ਬੰਗਲਾਦੇਸ਼ ਦਾ ਹੈਰਾਨ ਕਰਨ ਵਾਲਾ ਵਿਕਾਸ

03/29/2021 3:29:29 AM

26 ਮਾਰਚ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋ ਗਏ । ਬੰਗਲਾਦੇਸ਼ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਬਸਤੀਵਾਦੀ ਕਾਲ ’ਚ ਬੰਗਾਲ ਦਾ ਪੂਰਬੀ ਹਿੱਸਾ ਬ੍ਰਿਟਿਸ਼ ਭਾਰਤ ਦੇ ਸਭ ਤੋਂ ਗਰੀਬ ਹਿੱਸਿਆਂ ’ਚੋਂ ਇਕ ਸੀ। 1947 ’ਚ ਆਜ਼ਾਦੀ ਅਤੇ ਬਟਵਾਰੇ ਦੇ ਬਾਅਦ ਇਹ ਪਾਕਿਸਤਾਨ ਦੇ ਸਭ ਤੋਂ ਗਰੀਬ ਹਿੱਸਿਆਂ ’ਚੋਂ ਇਕ ਬਣ ਗਿਆ।

1971 ’ਚ ਭਾਰਤ ਦੀ ਮਦਦ ਨਾਲ ਆਜ਼ਾਦ ਦੇਸ਼ ਬਣਨ ਦੇ ਬਾਅਦ ਇਹ ਹੋਰ ਵੀ ਗਰੀਬ ਹੋ ਗਿਆ ਕਿਉਂਕਿ ਆਜ਼ਾਦੀ ਦੇ ਸੰਘਰਸ਼ ਨੇ ਇਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਉਸ ਸਮੇਂ ਸ਼ਾਇਦ ਹੀ ਕੋਈ ਇਹ ਭਵਿੱਖਬਾਣੀ ਕਰ ਸਕਦਾ ਹੋਵੇਗਾ ਕਿ ਬੰਗਲਾਦੇਸ਼ ਅੱਜ ਵਰਗੀ ਸਥਿਤੀ ’ਚ ਪਹੁੰਚ ਜਾਵੇਗਾ।

1971 ’ਚ ਪਾਕਿਸਤਾਨ ਦੇ ਚੁੰਗਲ ’ਚੋਂ ਮੁਕਤ ਹੋਣ ਦੇ ਬਾਅਦ ਬੰਗਲਾਦੇਸ਼ ਦੇ ਹਾਕਮਾਂ ਨੇ ਔਰਤਾਂ ਅਤੇ ਬੱਚਿਆਂ ਦੀ ਭਲਾਈ ਵੱਲ ਖਾਸ ਤੌਰ ’ਤੇ ਧਿਆਨ ਦਿੱਤਾ ਜਿਸ ਦੇ ਨਤੀਜੇ ਵਜੋਂ ਅੱਜ ਬੰਗਲਾਦੇਸ਼ ’ਚ ਇਨ੍ਹਾਂ ਦੀ ਹਾਲਤ ’ਚ ਵਰਣਨਯੋਗ ਸੁਧਾਰ ਹੋਇਆ ਹੈ।

ਹਾਲਾਂਕਿ ਜਦੋਂ ਵੀ ਬੰਗਲਾਦੇਸ਼ ਦੇ ਨਾਂ ਦਾ ਜ਼ਿਕਰ ਹੁੰਦਾ ਹੈ ਤਾਂ ਜ਼ਿਆਦਾਤਰ ਲੋਕਾਂ ਦੇ ਮਨ ’ਚ ਇਕ ਬੇਹੱਦ ਪੱਛੜੇ ਦੇਸ਼ ਦਾ ਅਕਸ ਬਣ ਜਾਂਦਾ ਹੈ ਪਰ ਕਈ ਖੇਤਰ ਅਜਿਹੇ ਹਨ ਜਿਥੇ ਅੱਜ ਬੰਗਲਾਦੇਸ਼ ਨੇ ਵਿਕਾਸ ਨਾਲ ਸਾਰਿਅਾਂ ਨੂੰ ਹੈਰਾਨ ਕੀਤਾ ਹੈ।

ਅੱਜ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਪਾਕਿਸਤਾਨ ਨਾਲੋਂ ਅੱਗੇ ਨਿਕਲ ਚੁੱਕੀ ਹੈ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇਸ ਦੀ ਆਰਥਿਕ ਵਿਕਾਸ ਦਰ ਲਗਾਤਾਰ ਚਾਰ ਸਾਲ ਤੱਕ 7 ਫੀਸਦੀ ਤੋਂ ਵੱਧ ਰਹੀ ਜੋ ਸਿਰਫ ਪਾਕਿਸਤਾਨ ਅਤੇ ਭਾਰਤ ਹੀ ਨਹੀਂ ਸਗੋਂ ਚੀਨ ਨਾਲੋਂ ਵੀ ਵੱਧ ਸੀ।

