ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਕੁੜੱਤਣ ਸਿਖਰ ''ਤੇ
Sunday, Jun 19, 2016 - 04:11 AM (IST)
1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗਠਜੋੜ ਸਹਿਯੋਗੀਆਂ ਦਾ ਤੇਜ਼ੀ ਨਾਲ ਵਿਸਤਾਰ ਹੋਇਆ ਅਤੇ ਸ਼੍ਰੀ ਵਾਜਪਾਈ ਨੇ ਐੱਨ. ਡੀ. ਏ. ਦੇ ਸਿਰਫ ਤਿੰਨ ਪਾਰਟੀਆਂ ਦੇ ਗਠਜੋੜ ਨੂੰ ਵਧਾਉਂਦਿਆਂ 26 ਪਾਰਟੀਆਂ ਤਕ ਪਹੁੰਚਾ ਦਿੱਤਾ।
ਸ਼੍ਰੀ ਵਾਜਪਾਈ ਨੇ ਆਪਣੇ ਕਿਸੇ ਵੀ ਗਠਜੋੜ ਸਹਿਯੋਗੀ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਦਾ ਤਾਂ ਇਥੋਂ ਤਕ ਮੰਨਣਾ ਸੀ ਕਿ ਜੇਕਰ ਪਾਰਟੀ ਦੇਸ਼ ਦੇ ਉੱਥਾਨ ਲਈ ਕਾਂਗਰਸ ਨਾਲ ਮਿਲ ਕੇ ਵੀ ਚੱਲੇ ਤਾਂ ਇਸ ''ਚ ਕੋਈ ਹਰਜ਼ ਨਹੀਂ ਪਰ ਇਸੇ ਦੌਰਾਨ ਉਹ ਬੀਮਾਰ ਹੋ ਗਏ।
ਸ਼੍ਰੀ ਵਾਜਪਾਈ ਦੇ ਸਰਗਰਮ ਸਿਆਸਤ ਤੋਂ ਹਟਣ ਤੋਂ ਬਾਅਦ ਹੁਣ ਤਕ ਇਸ ਦੇ ਕਈ ਗਠਜੋੜ ਸਹਿਯੋਗੀ ਵੱਖ-ਵੱਖ ਮੁੱਦਿਆਂ ''ਤੇ ਅਸਹਿਮਤੀ ਕਾਰਨ ਇਸ ਨੂੰ ਛੱਡ ਗਏ ਅਤੇ ਹੁਣ ਇਹ ਗਠੋਜੜ ਅੱਧਾ ਦਰਜਨ ਤੋਂ ਵੀ ਘੱਟ ਪਾਰਟੀਆਂ ਤਕ ਸੀਮਤ ਹੋ ਗਿਆ ਹੈ।
17 ਜੂਨ 2013 ਨੂੰ ਭਾਜਪਾ ਦਾ ਆਪਣੇ 17 ਸਾਲ ਪੁਰਾਣੇ ਬਹੁਤ ਅਹਿਮ ਸਹਿਯੋਗੀ ਜਨਤਾ ਦਲ(ਯੂ) ਨਾਲੋਂ ਨਾਤਾ ਟੁੱਟ ਗਿਆ ਅਤੇ 25 ਸਾਲਾਂ ਤੋਂ ਇਸ ਦੀ ਇਕ ਹੋਰ ਅਹਿਮ ਸਹਿਯੋਗੀ ਸ਼ਿਵ ਸੈਨਾ ਵੀ ਹੁਣ ਨਾਰਾਜ਼ ਚਲ ਰਹੀ ਹੈ।
24 ਜੂਨ 2013 ਨੂੰ ਸ਼ਿਵ ਸੈਨਾ ਸੁਪਰੀਮੋ ਸ਼੍ਰੀ ਊਧਵ ਠਾਕਰੇ ਨੇ ਭਾਜਪਾ ਲੀਡਰਸ਼ਿਪ ਨੂੰ ਆਪਣੇ ਸਹਿਯੋਗੀਆਂ ਦਾ ਮਾਣ ਰੱਖਣ ਦੀ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ''''ਮਿੱਤਰ ਰੁੱਖਾਂ ਵਾਂਗ ਨਹੀਂ ਵਧਦੇ, ਉਨ੍ਹਾਂ ਨੂੰ ਪਾਲਣਾ ਪੈਂਦਾ ਹੈ। ਜੇਕਰ ਕੋਈ ਵਿਅਕਤੀ ਉਸ ਰੁੱਖ ਦੀਆਂ ਟਾਹਣੀਆਂ ਨੂੰ ਹੀ ਕੱਟ ਦੇਵੇਗਾ ਤਾਂ ਉਸ ਨੂੰ ਸਹੀ ਮਿੱਤਰ ਕਿਵੇਂ ਮਿਲ ਸਕੇਗਾ।''''
