ਪਹਿਲੀ ਵਾਰ ਏਸ਼ੀਆ ਪ੍ਰਸ਼ਾਂਤ ਦੀ ਆਰਥਿਕ ਰਫ਼ਤਾਰ ਨਾਲੋਂ ਮੱਠੀ ਰਹੀ ਚੀਨੀ ਅਰਥਵਿਵਸਥਾ

09/29/2022 6:09:31 PM

ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਚੀਨ ’ਤੇ ਇਕ ਵਾਰ ਫਿਰ ਜੋ ਮੁਸੀਬਤਾਂ ਦਾ ਪਹਾੜ ਟੁੱਟਿਆ ਤਾਂ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਚੀਨ ਦਾ ਵਪਾਰ ਇਸ ਲਈ ਮੱਠਾ ਪੈਣ ਲੱਗਾ ਸੀ ਕਿਉਂਕਿ ਅਮਰੀਕਾ ਦੇ ਨਾਲ ਉਸ ਦਾ ਵਪਾਰਕ ਸੰਘਰਸ਼ ਚੱਲ ਰਿਹਾ ਸੀ। ਅਜਿਹੇ ’ਚ ਮਹਾਮਾਰੀ ਨੇ ਅੱਗ ’ਚ ਘਿਓ ਦਾ ਕੰਮ ਕੀਤਾ। ਓਧਰ ਚੀਨ ਦੀਆਂ ਕੁਝ ਅੰਦਰੂਨੀ ਪ੍ਰੇਸ਼ਾਨੀਆਂ ਵੀ ਚੱਲ ਰਹੀਆਂ ਸਨ, ਜਿਨ੍ਹਾਂ ’ਚੋਂ ਰੀਅਲ ਅਸਟੇਟ ਸੈਕਟਰ ਦਾ ਕੰਗਾਲ ਹੋਣਾ ਇਕ ਹੈ। ਐਵਰਗ੍ਰਾਂਡੇ ਦੇ ਕੰਗਾਲ ਹੋਣ ਅਤੇ ਕੰਟ੍ਰੀ ਗਾਰਡਨ ਸਮੇਤ ਕਈ ਰੀਅਲ ਅਸਟੇਟ ਕੰਪਨੀਆਂ ਦੇ ਦੀਵਾਲੀਆ ਹੋਣ ਕਾਰਨ ਚੀਨ ਦੇ ਦਰਮਿਆਨੇ ਵਰਗ ਦੀ ਸਾਰੀ ਬੱਚਤ ਸਵਾਹ ਹੋ ਗਈ। ਇਸ ਦੇ ਬਾਅਦ ਕੋਰੋਨਾ ਮਹਾਮਾਰੀ ਨੇ ਚੀਨ ਦਾ ਜੋ ਨੁਕਸਾਨ ਕੀਤਾ, ਉਸ ਨੂੰ ਪੂਰੀ ਦੁਨੀਆ ਨੇ ਦੇਖਿਆ।

