‘ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ਨੂੰ ‘ਸਖਤ ਤਸੀਹੇ’

09/24/2023 5:51:03 AM

ਜ਼ਿੰਦਗੀ ’ਚ ਮਾਤਾ-ਪਿਤਾ ਪਿੱਛੋਂ ਅਧਿਆਪਕ ਦੀ ਹੀ ਸਰਵਉੱਚ ਥਾਂ ਮੰਨੀ ਗਈ ਹੈ ਪਰ ਅੱਜ ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ ਆਪਣੀਆਂ ਮਰਿਆਦਾਵਾਂ ਨੂੰ ਭੁੱਲ ਕੇ ਛੋਟੇ ਬੱਚਿਆਂ ’ਤੇ ਗੈਰ-ਮਨੁੱਖੀ ਅੱਤਿਆਚਾਰ ਕੀਤੇ ਜਾ ਰਹੇ ਹਨ ਜਿਸ ਦੀ ਗੰਭੀਰਤਾ ਦਾ ਅਨੁਮਾਨ ਹੇਠ ਲਿਖੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :

* 23 ਸਤੰਬਰ ਨੂੰ ਬਾਲੋਦ (ਛੱਤੀਸਗੜ੍ਹ) ਜ਼ਿਲੇ ਦੇ ਇਕ ਅੰਗ੍ਰੇਜ਼ੀ ਮੀਡੀਅਮ ਸਕੂਲ ’ਚ ਬਿਨਾਂ ਕਾਰਨ ਨੌਵੀਂ ਜਮਾਤ ਦੇ ਵਿਦਿਆਰਥੀ ਨਾਲ ਇਕ ਅਧਿਆਪਕ ਨੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਜਿਸ ਦੇ ਸਿੱਟੇ ਵਜੋਂ ਉਸ ਦੇ ਨੱਕ, ਕੰਨ ’ਚ ਕਾਫੀ ਸੱਟ ਲੱਗੀ ਅਤੇ ਅੱਖਾਂ ਵੀ ਅੰਦਰ ਵੱਲ ਧੱਸ ਗਈਆਂ।

* 22 ਸਤੰਬਰ ਨੂੰ ਦਤੀਆ (ਮੱਧ ਪ੍ਰਦੇਸ਼) ਦੇ ਪਿੰਡ ‘ਸਲੋਨ ਬੀ’ ’ਚ ਇਕ ਨਿੱਜੀ ਸਕੂਲ ਦੇ ਅਧਿਆਪਕ ਨੇ 9ਵੀਂ ਜਮਾਤ ਦੇ 2 ਬੱਚਿਆਂ ਨੂੰ ਛੋਟੀ ਜਿਹੀ ਗਲਤੀ ’ਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਨ੍ਹਾਂ ਦੇ ਹੱਥਾਂ-ਪੈਰਾਂ ’ਤੇ ਨੀਲ ਪੈ ਗਏ।

* 21 ਸਤੰਬਰ ਨੂੰ ਰੇਵਾੜੀ (ਹਰਿਆਣਾ) ਜ਼ਿਲੇ ਦੇ ‘ਖਰਖੁੜਾ’ ਪਿੰਡ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਪੜ੍ਹਨ ਵਾਲੇ 9 ਸਾਲਾ ਬੱਚੇ ਨੂੰ ਇਕ ਅਧਿਆਪਕ ਵੱਲੋਂ ਡੰਡੇ ਨਾਲ ਕੁੱਟਣ, ਉਸ ਦੇ ਕੰਨ ਖਿੱਚਣ ਅਤੇ ਉਸ ਨੂੰ ਕਾਫੀ ਦੇਰ ਤੱਕ ਮੁਰਗਾ ਬਣਾ ਕੇ ਰੱਖਣ ਵਿਰੁੱਧ ਪਿੰਡ ਵਾਸੀਆਂ ਨੇ ਸਬੰਧਤ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ।

* 21 ਸਤੰਬਰ ਨੂੰ ਹੀ ਲੁਧਿਆਣਾ (ਪੰਜਾਬ) ਸਥਿਤ ਇਕ ਪ੍ਰਾਈਵੇਟ ਸਕੂਲ ’ਚ ਇਕ ਵਿਦਿਆਰਥੀ ਨੂੰ ਬੇਤਹਾਸ਼ਾ ਕੁੱਟਣ ਦਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲੈ ਕੇ ਪੁਲਸ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਹੈ। ਦੋਸ਼ ਹੈ ਕਿ ਬੱਚੇ ਵੱਲੋਂ ਆਪਣੇ ਸਹਿਪਾਠੀ ਨੂੰ ਪੈਨਸਲ ਮਾਰ ਦੇਣ ਦੀ ਸਜ਼ਾ ਦੇ ਤੌਰ ’ਤੇ ਪ੍ਰਿੰਸੀਪਲ ਨੇ 2 ਵਿਦਿਆਰਥੀਆਂ ਨੂੰ ਐੱਲ. ਕੇ. ਜੀ. ’ਚ ਪੜ੍ਹਨ ਵਾਲੇ ਵਿਦਿਆਰਥੀ ਦੇ ਹੱਥ ਤੇ ਪੈਰ ਫੜਵਾ ਕੇ ਉਸ ਦੇ ਪੈਰਾਂ ’ਤੇ ਡੰਡੇ ਵਰ੍ਹਾਏ।