ਵਰ੍ਹਿਆਂ ਤਕ ''ਸ਼ਿਵ ਸੈਨਾ'' ਦੇ ਜੂਨੀਅਰ ਪਾਰਟਨਰ ਦੀ ਭੂਮਿਕਾ ਨਿਭਾਉਂਦੀ ਰਹੀ ਭਾਜਪਾ ਦੇ ਤੇਵਰ 2014 ਦੀਆਂ ਚੋਣਾਂ ਤੋਂ ਬਾਅਦ ਬਦਲੇ ਅਤੇ ਇਸ ਨੇ ''ਸ਼ਿਵ ਸੈਨਾ'' ਨੂੰ ਉਸਦਾ ਮਨਪਸੰਦ ਮੰਤਰਾਲਾ ਨਹੀਂ ਦਿੱਤਾ। ਇਹੋ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੁੰਬਈ ''ਚ ਆਯੋਜਿਤ ''ਮੇਕ ਇਨ ਇੰਡੀਆ'' ਦੇ ਵਿਸ਼ਾਲ ਸਮਾਗਮ ''ਚ ਵੀ ਭਾਜਪਾ ਨੇ ਊਧਵ ਠਾਕਰੇ ਨੂੰ ਨਹੀਂ ਸੱਦਿਆ।
ਅਜਿਹੀਆਂ ਹੀ ਗੱਲਾਂ ਕਾਰਨ ਇਸ ਸਮੇਂ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਕੁੜੱਤਣ ਸਿਖਰ ''ਤੇ ਪਹੁੰਚ ਚੁੱਕੀ ਹੈ ਅਤੇ ''ਸ਼ਿਵ ਸੈਨਾ'' ਮਹਾਰਾਸ਼ਟਰ ਤੋਂ ਇਲਾਵਾ ਕੌਮੀ ਪੱਧਰ ''ਤੇ ਵੀ ਭਾਜਪਾ ਹਾਈਕਮਾਨ ਦਾ ਧਿਆਨ ਇਸ ਦੀਆਂ ਗਲਤੀਆਂ ਵੱਲ ਲਗਾਤਾਰ ਦਿਵਾਉਂਦੀ ਆ ਰਹੀ ਹੈ।
ਉੱਤਰਾਖੰਡ ਦੀ ਘਟਨਾ, ਕਨੱ੍ਹਈਆ ਕਾਂਡ ਅਤੇ ਕਸ਼ਮੀਰ ਸਮੱਸਿਆ ''ਤੇ ਭਾਜਪਾ ਲੀਡਰਸ਼ਿਪ ਦੇ ਸਟੈਂਡ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਵਿਦੇਸ਼ ਦੌਰਿਆਂ ਦੌਰਾਨ ਭਾਰਤ ''ਚ ਭ੍ਰਿਸ਼ਟਾਚਾਰ ਦੇ ਜ਼ਿਕਰ, ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਮਹਾਰਾਸ਼ਟਰ ਦੇ ਸਾਬਕਾ ਦਾਗੀ ਮੰਤਰੀ ਏਕਨਾਥ ਖੜਸੇ ਨੂੰ ਲੈ ਕੇ ਵੀ ''ਸ਼ਿਵ ਸੈਨਾ'' ਨੇ ਭਾਜਪਾ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕੀਤੀ ਹੈ।
ਸ਼ਿਵ ਸੈਨਾ ਦੀ ਭਾਜਪਾ ਨਾਲ ਨਾਰਾਜ਼ਗੀ ਦੀ ਇਕ ਮਿਸਾਲ ਪਿਛਲੇ ਦਿਨੀਂ ਊਧਵ ਠਾਕਰੇ ਦੀ ਇੰਟਰਵਿਊ ''ਚ ਮਿਲੀ, ਜਿਸ ''ਚ ਉਨ੍ਹਾਂ ਕਿਹਾ ਕਿ ''''ਮੇਰੀ ਪਾਰਟੀ ਨੇ ਹੁਣ ਦੋਸਤਾਂ ਤੇ ਦੁਸ਼ਮਣਾਂ ਦੇ ਸੰਬੰਧ ''ਚ ਸਬਕ ਸਿੱਖ ਲਿਆ ਹੈ ਅਤੇ ਹੁਣ ਤਾਂ ਕਿਸੇ ਨੂੰ ਮਿੱਤਰ ਕਹਿੰਦਿਆਂ ਵੀ ਡਰ ਲੱਗਦਾ ਹੈ।''''