ਦੋ ਸਾਲ ਦੇ ਲੰਬੇ ਅਰਸੇ ਦੇ ਬਾਅਦ ਦੁਨੀਆ ਨੇ ਕੋਰੋਨਾ ਨਾਲ ਜਿਊਣਾ ਸਿੱਖ ਿਲਆ ਪਰ ਚੀਨ ਅੱਜ ਵੀ ਜ਼ੀਰੋ-ਕੋਵਿਡ ਨੀਤੀ ਤਹਿਤ ਆਪਣੀ ਅਰਥਵਿਵਸਥਾ ਨੂੰ ਖੁਦ ਬਰਬਾਦ ਕਰ ਰਿਹਾ ਹੈ। ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 30 ਸਾਲਾਂ ਤੱਕ ਪਹਿਲੀ ਵਾਰ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੀ ਅਰਥਵਿਵਸਥਾ ਤੋਂ ਵੀ ਮੱਠੀ ਅਰਥਵਿਵਸਥਾ ਚੀਨ ਦੀ ਹੋ ਗਈ ਹੈ। ਅਮਰੀਕਾ ਦੀ ਇਕ ਸੰਸਥਾ ਦੀ ਇਕ ਛਿਮਾਹੀ ਰਿਪੋਰਟ ਅਨੁਸਾਰ ਏਸ਼ੀਆ-ਪ੍ਰਸ਼ਾਂਤ ਦੀ ਸਾਲਾਨਾ ਰਫਤਾਰ 5 ਤੋਂ ਘਟ ਕੇ 3.2 ਫੀਸਦੀ ਰਹਿ ਗਈ ਹੈ, ਓਧਰ ਹੀ ਚੀਨ ਦੀ ਅਰਥਵਿਵਸਥਾ ਇਸ ਤੋਂ ਵੀ ਬੁਰਾ ਪ੍ਰਦਰਸ਼ਨ ਕਰ ਰਹੀ ਹੈ ਜਦਕਿ ਇਸ ਪੂਰੇ ਖੇਤਰ ਦੀ ਅਰਥਵਿਵਸਥਾ ’ਚ 84 ਫੀਸਦੀ ਹਿੱਸੇਦਾਰੀ ਚੀਨ ਦੀ ਅਰਥਵਿਵਸਥਾ ਦੀ ਹ

ਸਾਲ 2022 ਲਈ ਵਿਸ਼ਵ ਬੈਂਕ ਨੇ ਦੁਨੀਆ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਸ਼ਾਲ ਅਰਥਵਿਵਸਥਾ ਦੀ ਰਫਤਾਰ ਦੇ ਬਾਰੇ ’ਚ ਐਲਾਨ ਕੀਤਾ ਹੈ ਕਿ ਚੀਨ ਦੀ ਕੁਲ ਘਰੇਲੂ ਉਤਪਾਦ ਦੀ ਰਫਤਾਰ ਸਿਰਫ 2.8 ਫੀਸਦੀ ਰਹੇਗੀ। ਓਧਰ ਪੂਰੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਬਾਕੀ 23 ਦੇਸ਼ਾਂ ਦੀ ਅਰਥਵਿਵਸਥਾ ਦੀ ਸਾਲ 2022 ਦੀ ਔਸਤ ਕੁਲ ਘਰੇਲੂ ਉਤਪਾਦ ਦੀ ਰਫਤਾਰ 5.3 ਫੀਸਦੀ ਰਹਿਣ ਵਾਲੀ ਹੈ। ਪਿਛਲੇ ਸਾਲ ਭਾਵ ਸਾਲ 2021 ’ਚ ਇਨ੍ਹਾਂ ਦੇਸ਼ਾਂ ਦੀ ਕੁਲ ਘਰੇਲੂ ਉਤਪਾਦ ਦੀ ਰਫਤਾਰ 2.6 ਫੀਸਦੀ ਸੀ, ਜੋ ਇਸ ਸਾਲ ਉਸ ਤੋਂ ਦੁਗਣੀ ਰਫਤਾਰ ਤੋਂ ਭੱਜ ਰਹੀ ਹੈ। ਵਿਸ਼ਵ ਬੈਂਕ ਨੇ ਆਪਣੀ ਰਿਪੋਰਟ ’ਚ ਇਹ ਗੱਲ ਵਿਸ਼ੇਸ਼ ਤੌਰ ’ਤੇ ਕਹੀ ਹੈ ਕਿ ਸਾਲ 1990 ਦੇ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਚੀਨ ਦੀ ਅਰਥਵਿਵਸਥਾ ਦੀ ਰਫਤਾਰ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਅਰਥਵਿਵਸਥਾ ਨਾਲੋਂ ਮੱਠੀ ਰਫਤਾਰ ਨਾਲ ਚੱਲ ਰਹੀ ਹੈ।

