ਰੁਕ ਨਹੀਂ ਰਿਹਾ ਕੋਚਿੰਗ ਸਿਟੀ ਕੋਟਾ ’ਚ ਵਿਦਿਆਰਥੀਆਂ ਦੀਆਂ ਆਤਮਹੱਤਿਆਵਾਂ ਦਾ ਸਿਲਸਿਲਾ
Monday, Aug 14, 2023 - 03:10 AM (IST)

ਰਾਜਸਥਾਨ ਦੇ ਕੋਚਿੰਗ ਸਿਟੀ ਕੋਟਾ ’ਚ ਛੋਟੇ-ਵੱਡੇ ਮਿਲਾ ਕੇ 200 ਕੋਚਿੰਗ ਅਦਾਰੇ ਚੱਲ ਰਹੇ ਹਨ ਜੋ ਪੂਰੇ ਦੇਸ਼ ਤੋਂ ਇੱਥੇ ਆਉਣ ਵਾਲੇ ਵਿਦਿਆਰਥੀਆਂ, ਵਿਦਿਆਰਥਣਾਂ ਨੂੰ ਜੁਆਇੰਟ ਦਾਖਲਾ ਪ੍ਰੀਖਿਆ (ਜੇ. ਈ. ਈ.), ਰਾਸ਼ਟਰੀ ਪਾਤਰਤਾ ਅਤੇ ਦਾਖਲਾ ਪ੍ਰੀਖਿਆ (ਐੱਨ. ਈ. ਈ. ਟੀ.) ਆਦਿ ਦੀ ਸਿਖਲਾਈ ਦਿੰਦੇ ਹਨ। ਇਨ੍ਹਾਂ ’ਚ ਲਗਭਗ ਢਾਈ ਲੱਖ ਵਿਦਿਆਰਥੀ ਕੋਚਿੰਗ ਲੈ ਰਹੇ ਹਨ।
ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਦੀਆਂ ਦਾਖਲਾ ਪ੍ਰੀਖਿਆਵਾਂ ’ਚ ਸਫਲਤਾ ਲਈ ਇਸ ਵਿੱਦਿਅਕ ਸੈਸ਼ਨ ’ਚ ਸ਼ਹਿਰ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ’ਚ 2.25 ਲੱਖ ਤੋਂ ਵੱਧ ਵਿਦਿਆਰਥੀਆਂ ਦੀਆਂ ਕਲਾਸਾਂ ਲੈਣ ਦਾ ਅਨੁਮਾਨ ਹੈ।
ਕੋਟਾ ਭਾਰਤ ’ਚ ਕੋਚਿੰਗ ਦਾ ਪ੍ਰਮੁੱਖ ਕੇਂਦਰ ਹੈ ਜਿਸ ਦਾ ਸਾਲਾਨਾ ਮਾਲੀਆ ਅੰਦਾਜ਼ਨ 5000 ਕਰੋੜ ਰੁਪਏ ਤੋਂ ਵੱਧ ਹੈ ਪਰ ਇੱਥੇ ਅਧਿਐਨ ਕਰਨ ਵਾਲੇ ਵਿਦਿਆਰਥੀਆਂ-ਵਿਦਿਆਰਥਣਾਂ ਵੱਲੋਂ ਆਤਮਹੱਤਿਆਵਾਂ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਪੁਲਸ ਦੇ ਅੰਕੜੇ ਦੱਸਦੇ ਹਨ ਕਿ ਸਾਲ 2014 ’ਚ ਤਾਂ ਇਹ 45, 2015 ’ਚ 31, 2016 ’ਚ 18, 2017 ’ਚ 24, 2018 ’ਚ 19, 2019 ’ਚ 18 ਅਤੇ 2020 ’ਚ ਇਹ ਗਿਣਤੀ 20 ਤਕ ਪਹੁੰਚ ਗਈ।
