ਦਲ-ਬਦਲੂਆਂ ਨੂੰ ‘ਪਨਾਹ’ ਦੇਣ ਦੇ ਵਿਰੁੱਧ ਭਾਜਪਾ ’ਚ ਫੈਲਦਾ ਰੋਸ

07/13/2019 6:14:16 AM

ਲੋਕ ਸਭਾ ਚੋਣਾਂ ’ਚ ਬੰਪਰ ਸਫਲਤਾ ਤੋਂ ਉਤਸ਼ਾਹਿਤ ਭਾਜਪਾ ਲੀਡਰਸ਼ਿਪ ਜਿਥੇ ਦੇਸ਼ ’ਚ ਆਪਣੇ ਨਾਲ ਢਾਈ ਕਰੋੜ ਨਵੇਂ ਮੈਂਬਰ ਜੋੜਨ ਲਈ ਮੁਹਿੰਮ ਚਲਾ ਰਹੀ ਹੈ, ਉਥੇ ਹੀ ਵੱਡੀ ਗਿਣਤੀ ’ਚ ਆਪਣੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਣ ਦੀ ਦੂਜੀਆਂ ਪਾਰਟੀਆਂ ਦੇ ਛੋਟੇ-ਵੱਡੇ ਨੇਤਾਵਾਂ ’ਚ ਹੋੜ ਜਿਹੀ ਮਚੀ ਹੋਈ ਹੈ।

ਬੇਸ਼ੱਕ ਭਾਜਪਾ ਲੀਡਰਸ਼ਿਪ ਬਾਹਾਂ ਖੋਲ੍ਹ ਕੇ ਦਲ-ਬਦਲੂਆਂ ਦਾ ਸਵਾਗਤ ਕਰ ਰਹੀ ਹੈ ਪਰ ਪਾਰਟੀ ਦੇ ਇਕ ਵਰਗ ’ਚ ਇਸ ਵਿਰੁੱਧ ਨਾਰਾਜ਼ਗੀ ਦੇ ਸੁਰ ਵੀ ਉੱਠਣੇ ਸ਼ੁਰੂ ਹੋ ਗਏ ਹਨ ਅਤੇ ਗੋਆ ’ਚ ਕਾਂਗਰਸ ਦੇ 10 ਦਲ-ਬਦਲੂ ਵਿਧਾਇਕਾਂ ਵਲੋਂ ਭਾਜਪਾ ’ਚ ਸ਼ਾਮਿਲ ਹੋਣ ਨਾਲ ਕਾਂਗਰਸ ’ਚ ਮਚੇ ਕੋਹਰਾਮ ਵਿਚਾਲੇ ਗੋਆ ’ਚ ਭਾਜਪਾ ਦੇ ਕਈ ਸੀਨੀਅਰ ਅਤੇ ਨੌਜਵਾਨ ਨੇਤਾਵਾਂ ਨੇ, ਜਿਨ੍ਹਾਂ ’ਚ ਸਾਬਕਾ ਮੁੱਖ ਮੰਤਰੀ ਸਵ. ਮਨੋਹਰ ਪਾਰਿਕਰ ਦੇ ਨੇੜਲੇ ਨੇਤਾ ਵੀ ਸ਼ਾਮਿਲ ਹਨ, (ਉੱਚ) ਲੀਡਰਸ਼ਿਪ ਵਲੋਂ ਭਾਜਪਾ ਦੇ ‘ਕਾਂਗਰਸੀਕਰਨ’ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

1980 ਅਤੇ 90 ਦੇ ਦਹਾਕੇ ’ਚ ਗੋਆ ਵਿਚ ਭਾਜਪਾ ਨੂੰ ਸਥਾਪਿਤ ਕਰਨ ’ਚ ਸਾਬਕਾ ਮੁੱਖ ਮੰਤਰੀਆਂ ਮਨੋਹਰ ਪਾਰਿਕਰ ਅਤੇ ਲਕਸ਼ਮੀਕਾਂਤ ਪਰਸੇਕਰ ਅਤੇ ਮੌਜੂਦਾ ਕੇਂਦਰੀ ਮੰਤਰੀ ਅਤੇ ਉੱਤਰੀ ਗੋਆ ਤੋਂ ਸੰਸਦ ਮੈਂਬਰ ਸ਼੍ਰੀਪਾਦ ਨਾਇਕ ਨਾਲ ਮਿਲ ਕੇ ਕੰਮ ਕਰਨ ਵਾਲੇ ਅਤੇ ਪਾਰਿਕਰ ਸਰਕਾਰ ਵਿਚ ਚੌਗਿਰਦਾ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਰਹਿ ਚੁੱਕੇ ਰਾਜੇਂਦਰ ਅਰਲੇਕਰ ਅਨੁਸਾਰ :

‘‘ਜੋ ਕੁਝ ਵੀ ਹੋਇਆ ਹੈ, ਉਹ ਠੀਕ ਨਹੀਂ ਹੈ। ਇਹ ਸਾਡੀ ਉਸ ਪਾਰਟੀ ਦੇ ਸਿਧਾਂਤਾਂ ਅਤੇ ਸੰਸਕ੍ਰਿਤੀ ਅਨੁਸਾਰ ਨਹੀਂ ਹੈ, ਜਿਸ ਦੀ ਅਸੀਂ ਸਥਾਪਨਾ ਕੀਤੀ ਸੀ। ਅਸੀਂ ਦੇਖਾਂਗੇ ਕਿ ਇਸ ਵਿਚ ਸੁਧਾਰ ਲਈ ਕੀ ਕੀਤਾ ਜਾ ਸਕਦਾ ਹੈ। ਮੈਂ ਇਹ ਮਾਮਲਾ ਪਾਰਟੀ ਪ੍ਰਧਾਨ ਕੋਲ ਉਠਾਵਾਂਗਾ।’’