ਵਿਸ਼ਵ ਬੈਂਕ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਉਤਪਾਦਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਅਤੇ ਵਧੀ ਹੋਈ ਘਰੇਲੂ ਖਪਤ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਅਰਥਵਿਵਸਥਾ ਨੂੰ ਵਾਪਸ ਪਟੜੀ ’ਤੇ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ। ਓਧਰ ਚੀਨ ਦੀ ਸਖਤ ਕੋਵਿਡ ਲਾਕਡਾਊਨ ਨੀਤੀ ਦਾ ਬੁਰਾ ਅਸਰ ਘਰੇਲੂ ਬਾਜ਼ਾਰ ਦੀ ਘਟਦੀ ਮੰਗ ਅਤੇ ਘੱਟ ਹੁੰਦੀ ਬਰਾਮਦ ’ਤੇ ਵੀ ਪਿਆ ਹੈ ਜਿਸ ਦਾ ਸਿੱਧਾ ਅਸਰ ਚੀਨ ਦੇ ਮੰਦੇ ਪੈਂਦੇ ਕੁਲ ਘਰੇਲੂ ਉਤਪਾਦ ’ਤੇ ਦਿਸਣ ਲੱਗਾ ਹੈ।

ਚੀਨ ਦੇ ਰਿਹਾਇਸ਼ ਤੇ ਜਾਇਦਾਦ ਵਿਕਾਸ ਦੇ ਖੇਤਰਾਂ ’ਚ ਵੀ ਸੰਕਟ ਦੇਖਣ ਨੂੰ ਮਿਲਿਆ,ਜਿਸ ਨੇ ਅਰਥਵਿਵਸਥਾ ਨੂੰ ਬਦਹਾਲ ਕਰਨ ’ਚ ਆਪਣਾ ਪੂਰਾ ਯੋਗਦਾਨ ਦਿੱਤਾ। ਚੀਨ ਨੇ ਸਰਕਾਰੀ ਅੰਕੜਿਆਂ ਅਨੁਸਾਰ ਅਗਸਤ 70 ਚੀਨੀ ਸ਼ਹਿਰਾਂ ’ਚ ਨਵੇਂ ਘਰਾਂ ਦੀਆਂ ਕੀਮਤਾਂ ’ਚ ਸਾਲ ਦਰ ਸਾਲ ਦੀ ਤੁਲਨਾ ’ਚ 1.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਜਾਇਦਾਦ ਦੇ ਸਾਰੇ ਕਰਜ਼ਿਆਂ ’ਚੋਂ ਇਕ ਤਿਹਾਈ ਖਰਾਬ ਕਰਜ਼ੇ ਦੀ ਸ਼੍ਰੇਣੀ ’ਚ ਆ ਗਏ ਹਨ ਭਾਵ ਇਕ ਤਿਹਾਈ ਕਰਜ਼ ਮੋੜਿਆ ਨਹੀਂ ਜਾ ਸਕਦਾ ਅਤੇ ਇਹ ਪੈਸਾ ਡੁੱਬ ਚੱੁਕਾ ਹੈ।

ਸਾਲ 2021 ’ਚ ਚੀਨ ਦੀ ਸਰਕਾਰ ਨੇ ਆਪਣੇ ਕੁਲ ਘਰੇਲੂ ਉਤਪਾਦਨ ਦੀ ਰਫਤਾਰ ਦਾ ਮੁਲਾਂਕਣ 8.1 ਫੀਸਦੀ ਕੀਤਾ ਜੋ ਪਿਛਲੇ ਇਕ ਦਹਾਕੇ ’ਚ ਸਭ ਤੋਂ ਚੰਗਾ ਵਾਧਾ ਸੀ, ਓਧਰ ਸਾਲ 2022 ਲਈ 5.5 ਫੀਸਦੀ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ। ਓਧਰ ਵਿਸ਼ਵ ਬੈਂਕ ਨੇ ਵੀ ਚੀਨ ਦੀ ਆਰਥਿਕ ਵਾਧਾ ਦਰ ਨੂੰ ਘਟਾ ਕੇ 5 ਫੀਸਦੀ ’ਤੇ ਰੱਖਿਆ ਸੀ ਪਰ ਇਸ ਮੰਗਲਵਾਰ ਨੂੰ ਵਿਸ਼ਵ ਬੈਂਕ ਨੇ ਆਪਣੀ ਰਿਪੋਰਟ ’ਚ ਚੀਨ ਦੇ ਆਰਥਿਕ ਵਾਧੇ ਨੂੰ ਹੋਰ ਘਟਾ ਦਿੱਤਾ। ਅਗਲੇ ਸਾਲ 2023 ’ਚ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਵਾਧਾ 4.5 ਫੀਸਦੀ ਮਿੱਥਿਆ ਗਿਆ ਹੈ ਪਰ ਚੀਨ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਇਸ ’ਚ ਵੀ ਸ਼ੱਕ ਹੈ।

