‘ਪੰਜਾਬ ਕੇਸਰੀ’ 55ਵੇਂ ਵਰ੍ਹੇ ’ਚ ਦਾਖਲ ਪਾਠਕਾਂ ਅਤੇ ਸਰਪ੍ਰਸਤਾਂ ਦਾ ਧੰਨਵਾਦ

06/13/2019 5:46:45 AM

ਅੱਜ 13 ਜੂਨ 2019 ਦੇ ਅੰਕ ਨਾਲ ਤੁਹਾਡਾ ਪਿਆਰਾ ‘ਪੰਜਾਬ ਕੇਸਰੀ’ ਆਪਣੇ 55ਵੇਂ ਵਰ੍ਹੇ ’ਚ ਦਾਖਲ ਹੋ ਰਿਹਾ ਹੈ ਅਤੇ ਇਸ ਸ਼ੁੱਭ ਮੌਕੇ ’ਤੇ ਮੇਰੇ ਦਿਮਾਗ ’ਚ ਇਸ ਦੇ ਜਨਮ ਨਾਲ ਜੁੜੀਆਂ ਕੁਝ ਪੁਰਾਣੀਆਂ ਯਾਦਾਂ ਘੁੰਮ ਰਹੀਆਂ ਹਨ।

ਵੰਡ ਤੋਂ ਬਾਅਦ ਜਲੰਧਰ ਆ ਕੇ ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ 4 ਮਈ 1948 ਨੂੰ ਉਰਦੂ ਅਖਬਾਰ ‘ਹਿੰਦ ਸਮਾਚਾਰ’ ਦਾ 1800 ਕਾਪੀਆਂ ਨਾਲ ਪ੍ਰਕਾਸ਼ਨ ਸ਼ੁਰੂ ਕੀਤਾ, ਜੋ ਬਾਅਦ ’ਚ ਭਾਰਤ ਦਾ ਨੰਬਰ 1 ਉਰਦੂ ਅਖਬਾਰ ਬਣਿਆ।

ਪਰ ਉਦੋਂ ਹਿੰਦੀ ਦਾ ਪਾਠਕ ਵਰਗ ਵਧ ਰਿਹਾ ਸੀ ਅਤੇ ਉਰਦੂ ਅਖਬਾਰਾਂ ਦੀ ਪ੍ਰਸਾਰ ਗਿਣਤੀ ਸਥਿਰ ਹੁੰਦੀ ਜਾ ਰਹੀ ਸੀ, ਇਸ ਲਈ ਪੂਜਨੀਕ ਪਿਤਾ ਜੀ ਨੇ ਇਕ ਹਿੰਦੀ ਅਖਬਾਰ ਦਾ ਪ੍ਰਕਾਸ਼ਨ ਸ਼ੁਰੂ ਕਰਨ ਦਾ ਫੈਸਲਾ ਲਿਆ।

ਉਦੋਂ ਜਲੰਧਰ ਤੋਂ ਸਿਰਫ 2 ਹਿੰਦੀ ਅਖਬਾਰ ਹੀ ਛਪਦੇ ਸਨ ਅਤੇ ਜਗ੍ਹਾ, ਸਾਧਨਾਂ ਅਤੇ ਮਸ਼ੀਨਰੀ ਦੀ ਕੁਝ ਕਮੀ ਦੇ ਬਾਵਜੂਦ ਪਿਤਾ ਜੀ ਦੇ ਜ਼ੋਰ ਦੇਣ ’ਤੇ ਆਖਿਰ 13 ਜੂਨ 1965 ਨੂੰ ਅਸੀਂ ‘ਦੈਨਿਕ ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਇਸ ਦੇ ਪਹਿਲੇ ਅੰਕ ਦੀਆਂ 3500 ਕਾਪੀਆਂ ਛਪੀਆਂ। ਉਦੋਂ ਇਸ ਦੇ ਸਫੇ 8-10 ਹੁੰਦੇ ਸਨ ਅਤੇ ਕੀਮਤ ਸਿਰਫ 15 ਪੈਸੇ ਹੀ ਸੀ।