ਅੱਜ ਬੰਗਲਾਦੇਸ਼ੀ ਨਾ ਸਿਰਫ ਸੰਪੰਨ ਹਨ ਸਗੋਂ ਤੰਦਰੁਸਤ ਅਤੇ ਵਧੀਆ ਸਿੱਖਿਅਤ ਵੀ ਹਨ। 98 ਫੀਸਦੀ ਬੰਗਲਾਦੇਸ਼ੀ ਬੱਚੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਦੇ ਹਨ ਜਦਕਿ 1980 ਦੇ ਦਹਾਕੇ ਦੌਰਾਨ ਇਨ੍ਹਾਂ ਦੀ ਗਿਣਤੀ ਇਕ ਤਿਹਾਈ ਤੋਂ ਵੀ ਘੱਟ ਸੀ।

ਬੱਚਿਆਂ ਦੀ ਮੌਤ ਦਰ ’ਚ ਗਿਰਾਵਟ ਆਈ ਹੈ। ਲਗਭਗ ਸਾਰੇ ਲੋਕ ਖੁੱਲ੍ਹੇ ’ਚ ਜੰਗਲ ਪਾਣੀ ਜਾਣ ਦੀ ਬਜਾਏ ਟਾਇਲਟ ਦੀ ਵਰਤੋਂ ਕਰਦੇ ਹਨ। ਇਨ੍ਹਾਂ ਸਾਰੇ ਮਾਮਲਿਅਾਂ ’ਚ ਇਹ ਪਾਕਿਸਤਾਨ ਅਤੇ ਭਾਰਤ ਦੋਵਾਂ ਦੀ ਤੁਲਨਾ ’ਚ ਬਿਹਤਰ ਕਰ ਰਿਹਾ ਹੈ।

ਕਈ ਹਫਤੇ ਪਹਿਲਾਂ ‘ਸੰਯੁਕਤ ਰਾਸ਼ਟਰ ਵਿਕਾਸ ਨੀਤੀ ਕਮੇਟੀ’ ਨੇ ਬੰਗਲਾਦੇਸ਼ ਨੂੰ ‘ਬੇਹੱਦ ਘੱਟ ਵਿਕਸਿਤ ਦੇਸ਼’ ਦੇ ਦਰਜੇ ਤੋਂ ਅੱਗੇ ਵਧਾਉਂਦੇ ਹੋਏ ‘ਵਿਕਾਸਸ਼ੀਲ ਦੇਸ਼’ ਦਾ ਦਰਜਾ ਦੇਣ ਦੀ ਸਿਫਾਰਿਸ਼ ਕੀਤੀ।

ਆਜ਼ਾਦੀ ਦੇ 50 ਸਾਲ ਬਾਅਦ ਜਸ਼ਨ ਮਨਾਉਣ ਲਈ ਬੰਗਲਾਦੇਸ਼ ਦੇ ਕੋਲ ਬਹੁਤ ਕੁਝ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕ ਵਿਕਾਸ ਦੀਆਂ ਕਹਾਣੀਆਂ ’ਚੋਂ ਇਕ ਰਿਹਾ ਹੈ। 1980 ਦੇ ਬਾਅਦ ਤੋਂ ਹਰ ਦਹਾਕੇ ’ਚ ਇਸ ਦਾ ਔਸਤ ਆਰਥਿਕ ਵਾਧਾ ਲਗਾਤਾਰ ਵਧ ਰਿਹਾ ਹੈ। ਇਸ ਦੀ ਬਰਾਮਦ ਪਿਛਲੇ 10 ਸਾਲਾਂ ’ਚ ਲਗਭਗ 80 ਫੀਸਦੀ ਵਧ ਗਈ ਹੈ। ਬੀਤੇ ਅਕਤੂਬਰ ’ਚ ਕੌਮਾਂਤਰੀ ਮੁਦਰਾ ਫੰਡ ਨੇ ਅੰਦਾਜ਼ਾ ਲਗਾਇਆ ਕਿ 2020 ’ਚ ਇਸ ਦਾ ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ ਭਾਰਤ ਤੋਂ ਵੱਧ ਹੋਵੇਗਾ।

ਮਾਹਿਰ ਬੰਗਲਾਦੇਸ਼ ਦੀ ਵਿਕਾਸ ਦੀ ਕਹਾਣੀ ਨੂੰ ਕਈ ਕਾਰਕਾਂ ਨਾਲ ਜੋੜਦੇ ਹਨ–ਸਭ ਤੋਂ ਵੱਧ ਮੁਕਾਬਲੇਬਾਜ਼ ਕੱਪੜਾ ਉਦਯੋਗ ਜੋ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਉਦਯੋਗ ਬਣ ਗਿਆ ਹੈ। ਇਸ ਦੇ ਇਲਾਵਾ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ, ਗੈਰ-ਸਰਕਾਰੀ ਸੰਗਠਨਾਂ ਦਾ ਇਕ ਵੱਡਾ ਨੈੱਟਵਰਕ ਅਤੇ ਵਿਦੇਸ਼ਾਂ ’ਚ ਵਸੇ ਬੰਗਲਾਦੇਸ਼ੀ ਨਾਗਰਿਕਾਂ ਦੁਆਰਾ ਭੇਜਿਆ ਜਾਣ ਵਾਲਾ ਧਨ ਵੀ ਇਕ ਵੱਡਾ ਕਾਰਕ ਹੈ।