ਇਸ ਦੌਰਾਨ 16 ਅਕਤੂਬਰ ਨੂੰ ਕਮਿਊਨਿਸਟ ਪਾਰਟੀ ਦੀ ਹਰ 5 ਸਾਲ ’ਚ ਹੋਣ ਵਾਲੀ ਕਾਂਗਰਸ ਦੀ ਬੈਠਕ ਹੋਣੀ ਹੈ ਜਿਸ ’ਚ ਸਰਕਾਰ ਦੇ ਕਈ ਅਹੁਦਿਆਂ ’ਚ ਫੇਰਬਦਲ ਕੀਤਾ ਜਾਂਦਾ ਹੈ। ਕੁਝ ਪੁਰਾਣੇ ਲੋਕਾਂ ਨੂੰ ਸੱਤਾ ਤੋਂ ਹਟਾਇਆ ਜਾਂਦਾ ਹੈ ਤਾਂ ਓਧਰ ਕੁਝ ਨਵੇਂ ਲੋਕਾਂ ਦਾ ਆਗਮਨ ਹੁੰਦਾ ਹੈ। ਸ਼ੀ ਜਿਨਪਿੰਗ ਦਾ ਚੀਨ ਦੀ ਸਿਆਸੀ ਪ੍ਰੰਪਰਾ ਨੂੰ ਤੋੜਦੇ ਹੋਏ ਤੀਜੀ ਵਾਰ ਰਾਸ਼ਟਰਪਤੀ ਬਣਨਾ ਤੈਅ ਹੈ ਅਤੇ ਇਸੇ ਦੇ ਨਾਲ ਇਹ ਵੀ ਤੈਅ ਹੈ ਕਿ ਚੀਨ ਨੂੰ ਅਜੇ ਸਖਤ ਕੋਵਿਡ ਨੀਤੀ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਅਤੇ ਉੱਥੋਂ ਦੇ ਲੋਕਾਂ ਨੂੰ ਲਾਕਡਾਊਨ ’ਚ ਰਹਿਣ ਦੀ ਫਿਲਹਾਲ ਆਦਤ ਪਾਉਣੀ ਹੋਵੇਗੀ। ਇਸ ਦਾ ਬੁਰਾ ਅਸਰ ਜਿੱਥੇ ਇਕ ਪਾਸੇ ਚੀਨ ਦੇ ਲੱਖਾਂ-ਕਰੋੜਾਂ ਲੋਕਾਂ ਦੇ ਮਨੋਵਿਗਿਆਨ ’ਤੇ ਪਵੇਗਾ, ਉੱਥੇ ਹੀ ਚੀਨ ਦੀ ਬਰਾਮਦ, ਘਰੇਲੂ ਵਿਨਿਰਮਾਣ ਅਤੇ ਘਰੇਲੂ ਖਪਤ ’ਤੇ ਵੀ ਦੇਖਣ ਨੂੰ ਮਿਲੇਗਾ।