* 20 ਸਤੰਬਰ ਨੂੰ ਬਾਂਦਾ (ਉੱਤਰ ਪ੍ਰਦੇਸ਼) ਦੇ ਇਕ ਸਕੂਲ ’ਚ ਦੂਜੀ ਜਮਾਤ ’ਚ ਪੜ੍ਹਨ ਵਾਲਾ ਬੱਚਾ ਆਪਣੇ ਅਧਿਆਪਕ ਕੋਲ ਕਿਸੇ ਹੋਰ ਬੱਚੇ ਵਲੋਂ ਉਸ ਨੂੰ ਕੱੁਟਣ ਦੀ ਸ਼ਿਕਾਇਤ ਕਰਨ ਗਿਆ ਤਾਂ ਉਲਟਾ ਅਧਿਆਪਕ ਨੇ ਉਸੇ ਦੇ ਹੱਥ ’ਤੇ ਤਾਬੜਤੋੜ ਡਸਟਰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦਾ ਹੱਥ ਟੁੱਟ ਗਿਆ।

* 18 ਸਤੰਬਰ ਨੂੰ ਸੰਭਲ (ਉੱਤਰ ਪ੍ਰਦੇਸ਼) ਦੇ ‘ਕੈਲ’ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਨ ਵਾਲੇ ਸੱਤਵੀਂ ਜਮਾਤ ਦੇ ਇਕ 13 ਸਾਲਾ ਵਿਦਿਆਰਥੀ ਨੂੰ 3 ਅਧਿਆਪਕਾਂ ਨੇ ਇੰਨਾ ਕੁੱਟਿਆ ਕਿ ਘਰ ਆ ਕੇ ਉਸ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ।

* 17 ਸਤੰਬਰ ਨੂੰ ਊਧਮ ਸਿੰਘ ਨਗਰ (ਉੱਤਰਾਖੰਡ) ਦੇ ਇਕ ਪ੍ਰਾਈਵੇਟ ਸਕੂਲ ’ਚ ਸਕੂਲ ਦਾ ਨਾਂ ਲਿਖੀਆਂ ਜੁਰਾਬਾਂ ਨਾ ਪਹਿਨਣ ਕਾਰਨ ਅਧਿਆਪਕ ਨੇ ਇਕ ਵਿਦਿਆਰਥੀ ਨੂੰ ਕੁੱਟ ਦਿੱਤਾ ਅਤੇ ਸਕੂਲ ’ਚੋਂ ਕੱਢ ਦੇਣ ਦੀ ਧਮਕੀ ਿਦੱਤੀ।

* 14 ਸਤੰਬਰ ਨੂੰ ਰਾਇਸੇਨ (ਮੱਧ ਪ੍ਰਦੇਸ਼) ਦੇ ਇਕ ਸਕੂਲ ’ਚ ਸੱਤਵੀਂ ਜਮਾਤ ਦੀ ਵਿਦਿਆਰਥਣ ’ਤੇ ਇਕ ਅਧਿਆਪਕ ਨੇ ਬੇਰਹਿਮੀ ਨਾਲ ਲੱਤਾਂ-ਘਸੁੰਨ ਵਰ੍ਹਾਏ ਜਿਸ ਦੇ ਸਿੱਟੇ ਵਜੋਂ ਉਹ ਬੇਹੋਸ਼ ਹੋ ਗਈ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ।

* 8 ਸਤੰਬਰ ਨੂੰ ਭਰਤਪੁਰ (ਰਾਜਸਥਾਨ) ਦੇ ‘ਬਯਾਨਾ’ ’ਚ ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ’ਚ ਸੱਤਵੀਂ ਜਮਾਤ ਦੇ ਦਲਿਤ ਵਿਦਿਆਰਥੀ ਨੇ ਅਧਿਆਪਕਾਂ ਲਈ ਰੱਖੇ ਭਾਂਡੇ ’ਚੋਂ ਪਾਣੀ ਪੀ ਲਿਆ ਤਾਂ ਅਧਿਆਪਕ ਨੇ ਉਸ ਨੂੰ ਲੱਤਾਂ ਤੇ ਘਸੁੰਨਾਂ ਨਾਲ ਕੁੱਟ ਸੁੱਟਿਆ।

