ਆਤਮਹੱਤਿਆਵਾਂ ਨਾਲ ਹੋ ਰਹੀਆਂ ‘ਬੇਮੌਤ ਮੌਤਾਂ’ ਅਤੇ ‘ਉੱਜੜ ਰਹੇ ਪਰਿਵਾਰ’
Friday, Dec 08, 2023 - 05:12 AM (IST)
ਇਨ੍ਹੀਂ ਦਿਨੀਂ ਦੇਸ਼ ਦੇ ਲੋਕਾਂ ’ਚ ਆਤਮਹੱਤਿਆ ਕਰਨ ਦੀ ਬੁਰੀ ਬਿਰਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਅਨੁਸਾਰ 2022 ’ਚ 1,70,924 ਲੋਕਾਂ ਨੇ ਆਤਮਹੱਤਿਆਵਾਂ ਕੀਤੀਆਂ।
ਉਦਾਸੀ, ਅਸਹਿਣਸ਼ੀਲਤਾ, ਤਣਾਅ, ਕਾਰੋਬਾਰੀ ਜਾਂ ਕਰੀਅਰ ਸਬੰਧੀ ਸਮੱਸਿਆਵਾਂ, ਦੁਰਵਿਹਾਰ, ਪਰਿਵਾਰਕ, ਵਿੱਤੀ ਨੁਕਸਾਨ, ਵਿਆਹ ਨਾਲ ਜੁੜੀਆਂ ਸਮੱਸਿਆਵਾਂ, ਬੇਰੋਜ਼ਗਾਰੀ, ਗਰੀਬੀ, ਜਾਇਦਾਦ ਦੇ ਝਗੜੇ, ਨਾਜਾਇਜ਼ ਸਬੰਧ ਆਦਿ ਆਤਮਹੱਤਿਆਵਾਂ ਦੇ ਕਾਰਨ ਬਣ ਰਹੇ ਹਨ।
* 1 ਦਸੰਬਰ ਨੂੰ ਸਮਾਣਾ (ਪੰਜਾਬ) ਦੇ ਪਿੰਡ ‘ਬੰਮਣਾ’ ’ਚ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਇਕ ਨੌਜਵਾਨ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ।
* 5 ਦਸੰਬਰ ਨੂੰ ਸ਼ਿਵਮੋਗਾ (ਕਰਨਾਟਕ) ’ਚ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਆਈ 18 ਸਾਲਾ ਇਕ ਵਿਦਿਆਰਥਣ ਨੇ ਕਾਲਜ ਦੀ ਇਮਾਰਤ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ, ਜਿਸ ਲਈ ਉਸ ਦੇ ਮਾਪਿਆਂ ਨੇ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
* 5 ਦਸੰਬਰ ਨੂੰ ਹੀ ਸੰਭਲ (ਉੱਤਰ ਪ੍ਰਦੇਸ਼) ’ਚ ਮਜ਼ਦੂਰੀ ਕਰ ਕੇ ਪੇਟ ਭਰਨ ਵਾਲੀ ਇਕ ਔਰਤ ਨੇ ਸਕੂਲ ਨਾ ਜਾਣ ’ਤੇ ਦੂਜੀ ਜਮਾਤ ’ਚ ਪੜ੍ਹਨ ਵਾਲੇ ਆਪਣੇ 10 ਸਾਲਾ ਬੇਟੇ ਨੂੰ ਡਾਂਟਿਆ ਤਾਂ ਉਸ ਨੇ ਫੰਦੇ ਨਾਲ ਝੂਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