ਪੁਰਾਣੀ ਤੇ ਮੌਜੂਦਾ ਭਾਜਪਾ ਲੀਡਰਸ਼ਿਪ ਦੇ ਸੰਬੰਧ ''ਚ ਉਨ੍ਹਾਂ ਕਿਹਾ ਕਿ ''''ਅਟਲ ਜੀ ਨਿੱਜੀ ਤੌਰ''ਤੇ ਬੁਲਾਉਂਦੇ ਸਨ, ਅਡਵਾਨੀ ਜੀ ਫੋਨ ਕਰਦੇ ਸਨ ਅਤੇ ਅਕਸਰ ਮਿਲਣ ਆਉਂਦੇ ਸਨ। ਪ੍ਰਮੋਦ ਮਹਾਜਨ ਤਾਂ ਮੇਰੇ ਲਈ ਭਰਾ ਵਾਂਗ ਸਨ ਪਰ ਅੱਜ ਦੇ ਨੇਤਾ ''ਸਰਵਗੁਣ ਸੰਪੰਨ'' ਹਨ ਅਤੇ ਉਨ੍ਹਾਂ ਨੂੰ ਕਿਸੇ ਦੀ ਲੋੜ ਨਹੀਂ ਹੈ।''''
ਦੋਹਾਂ ਪਾਰਟੀਆਂ ਵਿਚਾਲੇ ਵਧ ਰਹੀ ਕੁੜੱਤਣ ਇਸ ਤੱਥ ਤੋਂ ਵੀ ਸਪਸ਼ਟ ਹੈ ਕਿ ਸ਼ਿਵ ਸੈਨਾ ਨੇ ਮੁੰਬਈ ''ਚ 19 ਜੂਨ ਨੂੰ ਆਪਣੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦੇ ਸਮਾਗਮ ''ਚ ਭਾਜਪਾ ਨੂੰ ਨਾ ਸੱਦ ਕੇ ਇਸ ਨੂੰ ਝਟਕਾ ਦੇ ਦਿੱਤਾ ਹੈ।
ਬੇਸ਼ੱਕ ਹੀ ਸ਼ਿਵ ਸੈਨਾ ਅਤੇ ਭਾਜਪਾ ਦੋਵੇਂ ਇਸ ਸੰਬੰਧੀ ਆਪੋ-ਆਪਣੇ ਢੰਗ ਨਾਲ ਸਫਾਈ ਦੇ ਕੇ ਆਪਸ ''ਚ ਸਭ ਠੀਕ ਹੋਣ ਵਰਗਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸ਼ਿਵ ਸੈਨਾ ਹੁਣ ਭਾਜਪਾ ਦੀ ''ਜੂਨੀਅਰ ਪਾਰਟਨਰ'' ਬਣ ਕੇ ਰਹਿਣ ਲਈ ਤਿਆਰ ਨਹੀਂ ਅਤੇ ਉਹ ਆਪਣਾ ਗਲਬਾ ਸਿੱਧ ਕਰਨ ਲਈ ਸੰਕਲਪਬੱਧ ਹੈ।
ਸ਼ਿਵਸੈਨਾ ਨਾਲ ਵਧ ਰਹੀ ਕੁੜੱਤਣ ਦਰਮਿਆਨ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਲਾਹਾਬਾਦ ''ਚ ਪਾਰਟੀ ਦੇ ਚੋਟੀ ਦੇ 300 ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਾਰਿਆਂ ਨਾਲ ਸਦਭਾਵਨਾ, ਸੰਤੁਲਨ, ਸੰਜਮ, ਤਾਲਮੇਲ ਤੇ ਸੰਵਾਦ ਕਾਇਮ ਕਰਨ ਦਾ ਸੱਦਾ ਦਿੱਤਾ ਹੈ।
ਅਜੇ ਭਾਜਪਾ ਦੀ ਸਰਕਾਰ ਕੋਲ ਤਿੰਨ ਸਾਲ ਦਾ ਕਾਰਜਕਾਲ ਬਾਕੀ ਹੈ, ਇਸ ਲਈ ਜੇਕਰ ਪਾਰਟੀ ਹਾਈਕਮਾਨ ਆਪਣੀਆਂ ਸਹਿਯੋਗੀ ਪਾਰਟੀਆਂ ਨਾਲ ਵੀ ਸਦਭਾਵਨਾਪੂਰਨ, ਸੰਤੁਲਿਤ, ਸੰਜਮ ਵਤੀਰਾ ਅਤੇ ਹਾਂ-ਪੱਖੀ ਸੰਵਾਦ ਸ਼ੁਰੂ ਕਰ ਦੇਵੇ ਤਾਂ ਨਾ ਸਿਰਫ ਇਸ ਨਾਲ ਸਾਥੀ ਪਾਰਟੀਆਂ ਦੀ ਨਾਰਾਜ਼ਗੀ ਦੂਰ ਹੋਵੇਗੀ ਸਗੋਂ ਆਪਸੀ ਸੰਬੰਧ ਵੀ ਮਜ਼ਬੂਤ ਹੋਣਗੇ ਅਤੇ ਇਸ ਨਾਲ ਰਾਜਗ ਤੇ ਦੇਸ਼ ਦੋਹਾਂ ਦਾ ਭਲਾ ਹੋਵੇਗਾ।
—ਵਿਜੇ ਕੁਮਾਰ