* 1 ਸਤੰਬਰ ਨੂੰ ਬਾਰਾਬੰਕੀ (ਉੱਤਰ ਪ੍ਰਦੇਸ਼) ਦੇ ਇਕ ਇੰਟਰ ਕਾਲਜ ਦੀ 14 ਸਾਲਾ ਵਿਦਿਆਰਥਣ ਨੇ ਕਾਲਜ ਦੀ ਇਕ ਮਹਿਲਾ ਅਤੇ ਇਕ ਮਰਦ ਅਧਿਆਪਕ ਵੱਲੋਂ ਸਭ ਦੇ ਸਾਹਮਣੇ ਉਸ ਦੀ ਜਾਤੀ ਅਤੇ ਗਰੀਬੀ ਦਾ ਮਜ਼ਾਕ ਉਡਾਉਣ, ਉਸ ਨਾਲ ਵਿਤਕਰਾ ਅਤੇ ਤੰਗ-ਪ੍ਰੇਸ਼ਾਨ ਕਰਨ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ।

* 20 ਜੂਨ ਨੂੰ ‘ਪਾਰਵਤੀਪੁਰਾ’ (ਕਰਨਾਟਕ) ਸਥਿਤ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਨ ਵਾਲੀ ਇਕ 16 ਸਾਲਾ ਵਿਦਿਆਰਥਣ ਨੇ 3 ਅਧਿਆਪਕਾਂ ਵਲੋਂ ਵਾਰ-ਵਾਰ ਕੀਤੀ ਕੁੱਟਮਾਰ ਅਤੇ ਦੂਜੇ ਵਿਦਿਆਰਥੀ-ਵਿਦਿਆਰਥਣਾਂ ਸਾਹਮਣੇ ਬੈਠਕਾਂ ਕੱਢਣ ਲਈ ਮਜਬੂਰ ਕਰਨ ’ਤੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।

* 1 ਮਾਰਚ ਨੂੰ ਹੈਦਰਾਬਾਦ (ਤੇਲੰਗਾਨਾ) ਦੇ ਇਕ ਪ੍ਰਾਈਵੇਟ ਕਾਲਜ ’ਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇ ਕਾਲਜ ਦੇ ਪ੍ਰਿੰਸੀਪਲ ਅਤੇ 3 ਹੋਰ ਅਧਿਆਪਕਾਂ ਦੀ ਕੁੱਟਮਾਰ ਤੋਂ ਤੰਗ ਆ ਕੇ ਆਪਣੇ ਕਲਾਸਰੂਮ ਦੇ ਅੰਦਰ ਹੀ ਫਾਹਾ ਲਾ ਕੇ ਆਤਮਹੱਤਿਆ ਕਰ ਲਈ।

* 17 ਜਨਵਰੀ ਨੂੰ ਜੈਪੁਰ (ਰਾਜਸਥਾਨ) ’ਚ ਇਕ ਅਧਿਆਪਿਕਾ ਵੱਲੋਂ ਹੋਮਵਰਕ ਨਾ ਕਰ ਕੇ ਆਉਣ ਵਾਲੇ ਤੀਜੀ ਜਮਾਤ ਦੇ 8 ਸਾਲਾ ਬੱਚੇ ਦੀ ਕੁੱਟਮਾਰ ਨਾਲ ਉਸ ਦੀ ਸੱਜੀ ਅੱਖ ਖਰਾਬ ਹੋ ਜਾਣ ਦੇ ਸਬੰਧ ’ਚ ਬੱਚੇ ਦੇ ਮਾਤਾ-ਪਿਤਾ ਨੇ ਪੁਲਸ ’ਚ ਦਰਜ ਕਰਵਾਈ ਰਿਪੋਰਟ ’ਚ ਦੋਸ਼ ਲਾਇਆ ਕਿ 2 ਆਪ੍ਰੇਸ਼ਨਾਂ ਦੇ ਬਾਵਜੂਦ ਬੱਚੇ ਦੀ ਅੱਖ ਦੀ ਰੋਸ਼ਨੀ ਨਹੀਂ ਪਰਤੀ।

ਅਧਿਆਪਕ-ਅਧਿਆਪਿਕਾਵਾਂ ਦੇ ਇਕ ਵਰਗ ਵੱਲੋਂ ਵਿਦਿਆਰਥੀ-ਵਿਦਿਆਰਥਣਾਂ ਨਾਲ ਕੁੱਟਮਾਰ ਕਰਨੀ ਅਤੇ ਤੰਗ-ਪ੍ਰੇਸ਼ਾਨ ਕਰਨਾ ਇਸ ਆਦਰਸ਼ ਕਾਰੋਬਾਰ ’ਤੇ ਘਿਨੌਣਾ ਧੱਬਾ ਹੈ ਜਿਸ ਨੂੰ ਰੋਕਣ ਲਈ ਤੁਰੰਤ ਸਖਤ ਕਦਮ ਉਠਾਉਣ ਦੀ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News