ਲੋਕਾਂ ਦੀ ਸਿਹਤ ਨਾਲ ਖਿਲਵਾੜ ਨਕਲੀ ਖਾਦ, ਬੀਜ ਤੇ ਕੀਟਨਾਸ਼ਕਾਂ ਦਾ ਧੰਦਾ

Saturday, Jul 16, 2022 - 01:10 AM (IST)

ਲੋਕਾਂ ਦੀ ਸਿਹਤ ਨਾਲ ਖਿਲਵਾੜ ਨਕਲੀ ਖਾਦ, ਬੀਜ ਤੇ ਕੀਟਨਾਸ਼ਕਾਂ ਦਾ ਧੰਦਾ

ਮੀਂਹ ਦਾ ਮੌਸਮ ਸ਼ੁਰੂ ਹੁੰਦੇ ਹੀ ਕਿਸਾਨ ਫਸਲਾਂ ਦੀ ਬਿਜਾਈ ’ਚ ਜੁਟ ਗਏ ਹਨ ਅਤੇ ਉਨ੍ਹਾਂ ਨੂੰ ਖਾਦ, ਬੀਜਾਂ ਤੇ ਕੀਟਨਾਸ਼ਕਾਂ ਦੀ ਲੋੜ ਪੈਣ ਲੱਗੀ ਹੈ, ਉਥੇ ਹੀ ਬਾਜ਼ਾਰਾਂ ’ਚ ਨਕਲੀ ਖਾਦ, ਬੀਜ ਤੇ ਕੀਟਨਾਸ਼ਕਾਂ ਦੀ ਵਿਕਰੀ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਇਹ ਸਥਿਤੀ ਿਕੰਨੀ ਗੰਭੀਰ ਹੁੰਦੀ ਜਾ ਰਹੀ ਹੈ, ਇਹ ਖੇਤੀ ਵਿਭਾਗ ਵੱਲੋਂ ਹਾਲ ਹੀ ’ਚ ਖਾਦ ਤੇ ਕੀਟਨਾਸ਼ਕ ਵਪਾਰੀਆਂ ’ਤੇ ਮਾਰੇ ਗਏ ਛਾਪਿਆਂ ’ਚ ਹੋਣ ਵਾਲੀ ਬਰਾਮਦਗੀ ਤੋਂ ਸਪੱਸ਼ਟ ਹੈ :