ਕੱਪੜਾ ਉਦਯੋਗ ਨੇ ਔਰਤਾਂ ਦੀ ਹਾਲਤ ਬਿਹਤਰ ਕਰਨ ’ਚ ਮਦਦ ਕੀਤੀ ਹੈ। ਇਸ ਦੀ ਬਦੌਲਤ ਹੀ ਕੰਮਕਾਜੀ ਆਬਾਦੀ ’ਚ ਔਰਤਾਂ ਦੀ ਹਿੱਸੇਦਾਰੀ 50 ਸਾਲ ਪਹਿਲਾਂ ਦੇ 3 ਫੀਸਦੀ ਤੋਂ ਵਧ ਕੇ 36 ਫੀਸਦੀ ਹੋ ਗਈ ਹੈ। ਬੰਗਲਾਦੇਸ਼ ਦੇ 40 ਲੱਖ ਕੱਪੜਾ ਕਿਰਤੀਆਂ ’ਚੋਂ 80 ਫੀਸਦੀ ਔਰਤਾਂ ਹਨ, ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਘਰ ਅਤੇ ਬਾਹਰ ਆਰਥਿਕ ਸੁਤੰਤਰਤਾ ਅਤੇ ਸਨਮਾਨ ਮੁਹੱਈਆ ਕਰਦਾ ਹੈ।

ਹਾਲਾਂਕਿ ਬੰਗਲਾਦੇਸ਼ ਦੀ ਰਾਜਨੀਤੀ ਅੱਜ ਵੀ ਪਹਿਲਾਂ ਦੇ ਵਾਂਗ ਨਿਰਾਸ਼ਾਜਨਕ ਹੈ। ਸ਼ੇਖ ਮੁਜੀਬ ਨੇ ਇਸ ਨੂੰ ਬਹੁ-ਪਾਰਟੀ ਦੇਸ਼ ’ਚ ਬਦਲਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।

ਮੌਜੂਦਾ ਪ੍ਰਧਾਨ ਮੰਤਰੀ ਅਤੇ ਸ਼ੇਖ ਮੁਜੀਬ ਦੀ ਧੀ ਸ਼ੇਖ ਹਸੀਨਾ ਨੇ 2009 ’ਚ ਦੂਸਰੀ ਵਾਰ ਸੱਤਾ ’ਚ ਆਉਣ ਤੋਂ ਬਾਅਦ ਨਿਰਪੱਖ ਕਾਰਜਵਾਹਕ ਸਰਕਾਰ ਦੇ ਅਧੀਨ ਚੋਣ ਕਰਵਾਉਣ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ। ਮੁੱਖ ਵਿਰੋਧੀ ਨੇਤਰੀ ਖਾਲਿਦਾ ਜ਼ਿਆ ਨੂੰ 2015 ’ਚ ਗ੍ਰਿਫਤਾਰ ਕਰ ਕੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਅਤੇ ਉਨ੍ਹਾਂ ਦੇ ਸਿਆਸਤ ’ਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬੰਗਲਾਦੇਸ਼ ’ਚ ਸਿਰਫ ਵਿਰੋਧੀ ਵਰਕਰ ਹੀ ਨਹੀਂ ਸਗੋਂ ਪੱਤਰਕਾਰਾਂ ਅਤੇ ਸਰਕਾਰ ਦੇ ਹੋਰਨਾਂ ਆਲੋਚਕਾਂ ਨੂੰ ਵੀ ਲਗਾਤਾਰ ਸੀਖਾਂ ਦੇ ਪਿੱਛੇ ਪਹੁੰਚਾਇਆ ਜਾ ਰਿਹਾ ਹੈ।

ਸਪੱਸ਼ਟ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੀ ਸਰਕਾਰ ਸਿੰਗਾਪੁਰ ਅਤੇ ਚੀਨੀ ਮਾਡਲ ਤੋਂ ਪ੍ਰੇਰਿਤ ਹੈ ਜਿਥੇ ਨਿੱਜੀ ਆਜ਼ਾਦੀ ਨੂੰ ਦਬਾ ਕੇ ਆਰਥਿਕ ਤਰੱਕੀ ਹਾਸਲ ਕੀਤੀ ਜਾਂਦੀ ਹੈ। ਬੰਗਲਾਦੇਸ਼ ਵੀ ਇਸ ਪਾਸੇ ਵਧ ਰਿਹਾ ਹੈ ਪਰ ਜਿਥੋਂ ਤਕ ਔਰਤਾਂ ਦੇ ਸਸ਼ਕਤੀਕਰਨ ਦਾ ਸਵਾਲ ਹੈ, ਇਸ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਬੰਗਲਾਦੇਸ਼ ਤੋਂ ਸਿੱਖਣ ਦੀ ਲੋੜ ਹੈ।


Bharat Thapa

Content Editor

Related News