2021 ’ਚ ਜ਼ਰੂਰ ਕਿਸੇ ਵੀ ਵਿਦਿਆਰਥੀ ਵੱਲੋਂ ਆਤਮਹੱਤਿਆ ਕਰਨ ਦੀ ਸੂਚਨਾ ਨਹੀਂ ਆਈ ਸੀ ਕਿਉਂਕਿ ਕੋਰੋਨਾ ਕਾਰਨ ਕੋਚਿੰਗ ਅਦਾਰੇ ਬੰਦ ਸਨ ਅਤੇ ਵਿਦਿਆਰਥੀ ਘਰਾਂ ਤੋਂ ਹੀ ਆਨਲਾਈਨ ਕਲਾਸ ਰਾਹੀਂ ਪੜ੍ਹਾਈ ਕਰ ਰਹੇ ਸਨ ਪਰ 2022 ’ਚ ਜਿਵੇਂ ਹੀ ਕੋਚਿੰਗ ਅਦਾਰੇ ਖੁੱਲ੍ਹੇ ਇਹ ਅੰਕੜਾ ਸਿੱਧਾ 18 ’ਤੇ ਪਹੁੰਚ ਗਿਆ।
ਇਸ ਸਾਲ ਪਿਛਲੇ 8 ਮਹੀਨਿਆਂ ’ਚ ਇੱਥੇ 20 ਵਿਦਿਆਰਥੀ ਆਤਮਹੱਤਿਆ ਕਰ ਚੁੱਕੇ ਹਨ। ਤਾਜ਼ਾ ਘਟਨਾ ’ਚ 10 ਅਗਸਤ ਨੂੰ ਮਹਾਵੀਰ ਨਗਰ ਥਾਣਾ ਖੇਤਰ ’ਚ ਆਜ਼ਮਗੜ੍ਹ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਮਨੀਸ਼ ਪ੍ਰਜਾਪਤ (17) ਨਾਮੀ ਵਿਦਿਆਰਥੀ ਨੇ ਹੋਸਟਲ ਦੇ ਕਮਰੇ ’ਚ ਫਾਂਸੀ ਲਾ ਲਈ। ਮ੍ਰਿਤਕ ਇੱਥੇ ਜੇ. ਈ. ਈ. ਦੀ ਤਿਆਰੀ ਕਰ ਰਿਹਾ ਸੀ।
ਉਸੇ ਦਿਨ ਉਸ ਦੇ ਪਿਤਾ ਉਸ ਨੂੰ ਮਿਲਣ ਲਈ ਆਏ ਸਨ ਜਿਨ੍ਹਾਂ ਦੇ ਜਾਣ ਤੋਂ 4 ਘੰਟੇ ਬਾਅਦ ਉਸ ਨੇ ਫਾਹਾ ਲੈ ਲਿਆ। ਇਸ ਤੋਂ ਪਹਿਲਾਂ 12ਵੀਂ ਨਾਲ ਨੀਟ ਦੀ ਤਿਆਰੀ ਕਰ ਰਹੇ ਪਟਨਾ (ਬਿਹਾਰ) ਨਿਵਾਸੀ ਨਵਲੇਸ਼ (17) ਨੇ ਵੀ ਫਾਹਾ ਲੈ ਲਿਆ ਸੀ। ਉਸ ਨੇ ਸੁਸਾਈਡ ਨੋਟ ’ਚ ਪੜ੍ਹਾਈ ਦੌਰਾਨ ਤਣਾਅ ਦੀ ਗੱਲ ਲਿਖੀ ਸੀ।
ਇਸ ਤੋਂ ਇਕ ਦਿਨ ਪਹਿਲਾਂ ਹੀ ਇਕ ਹੋਰ ਕੋਚਿੰਗ ਵਿਦਿਆਰਥੀ ਧਨੇਸ਼ ਕੁਮਾਰ (15) ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਸੀ। ਉਹ ਵੀ 11ਵੀਂ ਦੇ ਨੀਟ ਦੀ ਤਿਆਰੀ ’ਚ ਲੱਗਾ ਸੀ ਜਦੋਂ ਕਿ ਪਿਛਲੇ ਮਹੀਨੇ ਹੀ ਇਕ ਮਲਟੀਸਟੋਰੀ ਬਿਲਡਿੰਗ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਬੈਂਗਲੂਰੂ ਦੇ ਰਹਿਣ ਵਾਲੇ ਨਾਸਿਰ (22) ਨੇ ਆਤਮਹੱਤਿਆ ਕਰ ਲਈ ਸੀ।