* 19 ਜੂਨ ਨੂੰ ਝਾਲਾਵਾੜ (ਰਾਜਸਥਾਨ) ਦੇ ਚੌਮਹਲਾ ’ਚ ਇਕ ਗੋਦਾਮ ’ਤੇ ਛਾਪੇਮਾਰੀ ਦੇ ਦੌਰਾਨ ਨਕਲੀ ਖਾਦ ਦੇ 765 ਕੱਟੇ ਫੜੇ ਗਏ।
* 20 ਜੂਨ ਨੂੰ ਝਾਲਾਵਾੜ (ਰਾਜਸਥਾਨ) ਦੇ ਘਾਟੋਲੀ ’ਚ ਇਕ ਖਾਦ ਭੰਡਾਰ ਤੋਂ ਨਕਲੀ ਖਾਦ ਦੀਆਂ 29 ਬੋਰੀਆਂ ਜ਼ਬਤ ਕੀਤੀਆਂ ਗਈਆਂ।
* 22 ਜੂਨ ਨੂੰ ਹਾਪੁੜ (ਉੱਤਰ ਪ੍ਰਦੇਸ਼) ’ਚ 2 ਦੁਕਾਨਾਂ ਤੋਂ ਵੱਡੀ ਮਾਤਰਾ ’ਚ ‘ਐਕਸਪਾਇਰ’ ਹੋ ਚੁੱਕੇ ਕੀਟਨਾਸ਼ਕ ਜ਼ਬਤ ਕਰ ਕੇ ਸਾਰਾ ਸਟਾਕ ਸੀਲ ਕਰ ਿਦੱਤਾ ਗਿਆ ਜਿਸ ’ਚ ਇਕ ਬੋਤਲ ਦੀ ਕੀਮਤ 1000 ਰੁਪਏ ਤੋਂ ਵੀ ਵੱਧ ਸੀ।
* 24 ਜੂਨ ਨੂੰ ਝਾਲਾਵਾੜ (ਰਾਜਸਥਾਨ) ਦੇ ਡਗ ਕਸਬੇ ’ਚ ਮਾਰੇ ਗਏ ਛਾਪੇ ’ਚ ਨਕਲੀ ਖਾਦ ਦੇ 50 ਕੱਟੇ ਜ਼ਬਤ ਕਰ ਕੇ ਦੁਕਾਨ ਸੀਲ ਕਰ ਦਿੱਤੀ ਗਈ।
* 7 ਜੁਲਾਈ ਨੂੰ ਗੁਮਲਾ (ਝਾਰਖੰਡ) ’ਚ ਮਾਰੇ ਗਏ ਛਾਪੇ ’ਚ ਵੱਖ-ਵੱਖ ਕੰਪਨੀਆਂ ਦੇ ਨਕਲੀ ਬੀਜ ਅਤੇ ਕੀਟਨਾਸ਼ਕਾਂ ਦੇ ਲਗਭਗ ਇਕ ਦਰਜਨ ਨਮੂਨੇ ਜ਼ਬਤ ਕੀਤੇ ਗਏ।
* 9 ਜੁਲਾਈ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ ਵੱਖ-ਵੱਖ ਬ੍ਰਾਂਡਿਡ ਕੰਪਨੀਆਂ ਦੀ ਖਾਦ ਦੇ ਨਾਂ ’ਤੇ ਨਕਲੀ ਖਾਦ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਲੱਖਾਂ ਰੁਪਏ ਦੀ ਨਕਲੀ ਡੀ. ਏ. ਪੀ. ਖਾਦ ਜ਼ਬਤ ਕਰਨ ਦੇ ਇਲਾਵਾ ਇਕ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
* 13 ਜੁਲਾਈ ਨੂੰ ਬਠਿੰਡਾ ’ਚ ਖੇਤੀ ਵਿਭਾਗ ਦੇ ਅਧਿਕਾਰੀਆਂ ਵਲੋਂ ਛਾਪੇਮਾਰੀ ਦੇ ਦੌਰਾਨ ਨਕਲੀ ਖਾਦ ਅਤੇ ਕੀਟਨਾਸ਼ਕ ਪਾਏ ਜਾਣ ’ਤੇ ਐੱਫ. ਆਈ. ਆਰ . ਦਰਜ ਕੀਤੀ ਗਈ।
* 14 ਜੁਲਾਈ ਨੂੰ ਬਠਿੰਡਾ ’ਚ ਹੀ ਇਕ ਕੀਟਨਾਸ਼ਕ ਕੰਪਨੀ ਦੇ ਗੋਦਾਮ ਤੋਂ 2500 ਲਿਟਰ ਤੋਂ ਵੱਧ ‘ਐਕਸਪਾਇਰ’ ਹੋ ਚੁੱਕੇ ਕੀਟਨਾਸ਼ਕ ਬਰਾਮਦ ਕੀਤੇ ਗਏ।
* 14 ਜੁਲਾਈ ਨੂੰ ਹੀ ਬਠਿੰਡਾ ’ਚ ਇਕ ਨਕਲੀ ਖਾਦ ਬਣਾਉਣ ਵਾਲੀ ਫਰਮ ’ਤੇ ਛਾਪਾ ਮਾਰ ਕੇ ਵੱਡੀ ਮਾਤਰਾ ’ਚ ਅਣਅਧਿਕਾਰਤ ਖਾਦ ਜ਼ਬਤ ਕੀਤੀ ਗਈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਕਲੀ ਖਾਦ, ਬੀਜ ਅਤੇ ਕੀਟਨਾਸ਼ਕਾਂ ਦਾ ਧੰਦਾ ਦੇਸ਼ ਦੇ ਵਧੇਰੇ ਹਿੱਸਿਆਂ ’ਚ ਕਿਸ ਕਦਰ ਫੈਲਦਾ ਜਾ ਰਿਹਾ ਹੈ। ਇਨ੍ਹਾਂ ਦੀ ਵਰਤੋਂ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਉਥੇ ਹੀ ਫਸਲਾਂ ਦੇ ਖਰਾਬ ਹੋ ਜਾਣ ਨਾਲ ਕਿਸਾਨਾਂ ਦੀ ਆਰਥਿਕ ਹਾਨੀ ਵੀ ਹੋ ਰਹੀ ਹੈ।
ਨਕਲੀ ਖਾਦ, ਬੀਜ ਅਤੇ ਕੀਟਨਾਸ਼ਕਾਂ ਦਾ ਧੰਦਾ ਕਰਨ ਵਾਲੇ ਲੋਕ ਆਪਣੇ ਹੀ ਭਰਾਵਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਕਈ ਰੋਗਾਂ ਦਾ ਕਾਰਨ ਵੀ ਬਣ ਰਹੀਆਂ ਹਨ, ਇਸ ਲਈ ਇਸ ਬੁਰਾਈ ’ਤੇ ਕਾਬੂ ਪਾਉਣ ਦੇ ਲਈ ਅਪਰਾਧਿਕ ਮਾਮਲੇ ਦੇ ਵਾਂਗ ਸਜ਼ਾ ਵਧਾਉਣ ਦੀ ਲੋੜ ਹੈ।

ਵਿਜੇ ਕੁਮਾਰ


author

Karan Kumar

Content Editor

Related News