* 5 ਦਸੰਬਰ ਨੂੰ ਹੀ ਪਾਇਲ (ਪੰਜਾਬ) ’ਚ ਕੋ-ਆਪ੍ਰੇਟਿਵ ਵਿਭਾਗ ਦੇ ਸੁਪਰਿੰਟੈਂਡੈਂਟ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨਾਲ ਝਗੜੇ ਕਾਰਨ ਆਤਮਹੱਤਿਆ ਕਰ ਲਈ। ਇਸ ਸਿਲਸਿਲੇ ’ਚ ਮ੍ਰਿਤਕ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
* 5 ਦਸੰਬਰ ਨੂੰ ਹੀ ਫਿਰੋਜ਼ਪੁਰ (ਪੰਜਾਬ) ’ਚ ਫੌਜ ਦੇ ਕੁਆਰਟਰ ’ਚ ਰਹਿਣ ਵਾਲੇ ਫੌਜੀ ਦੀ ਪਤਨੀ ਵੱਲੋਂ ਘਰੇਲੂ ਝਗੜੇ ਕਾਰਨ ਫੰਦਾ ਲਾ ਕੇ ਆਤਮਹੱਤਿਆ ਦੇ ਮਾਮਲੇ ’ਚ ਉਸ ਦੇ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ।
* 5 ਦਸੰਬਰ ਨੂੰ ਹੀ ਤਿਰੂਵਨੰਤਪੁਰਮ (ਕੇਰਲ) ਦੇ ਸਰਕਾਰੀ ਮੈਡੀਕਲ ਕਾਲਜ ’ਚ ਇਕ 26 ਸਾਲਾ ਡਾ. ਸ਼ਾਹਾਨਾ ਨੇ ਭਾਰੀ ਮਾਤਰਾ ’ਚ ਐਨੇਸਥੀਸੀਆ ਦੀ ਖੁਰਾਕ ਲੈ ਕੇ ਆਤਮਹੱਤਿਆ ਕਰ ਲਈ।
ਉਹ ਆਪਣੇ ਬੁਆਏ ਫ੍ਰੈਂਡ ਡਾ. ਈ. ਏ. ਰੂਵੈਸ ਨਾਲ ਰਿਲੇਸ਼ਨ ’ਚ ਸੀ ਪਰ ਡਾਕਟਰ ਦੇ ਪਰਿਵਾਰ ਨੇ ਇਸ ਵਿਆਹ ਲਈ ਦਾਜ ’ਚ ਬੀ. ਐੱਮ. ਡਬਲਿਊ. ਕਾਰ, 50 ਲੱਖ ਰੁਪਏ ਅਤੇ 150 ਸੋਨੇ ਦੇ ਸਿੱਕਿਆਂ ਅਤੇ 15 ਏਕੜ ਜ਼ਮੀਨ ਦੀ ਭਾਰੀ ਭਰਕਮ ਮੰਗ ਰੱਖ ਦਿੱਤੀ, ਜੋ ਪੂਰੀ ਨਾ ਕਰ ਸਕਣ ’ਤੇ ਡਾਕਟਰ ਨੇ ਸ਼ਾਹਾਨਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਤਣਾਅ ’ਚ ਆ ਕੇ ਸ਼ਾਹਾਨਾ ਨੇ ਇਹ ਕਦਮ ਚੁੱਕ ਲਿਆ। ਇਸ ਸਿਲਸਿਲੇ ’ਚ ਡਾਕਟਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
* 6 ਦਸੰਬਰ ਨੂੰ ਰਾਮਪੁਰ (ਉੱਤਰ ਪ੍ਰਦੇਸ਼) ’ਚ 10 ਸਾਲਾ ਇਕ ਬੱਚੇ ਨੇ ਆਪਣੀ ਮਾਂ ਨੂੰ ਨਵੇਂ ਜੁੱਤੇ ਦਿਵਾਉਣ ਨੂੰ ਕਿਹਾ ਪਰ ਮਾਂ ਵੱਲੋਂ ਮੰਗ ਪੂਰੀ ਨਾ ਕਰਨ ਤੋਂ ਨਿਰਾਸ਼ ਹੋ ਕੇ ਉਸ ਨੇ ਆਪਣੀ ਮਾਂ ਦੇ ਦੁਪੱਟੇ ਨਾਲ ਹੀ ਫੰਦਾ ਲਾ ਕੇ ਆਤਮਹੱਤਿਆ ਕਰ ਲਈ।
* 6 ਦਸੰਬਰ ਨੂੰ ਹੀ ਬਰੇਲੀ (ਉੱਤਰ ਪ੍ਰਦੇਸ਼) ’ਚ ਰੇਲਵੇ ਦੇ ਹਸਪਤਾਲ ’ਚ ਅੱਖਾਂ ਦੇ ਡਾਕਟਰ ਅਰੁਣ ਸਿੰਘ ਨੇ ਡਿਪ੍ਰੈਸ਼ਨ ਕਾਰਨ ਆਪਣੀ ਪਤਨੀ ਅਤੇ ਦੋਵਾਂ ਬੱਚਿਆਂ ਦੀ ਹਥੌੜੀ ਮਾਰ ਕੇ ਹੱਤਿਆ ਕਰਨ ਪਿੱਛੋਂ ਖੁਦ ਵੀ ਆਪਣੀ ਜਾਨ ਦੇ ਦਿੱਤੀ।
