ਸਕੂਲ ਤਾਂ ਅਜਿਹੇ ਹਨ ਜਿੱਥੇ ਇਕ ਵੀ ਅਧਿਆਪਕ ਪੜ੍ਹਾਉਣ ਦੇ ਲਈ ਨਹੀਂ ਜਾ ਰਿਹਾ ਅਤੇ ਉੱਥੇ ਸੇਵਾਦਾਰ ਹੀ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਕਤ  ਤੱਥ ਇਨ੍ਹਾਂ ਸੂਬਿਆਂ ਦੇ ਸਰਕਾਰੀ ਸਕੂਲਾਂ ਦੀ ਨਿਰਾਸ਼ਾਜਨਕ ਤਸਵੀਰ ਪੇਸ਼ ਕਰਦੇ ਹਨ। ਇਸ ’ਚ ਸੁਧਾਰ ਲਿਆਉਣ ਦੀ ਬੇਹੱਦ ਲੋੜ ਹੈ ਤਾਂ ਕਿ ਉੱਥੇ ਸਿੱਖਿਆ ਦਾ ਪੱਧਰ ਸੁਧਰੇ ਤੇ ਵਿਦਿਆਰਥੀਆਂ ਦਾ ਭਵਿੱਖ ਅੰਧਕਾਰਮਈ ਹੋਣ ਤੋਂ ਬਚ ਸਕੇ। 

ਵਿਜੇ ਕੁਮਾਰ  
 


author

Karan Kumar

Content Editor

Related News