ਇਕ ਹੋਰ ਭਾਜਪਾ ਨੇਤਾ ਅਤੇ ਮਨੋਹਰ ਪਾਰਿਕਰ ਦੇ ਸਾਥੀ ਗਿਰੀਰਾਜ ਪਈ ਵਰਨੇਕਰ ਅਨੁਸਾਰ, ‘‘ਗੋਆ ਭਾਜਪਾ ਨੂੰ ਵਿਧਾਇਕ ਤਾਂ ਮਿਲ ਗਏ ਹਨ ਪਰ ਇਸ ਨੇ ਅਣਗਿਣਤ ਵਰਕਰਾਂ ਦਾ ਭਰੋਸਾ ਗੁਆ ਦਿੱਤਾ ਹੈ। ਫਿਰ ਵੀ ਅਸੀਂ ਬਿਹਤਰ ਗੋਆ ਲਈ ਸੰਘਰਸ਼ ਕਰਦੇ ਰਹਾਂਗੇ, ਭਾਵੇਂ ਹੀ ਇਸ ਦਾ ਮਤਲਬ ਆਪਣੀ ਹੀ ਪਾਰਟੀ ਨਾਲ ਲੜਨਾ ਕਿਉਂ ਨਾ ਹੋਵੇ।’’

ਪੁਰਾਣੇ ਹੀ ਨਹੀਂ, ਮੌਜੂਦਾ ਪੀੜ੍ਹੀ ਦੇ ਨੇਤਾਵਾਂ ’ਚ ਵੀ ਪਾਰਟੀ ਲੀਡਰਸ਼ਿਪ ਦੀ ਕਾਰਜਸ਼ੈਲੀ ਨੂੰ ਲੈ ਕੇ ਨਾਰਾਜ਼ਗੀ ਫੈਲੀ ਹੈ। ਸਾਬਕਾ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਪੁੱਤਰ ਉਤਪਲ ਪਾਰਿਕਰ ਨੇ ਕਿਹਾ ਹੈ ਕਿ ‘‘ਅੱਜ ਪਾਰਟੀ ਜਿਸ ਰਾਹ ’ਤੇ ਚੱਲ ਪਈ ਹੈ, ਇਹ ਉਹ ਰਾਹ ਨਹੀਂ ਹੈ, ਜਿਸ ਦਾ ਸੁਪਨਾ ਮੇਰੇ ਪਿਤਾ ਨੇ ਦੇਖਿਆ ਸੀ। ਵਿਸ਼ਵਾਸ ਦਾ ਉਹ ਰਸਤਾ, ਜਿਹੜਾ ਮੇਰੇ ਪਿਤਾ ਦੀ ਸਿਆਸਤ ਤੋਂ ਬਣਿਆ, 17 ਮਾਰਚ ਨੂੰ ਉਨ੍ਹਾਂ ਦੀ ਮੌਤ ਦੇ ਨਾਲ ਹੀ ਖਤਮ ਹੋ ਗਿਆ।’’

ਵਿਰੋਧੀ ਪਾਰਟੀਆਂ ਤਾਂ ਪਹਿਲਾਂ ਹੀ ਭਾਜਪਾ ਨੂੰ ‘ਸ਼ਿਕਾਰੀ ਪਾਰਟੀ’ ਕਹਿਣ ਲੱਗੀਆਂ ਹਨ। ਹੁਣ ਦਲ-ਬਦਲੀ ਵਿਰੁੱਧ ਭਾਜਪਾ ਦੇ ਅੰਦਰੋਂ ਹੀ ਉੱਠ ਰਹੀਆਂ ਆਵਾਜ਼ਾਂ ’ਤੇ ਪਾਰਟੀ ਲੀਡਰਸ਼ਿਪ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਉਨ੍ਹਾਂ ’ਤੇ ਦਲ-ਬਦਲੀ ਨੂੰ ਬੜ੍ਹਾਵਾ ਦੇਣ ਵਰਗੇ ਦੋਸ਼ ਨਾ ਲੱਗਣ।

ਇਸ ਦੇ ਨਾਲ ਹੀ, ਜਿਵੇਂ ਕਿ ਅਸੀਂ 12 ਜੁਲਾਈ ਦੇ ਸੰਪਾਦਕੀ ਵਿਚ ਲਿਖਿਆ ਸੀ, ਅਜਿਹਾ ਕਾਨੂੰਨ ਵੀ ਬਣਨਾ ਚਾਹੀਦਾ ਕਿ ਜਿਹੜਾ ਉਮੀਦਵਾਰ ਜਿਸ ਪਾਰਟੀ ਤੋਂ ਚੁਣਿਆ ਜਾਵੇ, ਉਹ ਆਪਣਾ ਕਾਰਜਕਾਲ ਖਤਮ ਹੋਣ ਤਕ ਉਸੇ ਪਾਰਟੀ ਵਿਚ ਰਹੇ ਅਤੇ ਦਲ ਨਾ ਬਦਲ ਸਕੇ ਤਾਂ ਕਿ ਲੋਕਤੰਤਰ ਨੂੰ ਬਚਾਇਆ ਜਾ ਸਕੇ।

–ਵਿਜੇ ਕੁਮਾਰ
 


Bharat Thapa

Content Editor

Related News