* 6 ਦਸੰਬਰ ਨੂੰ ਹੀ ਬਾਬਾ ਬਕਾਲਾ ਸਾਹਿਬ (ਪੰਜਾਬ) ਦੇ ਪਿੰਡ ਬੁਤਾਲਾ ’ਚ ਆਪਣੇ ਪਤੀ ਦੇ ਪ੍ਰੇਮ ਸਬੰਧਾਂ ਤੋਂ ਪ੍ਰੇਸ਼ਾਨ ਔਰਤ ਬਲਵਿੰਦਰ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ।
* 6 ਦਸੰਬਰ ਨੂੰ ਹੀ ਕਰਜਤ (ਮਹਾਰਾਸ਼ਟਰ) ’ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਹੇ ਇਕ ਵਿਦਿਆਰਥੀ ਵੱਲੋਂ ਆਤਮਹੱਤਿਆ ਦੇ ਸਿਲਸਿਲੇ ’ਚ ਪੁਲਸ ਨੇ ਉਸ ਦੇ ਹੋਸਟਲ ’ਚ ਹੀ ਰਹਿਣ ਵਾਲੇ 3 ਵਿਦਿਆਰਥੀਆਂ ਵਿਰੁੱਧ ਕੇਸ ਦਰਜ ਕੀਤਾ।
* 6 ਦਸੰਬਰ ਨੂੰ ਹੀ ਸੁਲਤਾਨਪੁਰ (ਉੱਤਰ ਪ੍ਰਦੇਸ਼) ਦੇ ‘ਰਵਨਿਆ ਚਿੱਟਾ’ ਪਿੰਡ ’ਚ ਜੂਨੀਅਰ ਹਾਈ ਸਕੂਲ ਦੇ ਹੈੱਡਮਾਸਟਰ ਸੂਰਿਆ ਪ੍ਰਕਾਸ਼ ਦਿਵੇਦੀ ਨੇ ਸਕੂਲ ’ਚ ਬਲਾਕ ਐਜੂਕੇਸ਼ਨ ਅਫ਼ਸਰ ਸੋਮੇਨ ਵਰਮਾ ਵੱਲੋਂ ਨਿਰਾਦਰ ਕੀਤੇ ਜਾਣ ਤੋਂ ਦੁਖੀ ਹੋ ਕੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਆਤਮਹੱਤਿਆਵਾਂ ਕਾਰਨ ਕਿਸ ਤਰ੍ਹਾਂ ਵੱਡੀ ਗਿਣਤੀ ’ਚ ਪਰਿਵਾਰ ਉੱਜੜ ਰਹੇ ਹਨ। ਇਸ ਲਈ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਵਿਹਾਰ ’ਚ ਕੋਈ ਅਸਾਧਾਰਨ ਬਦਲਾਅ ਦਿਖਾਈ ਦੇਣ ’ਤੇ ਮਾਤਾ-ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ, ਵਾਕਫਾਂ ਨੂੰ ਉਨ੍ਹਾਂ ਨੂੰ ਧੀਰਜਪੂਰਵਕ ਸਮਝਾਉਣਾ, ਉਨ੍ਹਾਂ ਦਾ ਹੌਸਲਾ ਵਧਾਉਣਾ ਅਤੇ ਉਨ੍ਹਾਂ ’ਚ ਆਸ ਦੀ ਭਾਵਨਾ ਦਾ ਸੰਚਾਰ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਜੇ ਮਾਮਲਾ ਗੰਭੀਰ ਦਿਖਾਈ ਦੇਵੇ ਤਾਂ ਬਿਨਾਂ ਦੇਰ ਕੀਤੇ ਉਨ੍ਹਾਂ ਦੀ ਮਨੋਵਿਗਿਆਨੀਆਂ ਕੋਲੋਂ ਕੌਂਸਲਿੰਗ ਕਰਵਾਉਣੀ ਚਾਹੀਦੀ ਹੈ ਤਾਂ ਕਿ ਪਰਿਵਾਰਾਂ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ।
- ਵਿਜੇ ਕੁਮਾਰ