ਅਜੇ ‘ਪੰਜਾਬ ਕੇਸਰੀ’ ਸ਼ੁਰੂ ਹੋਇਆਂ ਕੁਝ ਹੀ ਸਮਾਂ ਬੀਤਿਆ ਸੀ ਕਿ ਪਾਕਿਸਤਾਨ ਨਾਲ ਜੰਗ ਛਿੜ ਗਈ। ਉਨ੍ਹੀਂ ਦਿਨੀਂ ਪਿਤਾ ਜੀ ਰਾਜ ਸਭਾ ਦੇ ਆਜ਼ਾਦ ਮੈਂਬਰ ਸਨ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਸਵ. ਲਾਲ ਬਹਾਦੁਰ ਸ਼ਾਸਤਰੀ ਨੇ ਉਨ੍ਹਾਂ ਦੀ ਡਿਊਟੀ ਸਰਹੱਦ ਦਾ ਦੌਰਾ ਕਰ ਕੇ ਜਵਾਨਾਂ ਦਾ ਹੌਸਲਾ ਵਧਾਉਣ ਦੀ ਲਾ ਦਿੱਤੀ।

ਇਸ ਤੋਂ ਬਾਅਦ ਅਸੀਂ ਦੋਵੇਂ ਭਰਾ ਮੈਂ ਅਤੇ ਰਮੇਸ਼ ਜੀ ਵਾਰੀ-ਵਾਰੀ ਪਿਤਾ ਜੀ ਨਾਲ ਜੰਗੀ ਖੇਤਰ ’ਚ ਜਾ ਕੇ ਉਥੋਂ ਦੀਆਂ ਫੋਟੋਆਂ ਖਿੱਚ ਕੇ ਲਿਆਉਂਦੇ, ਜੋ ਸਾਡੀਆਂ ਅਖਬਾਰਾਂ ’ਚ ਛਪਦੀਆਂ ਸਨ।

ਹੌਲੀ-ਹੌਲੀ ‘ਪੰਜਾਬ ਕੇਸਰੀ’ ਅੱਗੇ ਵਧਦਾ ਗਿਆ। ‘ਹਿੰਦ ਸਮਾਚਾਰ’ ਅਤੇ ‘ਪੰਜਾਬ ਕੇਸਰੀ’ ਦੀ ਨਿਰਪੱਖਤਾ ਅਤੇ ਕਿਸੇ ਵੀ ਸਿਆਸੀ ਵਿਚਾਰਧਾਰਾ ਨਾਲ ਨਾ ਜੁੜਨ ਦੇ ਸੰਕਲਪ ਕਾਰਣ ਉਸ ਦੌਰ ਦੀ ਲਗਭਗ ਹਰੇਕ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ’ਤੇ ਸਮੇਂ ਦੇ ਹਾਕਮਾਂ ਨੇ ਇਨ੍ਹਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਵੀ ਬਣਾਇਆ।

ਇਸੇ ਕਾਰਣ 1974 ’ਚ ਜਦੋਂ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸਾਡੀ ਆਵਾਜ਼ ਦਬਾਉਣ ਲਈ ਪਹਿਲਾਂ ‘ਹਿੰਦ ਸਮਾਚਾਰ’ ਅਤੇ ‘ਪੰਜਾਬ ਕੇਸਰੀ’ ਦੇ ਇਸ਼ਤਿਹਾਰ ਬੰਦ ਕੀਤੇ ਅਤੇ ਫਿਰ ਇਨ੍ਹਾਂ ਦੀ ਬਿਜਲੀ ਕੱਟ ਦਿੱਤੀ ਤਾਂ ਅਸੀਂ ਆਪਣੇ ਅਖਬਾਰ ਟਰੈਕਟਰ ਦੀ ਸਹਾਇਤਾ ਨਾਲ ਛਾਪ ਕੇ ਪਾਠਕਾਂ ਤਕ ਪਹੁੰਚਾਏ।

ਇਸੇ ਤਰ੍ਹਾਂ ਜੰਮੂ-ਕਸ਼ਮੀਰ ’ਚ ਸ਼ੇਖ ਅਬਦੁੱਲਾ ਅਤੇ ਹਰਿਆਣਾ ’ਚ ਬੰਸੀ ਲਾਲ ਦੀਆਂ ਸਰਕਾਰਾਂ ਨੇ ਵੀ ਸਾਡੇ ’ਤੇ ਪਾਬੰਦੀਆਂ ਲਾਈਆਂ ਪਰ ਇਸ ਨਾਲ ਇਨ੍ਹਾਂ ਦੋਹਾਂ ਅਖਬਾਰਾਂ ਦੀ ਉਕਤ ਸੂਬਿਆਂ ’ਚ ਹਰਮਨਪਿਆਰਤਾ ਹੋਰ ਵੀ ਵਧ ਗਈ ਅਤੇ ਸੁਪਰੀਮ ਕੋਰਟ ਦੇ ਹੁਕਮ ’ਤੇ ਸਰਕਾਰ ਨੂੰ ਕੁਝ ਸਮੇਂ ’ਚ ਹੀ ਸਾਡੇ ’ਤੇ ਲਾਈਆਂ ਪਾਬੰਦੀਆਂ ਹਟਾਉਣੀਆਂ ਪਈਆਂ।