ਇਸ ਹਫਤੇ ਓ. ਈ. ਸੀ. ਡੀ. ਦੇਸ਼ਾਂ ਦੇ ਸਮੂਹ ਨੇ ਚੀਨ ਦੀ ਮੰਦੀ ਪੈਂਦੀ ਰਫਤਾਰ ਦਾ ਇਸ ਸਾਲ ਦਾ ਮੁਲਾਂਕਣ 3.2 ਫੀਸਦੀ ਕੀਤਾ। ਨਾਲ ਹੀ ਸਾਲ 2023 ਦੇ ਬਾਰੇ ’ਚ ਇਹ ਕਿਹਾ ਕਿ ਨੀਤੀਗਤ ਪਰਿਵਰਤਨ ਨਾਲ ਅਰਥਵਿਵਸਥਾ ਨੂੰ ਥੋੜ੍ਹੀ ਰਫਤਾਰ ਜ਼ਰੂਰ ਮਿਲੇਗੀ ਪਰ ਸਵਾਲ ਇਹ ਹੈ ਕਿ ਜਦੋਂ ਸਿਆਸੀ ਪਰਿਵਰਤਨ ਨਹੀਂ ਹੋਵੇਗਾ ਤਾਂ ਨੀਤੀਆਂ ਵੀ ਨਹੀਂ ਬਦਲਣਗੀਆਂ। ਫਿਰ ਦੇਸ਼ ਦੀ ਅਰਥਵਿਵਸਥਾ ’ਚ ਪਰਿਵਾਰਤਨ ਕਿਵੇਂ ਹੋਵੇਗਾ। ਪਿਛਲੇ ਹਫਤੇ ਏਸ਼ੀਆ ਡਿਵੈਲਪਮੈਂਟ ਬੈਂਕ ਨੇ ਵੀ ਚੀਨ ਦੀ ਸਾਲ 2022 ਦੀ ਆਰਥਿਕ ਰਫਤਾਰ ਦੇ ਮੁਲਾਂਕਣ ਨੂੰ 5 ਤੋਂ ਘਟਾ ਕੇ 3.3 ਫੀਸਦੀ ਕਰ ਦਿੱਤਾ, ਨਾਲ ਹੀ ਅਗਲੇ ਸਾਲ ਦੇ ਕੁਲ ਘਰੇਲੂ ਉਤਪਾਦ ਦੀ ਰਫਤਾਰ ਨੂੰ ਪਹਿਲਾਂ ਦੇ 4.8 ਫੀਸਦੀ ਦੀ ਥਾਂ ਘਟਾ ਕੇ 4.5 ਫੀਸਦੀ ਕਰ ਦਿੱਤਾ।

ਵਿਸ਼ਵ ਬੈਂਕ ਦੇ ਪੂਰਬੀ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਉਪ ਮੁਖੀ ਮੈਨੂਏਲਾ ਫੇਰਰੋ ਨੇ ਆਪਣੇ ਬਿਆਨ ’ਚ ਕਿਹਾ ਕਿ ਕਈ ਦੇਸ਼ਾਂ ਨੂੰ ਆਪਣੀ ਘਰੇਲੂ ਆਰਥਿਕ ਨੀਤੀ ’ਚ ਗੜਬੜੀਆਂ ਨੂੰ ਦੂਰ ਕਰਨਾ ਹੋਵੇਗਾ ਕਿਉਂਕਿ ਪੂਰੇ ਵਿਸ਼ਵ ਦੀ ਅਰਥਵਿਵਸਥਾ ਇਕ ਅਜਿਹੇ ਮੁਹਾਣੇ ’ਤੇ ਖੜ੍ਹੀ ਹੈ ਜਿੱਥੋਂ ਉਹ ਮੱਠੀ ਤੋਂ ਮੰਦ ਰਫਤਾਰ ਵੱਲ ਵਧਦੀ ਦਿਸ ਰਹੀ ਹੈ। ਘਰੇਲੂ ਤਰੁਟੀਆਂ ਨੂੰ ਦੂਰ ਕਰਨ ਦੇ ਬਾਅਦ ਹੀ ਲੰਬੇ ਸਮੇਂ ਦੇ ਵਿਕਾਸ ਵੱਲ ਵਧਿਆ ਜਾ ਸਕਦਾ ਹੈ।


Anuradha

Content Editor

Related News