ਇਨ੍ਹਾਂ ਘਟਨਾਵਾਂ ਨੇ ਹਰ ਕਿਸੇ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਇੱਥੇ ਆਤਮਹੱਤਿਆਵਾਂ ਦਾ ਅੰਤਹੀਣ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ।
ਕੋਟਾ ’ਚ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਬੱਚੇ ਮੰਨਦੇ ਹਨ ਕਿ ਕਈ ਕਾਰਨ ਉਨ੍ਹਾਂ ਨੂੰ ਡਿਪ੍ਰੈਸ਼ਨ ਵੱਲ ਧੱਕਦੇ ਹਨ ਜੋ ਕਮਜ਼ੋਰ ਪਲਾਂ ਨੂੰ ਜਨਮ ਦਿੰਦਾ ਹੈ। 10 ਮਹੀਨਿਆਂ ਦੀ ਤਿਆਰੀ ਦਾ ਸ਼ੈਡਿਊਲ ਇੰਨਾ ਰੁੱਝਿਆ ਹੁੰਦਾ ਹੈ ਕਿ ਬ੍ਰੇਕ ਦੌਰਾਨ ਵੀ ਉਹ ਘਰ ਨਹੀਂ ਜਾ ਸਕਦੇ ਅਤੇ ਪਰਿਵਾਰ ਤੋਂ ਦੂਰੀ ਅਤੇ ਇਕੱਲਾਪਨ ਉਨ੍ਹਾਂ ਨੂੰ ਰੜਕਦਾ ਹੈ। ਪਰਿਵਾਰ ਨਾਲ ‘ਕਮਿਊਨੀਕੇਸ਼ਨ ਗੈਪ’ ਵੀ ਇਸ ਦਾ ਇਕ ਕਾਰਨ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਛੁੱਟੀਆਂ ’ਚ ਪੜ੍ਹਾਈ ’ਚ ਪੱਛੜ ਜਾਣ ਅਤੇ ਰਹਿ ਗਏ ਲੈਕਚਰਾਂ ਦਾ ਬੈਕਲਾਗ ਵੱਧ ਜਾਣ ਦਾ ਡਰ ਸਤਾਉਂਦਾ ਰਹਿੰਦਾ ਹੈ। ਅਜਿਹੀ ਸਥਿਤੀ ’ਚ ਕਈ ਵਿਦਿਆਰਥੀ ਡਿਪ੍ਰੈਸ਼ਨ ’ਚ ਚਲੇ ਜਾਂਦੇ ਹਨ ਅਤੇ ਆਤਮਹੱਤਿਆ ਵਰਗਾ ਭਿਆਨਕ ਕਦਮ ਚੁੱਕ ਲੈਂਦੇ ਹਨ।
ਕੋਰੋਨਾ ਕਾਲ ਤੋਂ ਬਾਅਦ, ਖਾਸ ਕਰ ਕੇ ਇਸ ਸਾਲ ਵਿਦਿਆਰਥੀਆਂ ਦੀਆਂ ਆਤਮਹੱਤਿਆਵਾਂ ਦਾ ਇਕ ਨਵਾਂ ਪੈਟਰਨ ਸਾਹਮਣੇ ਆਇਆ ਹੈ ਜਿਸ ਮੁਤਾਬਕ ਵਿਦਿਆਰਥੀਆਂ ਨੇ ਘਰ ਤੋਂ ਇੱਥੇ ਆਉਣ ਦੇ ਕੁਝ ਹੀ ਮਹੀਨਿਆਂ ਬਾਅਦ ਆਪਣੀ ਜੀਵਨ-ਲੀਲਾ ਖਤਮ ਕਰ ਦਿੱਤੀ। ਇਕ ਪੁਲਸ ਅਧਿਕਾਰੀ ਮੁਤਾਬਕ ਜਾਂ ਤਾਂ ਵਿਦਿਆਰਥੀ ਪ੍ਰੀਖਿਆ ਨੇੜੇ ਆਉਣ ਦੌਰਾਨ ਜਾਂ ਨਤੀਜੇ ਆਉਣ ਦੇ ਆਸਪਾਸ ਇਹ ਕਦਮ ਚੁੱਕਦੇ ਹਨ।