ਆਪਣੀ ਇਸ ਸੰਘਰਸ਼ ਯਾਤਰਾ ਦੌਰਾਨ ਹਿੰਦ ਸਮਾਚਾਰ ਗਰੁੱਪ ਨੇ ਅੱਤਵਾਦ ਵਿਰੁੱਧ ਵੀ ਸੰਘਰਸ਼ ਕੀਤਾ ਅਤੇ ਆਪਣੇ ਦੋ ਮੁੱਖ ਸੰਪਾਦਕਾਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਅਤੇ ਸ਼੍ਰੀ ਰਮੇਸ਼ ਚੰਦਰ ਤੋਂ ਇਲਾਵਾ ਦੋ ਨਿਊਜ਼ ਐਡੀਟਰ ਅਤੇ ਉਪ-ਸੰਪਾਦਕ ਅਤੇ 60 ਹੋਰ ਪੱਤਰਕਾਰ, ਫੋਟੋਗ੍ਰਾਫਰ, ਡਰਾਈਵਰ, ਏਜੰਟ ਅਤੇ ਹਾਕਰ ਗੁਆਏ।

‘ਪੰਜਾਬ ਕੇਸਰੀ’ ਦੀ ਇਸ ਲਗਾਤਾਰ ਯਾਤਰਾ ਦੌਰਾਨ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਨਿਰਪੱਖ ਸਬੰਧ ਕਾਇਮ ਰੱਖਦਿਆਂ ਆਪਣੀ ਨਿਰਪੱਖਤਾ ਵਾਲੀ ਨੀਤੀ ਕਾਇਮ ਰੱਖੀ।

ਇਹੋ ਵਜ੍ਹਾ ਹੈ ਕਿ ਅੱਜ ਪਾਠਕਾਂ ਅਤੇ ਇਸ਼ਤਿਹਾਰਦਾਤਿਆਂ ਦੇ ਸਹਿਯੋਗ, ਪਰਿਵਾਰ ਦੇ ਮੈਂਬਰਾਂ ਅਤੇ ਸਟਾਫ ਦੀ ਮਿਹਨਤ ਕਾਰਣ ‘ਪੰਜਾਬ ਕੇਸਰੀ’ ਨੇ ਹਿੰਦੀ ਅਖਬਾਰਾਂ ’ਚ ਮੋਹਰੀ ਸਥਾਨ ਬਣਾਇਆ ਹੋਇਆ ਹੈ। ਏ. ਬੀ. ਸੀ. ਦੇ ਅੰਕੜਿਆਂ ਮੁਤਾਬਕ ਇਸ ਦੀ ਪ੍ਰਸਾਰ ਗਿਣਤੀ 6,99,522 ਤਕ ਪਹੁੰਚ ਗਈ ਹੈ ਅਤੇ ਇਹ ਜਲੰਧਰ ਤੋਂ ਇਲਾਵਾ 9 ਹੋਰ ਕੇਂਦਰਾਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ।