ਮਨੋਵਿਗਿਆਨੀਆਂ ਅਨੁਸਾਰ ਵਿਦਿਆਰਥੀਆਂ ’ਚ ਅਜਿਹੇ ਕਦਮ ਚੁੱਕਣ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਵਧੇਰੇ ਸਮਾਂ ਦੇਣ ਕਾਰਨ ਆਪਣੀ ਪੜ੍ਹਾਈ ਲਈ ਪੂਰਾ ਸਮਾਂ ਨਹੀਂ ਕੱਢ ਸਕਦੇ।
ਸਾਡੇ ਇਨ੍ਹਾਂ ਸਿੱਖਿਆ ਕੇਂਦਰਾਂ ’ਚ ਦੇਸ਼ ਭਰ ਦੇ ਸਭ ਤੋਂ ਹੋਣਹਾਰ ਵਿਦਿਆਰਥੀ ਆਉਂਦੇ ਹਨ ਅਤੇ ਉਹ ਆਪਣੇ ਪਰਿਵਾਰ ਲਈ ਕੁਝ ਬਣਨ ਦੀ ਖਾਤਰ ਬਹੁਤ ਮਿਹਨਤ ਵੀ ਕਰਦੇ ਹਨ। ਲਿਹਾਜ਼ਾ ਭਾਰਤ ’ਚ ਵੀ ਅਮਰੀਕਾ ਵਾਂਗ ਸਕੂਲਾਂ-ਕਾਲਜਾਂ ਅਤੇ ਕੋਚਿੰਗ ਕੇਂਦਰਾਂ ’ਚ ਕੌਂਸਲਰ ਜਾਂ ਸਲਾਹਕਾਰ ਰੱਖਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜੋ ਛੋਟੇ-ਵੱਡੇ ਹਰ ਉਮਰ ਵਰਗ ਦੇ ਬੱਚਿਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਢੁੱਕਵਾਂ ਮਾਰਗਦਰਸ਼ਨ ਦੇ ਸਕਣ।
ਨੌਜਵਾਨਾਂ ’ਚ ਬਹੁਤ ਇੱਛਾਵਾਂ ਹੁੰਦੀਆਂ ਹਨ ਪਰ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਿੰਮਤ ਅਤੇ ਦ੍ਰਿੜ੍ਹ ਸੰਕਲਪ ਦੀ ਵੀ ਲੋੜ ਹੁੰਦੀ ਹੈ ਅਤੇ ਇਸ ਸਬੰਧੀ ਉਨ੍ਹਾਂ ਕੋਲ ਕੋਈ ਗੱਲ ਕਰਨ ਵਾਲਾ ਹੋਣਾ ਚਾਹੀਦਾ ਹੈ। ਕਿੰਨੇ ਹੀ ਬੱਚੇ ‘ਪਿਅਰ ਪ੍ਰੈਸ਼ਰ’ (ਸਹਿਪਾਠੀਆਂ ਜਾਂ ਦੋਸਤਾਂ ਦਾ ਦਬਾਅ) ਜਾਂ ਜਾਤੀਗਤ ਸਮੱਸਿਆਵਾਂ ਆਦਿ ਦੇ ਦਬਾਅ ’ਚ ਆਤਮਹੱਤਿਆ ਕਰਦੇ ਹਨ।
ਅਜਿਹੀ ਹਾਲਤ ’ਚ ਕੀ ਅਜਿਹੇ ਕੋਚਿੰਗ ਸੈਂਟਰ ਹਰ ਸ਼ਹਿਰ ਜਾਂ ਸਕੂਲ ’ਚ ਨਹੀਂ ਬਣਾਏ ਜਾ ਸਕਦੇ ਤਾਂ ਜੋ ਬੱਚਿਆਂ ਨੂੰ ਘਰ ਤੋਂ ਦੂਰ ਕੋਚਿੰਗ ਲਈ ਨਾ ਜਾਣਾ ਪਵੇ। ਕੀ ਸਾਨੂੰ ਆਪਣੀ ਸਿੱਖਿਆ ਪ੍ਰਣਾਲੀ ਨੂੰ ਹੋਰ ਸਮਰੱਥ ਨਹੀਂ ਬਣਾਉਣਾ ਚਾਹੀਦਾ?