ਇਸੇ ਦੌਰਾਨ 21 ਜੁਲਾਈ 1978 ਨੂੰ ਰੋਜ਼ਾਨਾ ਪੰਜਾਬੀ ਅਖਬਾਰ ‘ਜਗ ਬਾਣੀ’ ਅਤੇ 6 ਅਗਸਤ 2013 ਨੂੰ ਰਾਜਧਾਨੀ ਦਿੱਲੀ ਤੋਂ ‘ਨਵੋਦਯਾ ਟਾਈਮਜ਼’ ਦਾ ਪ੍ਰਕਾਸ਼ਨ ਵੀ ਸ਼ੁਰੂ ਕੀਤਾ ਗਿਆ। ‘ਜਗ ਬਾਣੀ’ ਦੀਆਂ 2,71,341 ਅਤੇ ‘ਨਵੋਦਯਾ ਟਾਈਮਜ਼’ ਦੀਆਂ 1,46,264 ਕਾਪੀਆਂ ਛਪ ਰਹੀਆਂ ਹਨ ਅਤੇ ‘ਹਿੰਦ ਸਮਾਚਾਰ’ ਉਰਦੂ ਦੀਆਂ 14,951 ਕਾਪੀਆਂ ਨਾਲ ਸਾਰੇ ਚਾਰਾਂ ਅਖਬਾਰਾਂ ਦੀ ਸਾਂਝੀ ਪ੍ਰਸਾਰ ਗਿਣਤੀ 11,32,078 ਹੈ।

ਇਸ ਦੌਰਾਨ ‘ਪੰਜਾਬ ਕੇਸਰੀ’ ਦੀ ਤੀਜੀ ਪੀੜ੍ਹੀ ਦੇ ਮੈਂਬਰਾਂ ਵੱਡੇ ਸਪੁੱਤਰ ਚਿਰੰਜੀਵ ਅਵਿਨਾਸ਼ ਅਤੇ ਚਿਰੰਜੀਵ ਅਮਿਤ ਦੇ ਨਾਲ-ਨਾਲ ਚੌਥੀ ਪੀੜ੍ਹੀ ਦੇ ਮੈਂਬਰ ਚਿਰੰਜੀਵ ਅਭਿਜਯ, ਚਿਰੰਜੀਵ ਆਰੂਸ਼, ਕੁਮਾਰੀ ਆਮੀਆ ਅਤੇ ਅਭਿਨਵ ਚੋਪੜਾ ਵੀ ਅਖਬਾਰਾਂ ਨਾਲ ਜੁੜ ਕੇ ਮਿਹਨਤ ਨਾਲ ਲਾਲਾ ਜੀ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।

ਇਹੋ ਨਹੀਂ, ਪਾਠਕਾਂ ਦੇ ਸਹਿਯੋਗ ਨਾਲ ਸ਼ਹੀਦ ਪਰਿਵਾਰ ਫੰਡ ਦੇ ਤਹਿਤ ਅੱਤਵਾਦ ਪੀੜਤ 9865 ਪਰਿਵਾਰਾਂ ਨੂੰ 14.27 ਕਰੋੜ ਰੁਪਏ ਸਹਾਇਤਾ ਦੇਣ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋੜਵੰਦ ਲੋਕਾਂ ਲਈ ਰਾਹਤ ਸਮੱਗਰੀ ਦੇ 516 ਟਰੱਕ ਵੰਡੇ ਜਾ ਚੁੱਕੇ ਹਨ ਅਤੇ ਜਦੋਂ ਵੀ ਦੇਸ਼ ’ਤੇ ਕੋਈ ਆਫਤ ਆਈ, ਪੰਜਾਬ ਕੇਸਰੀ ਵਲੋਂ ਉਸ ਸਬੰਧ ’ਚ ਸ਼ੁਰੂ ਕੀਤੇ ਗਏ ਰਾਹਤ ਫੰਡਾਂ ਦੇ ਤਹਿਤ 63.24 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਦਿੱਤੀ ਜਾ ਚੁੱਕੀ ਹੈ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

ਅਸੀਂ ਆਪਣੇ ਪਾਠਕਾਂ ਅਤੇ ਸਰਪ੍ਰਸਤਾਂ ਦੇ ਆਭਾਰੀ ਹਾਂ ਅਤੇ ਉਮੀਦ ਕਰਦੇ ਹਾਂ ਕਿ ਭਵਿੱਖ ’ਚ ਵੀ ਤੁਹਾਡਾ ਪਿਆਰ ਅਤੇ ਸਰਪ੍ਰਸਤੀ ਇਸੇ ਤਰ੍ਹਾਂ ਬਣੀ ਰਹੇਗੀ ਤਾਂ ਕਿ ਅਸੀਂ ਦੇਸ਼ ਅਤੇ ਸਮਾਜ ਦੀ ਹੋਰ ਵੀ ਬਿਹਤਰ ਸੇਵਾ ਕਰਦੇ ਰਹੀਏ।

—ਵਿਜੇ ਕੁਮਾਰ\\\


Bharat Thapa

Content Editor

Related News